Gulab Sidhu Firing Case: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਗੋਲੀਬਾਰੀ ਦੇ ਹਫ਼ਤੇ ਬਾਅਦ ਵੀ ਨਾ ਹੋਈ ਕੋਈ ਗ੍ਰਿਫ਼ਤਾਰੀ
ਪੁਲੀਸ ਗਸ਼ਤ ਵਧਾਈ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ: ਐੱਸ ਐੱਸ ਪੀ
Gulab Sidhu Firing Case: ਬਰਨਾਲਾ ਦੇ ਬਾਹਰਵਾਰ ਪਿੰਡ ਫਰਵਾਹੀ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਗੁਲਾਬ ਸਿੱਧੂ ਦੇ ਘਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੇ ਜਾਣ ਨੂੰ ਇੱਕ ਹਫ਼ਤਾ ਬੀਤ ਚੁੱਕਾ ਹੈ ਪਰ ਪੁਲੀਸ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਸਫ਼ਲਤਾ ਹਾਸਲ ਨਹੀਂ ਕਰ ਸਕੀ ਹੈ।
ਜਾਣਕਾਰੀ ਅਨੁਸਾਰ 12 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ 1:30 ਵਜੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਘਰ ਦੇ ਮੁੱਖ ਗੇਟ 'ਤੇ ਛੇ ਰਾਉਂਡ ਫ਼ਾਇਰਿੰਗ ਕੀਤੀ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਹਾਲਾਂਕਿ ਤਿੰਨ ਤੋਂ ਚਾਰ ਗੋਲੀਆਂ ਗੇਟ ਨੂੰ ਜਾ ਵੱਜੀਆਂ। ਕੁਝ ਗੋਲੀਆਂ ਗੇਟ ਨੂੰ ਚੀਰਦੀਆਂ ਹੋਈਆਂ ਵਰਾਂਡੇ ਵਿੱਚ ਖੜ੍ਹੇ ਇੱਕ ਟਰੈਕਟਰ ਅਤੇ ਰਸੋਈ ਦੀ ਬਾਹਰੀ ਕੰਧ ਨਾਲ ਜਾ ਟਕਰਾਈਆਂ।
ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦੇ ਰਹੇ ਹਨ ਜਿਨ੍ਹਾਂ ਵਿੱਚੋਂ ਡਰਾਈਵਰ ਘਟਨਾ ਦੀ ਵੀਡੀਓ ਬਣਾ ਰਿਹਾ ਸੀ ਜਦਕਿ ਬਾਕੀ ਦੋਵਾਂ ਨੇ ਗੋਲੀਬਾਰੀ ਕੀਤੀ। ਘਟਨਾ ਤੋਂ ਬਾਅਦ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਦੇ ਨਾਂ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦੋ ਆਡੀਓ ਕਲਿੱਪ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਸਨ।
ਬਰਨਾਲਾ ਦੇ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਅੱਜ ਕਿਹਾ ਕਿ ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕਰ ਰਹੀ ਹੈ ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਿਲੀ ਧਮਕੀ ਤੋਂ ਬਾਅਦ ਗਾਇਕ ਦੇ ਪਰਿਵਾਰ ਨਾਲ ਪਹਿਲਾਂ ਹੀ ਦੋ ਸੁਰੱਖਿਆ ਕਰਮੀ ਤਾਇਨਾਤ ਸਨ, ਜਦਕਿ ਹਮਲੇ ਤੋਂ ਬਾਅਦ ਇਲਾਕੇ ਵਿੱਚ ਪੁਲੀਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਜਿਸ ਸਮੇਂ ਗੋਲੀਬਾਰੀ ਹੋਈ, ਪਰਿਵਾਰਕ ਮੈਂਬਰ ਘਰ ਦੇ ਅੰਦਰ ਹੀ ਸਨ। ਮੌਕੇ ਤੋਂ 30-ਬੋਰ ਦੇ ਛੇ ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਗੁਲਾਬ ਇਸ ਸਮੇਂ ਆਪਣੇ ਪ੍ਰੋਗਰਾਮਾਂ ਲਈ ਆਸਟਰੇਲੀਆ ਵਿੱਚ ਹਨ। ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸਨ।
ਇਸ ਤੋਂ ਪਹਿਲਾਂ ਜਨਵਰੀ ਵਿੱਚ ਗੁਲਾਬ ਉੱਤੇ ਹਮਲੇ ਦੀ ਸਾਜ਼ਿਸ਼ ਰਚਣ ਅਤੇ ਉੱਘੀਆਂ ਹਸਤੀਆਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਵਸੂਲਣ ਦੇ ਦੋਸ਼ ਵਿੱਚ ਇੱਕ ਸਰਪੰਚ ਅਤੇ ਉਸ ਦੇ ਦੋ ਕਥਿਤ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

