ਨਵੀਂ ਦਿੱਲੀ, 7 ਜੁਲਾਈ
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਸਰਕਾਰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਭਾਰਤ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਲਈ ਜਲਦੀ ਹੀ ਨਿਰਧਾਰਿਤ ਮਾਪਦੰਡ/ਦਿਸ਼ਾ-ਨਿਰਦੇਸ਼ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਫ਼ਿਲਮਾਂ ਦੀ ਪ੍ਰੋਡਕਸ਼ਨ ਨੂੰ ਰਫ਼ਤਾਰ ਦੇਣ ਲਈ ਸਰਕਾਰ ਹੱਲਾਸ਼ੇਰੀ ਵਜੋਂ ਇਨਸੈਂਟਿਵ ਮੁਹੱਈਆ ਕਰਵਾਉਣ ’ਤੇ ਵੀ ਵਿਚਾਰ ਕਰ ਰਹੀ ਹੈ। ਸ੍ਰੀ ਜਾਵੜੇਕਰ ਮਨੋਰੰਜਨ ਦੇ ਕਾਰੋਬਾਰ ਬਾਰੇ ਕਨਵੈਨਸ਼ਨ ‘ਫਿਕੀ ਫਰੇਮਜ਼ 2020’ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਜਾਵੜੇਕਰ ਨੇ ਕਿਹਾ ਕਿ ਸਾਰੇ ਭਾਈਵਾਲਾਂ ਨੂੰ ਮੀਡੀਆ ਤੇ ਐਂਟਰਟੇਨਮੈਂਟ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਕਿਹਾ, ‘ਸਰਕਾਰ ਕੋਵਿਡ-19 ਦੇ ਮੱਦੇਨਜ਼ਰ ਭਾਰਤ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਲਈ ਨਿਰਧਾਰਿਤ ਮਾਪਦੰਡ ਲੈ ਕੇ ਆ ਰਹੀ ਹੈ। ਟੀਵੀ ਲੜੀਵਾਰਾਂ, ਫ਼ਿਲਮ ਨਿਰਮਾਣ, ਕੋ-ਪ੍ਰੋਡਕਸ਼ਨ, ਐਨੀਮੇਸ਼ਨ, ਗੇਮਿੰਗ ਆਦਿ ਪ੍ਰੋਡਕਸ਼ਨ ਨਾਲ ਜੁੜੇ ਸਾਰੇ ਸੈਕਟਰਾਂ ਵਿੱਚ ਇਨਸੈਂਟਿਵ ਦਿੱਤੇ ਜਾਣਗੇ।’ ਜਾਵੜੇਕਰ ਨੇ ਕਿਹਾ ਕਿ ਹੁਣ ਤਕ 80 ਤੋਂ ਵਧ ਵਿਦੇਸ਼ੀ ਫਿਲਮਾਂ ਦੇ ਨਿਰਮਾਤਾ ਫ਼ਿਲਮ ਫੈਸਿਲੀਟੇਸ਼ਨ ਦਫ਼ਤਰ ਦਾ ਲਾਹਾ ਲੈ ਚੁੱਕੇ ਹਨ।
-ਪੀਟੀਆਈ