DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਬਾਣੀ ਅਤੇ ਔਰਤ ਦੇ ਅਧਿਕਾਰ

ਸਮੁੱਚੀ ਸ੍ਰਿਸ਼ਟੀ ਦਾ ਦਾਰੋਮਦਾਰ ਔਰਤ ਦੇ ਮਹੱਤਵਪੂਰਨ ਸਰੋਕਾਰਾਂ ਦੀ ਬੁਨਿਆਦ ’ਤੇ ਟਿਕਿਆ ਹੋਇਆ ਹੈ। ਪੁਰਾਤਨ ਪਿਛੋਕੜ ਵਿੱਚ ਸਾਡੇ ਪੂਰਵਜਾਂ ਦੁਆਰਾ ਕਿਤੇ ਔਰਤ ਦੀ ਨਿੰਦਾ ਤੇ ਕਿਤੇ ਹੱਕ ਦੀ ਗੱਲ ਹੋਈ ਹੈ। ਔਰਤ ਕੇਵਲ ਜਗ ਜਣਨੀ ਹੀ ਨਹੀਂ ਸਗੋਂ ਮੋਹ ਮਮਤਾ...

  • fb
  • twitter
  • whatsapp
  • whatsapp
Advertisement

ਸਮੁੱਚੀ ਸ੍ਰਿਸ਼ਟੀ ਦਾ ਦਾਰੋਮਦਾਰ ਔਰਤ ਦੇ ਮਹੱਤਵਪੂਰਨ ਸਰੋਕਾਰਾਂ ਦੀ ਬੁਨਿਆਦ ’ਤੇ ਟਿਕਿਆ ਹੋਇਆ ਹੈ। ਪੁਰਾਤਨ ਪਿਛੋਕੜ ਵਿੱਚ ਸਾਡੇ ਪੂਰਵਜਾਂ ਦੁਆਰਾ ਕਿਤੇ ਔਰਤ ਦੀ ਨਿੰਦਾ ਤੇ ਕਿਤੇ ਹੱਕ ਦੀ ਗੱਲ ਹੋਈ ਹੈ। ਔਰਤ ਕੇਵਲ ਜਗ ਜਣਨੀ ਹੀ ਨਹੀਂ ਸਗੋਂ ਮੋਹ ਮਮਤਾ ਤੇ ਸਹਿਣਸ਼ੀਲਤਾ ਅਤੇ ਰਿਸ਼ਤਿਆਂ ਨੂੰ ਪਰੋ ਕੇ ਰੱਖਣ ਦੀ ਸ਼ਕਤੀ ਵੀ ਹੈ। ਜੇਕਰ ਔਰਤ ਸ਼ਾਂਤੀ ਦਾ ਪ੍ਰਤੀਕ ਹੈ ਤਾਂ ਉਹ ਚੰਡੀ ਅਤੇ ਹੱਕ ਸੱਚ ਦੀ ਆਵਾਜ਼ ਵੀ ਹੈ। ਇਸ ਦੇ ਬਾਵਜੂਦ ਪ੍ਰਾਚੀਨ ਸਮੇਂ ਤੋਂ ਮਰਦਾਵੇਂ ਦਾਬੇ ਵਾਲੇ ਸਮਾਜ ਵਿੱਚ ਔਰਤ ਪ੍ਰਤੀ ਨਜ਼ਰੀਆ ਗੁਲਾਮੀ ਦੀ ਜ਼ਹਿਨੀਅਤ ਵਾਲਾ ਹੀ ਰਿਹਾ ਹੈ। ਭਾਰਤੀ ਪਰੰਪਰਾ ਦੇ ਸੰਦਰਭ ਵਿੱਚ ਔਰਤ ਆਦਿ ਕਾਲ ਤੋਂ ਹੀ ਤ੍ਰਿਸਕਾਰ ਦੀ ਪਾਤਰ ਰਹੀ ਹੈ। ਮੰਨੂ ਸਮ੍ਰਿਤੀ ਵਿੱਚ ਔਰਤ ਨੂੰ ਨਾ ਹੀ ਬਹੁਤਾ ਸਤਿਕਾਰ ਮਿਲਿਆ ਹੈ ਤੇ ਨਾ ਹੀ ਸੁਤੰਤਰਤਾ। ਪ੍ਰਾਚੀਨ ਭਾਰਤੀ ਧਰਮ-ਸ਼ਾਸਤਰ, ਵੈਦਿਕ ਯੁੱਗ ਤੇ ਸਮਾਜਿਕ ਵਿਵਸਥਾ ਵਿੱਚ ਪੁੱਤਰੀ ਦਾ ਸਥਾਨ ਪੁੱਤਰ ਤੋਂ ਨੀਵਾਂ ਮੰਨਿਆ ਗਿਆ ਹੈ। ਨਾਥ ਜੋਗੀਆਂ ਦੇ ਪ੍ਰਭਾਵ ਨਾਲ ਔਰਤ ਦੀ ਸਥਿਤੀ ਵਿੱਚ ਹੋਰ ਵੀ ਨਿਘਾਰ ਆਇਆ। ਮੁਸਲਮਾਨਾਂ ਦੇ ਭਾਰਤ ਆਉਣ ਨਾਲ ਪਰਦੇ ਦੀ ਪ੍ਰਥਾ ਦੀ ਸ਼ੁਰੂਆਤ ਹੋਈ, ਔਰਤ ਦੀ ਹਾਲਤ ਹੋਰ ਵੀ ਪਤਲੀ ਹੋ ਗਈ। ਜੇ ਵਿਧਵਾ ਔਰਤ ਨੂੰ ਪਤੀ ਦੇ ਦੇਹਾਂਤ ਤੋਂ ਉਪਰੰਤ ਜਿਊਣ ਦਾ ਅਧਿਕਾਰ ਦੇ ਵੀ ਦਿੱਤਾ ਜਾਂਦਾ ਸੀ ਤਾਂ ਉਸ ਨੂੰ ਬਹੁਤ ਸਖ਼ਤ ਅਨੁਸਾਸ਼ਨ ਵਿੱਚ ਰਹਿਣਾ ਪੈਂਦਾ ਸੀ। ਉਸ ਨੂੰ ਕਿਸੇ ਵੀ ਪ੍ਰਕਾਰ ਦੀ ਸੁਤੰਤਰਤਾ ਅਤੇ ਸਮਾਨਤਾ ਦਾ ਅਧਿਕਾਰ ਨਹੀਂ ਸੀ। ਕੇਵਲ ਭਾਰਤੀ ਸਮਾਜ ਵਿੱਚ ਹੀ ਨਹੀਂ ਵਿਦੇਸ਼ੀ ਸਮਾਜਾਂ ਵਿੱਚ ਵੀ ਔਰਤ ਦੀ ਸਥਿਤੀ ਬਹੁਤੀ ਸੁਖਾਵੀਂ ਨਹੀਂ ਸੀ। ਪਲੈਟੋ ਵਰਗੇ ਮਹਾਨ ਦਾਰਸ਼ਨਿਕ ਨੇ ਵੀ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਇਹ ਮੰਨੀ ਹੈ ਕਿ ਪਰਮਾਤਮਾ ਨੇ ਉਸ ਦਾ ਨਿਰਮਾਣ ਇੱਕ ਸੁਤੰਤਰ ਮਨੁੱਖ ਵਜੋਂ ਬਣਾਇਆ ਹੈ ਔਰਤ ਨਹੀਂ। ਰੋਮਨ ਪਰੰਪਰਾ ਵਿੱਚ ਔਰਤ ਨੂੰ ਘੱਟ ਬੁੱਧੀ ਵਾਲੀ ਅਤੇ ਅਸੰਤੁਲਿਤ ਕਿਹਾ ਗਿਆ ਹੈ। ਸੰਤ ਅਗਸਤੀਨ ਦਾ ਕਥਨ ਹੈ ਕਿ ਔਰਤ ਨਾ ਸਥਿਰ ਹੈ ਤੇ ਨਾ ਦ੍ਰਿੜ ਸੰਕਲਪ। ਬਾਈਬਲ ਅੰਦਰ ਸੰਤ ਪਾਲ ਅਨੁਸਾਰ ਔਰਤ ਪੁਰਸ਼ ਲਈ ਬਣੀ ਹੈ ਤੇ ਪੁਰਸ਼ ਔਰਤ ਲਈ ਨਹੀਂ। ਇਨ੍ਹਾਂ ਹਾਲਤਾਂ ਵਿੱਚ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਕੱਟੜਤਾ ਕਰਕੇ ਔਰਤ ਦੀ ਸਥਿਤੀ ਦਿਨੋਂ ਦਿਨ ਪਤਲੀ ਹੁੰਦੀ ਚਲੀ ਗਈ। ਮੱਧ ਕਾਲੀ ਸਾਹਿਤ ਵਿੱਚ ਇਹ ਪ੍ਰਤੱਖ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਅੱਠਵੀਂ ਨੌਵੀਂ ਵਿੱਚ ਵਿਚਰੇ ਨਾਥ ਜੋਗੀ ਔਰਤ ਵਿਰੋਧੀ ਭੁਗਤਦੇ ਹਨ। ਔਰਤ ਦੀ ਕੁੱਖ ਤੋਂ ਜਨਮ ਲੈਣ ਵਾਲੇ ਇਹ ਲੋਕ ਔਰਤ ਨੂੰ ਬਘਿਆੜੀ ਤੱਕ ਕਹਿ ਦਿੰਦੇ ਹਨ। ਗੋਰਖ ਨਾਥ ਅਨੁਸਾਰ;

ਬਾਘਨਿ ਜਿੰਦ ਲੈ, ਬਾਘਨਿ ਬਿੰਦ ਲੈ, ਬਾਘਨਿ ਹਮਰੀ ਕਾਇਆ।

Advertisement

ਇਨ ਬਾਘਨਿ ਤ੍ਰੈ ਲੋਈ ਖਾਈ, ਬਧਿਤ ਗੋਰਖ ਰਾਇਆ।

Advertisement

ਮੱਧ ਕਾਲ ਦੀ ਮਸ਼ਹੂਰ ਵੰਨਗੀ ਕਿੱਸਾ ਕਾਵਿ ਵਿੱਚ ਵਾਰਿਸ, ਪੀਲੂ ਵਰਗੇ ਪ੍ਰਮੁੱਖ ਸ਼ਾਇਰਾਂ ਦਾ ਔਰਤਾਂ ਪ੍ਰਤੀ ਨਜ਼ਰੀਆ ਦੁਜੈਲਾ ਹੀ ਰਿਹਾ ਹੈ। ਪੀਲੂ ਅਨੁਸਾਰ ‘ਭੱਠ ਰੱਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ’ ਵਰਗੇ ਸ਼ਬਦ ਲਿਖ ਕੇ ਔਰਤ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਗਿਆ। ਮਹਾਭਾਰਤ ਸਮੇਂ ਵੀ ਔਰਤ ਨੂੰ ਬਰਾਬਰੀ ਦਾ ਸਨਮਾਨ ਨਹੀਂ ਮਿਲਿਆ। ਦ੍ਰਪੋਤੀ ਨੂੰ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਕਾਲ ਤੋਂ ਪਹਿਲਾਂ ਅਤੇ ਗੁਰੂ ਨਾਨਕ ਕਾਲ ਦੇ ਸਮੇਂ ਵੀ ਔਰਤ ਦੀ ਦਸ਼ਾ ਖਸਤਾ ਹੀ ਸੀ, ਪਰ ਗਿਆਰ੍ਹਵੀਂ ਤੇ ਬਾਰ੍ਹਵੀਂ ਸਦੀ ਵਿੱਚ ਵਿਚਰੇ ਬਾਬਾ ਸ਼ੇਖ਼ ਫ਼ਰੀਦ ਨੇ ਜ਼ਰੂਰ ਔਰਤ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ:

