DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀਵਨ ਦਾ ਅਨਮੋਲ ਖ਼ਜ਼ਾਨਾ ਹਨ ਖ਼ੁਸ਼ੀਆਂ

ਦੁਨੀਆ ਵਿੱਚ ਹਰ ਸਾਲ 20 ਮਾਰਚ ਨੂੰ ਅੰਤਰਰਾਸ਼ਟਰੀ ਖ਼ੁਸ਼ੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਹੈਰਾਨਗੀ ਦੀ ਗੱਲ ਹੈ ਕਿ ਆਖਿਰ ਇਹ ਦਿਨ ਮਨਾਉਣ ਦੀ ਕਿਉਂ ਲੋੜ ਪਈ? ਇਸ ਦਿਨ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੈਮੀ ਇਲੀਅਨ...

  • fb
  • twitter
  • whatsapp
  • whatsapp
Advertisement

ਦੁਨੀਆ ਵਿੱਚ ਹਰ ਸਾਲ 20 ਮਾਰਚ ਨੂੰ ਅੰਤਰਰਾਸ਼ਟਰੀ ਖ਼ੁਸ਼ੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਹੈਰਾਨਗੀ ਦੀ ਗੱਲ ਹੈ ਕਿ ਆਖਿਰ ਇਹ ਦਿਨ ਮਨਾਉਣ ਦੀ ਕਿਉਂ ਲੋੜ ਪਈ? ਇਸ ਦਿਨ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੈਮੀ ਇਲੀਅਨ ਦੀ ਵਜ੍ਹਾ ਕਰਕੇ ਮਨਾਇਆ ਜਾਂਦਾ ਹੈ ਜੋ ਖੁਦ ਅਨਾਥ ਸੀ। ਜਦੋਂ ਵੀ ਉਹ ਮਾਸੂਮ ਅਤੇ ਗ਼ਰੀਬ ਅਨਾਥ ਬੱਚਿਆਂ ਦੇ ਚਿਹਰਿਆਂ ’ਤੇ ਉਦਾਸੀ ਦੇਖਦਾ ਤਾਂ ਉਹ ਸੋਚਦਾ ਕਿ ਸਾਲ ਵਿੱਚ ਘੱਟੋ ਘੱਟ ਇੱਕ ਖ਼ੁਸ਼ੀ ਦਾ ਦਿਨ ਇਹੋ ਜਿਹੇ ਲੋਕਾਂ ਲਈ ਵੀ ਰੱਖਿਆ ਜਾਵੇ। ਇਸ ਮਸ਼ਹੂਰ ਸਮਾਜ ਸੇਵੀ ਨੇ ਜ਼ਿੰਦਗੀ ਵਿੱਚ ਖ਼ੁਸ਼ੀ ਦੀ ਮਹੱਤਤਾ ’ਤੇ ਕਾਫ਼ੀ ਕੰਮ ਕੀਤਾ ਹੈ। ਉਸ ਨੇ ਖ਼ੁਸ਼ੀਆਂ ਨੂੰ ਜੀਵਨ ਦਾ ਅਨਮੋਲ ਖ਼ਜ਼ਾਨਾ ਮੰਨਿਆ ਹੈ। ਉਸ ਅਨੁਸਾਰ ਜੇਕਰ ਕੋਈ ਵਿਅਕਤੀ ਜੀਵਨ ਵਿੱਚ ਖ਼ੁਸ਼ ਰਹਿੰਦਾ ਹੈ ਤਾਂ ਉਹ ਬਹੁਤ ਤੇਜ਼ੀ ਨਾਲ ਤਰੱਕੀ ਕਰਦਾ ਹੈ ਅਤੇ ਅੱਗੇ ਵਧਦਾ ਹੈ।

