‘ਹੈ ਅਪਨਾ ਦਿਲ ਤੋ ਆਵਾਰਾ’ ਵਾਲਾ ਹੇਮੰਤ ਕੁਮਾਰ
ਪੰਜਾਬੀ, ਹਿੰਦੀ, ਬੰਗਾਲੀ, ਉੜੀਆ, ਗੁਜਰਾਤੀ, ਭੋਜਪੁਰੀ, ਮਰਾਠੀ, ਆਸਾਮੀ, ਕੋਂਕਣੀ ਅਤੇ ਉਰਦੂ ਜ਼ੁਬਾਨਾਂ ਵਿੱਚ ਪੂਰੀ ਮੁਹਾਰਤ ਨਾਲ ਗੀਤ ਗਾਉਣ ਵਿੱਚ ਸਮਰੱਥ ਗਾਇਕ ਹੇਮੰਤ ਕੁਮਾਰ ਦਾ ਆਪਣੀ ਵਿਲੱਖਣ ਤੇ ਸੁਰੀਲੀ ਆਵਾਜ਼ ਕਰਕੇ ਬੌਲੀਵੁੱਡ ਦੇ ਸਿਰਮੌਰ ਗਾਇਕਾਂ ਵਿੱਚ ਸ਼ੁਮਾਰ ਹੁੰਦਾ ਸੀ। ਉਸ ਨੇ...
ਪੰਜਾਬੀ, ਹਿੰਦੀ, ਬੰਗਾਲੀ, ਉੜੀਆ, ਗੁਜਰਾਤੀ, ਭੋਜਪੁਰੀ, ਮਰਾਠੀ, ਆਸਾਮੀ, ਕੋਂਕਣੀ ਅਤੇ ਉਰਦੂ ਜ਼ੁਬਾਨਾਂ ਵਿੱਚ ਪੂਰੀ ਮੁਹਾਰਤ ਨਾਲ ਗੀਤ ਗਾਉਣ ਵਿੱਚ ਸਮਰੱਥ ਗਾਇਕ ਹੇਮੰਤ ਕੁਮਾਰ ਦਾ ਆਪਣੀ ਵਿਲੱਖਣ ਤੇ ਸੁਰੀਲੀ ਆਵਾਜ਼ ਕਰਕੇ ਬੌਲੀਵੁੱਡ ਦੇ ਸਿਰਮੌਰ ਗਾਇਕਾਂ ਵਿੱਚ ਸ਼ੁਮਾਰ ਹੁੰਦਾ ਸੀ। ਉਸ ਨੇ ਅਨੇਕ ਯਾਦਗਾਰੀ ਨਗ਼ਮਿਆਂ ਨਾਲ ਬੌਲੀਵੁੱਡ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਸਿਨੇਮਾ ਨੂੰ ਮਾਲਾਮਾਲ ਕਰ ਦਿੱਤਾ ਸੀ। ਉਸ ਦੇ ਗਾਏ -‘ਹੈ ਅਪਨਾ ਦਿਲ ਤੋ ਆਵਾਰਾ ਨਾ ਜਾਨੇ ਕਿਸ ਪੇ ਆਏਗਾ’’, ‘ਜਾਨੇ ਵੋ ਕੈਸੇ ਲੋਗ ਥੇ ਜਿਨ ਕੇ ਪਿਆਰ ਕੋ ਪਿਆਰ ਮਿਲਾ’, ‘ਯਾਦ ਕੀਆ ਦਿਲ ਨੇ ਕਹਾਂ ਹੋ ਤੁਮ’, ‘ਯੇ ਰਾਤ ਯੇ ਚਾਂਦਨੀ ਫਿਰ ਕਹਾਂ’, ‘ਨਾ ਤੁਮ ਜਾਨੋ ਨਾ ਹਮ’, ‘ਇਨਸਾਫ਼ ਕੀ ਡਗਰ ਪੇ ਬੱਚੋ ਦਿਖਾਓ ਚਲ ਕੇ’, ‘ਜ਼ਰਾ ਨਜ਼ਰੋਂ ਸੇ ਕਹਿ ਦੋ ਜੀ’, ‘ਤੇਰੇ ਦੁਆਰ ਖੜਾ ਇਕ ਜੋਗੀ’ ਅਤੇ ‘ਬੇਕਰਾਰ ਕਰ ਕੇ ਹਮੇਂ ਯੂੰ ਨਾ ਜਾਈਏ’ ਆਦਿ ਜਿਹੇ ਸੈਂਕੜੇ ਸਦਾਬਹਾਰ ਹਿੰਦੀ ਗੀਤ ਅੱਜ ਵੀ ਰੇਡੀਓ ਅਤੇ ਟੀ.ਵੀ. ’ਤੇ ਸੁਣੇ ਜਾਂਦੇ ਹਨ। ਇੱਕ ਪੰਜਾਬੀ ਫਿਲਮ ਲਈ ਉਸ ਦਾ ਗਾਇਆ ਗੀਤ ‘ਦੁਨੀਆ ਦੇ ਮਾਲਕਾ ਤੇਰੀ ਦੁਨੀਆ ਅਜੀਬ ਹੈ’ ਕਾਫ਼ੀ ਮਕਬੂਲ ਹੋਇਆ ਸੀ।
ਹੇਮੰਤ ਕੁਮਾਰ ਦਾ ਪੂਰਾ ਨਾਂ ਹੇਮੰਤ ਕੁਮਾਰ ਮੁੱਖੋਪਾਧਿਆਏ ਸੀ ਤੇ ਉਸ ਦਾ ਜਨਮ 16 ਜੂਨ, 1920 ਨੂੰ ਆਪਣੇ ਨਾਨਕੇ ਸ਼ਹਿਰ ਵਾਰਾਣਸੀ ਵਿਖੇ ਹੋਇਆ ਸੀ। ਉਂਜ ਉਸ ਵੇਲੇ ਉਸ ਦਾ ਪਰਿਵਾਰ ਆਪਣਾ ਜੱਦੀ ਪਿੰਡ ਜੈਨਗਰ ਮਜੀਲਪੁਰ ਛੱਡ ਕੇ 1900 ਤੋਂ ਕਲਕੱਤਾ ਵਿਖੇ ਰਹਿ ਰਿਹਾ ਸੀ। ਸਕੂਲੀ ਪੜ੍ਹਾਈ ਮੁਕਾ ਕੇ ਹੇਮੰਤ ਨੇ ਜਾਧਵਪੁਰ ਵਿਖੇ ਸਥਿਤ ‘ਬੰਗਾਲ ਟੈਕਨੀਕਲ ਇੰਸਟੀਚਿਊਟ’ ਵਿਖੇ ਇੰਜਨੀਅਰਿੰਗ ਦੀ ਪੜ੍ਹਾਈ ਹਿਤ ਦਾਖਲਾ ਲੈ ਲਿਆ, ਪਰ ਸਿਹਤ ਸਬੰਧੀ ਕਾਰਨਾਂ ਕਰਕੇ ਕੁਝ ਸਮੇਂ ਬਾਅਦ ਉਸ ਨੂੰ ਪੜ੍ਹਾਈ ਵਿਚਾਲੇ ਛੱਡਣੀ ਪਈ ਤੇ ਉਹ ਸਾਹਿਤ ਰਚਨਾ ਵਾਲੇ ਪਾਸੇ ਨੂੰ ਹੋ ਤੁਰਿਆ। ਉਸ ਨੇ ਕਈ ਲਘੂ ਕਥਾਵਾਂ ਲਿਖੀਆਂ ਜੋ ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪੀਆਂ, ਪਰ ਇੱਕ ਦਿਨ ਅਚਾਨਕ ਸਭ ਕੁਝ ਛੱਡ ਕੇ ਉਸ ਨੂੰ ਸੰਗੀਤ ਸਿੱਖਣ ਦੀ ਤਲਬ ਮਹਿਸੂਸ ਹੋਈ ਤੇ ਉਹ ਸੰਗੀਤ ਸਾਧਨਾ ਵਿੱਚ ਜੁਟ ਗਿਆ। ਆਪਣੀ ਉਮਰ ਦੇ ਵੀਹਵੇਂ ਵਰ੍ਹੇ ਵਿੱਚ ਉਸ ਨੇ ਬੰਗਾਲੀ ਫਿਲਮ ‘ਰਾਜ ਕੁਮਾਰ ਨਿਰਬਾਸਨ’ ਲਈ ਆਪਣੇ ਕਰੀਅਰ ਦਾ ਪਹਿਲਾ ਗੀਤ ਬਤੌਰ ਗਾਇਕ ਗਾ ਕੇ 1939 ਵਿੱਚ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਸੀ। ਉਸ ਦੇ ਗਾਏ ਗੀਤ ਨੂੰ ਸੰਗੀਤਕਾਰ ਐੱਸ. ਡੀ. ਬਰਮਨ ਨੇ ਸੰਗੀਤਬੱਧ ਕੀਤਾ ਸੀ। ਹਿੰਦੀ ਫਿਲਮਾਂ ਵਿੱਚ ਆਪਣੀ ਗਾਇਕੀ ਉਸ ਨੇ 