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ।

ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ।

ਮੱਧ ਕਾਲੀਨ ਭਾਰਤ ਵਿੱਚ ਭਾਰਤੀ ਤੇ ਸਾਮੀ ਸੱਭਿਆਚਾਰਾਂ ਨੇ ਦੇਸ਼ ਦੀ ਰਾਜਨੀਤਕ ਸਥਿਤੀ ਤੇ ਮਰਦ ਅਤੇ ਔਰਤ ਦੇ ਨਸਲੀ ਵਿਤਕਰੇ ਨੇ ਔਰਤਾਂ ਨੂੰ ਬੁਰਕੇ ਵਿੱਚ ਲਪੇਟਣਾ, ਘੁੰਢ ਵਿੱਚ ਬੰਦ ਕਰਨਾ, ਪਤੀ ਦੇ ਮਰਨ ਉਤੇ ਔਰਤ ਨੂੰ ਜਲਦੀ ਚਿਤਾ ਵਿੱਚ ਬੈਠਾ ਕੇ ਸਤੀ ਕਰਨ, ਕੁੜੀਆਂ ਨੂੰ ਵੇਚਣ, ਛੋਟੀ ਉਮਰ ਵਿੱਚ ਵਿਆਹ ਦੇਣਾ ਜਾਂ ਜੰਮਦਿਆਂ ਮਾਰ ਦੇਣਾ ਆਦਿ ਘਿਨਾਉਣੀਆਂ ਸਮਾਜਿਕ ਕੁਰੀਤੀਆਂ ਤੇ ਬਹਿਮਾਂ ਭਰਮਾਂ ਵਿੱਚ ਗ੍ਰਸਿਆ ਹੋਇਆ ਸੀ। ਕਿੱਸਾ ਕਾਵਿ ਜੋ ਮੱਧ ਕਾਲ ਦੀਆਂ ਮਕਬੂਲ ਵੰਨਗੀਆਂ ਵਿੱਚੋਂ ਇੱਕ ਹੈ, ਵਿੱਚ ਵੀ ਔਰਤਾਂ ਨੂੰ ਬਰਾਬਰੀ ਨਹੀਂ ਮਿਲੀ। ਇੱਥੋਂ ਤੱਕ ਕਿ ਲੋਕ ਕਥਾਵਾਂ, ਲੋਕ ਕਹਾਣੀਆਂ ਆਦਿ ਵਿੱਚ ਵੀ ਔਰਤ ਨਾਲ ਇਹੋ ਜਿਹਾ ਵਿਤਕਰਾ ਹੁੰਦਾ ਰਿਹਾ ਹੈ। ਸਿੱਖ-ਗੁਰੂਆਂ ਜਿੱਥੇੇ ਔਰਤਾਂ ਪ੍ਰਤੀ ਆਪਣੀ ਸਿਰਜਨਾ ਤੇ ਕਾਵਿ ਕੌਸ਼ਲਤਾ ਰਾਹੀਂ ਮਨੁੱਖਤਾ ਵਿੱਚ ਮਾਨਸਿਕ ਤੇ ਸਮਾਜਿਕ ਚੇਤਨਾ ਪੈਦਾ ਕੀਤੀ, ਉੱਥੇ ਔਰਤ ਦੀ ਮਾੜੀ ਦਸ਼ਾ ਨੂੰ ਸਮਝਦਿਆਂ ਇਸ ਦੀ ਨਿੰਦਾ ਹੀ ਨਹੀਂ ਕੀਤੀ ਸਗੋਂ ਸਿੱਖ ਸਭਿਆਚਾਰ ਵਿੱਚ ਇਨ੍ਹਾਂ ਲਹਾਣਤਾਂ ਨੂੰ ਦੂਰ ਕਰਨ ਦੀ ਤਾਕੀਦ ਵੀ ਕੀਤੀ ਅਤੇ ਉਨ੍ਹਾਂ ਲਈ ਬਰਾਬਰਤਾ, ਸਮਾਨਤਾ, ਸੁਤੰਤਰਤਾ ਤੇ ਸਨਮਾਨ ਦੇ ਵੀ ਭਾਵ ਪ੍ਰਗਟ ਕੀਤੇ ਹਨ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਪਵਿੱਤਰ ਸੰਦੇਸ਼ ਦੇਣ ਤੇ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨੇ ਸਥਾਪਤੀ ਦੇ ਦਮਨਕਾਰੀ ਵਿਵਹਾਰ ਨੂੰ ਮੁੱਢੋ ਹੀ ਰੱਦ ਕਰ ਦਿੱਤਾ ਕਿਉਂਕਿ ਉਹ ਬਦਲ ਰਹੀਆਂ ਪ੍ਰਸਥਿਤੀਆਂ ਤੇ ਸਮੇਂ ਦੇ ਇਤਿਹਾਸਕ ਵੇਗ ਨੂੰ ਸਮਝਣ ਦੇ ਸਮਰੱਥ ਸਨ। ਉਨ੍ਹਾਂ ਉਸ ਸਮੇਂ ਦੀਆਂ ਕੁਰੀਤੀਆਂ ਖਿਲਾਫ਼ ਵਿਰੋਧੀ ਸੁਰ ਵਾਲੀ ਭਾਸ਼ਾ ਦੀ ਵਰਤੋਂ ਕੀਤੀ। ਸਦੀਆਂ ਤੋਂ ਦੁਰਕਾਰੀ ਤੇ ਲਿਤਾੜੀ ਜਾ ਰਹੀ ਔਰਤ ਦੇ ਸ੍ਵੈ-ਮਾਣ ਦੇ ਹੱਕ ਵਿੱਚ ਆਵਾਜ਼ ਉਠਾਈ। ਆਸਾ ਦੀ ਵਾਰ ਦੀ ਪਾਉੜੀ 19ਵੀਂ ਵਿੱਚ ਉਹ ਵਿਸਥਾਰ ਨਾਲ ਸਮਝਾਉਂਦੇ ਹਨ;

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਗੁਰੂ ਨਾਨਕ ਦੇਵ ਜੀ ਦੀ ਆਮਦ ਨਾਲ ਸਮਾਜਿਕ ਸੁਧਾਰਾਂ ਦੇ ਨਾਲ ਬਰਾਬਰਤਾ ਦੀ ਗੱਲ ਵੀ ਸ਼ੁਰੂ ਹੋਈ। ਜਿੱਥੇ ਉਨ੍ਹਾਂ ਨੇ ਲੋਕਾਈ ਨੂੰ ਧਰਮ ਦੀ ਅਸਲੀਅਤ ਬਾਰੇ ਬਾਖੂਬੀ ਜਾਣਕਾਰੀ ਦਿੱਤੀ, ਉੱਥੇ ਜਬਰ ਵਿਰੁੱਧ ਲੜਨ ਦੀ ਪ੍ਰੇਰਨਾ ਅਤੇ ਹੱਕਾਂ ਪ੍ਰਤੀ ਸੁਚੇਤਤਾ ਵੀ ਪ੍ਰਦਾਨ ਕੀਤੀ। ਜਿਸ ਦੀ ਵਧੀਆ ਉਦਾਹਰਨ ਉਨ੍ਹਾਂ ਵੱਲੋਂ ਬਾਬਰ ਦੇ ਖਿਲਾਫ਼ ਲਿਖੀ ਹੋਈ ਬਾਬਰ ਬਾਣੀ ਹੈ। ਇਤਿਹਾਸ ਗਵਾਹ ਹੈ ਕਿ ਔਰਤ ਨੇ ਆਪਣੇ ਸ੍ਵੈਮਾਣ ਨੂੰ ਬਹਾਲ ਕਰਨ ਲਈ ਕੜੀ ਮੁਸ਼ੱਕਤ ਕੀਤੀ ਹੈ। ਅਸੀਂ ਕਹਿ ਸਕਦੇ ਹਾਂ ਕਿ ਔਰਤ ਮਰਦ ਦੇ ਹਰ ਖੇਤਰ ਵਿੱਚ ਬਰਾਬਰ ਖੜ੍ਹੀ ਨਜ਼ਰ ਆਉਂਦੀ ਹੈ। ਸਾਨੂੰ ਔਰਤ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਔਰਤ ਵੀ ਆਪਣੇ ਹੱਕਾਂ ਲਈ ਜੱਥੇਬੰਦਕ ਹੋ ਕੇ ਲੜਾਈ ਲੜੇ ਤਾਂ ਕਿ ਉਸ ਵਿੱਚ ਚੇਤਨਤਾ ਅਤੇ ਨਾਬਰੀ ਦਾ ਅਹਿਸਾਸ ਤਿੱਖਾ ਹੋਵੇ।

ਸੰਪਰਕ: 94177-05555

Advertisement
×