ਖ਼ੁਸ਼ੀ ਦਿਵਸ ਨੂੰ ਮਨਾਉਣ ਦਾ ਮਕਸਦ ਜ਼ਿੰਦਗੀ ਦੇ ਨਜ਼ਰੀਏ ਵਿੱਚ ਬਦਲਾਅ ਕਰਨਾ ਹੈ, ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਹੈ ਕਿ ਸਿਰਫ਼ ਆਰਥਿਕ ਵਿਕਾਸ ਹੀ ਜ਼ਰੂਰੀ ਨਹੀਂ ਬਲਕਿ ਲੋਕਾਂ ਦੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਅਤੇ ਸੁੱਖ ਨੂੰ ਵਧਾਉਣਾ ਵੀ ਬੇਹੱਦ ਜ਼ਰੂਰੀ ਹੈ। ਦੁਨੀਆ ਵਿੱਚ ਜਿਸ ਇਨਸਾਨ ਨੇ ਜ਼ਿੰਦਗੀ ਨੂੰ ਸਮਝ ਲਿਆ ਹੈ ਅਤੇ ਜਿਉਣ ਦੀ ਕਲਾ ਸਿਖ ਲਈ ਹੈ, ਉਹ ਦੁਨੀਆ ਦੇ ਖ਼ੁਸ਼ਹਾਲ ਅਤੇ ਮਹਾਨ ਵਿਅਕਤੀਆ ਵਿੱਚ ਗਿਣਿਆ ਜਾਂਦਾ ਹੈ। ਖ਼ੁਸ਼ੀ ਮਨੁੱਖ ਦੇ ਆਨੰਦਮਈ ਅਹਿਸਾਸ ਦਾ ਉਹ ਹਸੀਨ ਵਰਕਾ ਹੈ, ਜਿਸ ’ਤੇ ਸੁਖਮਈ ਜੀਵਨ ਦੀ ਖ਼ੁਸ਼ਬੋਈ ਫੈਲੀ ਹੋਈ ਹੈ। ਖ਼ੁਸ਼ੀ ਮਾਨਸਿਕ ਸਕੂਨ, ਅਨੰਦ, ਤਸੱਲੀ, ਮੁਸਕਰਾਹਟ ਅਤੇ ਮਿੱਠੜੀ ਚਾਸ਼ਨੀ ’ਚ ਗੜੁੱਚ ਮਧੁਰ ਭਾਵਾਂ ਦਾ ਸੁਮੇਲ ਹੈ। ਕਈ ਵਾਰੀ ਜੀਵਨ ਦੇ ਉਤਰਾਅ ਚੜਾਅ ਭਰੇ ਸਮੇਂ ’ਚ ਅਸੀਂ ਆਪਣੇ ਉਹ ਖ਼ੁਬਸੂਰਤ ਪਲ ਵਿਸਾਰ ਦਿੰਦੇ ਹਾਂ ਜਿਨ੍ਹਾਂ ’ਚ ਅਸੀਂ ਖ਼ੁਸ਼ੀ ਮਹਿਸੂਸ ਕਰ ਸਕਦੇ ਹੁੰਦੇ ਹਾਂ।

Advertisement

ਖ਼ੁਸ਼ੀ ਕੁਦਰਤ ਨੂੰ ਮਹਿਸੂਸ ਕਰਨ ਦਾ ਜ਼ਰੀਆ ਹੈ, ਖ਼ੁਸ਼ੀ ਦਾ ਅਹਿਸਾਸ ਰੂਹ ਨਾਲ ਜੁੜਿਆ ਹੋਇਆ ਹੈ, ਖ਼ੁਸ਼ੀ ਉਹ ਹਸੀਨ ਪਲਾਂ ਦਾ ਬਗੀਚਾ ਹੈ, ਜਿਸ ’ਚ ਦੁੱਖ, ਪੀੜਾ, ਵੈਰਾਗ, ਉਦਾਸੀ ਆਦਿ ਨਾਮ ਦਾ ਕੋਈ ਪੌਦਾ ਉੱਗਿਆ ਹੀ ਨਹੀਂ। ਕੁਦਰਤ ਸਾਨੂੰ ਖ਼ੁਸ਼ ਹੋਣ ਦੇ ਹਜ਼ਾਰਾਂ ਮੌਕੇ ਪ੍ਰਦਾਨ ਕਰਦੀ ਹੈ, ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਜਿਉਣਾ ਹੈ। ਜ਼ਿੰਦਗੀ ਦਾ ਸਭ ਤੋਂ ਵੱਧ ਖ਼ੁਸ਼ਹਾਲ ਵਕਤ ਬਚਪਨ ਨੂੰ ਮੰਨਿਆ ਗਿਆ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਇਨਸਾਨ ਹੋਸ਼ ਸੰਭਾਲਦਾ ਹੈ, ਉਸੇ ਤਰ੍ਹਾਂ ਜ਼ਿੰਮੇਵਾਰੀਆਂ ਦੀ ਦਹਿਲੀਜ਼ ’ਤੇ ਖਲੋ ਜਾਂਦਾ ਹੈ ਅਤੇ ਖ਼ੁਸ਼ੀਆਂ ਲੋਪ ਹੋਣ ਲੱਗਦੀਆਂ ਹਨ। ਸਵੈ ਪਿਆਰ ਅੱਜ ਦੇ ਸਮੇਂ ਦੇ ਸਭ ਤੋਂ ਪ੍ਰਚੱਲਿਤ ਸ਼ਬਦਾਂ ਵਿੱਚੋਂ ਇੱਕ ਹੈ, ਪਰ ਇਸ ਸ਼ਬਦ ਦਾ ਆਪਣੇ ਆਪ ਵਿੱਚ ਬਹੁਤ ਡੂੰਘਾ ਅਰਥ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੋ ਲੋਕ ਆਪਣੇ ਆਪ ਨੂੰ ਪਿਆਰ ਕਰਦੇ ਹਨ, ਉਹ ਨਾ ਸਿਰਫ਼ ਖ਼ੁਦ ਖ਼ੁਸ਼ ਰਹਿੰਦੇ ਹਨ, ਸਗੋਂ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਖ਼ੁਸ਼ੀ ਦਾ ਕਾਰਨ ਬਣ ਸਕਦੇ ਹਨ।