1942 ਵਿੱਚ ਬਣੀ ਫਿਲਮ ‘ਮੀਨਾਕਸ਼ੀ’ ਤੋਂ ਸ਼ੁਰੂ ਕੀਤੀ ਸੀ। ਗਾਇਕੀ ਦੌਰਾਨ ਉਸ ਦੀ ਰੁਚੀ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਸੰਗੀਤਕ ਸ਼ੈਲੀ ‘ਰਬਿੰਦਰਾ ਸੰਗੀਤ’ ਵਿੱਚ ਹੋ ਗਈ ਤੇ ਉਸ ਨੇ ਉਸ ਸ਼ੈਲੀ ਵਿੱਚ ਪਹਿਲੀ ਵਾਰ 1944 ਵਿੱਚ ਬੰਗਾਲੀ ਫਿਲਮ ‘ਪ੍ਰਿਆ ਬੰਧੁਬੀ’ ਲਈ ਗੀਤ ਵੀ ਰਿਕਾਰਡ ਕਰਵਾ ਦਿੱਤਾ ਸੀ।
ਗਾਇਕੀ ਵਿੱਚ ਕਾਮਯਾਬੀ ਦਾ ਪਰਚਮ ਬੁਲੰਦ ਕਰਨ ਪਿੱਛੋਂ ਹੇਮੰਤ ਕੁਮਾਰ ਨੇ ਸੰਗੀਤ ਨਿਰਦੇਸ਼ਨ ਦੇ ਪਿੜ ਵਿੱਚ ਉਤਰਨ ਦਾ ਮਨ ਬਣਾਇਆ ਤੇ 1947 ਵਿੱਚ ਬਣੀ ਫਿਲਮ ‘ਅਭਿਨੇਤਰੀ’ ਰਾਹੀਂ ਬਤੌਰ ਸੰਗੀਤ ਨਿਰਦੇਸ਼ਕ ਫਿਲਮੀ ਦੁਨੀਆ ਵਿੱਚ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਅਦਾਕਾਰੀ ਦਾ ਵੀ ਸ਼ੌਕ ਸੀ ਤੇ ਉਹ ਨਾਟ ਸੰਸਥਾ ਇਪਟਾ ਦਾ ਵੀ ਸਰਗਰਮ ਮੈਂਬਰ ਬਣ ਗਿਆ ਸੀ। ਉਸ ਨੇ ਬੰਗਾਲੀ ਫਿਲਮ ਨਿਰਦੇਸ਼ਕ ਹੇਮਨ ਗੁਪਤਾ ਨਾਲ ਕਈ ਫਿਲਮਾਂ ਬਤੌਰ ਗਾਇਕ ਅਤੇ ਸੰਗੀਤ ਨਿਰਦੇਸ਼ਕ ਕੀਤੀਆਂ ਤੇ ਜਦੋਂ 1951 ਵਿੱਚ ਹੇਮਨ ਗੁਪਤਾ ਫਿਲਮ ਨਗਰੀ ਮੁੰਬਈ ਆ ਵੱਸੇ, ਉਨ੍ਹਾਂ ਨੇ ਹੇਮੰਤ ਕੁਮਾਰ ਨੂੰ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਇੱਥੇ ਸੱਦ ਲਿਆ ਤੇ ਇਹ ਸੱਦਾ ਬਾਅਦ ਵਿੱਚ ਹੇਮੰਤ ਕੁਮਾਰ ਲਈ ਅਤੇ ਹਿੰਦੀ ਸਿਨੇਮਾ ਲਈ ਇੱਕ ਵਰਦਾਨ ਹੋ ਨਿੱਬੜਿਆ ਸੀ। ਇੱਥੇ ਆ ਕੇ ਉਸ ਨੇ ਫਿਲਮ ‘ਅਨੰਦ ਮੱਠ’ ਲਈ ਸੰਗੀਤ ਨਿਰਦੇਸ਼ਨ ਕੀਤਾ ਸੀ ਜੋ ਕਿ ਪੂਰੀ ਤਰ੍ਹਾਂ ਸਫਲ ਰਹੀ ਸੀ। ਇਸ ਫਿਲਮ ਵਿੱਚ ਲਤਾ ਮੰਗੇਸ਼ਕਰ ਵੱਲੋਂ ਗੀਤ ‘ਵੰਦੇ ਮਾਤਰਮ’ ਤਾਂ ਮਕਬੂਲੀਅਤ ਦੀਆਂ ਹੱਦਾਂ ਪਾਰ ਕਰ ਗਿਆ ਸੀ। 