ਨਵੀਂ ਦਿੱਲੀ, 27 ਜੁਲਾਈ
ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਬਣੀ ਫ਼ਿਲਮ ‘ਨਿਆਏ ਦਿ ਜਸਟਿਸ’ ’ਤੇ ਰੋਕ ਲਾਉਣ ਤੋਂ ਅੱਜ ਮੁੜ ਦਿੱਲੀ ਹਾਈ ਕੋਰਟ ਨੇ ਨਾਂਹ ਕਰ ਦਿੱਤੀ ਹੈ। ਐਡਵੋਕੇਟ ਵਿਕਾਸ ਸਿੰਘ ਇਸ ਫ਼ਿਲਮ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕਰਨ ਦੀ ਮੰਗ ਕਰਦੇ ਆ ਰਹੇ ਸਨ ਪਰ ਜੱਜ ਨੇ ਇਸ ਮਾਮਲੇ ਵਿੱਚ ਕੋਈ ਰਾਹਤ ਨਹੀਂ ਦਿੱਤੀ। ਇਸ ਲਈ ਫ਼ਿਲਮ ਦੇ ਰਿਲੀਜ਼ ਦਾ ਰਾਹ ਪੱਧਰਾ ਹੋ ਗਿਆ ਹੈ। ਦਿਲੀਪ ਗੁਲਾਟੀ ਨੇ ਫ਼ਿਲਮ ‘ਨਿਆਏ ਦਿ ਜਸਟਿਸ’ ਦੀ ਕਹਾਣੀ ਲਿਖੀ ਹੈ ਅਤੇ ਨਿਰਦੇਸ਼ਨ ਕੀਤਾ ਹੈ। ਇਹ ਫ਼ਿਲਮ ਸਰਲਾ ਏ ਸਰੋਗੀ ਅਤੇ ਰਾਹੁਲ ਸ਼ਰਮਾ ਵੱਲੋਂ ਪ੍ਰਡਿਊਸ ਕੀਤੀ ਜਾ ਰਹੀ ਹੈ।
ਪ੍ਰੋਡਿਊਸਰ ਰਾਹੁਲ ਨੇ ਆਖਿਆ,‘‘ਸਾਡਾ ਮੰਨਣਾ ਸੀ ਕਿ ਨਿਆਂ ਜ਼ਰੂਰ ਮਿਲੇਗਾ ਅਤੇ ਅਸੀਂ ਫ਼ੈਸਲੇ ਤੋਂ ਬਹੁਤ ਖੁਸ਼ ਹਾਂ। ਅਸੀਂ ਹਮੇਸ਼ਾਂ ਆਖਿਆ ਕਿ ਇਹ ਫ਼ਿਲਮ ਪੈਸੇ ਕਮਾਉਣ ਲਈ ਨਹੀਂ ਬਣਾਈ ਪਰ ਅਸੀਂ ਚਾਹੁੰਦੇ ਹਾਂ ਕਿ ਸੱਚ ਸਾਹਮਣੇ ਆਵੇ ਅਤੇ ਸਾਨੂੰ ਨਿਆਂ ਮਿਲਿਆ।’’ ਉਸ ਨੇ ਅੱਗੇ ਆਖਿਆ ਕਿ ਥੀਏਟਰ ਖੁੱਲ੍ਹਣ ਮਗਰੋਂ ਫਿਲਮ ਰਿਲੀਜ਼ ਕੀਤੀ ਜਾਵੇਗੀ।
ਇਸ ਫ਼ਿਲਮ ਵਿੱਚ ਜ਼ੁਬੈਰ ਖਾਨ ਅਤੇ ਸ਼੍ਰੇਆ ਸ਼ੁਕਲਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਅਮਨ ਵਰਮਾ ਈਡੀ ਚੀਫ ਹੋਣਗੇ, ਅਸਰਾਨੀ ਮਹਿੰਦਰ ਸਿੰਘ ਦੇ ਪਿਤਾ ਦੀ ਭੂਮਿਕਾ ਨਿਭਾਉਣਗੇ, ਸ਼ਕਤੀ ਕਪੂਰ ਐੱਨਸੀਬੀ ਮੁੱਖੀ ਹੋਣਗੇ ਤੇ ਕਿਰਨ ਕੁਮਾਰ ਮਹਿੰਦਰ ਦੇ ਪਿਤਾ ਦੇ ਵਕੀਲ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। -ਆਈਏਐੱਨਐੱਸ