Advertisement

ਅਸੀਂ ਰੋਜ਼ਮਰਾ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਇੰਨੇ ਉਲਝ ਗਏ ਹਾਂ ਕਿ ਕਦੇ ਕੁਝ ਸਮਾਂ ਇਕੱਲੇ ਬੈਠ ਕੇ ਆਪਣੇ ਬਾਰੇ ਸੋਚਣਾ ਵੀ ਦੂਰ ਹੋ ਗਇਆ ਹੈ। ਅਜੋਕੇ ਸਮੇਂ ਵਿੱਚ ਜ਼ਿੰਮੇਵਾਰੀਆਂ ਵਿੱਚ ਉਲਝਿਆ ਇਨਸਾਨ ਆਪਣੇ ਆਪ ਨੂੰ ਭੁੱਲਦਾ ਜਾ ਰਿਹਾ ਹੈ।

ਖ਼ੁਸ਼ਹਾਲ ਜ਼ਿੰਦਗੀ ਬਾਰੇ ਲੋਕਾਂ ਦੀ ਅਲੱਗ ਅਲੱਗ ਸੋਚ ਹੋ ਸਕਦੀ ਹੈ। ਇਹ ਸੋਚ ਉਨ੍ਹਾਂ ਦੇ ਰਹਿਣ-ਸਹਿਣ, ਅਮੀਰੀ-ਗ਼ਰੀਬੀ, ਦੇਸ਼ ਅਤੇ ਵਿਚਾਰਧਾਰਾ ’ਤੇ ਨਿਰਭਰ ਕਰਦੀ ਹੈ ਜਿਵੇਂ ਕਿ ਛੋਟੇ ਬੱਚਿਆਂ ਲਈ ਖਿਡਾਉਣਿਆਂ ਵਿੱਚ ਹੀ ਖ਼ੁਸ਼ੀ ਹੈ। ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਆ ਜਾਵੇ, ਇਸ ਲਈ ਕੋਈ ਫਾਰਮੂਲਾ ਬਣਾਉਣਾ ਤਾਂ ਸੰਭਵ ਨਹੀਂ ਕਿਉਂਕਿ ਹਰ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਅਤੇ ਆਪਣਾ ਸੰਘਰਸ਼ ਹੁੰਦਾ ਹੈ ਅਤੇ ਉਸ ਮੁਤਾਬਕ ਉਸ ਨੂੰ ਜੀਵਨ ਜਿਉਣਾ ਹੁੰਦਾ ਹੈ, ਪਰ ਇਹ ਵੀ ਸੱਚ ਹੈ ਕਿ ਜ਼ਿੰਦਗੀ ਦੀ ਸਾਰਥਿਕਤਾ ਇਸ ਗੱਲ ’ਚ ਹੈ ਕਿ ਤੁਸੀਂ ਕਿੰਨਾ ਸਮਾਂ ਖ਼ੁਸ਼ ਰਹਿ ਕੇ ਬਿਤਾਇਆ ਹੈ। ਇਹ ਪੈਸਿਆਂ ’ਤੇ ਨਿਰਭਰ ਨਹੀਂ ਕਰਦਾ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਾਡਾ ਖ਼ੁਸ਼ੀਆਂ ਨੂੰ ਲੱਭਣ ਅਤੇ ਮਹਿਸੂਸ ਕਰਨ ਦਾ ਨਜ਼ਰੀਆ ਕਿਹੋ ਜਿਹਾ ਹੈ ? ‘ਜੇਕਰ ਇਸ ਤਰ੍ਹਾਂ ਹੁੰਦਾ ਤਾਂ ਉਵੇਂ ਹੁੰਦਾ’ ਵਰਗੀ ਸੋਚ ਰੱਖਣ ਤੋਂ ਬਾਅਦ ਸਿਰਫ਼ ਇੱਕ ਅਹਿਸਾਸ ਰਹਿ ਜਾਂਦਾ ਹੈ ਕਿ ਕਾਸ਼ ਜ਼ਿੰਦਗੀ ਨੇ ਮੈਨੂੰ ਖ਼ੁਸ਼ਹਾਲ ਬਣਾਇਆ ਹੁੰਦਾ। ਸਹੀ ਸਮਾਂ ਵਰਤਮਾਨ ਹੀ ਹੈ। ਆਪਣੀ ਬੰਦ ਮੁੱਠੀ ਨੂੰ ਹੌਲੀ-ਹੌਲੀ ਖੋਲ੍ਹੋ, ਖ਼ੁਸ਼ੀਆਂ ਨੂੰ ਆਜ਼ਾਦ ਕਰੋ ਅਤੇ ਆਪਣੇ ਜੀਵਨ ਦੇ ਇੱਕ ਇੱਕ ਪਲ ਨੂੰ ਇਨ੍ਹਾਂ ਖ਼ੁਸ਼ੀਆਂ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੋ। ‘ਮੈਂ ਹਰ ਹਾਲ ’ਚ ਖ਼ੁਸ਼ ਰਹਿਣਾ ਹੈ’ ਇਸ ਮੂਲਮੰਤਰ ਨੂੰ ਆਪਣੀ ਆਦਤ ’ਚ ਸ਼ਾਮਿਲ ਕਰੋ। ਸਭ ਤੋਂ ਪਹਿਲਾਂ ਹੌਲੀ ਜਿਹੇ ਮੁਸਕਰਾਓ, ਫਿਰ ਥੋੜ੍ਹਾ ਜਿਹਾ ਹੋਰ ਮੁਸਕਰਾਓ, ਫਿਰ ਹੌਲੀ-ਹੌਲੀ ਮੁਸਕਰਾਹਟ ਨੂੰ ਹਾਸੇ ’ਚ ਤਬਦੀਲ ਕਰੋ ਅਤੇ ਫਿਰ ਖਿੜ-ਖਿੜਾ ਕੇ ਹੱਸੋ। ਇਹ ਡਿਪ੍ਰੈਸ਼ਨ, ਚਿੰਤਾ ਅਤੇ ਉਦਾਸੀ ਤੋਂ ਨਿਜ਼ਾਤ ਪਾਉਣ ਦਾ ਸਭ ਤੋਂ ਕਾਰਗਰ ਉਪਾਅ ਹੈ। ਪਹਿਲਾਂ ਫੁਰਸਤ ਦਾ ਸਮਾਂ ਚੁਣੋ। (ਜਵਾਬ ਇਹ ਨਹੀਂ ਹੋਣਾ ਚਾਹੀਦਾ ਕਿ ਕੰਮ ਤੋਂ ਫੁਰਸਤ ਹੀ ਨਹੀਂ ਮਿਲਦੀ) ਬਿਨਾਂ ਕਿਸੇ ਵਜ੍ਹਾ ਨਾਲ ਹੱਸਣਾ ਸ਼ੁਰੂ ਕਰੋ, ਖੁੱਲ੍ਹ ਕੇ ਹੱਸੋ ਬਿਨਾਂ ਕਿਸੇ ਸੰਕੋਚ ਦੇ। ਮਨੋਵਿਗਿਆਨੀਆਂ ਨੇ ਵੀ ਵਿਗਿਆਨਕ ਆਧਾਰ ’ਤੇ ਤਜਰਬੇ ਕਰਕੇ ਵਾਰ ਵਾਰ ਸਿੱਧ ਕੀਤਾ ਹੈ ਕਿ ਸਕਾਰਾਤਮਕ ਸੋਚ, ਮਿਹਨਤ, ਪ੍ਰਤੀਬੱਧਤਾ, ਲਗਨ, ਦ੍ਰਿੜ੍ਹ ਵਿਸ਼ਵਾਸ ਦੇ ਸਾਹਮਣੇ ਜ਼ਿੰਦਗੀ ਦੀਆਂ ਸਭ ਮੁਸੀਬਤਾਂ ਸਿਰ ਝੁਕਾ ਦਿੰਦੀਆਂ ਹਨ ਅਤੇ ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦੇਣ ਲੱਗਦੀ ਹੈ ਅਤੇ ਉਹ ਇਹੋ ਜਿਹੀਆਂ ਸਥਿਤੀਆਂ ਵਿੱਚ ਵੀ ਖ਼ੁਸ਼ ਰਹਿਣਾ ਜਾਣਦਾ ਹੈ।