1952 ਵਿੱਚ ਹੇਮੰਤ ਕੁਮਾਰ ਨੂੰ ਅਦਾਕਾਰ ਦੇਵ ਅਨੰਦ ਲਈ ਪਹਿਲੀ ਵਾਰ ਨਿਰਦੇਸ਼ਕ ਗੁਰੂਦੱਤ ਦੀ ਫਿਲਮ ‘ਜਾਲ’ ਵਿੱਚ ‘ਯੇ ਰਾਤ ਯੇ ਚਾਂਦਨੀ ਫਿਰ ਕਹਾਂ’ ਨਾਮਕ ਗੀਤ ਗਾਉਣ ਦਾ ਮੌਕਾ ਮਿਲਿਆ ਸੀ ਤੇ ਇਸ ਗੀਤ ਦੀ ਅਪਾਰ ਸਫਲਤਾ ਨੇ ਅਗਲੇ ਕਈ ਸਾਲਾਂ ਤੱਕ ਹੇਮੰਤ ਕੁਮਾਰ ਨੂੰ ਦੇਵ ਅਨੰਦ ਦੀ ‘ਆਵਾਜ਼’ ਬਣਾ ਦਿੱਤਾ ਸੀ। ਉਸ ਤੋਂ ਬਾਅਦ ਬਤੌਰ ਗਾਇਕ ਅਤੇ ਸੰਗੀਤ ਨਿਰਦੇਸ਼ਕ ਹੇਮੰਤ ਕੁਮਾਰ ਨੇ ਜੋ ਸੈਂਕੜੇ ਕਾਮਯਾਬ ਫਿਲਮਾਂ ਕੀਤੀਆਂ ਸਨ ਉਨ੍ਹਾਂ ਵਿੱਚ- ‘ਨਾਗਿਨ’, ‘ਜਾਗ੍ਰਿਤੀ’, ‘ਬੰਦਿਸ਼’, ‘ਲਗਾਨ’, ‘ਅੰਜਾਨ’, ‘ਏਕ ਹੀ ਰਾਸਤਾ’, ‘ਇੰਸਪੈਕਟਰ’, ‘ਕਿਤਨਾ ਬਦਲ ਗਿਆ ਇਨਸਾਨ’, ‘ਮਿਸ ਮੈਰੀ’, ‘ਯਹੂਦੀ ਕੀ ਲੜਕੀ’, ‘ਫੈਸ਼ਨ’, ‘ਸਹਾਰਾ, ‘ਚਾਂਦ’, ‘ਹਮ ਭੀ ਇਨਸਾਨ ਹੈਂ, ‘ਕੋਹਰਾ’, ‘ਬੀਸ ਸਾਲ ਬਾਅਦ’, ‘ਖ਼ਾਮੋਸ਼ੀ’, ‘ਮੰਝਲੀ ਦੀਦੀ’, ‘ਲਵ ਇਨ ਕੈਨੇਡਾ’, ‘ਹਾਊਸ ਨੰਬਰ 44’, ਸੋਲ੍ਹਵਾਂ ਸਾਲ’ ਆਦਿ ਦੇ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਿਲ ਸਨ।
ਸਾਲ 1959 ਵਿੱਚ ‘ਹੇਮੰਤ-ਬਾਲਾ ਪ੍ਰੋਡਕਸ਼ਨਜ਼’ ਨਾਮਕ ਫਿਲਮ ਕੰਪਨੀ ਖੋਲ੍ਹ ਕੇ ਫਿਲਮ ਨਿਰਮਾਣ ਦੇ ਖੇਤਰ ’ਚ ਕਦਮ ਰੱਖਣ ਵਾਲੇ ਇਸ ਗੁਣੀ ਫ਼ਨਕਾਰ ਨੇ ਬੰਗਾਲੀ ਭਾਸ਼ਾ ਵਿੱਚ ‘ਨੀਲ ਅਕਸ਼ਰ ਨੀਚੇ’ ਨਾਮਕ ਫਿਲਮ ਦਾ ਨਿਰਮਾਣ ਕੀਤਾ ਸੀ। ਇਹ ਫਿਲਮ ਉਸ ਸਾਲ ਸਰਬੋਤਮ ਫਿਲਮ ਵਜੋਂ ਰਾਸ਼ਟਰਪਤੀ ਗੋਲਡ ਮੈਡਲ ਹਾਸਿਲ ਕਰਨ ’ਚ ਕਾਮਯਾਬ ਰਹੀ ਸੀ। ਕੁਝ ਸਾਲ ਬਾਅਦ ਉਸਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਗੀਤਾਂਜਲੀ ਪ੍ਰੋਡਕਸ਼ਨਜ਼’ ਕਰ ਲਿਆ ਤੇ ਇਸ ਬੈਨਰ ਹੇਠ ਜੋ ਸੁਪਰਹਿੱਟ ਹਿੰਦੀ ਫਿਲਮਾਂ ਉਸ ਨੇ ਬੌਲੀਵੁੱਡ ਦੀ ਝੋਲੀ ਪਾਈਆਂ, ਉਹ ਸਨ- ‘ਕੋਹਰਾ’, ‘ਬੀਸ ਸਾਲ ਬਾਅਦ’, ‘ਖ਼ਾਮੋਸ਼ੀ’, ‘ਰਾਹਗੀਰ’, ‘ਫਰਾਰ’ ਅਤੇ ‘ਬੀਵੀ ਔਰ ਮਕਾਨ’। ਇਸ ਤੋਂ ਇਲਾਵਾ ਉਸ ਨੇ ਕੁਝ ਬੰਗਾਲੀ ਭਾਸ਼ਾ ਦੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ ਸੀ।
ਹੇਮੰਤ ਕੁਮਾਰ ਨਾਲ ਜੁੜਿਆ ਇੱਕ ਅਤਿਅੰਤ ਦਿਲਚਸਪ ਅਤੇ ਯਾਦਗਾਰੀ ਤੱਥ ਇਹ ਵੀ ਹੈ ਕਿ ਉਸ ਨੇ 1971 ਵਿੱਚ ਬੰਗਾਲੀ ਭਾਸ਼ਾ ਦੀ ਫਿਲਮ ‘ਅਨੰਦਿਤਾ’ ਦਾ ਸਫਲ ਨਿਰਦੇਸ਼ਨ ਵੀ ਦਿੱਤਾ ਸੀ। ਉਸੇ ਹੀ ਸਾਲ ਉਸ ਨੂੰ ਹੌਲੀਵੁੱਡ ਦੇ ਨਾਮਵਰ ਫਿਲਮ ਨਿਰਦੇਸ਼ਕ ਕਾਨਰੇਡ ਰੁੱਕਸ ਤੋਂ ਸੱਦਾ ਮਿਲਿਆ ਤੇ ਉੱਥੇ ਜਾ ਕੇ ਉਸ ਨੇ ਅੰਗਰੇਜ਼ੀ ਫਿਲਮ ‘ਸਿਧਾਰਥ’ ਲਈ ਨਾ ਕੇਵਲ ਸੰਗੀਤ ਨਿਰਦੇਸ਼ਨ ਕੀਤਾ ਸਗੋਂ ਬਤੌਰ ਗਾਇਕ ‘ਓ ਨਦੀ ਰੇ’ ਨਾਮਕ ਗੀਤ ਵੀ ਗਾਇਆ ਸੀ ਤੇ ਇਹ ਗੀਤ ਗਾ ਕੇ ਉਹ ਕਿਸੇ ਹੌਲੀਵੁੱਡ ਫਿਲਮ ਲਈ ਗੀਤ ਰਿਕਾਰਡ ਕਰਵਾਉਣ ਵਾਲਾ ਪਹਿਲਾ ਭਾਰਤੀ ਜਾਂ ਪਹਿਲਾ ਬੌਲੀਵੁੱਡ ਗਾਇਕ ਬਣ ਗਿਆ ਸੀ। ਇਸ ਸ਼ਾਨਦਾਰ ਗੀਤ ਦੇ ਇਨਾਮ ਵਜੋਂ ਅਮਰੀਕੀ ਸਰਕਾਰ ਨੇ ਉਸ ਨੂੰ ਅਮਰੀਕਾ ਦੀ ਨਾਗਰਿਕਤਾ ਦੇ ਕੇ ਸਨਮਾਨਿਤ ਕੀਤਾ ਸੀ। ਭਾਰਤ ਸਰਕਾਰ ਵੱਲੋਂ 1970 ਵਿੱਚ ਉਸ ਨੂੰ ‘ਪਦਮ ਸ੍ਰੀ’ ਅਤੇ 1987 ਵਿੱਚ ‘ਪਦਮ ਭੂਸ਼ਣ’ ਜਿਹੇ ਉੱਚ-ਸਨਮਾਨ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਕੁਝ ਨਿੱਜੀ ਕਾਰਨਾਂ ਕਰਕੇ ਉਸ ਨੇ ਇਹ ਦੋਵੇਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 1986 ਵਿੱਚ ਉਸ ਨੂੰ ‘ਸੰਗੀਤ ਨਾਟਕ ਅਕਾਦਮੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ ਸੀ। 1988 ਵਿੱਚ ਉਸ ਨੂੰ ਫਿਲਮ ‘ਲਲਨ ਫਕੀਰ’ ਵਿਚਲੇ ਗਾਇਨ ਲਈ ‘ਸਰਬੋਤਮ ਗਾਇਕ’ ਦੇ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸੇ ਸਾਲ ਉਸ ਨੂੰ ਕਲਕੱਤਾ ਯੂਨੀਵਰਸਿਟੀ ਵੱਲੋਂ ਡੀ.ਲਿਟ. ਦੀ ਡਿਗਰੀ ਵੀ ਸਨਮਾਨ ਵਜੋਂ ਪ੍ਰਦਾਨ ਕੀਤੀ ਗਈ ਸੀ। ਉਸ ਦੀ ਸੁਰੀਲੀ ਗਾਇਕੀ ਦੇ ਪੰਜਾਹ ਵਰ੍ਹੇ ਪੂਰੇ ਹੋਣ ’ਤੇ 1989 ਵਿੱਚ ਉਸ ਨੂੰ ਲਤਾ ਮੰਗੇਸ਼ਕਰ ਵੱਲੋਂ ਵਿਸ਼ੇਸ਼ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ।
ਸਾਲ 1989 ਵਿੱਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਹੇਮੰਤ ਕੁਮਾਰ ਨੂੰ ‘ਮਾਈਕਲ ਮਧੂਸੂਦਨ ਐਵਾਰਡ’ ਪ੍ਰਦਾਨ ਕਰਨ ਹਿਤ ਸੱਦਾ ਦਿੱਤਾ ਗਿਆ ਸੀ। ਉਕਤ ਸਨਮਾਨ ਹਾਸਿਲ ਕਰਨ ਪਿੱਛੋਂ ਵਾਪਸ ਪਰਤਦਿਆਂ ਉਸ ਨੂੰ ਦਿਲ ਦਾ ਦੌਰਾ ਪਿਆ ਜੋ ਉਸ ਲਈ ਘਾਤਕ ਸਾਬਤ ਹੋਇਆ ਤੇ 26 ਸਤੰਬਰ, 1989 ਨੂੰ ਉਹ ਇਸ ਫ਼ਾਨੀ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਿਆ। 2003 ਅਤੇ 2016 ਵਿੱਚ ਉਸ ਦੀ ਯਾਦ ਨੂੰ ਸਮਰਪਿਤ ਕਰਕੇ ਭਾਰਤੀ ਡਾਕ ਵਿਭਾਗ ਵੱਲੋਂ ਦੋ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਸਨ।
ਸੰਪਰਕ: 97816-46008