ਖ਼ੁਸ਼ ਰਹਿਣਾ ਵੀ ਇੱਕ ਕਲਾ ਹੈ, ਕਲਾ ਹੀ ਨਹੀਂ ਸਗੋਂ ਇੱਕ ਸਮਝਦਾਰੀ ਵੀ ਹੈ। ਖ਼ੁਸ਼ਹਾਲ ਜੀਵਨ ਅੱਗੇ ਵਧਣ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ। ਜ਼ਿੰਦਗੀ ਜਿਉਣਾ ਹੋਰ ਗੱਲ ਹੈ ਅਤੇ ਖ਼ੁਸ਼ੀ ਨਾਲ ਜਿਉਣਾ ਹੋਰ ਗੱਲ ਹੈ। ਜ਼ਿੰਦਗੀ ਜਿਉਣ ਵਾਲੇ ਬੰਦੇ ਉਹ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੁੰਦੇ ਹਨ। ਉਹ ਆਪ ਇਸ ਨੂੰ ਸੇਧ ਦਿੰਦੇ ਹਨ, ਮਕਸਦ ਦਿੰਦੇ ਹਨ ਅਤੇ ਇਸ ਵਿੱਚ ਕਈ ਰੰਗ ਭਰਦੇ ਹਨ। ਦੁੱਖ ਭਰੀ ਜ਼ਿੰਦਗੀ ਭੋਗਣ ਜਾਂ ਕੱਟਣ ਵਾਲੇ ਉਹ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਆਪ ਚਲਾਉਂਦੀ ਹੈ, ਕਦੇ ਰੁਆਉਂਦੀ ਹੈ। ਉਹ ਜ਼ਿੰਦਗੀ ਦੇ ਗੁਲਾਮ ਬਣੇ ਰਹਿੰਦੇ ਹਨ ਅਤੇ ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾਂ ਰੱਬ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ ਅਤੇ ਦੁਖੀ ਰਹਿੰਦੇ ਹਨ। ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਨਾਲ ਨਾਲ ਚੱਲਦੇ ਹਨ। ਦੁੱਖਾਂ ਵਿੱਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਸਗੋਂ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇੱਕ ਵਾਰ ਕਿਸੇ ਬੰਦੇ ਨੇ ਇੱਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ ਵਿਸ਼ਵਾਸ ਮਜ਼ਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ; ਇਹ ਸਮਾਂ ਵੀ ਗੁਜ਼ਰ ਜਾਏਗਾ। ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ। ਸੁੱਖ ਵਿੱਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿੱਚ ਹਿੰਮਤ। ਚੰਗਾ ਅਤੇ ਮਾੜਾ ਸਮਾਂ ਨਾਲ ਨਾਲ ਚੱਲਦਾ ਹੈ।

ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ, ਪਰ ਸੁਧਾਰਨਾ ਨਹੀਂ। ਇੱਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ, ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ।

ਕਈ ਲੋਕ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਵੱਡੀਆਂ ਖ਼ੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖ਼ੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ। ਕਈ ਵਾਰੀ ਅਸੀਂ ਜੋ ਕੁਝ ਕੋਲ ਮੌਜੂਦ ਹੈ, ਉਸ ਨੂੰ ਮਾਣਨ ਦੀ ਥਾਂ ਜੋ ਕੋਲ ਨਹੀਂ ਦਾ ਰੋਣਾ ਰੋਂਦੇ ਰਹਿੰਦੇ ਹਾਂ ਅਤੇ ਵਕਤ ਅਤੇ ਕਿਸਮਤ ਨੂੰ ਕੋਸਦੇ ਕੋਸਦੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਬੀਤ ਗਏ ਵਕਤ ਬਾਰੇ ਸੋਚ ਸੋਚ ਕੇ ਉਦਾਸ ਹੋਣਾ ਅਤੇ ਭਵਿੱਖ ਬਾਰੇ ਹਮੇਸ਼ਾਂ ਚਿੰਤਤ ਰਹਿਣਾ ਮਨੁੱਖ ਨੂੰ ਉਦਾਸੀ ਦੀ ਦਹਿਲੀਜ਼ ’ਤੇ ਲੈ ਜਾਂਦਾ ਹੈ। ਮਨੁੱਖੀ ਜੀਵਨ ਇੱਕ ਰੰਗਮੰਚ ਹੈ। ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ ਉੱਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ। ਇਸ ਲਈ ਸਾਨੂੰ ਹਰ ਰੋਲ ਬਾਖੂਬੀ ਖ਼ੁਸ਼ੀ ਨਾਲ ਨਿਭਾਉਣਾ ਚਾਹੀਦਾ ਹੈ।

ਇੰਨੀ ਸ਼ਿਦਤ ਨਾਲ ਨਿਭਾਓ

ਜ਼ਿੰਦਗੀ ਦਾ ਕਿਰਦਾਰ

ਕਿ ਪਰਦਾ ਡਿੱਗਣ ਤੋਂ ਬਾਅਦ

ਵੀ ਵੱਜਦੀਆਂ ਰਹਿਣ ਤਾੜੀਆਂ

ਮਿਹਨਤ ਨਾਲ ਧੰਨ ਕਮਾਉਣਾ ਮਾੜੀ ਗੱਲ ਨਹੀਂ ਹੈ, ਪਰ ਸਿਰਫ਼ ਪੈਸੇ ਨਾਲ ਹੀ ਕਦੇ ਵੀ ਜ਼ਿੰਦਗ਼ੀ ਦੀਆਂ ਖ਼ੁਸ਼ੀਆਂ ਨਹੀਂ ਖ਼ਰੀਦੀਆਂ ਜਾ ਸਕਦੀਆਂ। ਮੈਂ ਬਹੁਤ ਵਾਰੀ ਬਿਨਾਂ ਛੱਤ ਤੋਂ ਅਤੇ ਰਾਤ ਨੂੰ ਭੁੱਖੇ ਸੌਣ ਵਾਲਿਆਂ ਨੂੰ ਵੀ ਬਹੁਤ ਖ਼ੁਸ਼ ਦੇਖਿਆ ਹੈ ਅਤੇ ਬਹੁਤ ਸਾਰੇ ਧਨਾਢ ਲੋਕਾਂ ਨੂੰ ਹਰ ਵੇਲੇ ਦੁੱਖੀ ਅਤੇ ਰੋਂਦਿਆਂ ਵੇਖਿਆ ਹੈ। ਆਓ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾ ਕੇ ਜੀਵਨ ਬਤੀਤ ਕਰੀਏ ਤਾਂ ਕਿ ਹਰ ਦਿਨ ਹੀ ਸਾਡਾ ਖ਼ੁਸ਼ੀ ਦਿਵਸ ਹੋਵੇ ਅਤੇ ਸਾਨੂੰ ਖ਼ੁਸ਼ ਹੋਣ ਲਈ ਸਿਰਫ਼ ਇੱਕ ਦਿਨ ਖ਼ੁਸ਼ੀ ਦਿਵਸ ਦਾ ਇੰਤਜ਼ਾਰ ਨਾ ਕਰਨਾ ਪਵੇ।

ਸੰਪਰਕ: 94179-90040

Advertisement
×