ਨੈਤਿਕਤਾ ਤੋਂ ਦੂਰ ਹੁੰਦੇ ਬੱਚੇ
ਅਜੋਕੇ ਬੱਚਿਆਂ ਦੇ ਸੁਭਾਅ, ਕਿਰਦਾਰ ਅਤੇ ਵਿਵਹਾਰ ਵਿੱਚ ਭਾਰੀ ਤਬਦੀਲੀ ਆਈ ਹੈ। ਭਾਰਤੀ ਅਤੇ ਪੱਛਮੀ ਸੱਭਿਅਤਾ ਦੇ ਮਿਸ਼ਰਣ ਹੇਠ ਪਲਦੇ ਹੋਏ ਅੱਜ ਦੇ ਬੱਚੇ ਨਾ ਤਾਂ ਪੁਰਾਤਨ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਅਪਣਾ ਸਕਦੇ ਹਨ ਤੇ ਨਾ ਹੀ ਬਹੁਤ ਜ਼ਿਆਦਾ ਪੱਛਮੀ...
ਅਜੋਕੇ ਬੱਚਿਆਂ ਦੇ ਸੁਭਾਅ, ਕਿਰਦਾਰ ਅਤੇ ਵਿਵਹਾਰ ਵਿੱਚ ਭਾਰੀ ਤਬਦੀਲੀ ਆਈ ਹੈ। ਭਾਰਤੀ ਅਤੇ ਪੱਛਮੀ ਸੱਭਿਅਤਾ ਦੇ ਮਿਸ਼ਰਣ ਹੇਠ ਪਲਦੇ ਹੋਏ ਅੱਜ ਦੇ ਬੱਚੇ ਨਾ ਤਾਂ ਪੁਰਾਤਨ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਅਪਣਾ ਸਕਦੇ ਹਨ ਤੇ ਨਾ ਹੀ ਬਹੁਤ ਜ਼ਿਆਦਾ ਪੱਛਮੀ ਪ੍ਰਭਾਵ ਹੇਠ ਜੀਵਨ ਬਤੀਤ ਕਰਨ ਦੀ ਸਾਡਾ ਸਮਾਜ ਇਜਾਜ਼ਤ ਦਿੰਦਾ ਹੈ। ਇਸ ਦੋਹਰੇ ਮਾਪਦੰਡ ਵਿੱਚੋਂ ਗੁਜ਼ਰਦੇ ਹੋਏ ਬੱਚਿਆਂ ਦੇ ਸੁਭਾਅ ਵਿੱਚ ਵਿਗਾੜ ਪੈਦਾ ਹੋ ਰਿਹਹਾ ਹੈ ਜੋ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਅਤੇ ਅਨੈਤਿਕਤਾ ਵੱਲ ਧਕੇਲ ਰਿਹਾ ਹੈ। ਇਸ ਵਿੱਚ ਇਕੱਲਾ ਦੋਸ਼ ਬੱਚਿਆਂ ਦਾ ਨਹੀਂ ਸਗੋਂ ਮਾਪੇ, ਅਧਿਆਪਕ ਅਤੇ ਸਾਡਾ ਸਮਾਜ ਵੀ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ।
ਪੁਰਾਣੇ ਬਚਪਨ ਦੇ ਮੁਕਾਬਲੇ ਅੱਜ ਦੇ ਬੱਚਿਆਂ ਕੋਲ ਸੁੱਖ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ। ਅੱਜ ਉਨ੍ਹਾਂ ਨੂੰ ਜ਼ਿੰਦਗੀ ਬਸਰ ਕਰਨ ਲਈ, ਪੜ੍ਹਾਈ ਕਰਨ ਲਈ, ਰਹਿਣ ਸਹਿਣ ਲਈ, ਆਉਣ ਜਾਣ ਲਈ, ਖਾਣ ਪੀਣ ਲਈ, ਆਰਾਮ ਕਰਨ ਲਈ ਵਧੀਆ ਤੋਂ ਵਧੀਆ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ, ਪਰ ਫਿਰ ਵੀ ਅੱਜ ਦੇ ਬੱਚੇ ਮਾਨਸਿਕ ਤਣਾਅ ਵਿੱਚੋਂ ਗੁਜ਼ਰਦੇ ਹੋਏ ਸਾਡੀਆਂ ਰਵਾਇਤੀ ਕਦਰਾਂ ਕੀਮਤਾਂ ਤੋਂ ਕਿਉਂ ਵਾਂਝੇ ਹੋ ਰਹੇ ਹਨ? ਇਹ ਇੱਕ ਬਹੁਤ ਹੀ ਵਿਚਾਰਨਯੋਗ ਵਿਸ਼ਾ ਹੈ।
ਜੇ ਅਜੋਕੇ ਬੱਚਿਆਂ ਦੇ ਮੁਕਾਬਲੇ ਦੋ ਤਿੰਨ ਕੁ ਦਹਾਕੇ ਪੁਰਾਣੇ ਬੱਚਿਆਂ ਦੇ ਜੀਵਨ ’ਤੇ ਪੰਛੀ ਝਾਤ ਮਾਰੀਏ ਤਾਂ ਸਾਨੂੰ ਅੱਜ ਦੇ ਪਾਲਣ ਪੋਸ਼ਣ ਵਿੱਚ ਕਈ ਕਮੀਆਂ ਲੱਗਣਗੀਆਂ। ਪੁਰਾਣੇ ਸਮੇਂ ਦਾ ਸਮਾਜਿਕ ਢਾਂਚਾ ਤੇ ਜੀਵਨ-ਸ਼ੈਲੀ ਅੱਜ ਨਾਲੋਂ ਬਿਲਕੁਲ ਵੱਖਰੀ ਸੀ। ਉਦੋਂ ਲੋਕਾਂ ਦੇ ਸੁਭਾਅ ਸਿੱਧੇ ਸਾਦੇ ਹੁੰਦੇ ਸਨ, ਸਾਂਝੇ ਪਰਿਵਾਰ ਅਤੇ ਆਪਸੀ ਭਾਈਚਾਰਕ ਸਾਂਝ ਹੁੰਦੀ ਸੀ। ਪਰਿਵਾਰਾਂ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਵੀ ਉਸੇ ਤਰ੍ਹਾਂ ਕੀਤਾ ਜਾਂਦਾ ਸੀ, ਜਿਸ ਵਿੱਚ ਕੋਈ ਦਿਖਾਵਾ ਜਾਂ ਮਹਿੰਗੇ ਸ਼ੌਕ ਨਹੀਂ ਸਨ। ਬੱਚਿਆਂ ਦੀ ਗ਼ਲਤੀ ਕਰਨ ’ਤੇ ਤੁਰੰਤ ਰੋਕ-ਟੋਕ ਹੁੰਦੀ ਸੀ, ਸਿਰਫ਼ ਮਾਂ-ਪਿਉ ਵੱਲੋਂ ਹੀ ਨਹੀਂ ਸਗੋਂ ਆਂਢ ਗੁਆਂਢ ਦੇ ਵੱਡੇ ਵੀ ਬੱਚੇ ਨੂੰ ਟੋਕ ਸਕਦੇ ਸਨ। ਉਦੋਂ ਬੱਚਿਆਂ ਨੂੰ ਸ਼ਰਮ-ਹਯਾ ਤੇ ਲੋਕ-ਲਾਜ ਦਾ ਡਰ ਹੁੰਦਾ ਸੀ। ਛੋਟੀ ਉਮਰ ਤੋਂ ਹੀ ਖੇਤ, ਡੰਗਰ, ਛੋਟੇ ਭੈਣ-ਭਰਾ ਸੰਭਾਲਣ ’ਚ ਹੱਥ ਵਟਾਉਂਦੇ ਸਨ। ਮਿਹਨਤ ਕਰਨ ਨਾਲ ਬੱਚਿਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਸੀ, ਉਨ੍ਹਾਂ ਨੂੰ ਆਪਣੀ ਰੋਟੀ ਦੀ ਕੀਮਤ ਪਤਾ ਲੱਗਦੀ ਸੀ ਤੇ ਅਹਿਮ ਪੱਖ ਇਹ ਸੀ ਕਿ ਵਿਅਰਥ ਕੰਮਾਂ ਵਿੱਚ ਘੱਟ ਰੁਚੀ ਹੁੰਦੀ ਸੀ। ਘਰਦੇ ਵੱਡਿਆਂ ਨਾਲ ਗੁਰਦੁਆਰੇ, ਮੰਦਰ ਆਦਿ ਧਾਰਮਿਕ ਸਥਾਨਾਂ ’ਤੇ ਜਾਣਾ ਉਨ੍ਹਾਂ ਦੀ ਰੋਜ਼ਾਨਾ ਜੀਵਨ ਦਾ ਹਿੱਸਾ ਸੀ। ਉੱਥੇ ਗੁਰੂ ਸਾਹਿਬਾਨ ਦੀਆਂ ਸਾਖੀਆਂ, ਜਨਮ-ਸਾਖੀਆਂ, ਰਮਾਇਣ-ਮਹਾਂਭਾਰਤ ਆਦਿਕ ਵਿੱਚੋਂ ਧਾਰਮਿਕ ਕਹਾਣੀਆਂ ਸੁਣ ਕੇ ਸੱਚ, ਸੇਵਾ, ਕੁਰਬਾਨੀ ਦੇ ਪਾਠ ਮਿਲਦੇ ਸਨ। ‘ਜੋ ਬੀਜੋਗੇ, ਸੋ ਵੱਢੋਗੇ’ ਵਰਗੇ ਸਿਧਾਂਤ ਬਚਪਨ ਤੋਂ ਹੀ ਮਨ ’ਚ ਬੈਠ ਜਾਂਦੇ ਸਨ। ਉਦੋਂ ਮੋਬਾਈਲ, ਟੀਵੀ, ਇੰਟਰਨੈੱਟ ਵਰਗੇ ਸਾਧਨ ਉਪਲੱਬਧ ਨਹੀਂ ਸਨ। ਨੁਕਸਾਨਦੇਹ ਕੰਟੈਂਟਾਂ ਤੱਕ ਉਨ੍ਹਾਂ ਦੀ ਪਹੁੰਚ ਹੀ ਨਹੀਂ ਸੀ ਬਲਕਿ ਖਾਲੀ ਸਮਾਂ ਖੇਡਾਂ, ਮੇਲਿਆਂ ਜਾਂ ਘਰ ਦੇ ਬਜ਼ੁਰਗਾਂ ਦੀ ਸੰਗਤ ਵਿੱਚ ਲੰਘਦਾ ਸੀ ਜਿਸ ਨਾਲ ਉਨ੍ਹਾਂ ਉੱਪਰ ਬਾਹਰੀ ਪ੍ਰਭਾਵ ਘੱਟ ਪੈਂਦਾ ਸੀ। ਉਨ੍ਹਾਂ ਸਮਿਆਂ ਵਿੱਚ ਬੱਚੇ ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਸਨ। ਅਧਿਆਪਕ ਨੂੰ ਗੁਰੂ ਮੰਨਦੇ ਸਨ ਤੇ ਉਨ੍ਹਾਂ ਦਾ ਦਰਜਾ ਮਾਪਿਆਂ ਜਿੰਨਾ ਹੀ ਸੀ। ਉਸ ਸਮੇਂ ਅਧਿਆਪਕਾਂ ਦੀ ਮਾਰ ਨੂੰ ਵੀ ਪਿਆਰ ਸਮਝਿਆ ਜਾਂਦਾ ਸੀ। ਅਧਿਆਪਕਾਂ ਅੱਗੇ ਬੋਲਣ ਦੀ ਤਾਂ ਹਿੰਮਤ ਹੀ ਨਹੀਂ ਕਰ ਸਕਦੇ ਸਨ ਤੇ ਬਜ਼ੁਰਗਾਂ ਅੱਗੇ ਉੱਚੀ ਬੋਲਣਾ ਪਾਪ ਸਮਝਿਆ ਜਾਂਦਾ ਸੀ। ਇਸ ਸਭ ਨਾਲ ਬੱਚਿਆਂ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਆਪਣੇ-ਆਪ ਆ ਜਾਂਦਾ ਸੀ।
ਅਜੋਕੇ ਬੱਚਿਆਂ ਦਾ ਪਾਲਣ ਪੋਸ਼ਣ ਇਕਹਿਰੇ ਪਰਿਵਾਰਾਂ ਵਿੱਚ ਹੋਇਆ ਹੈ। ਅਜੋਕੇ ਮਾਪਿਆਂ ਕੋਲ ਬੱਚਿਆਂ ਲਈ ਸਮੇਂ ਦੀ ਘਾਟ ਹੈ। ਦੋਵੇਂ ਮਾਂ-ਬਾਪ ਕੰਮਕਾਜੀ ਹੋਣ ਕਰਕੇ ਉਹ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ ਜਿਸ ਨਾਲ ਬੱਚੇ ਆਪਣੀ ਪਸੰਦ ਅਨੁਸਾਰ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਹੁਤ ਸਾਰੀਆਂ ਗਤੀਵਿਧੀਆਂ ਆਪਣੇ ਮਾਪਿਆਂ ਤੋਂ ਲੁਕਾ ਕੇ ਰੱਖਦੇ ਹਨ। ਮੋਬਾਈਲ ਫੋਨ ’ਤੇ ਆਪਣੇ ਮਨਪਸੰਦ ਦਾ ਕੰਟੈਂਟ ਵੇਖਦੇ ਹਨ ਜਿਨ੍ਹਾਂ ਵੱਲ ਮਾਪਿਆਂ ਦਾ ਬਹੁਤਾ ਧਿਆਨ ਨਹੀਂ ਜਾਂਦਾ। ਅੱਜ ਬੱਚਿਆਂ ਉੱਪਰ ਸੋਸ਼ਲ ਮੀਡੀਆ ਦਾ ਬਹੁਤ ਪ੍ਰਭਾਵ ਪੈ ਰਿਹਾ ਹੈ। ਮਾਪਿਆਂ ਕੋਲ ਬੱਚਿਆਂ ਵੱਲੋਂ ਵੇਖੇ ਜਾ ਰਹੇ ਕੰਟੈਂਟ ਦੀ ਨਜ਼ਰਸਾਨੀ ਕਰਨ ਲਈ ਐਨਾ ਸਮਾਂ ਨਹੀਂ ਹੁੰਦਾ ਜਿਸ ਕਾਰਨ ਕਈ ਵਾਰ ਬੱਚੇ ਆਪਣੀ ਉਮਰ ਦੇ ਹਿਸਾਬ ਦੀਆਂ ਗੱਲਾਂ ਨਾ ਵੇਖ ਕੇ ਗ਼ਲਤ ਚੀਜ਼ਾਂ ਵਿੱਚ ਦਿਲਚਸਪੀ ਲੈਂਦੇ ਹਨ। ਅੱਜਕੱਲ੍ਹ ਗਾਲ੍ਹੀ ਗਲੋਚ ਵਾਲੀਆਂ ਵੈੱਬ ਸੀਰੀਜ਼, ਹਿੰਸਕ ਅਤੇ ਅਸ਼ਲੀਲ ਸਮੱਗਰੀ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਰਹੀ ਹੈ। ਬੱਚੇ ਜੋ ਵੇਖਦੇ ਹਨ ਉਹੀ ਬਣਨ ਦੀ ਕੋਸ਼ਿਸ਼ ਕਰਦੇ ਹਨ। ਘਰ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਹਰ ਸਮੇਂ ਨੱਠ ਭੱਜ ਅਤੇ ਤੇਜ਼ ਰਫ਼ਤਾਰੀ ਦਾ ਮਾਹੌਲ ਹੋਣ ਕਰਕੇ ਮਾਤਾ-ਪਿਤਾ ਦੇ ਆਪਸੀ ਝਗੜੇ ਦਾ ਵੀ ਬੱਚਿਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ।
ਅਜੋਕੇ ਮਾਪੇ ਪੜ੍ਹੇ ਲਿਖੇ ਤਾਂ ਬਹੁਤ ਹਨ, ਉਹ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਕੂਲ ਵਿੱਚ ਦਾਖਲ ਕਰਵਾਉਂਦੇ ਹਨ, ਉਨ੍ਹਾਂ ਨੂੰ ਵਧੀਆ ਤੋਂ ਵਧੀਆ ਟਿਊਸ਼ਨ ਸੈਂਟਰ ਵਿੱਚ ਟਿਊਸ਼ਨ ਭੇਜਦੇ ਹਨ, ਉਨ੍ਹਾਂ ਦੀ ਹਰ ਸੁੱਖ ਸਹੂਲਤ ਉੱਤੇ ਖ਼ਰਚਾ ਵੀ ਦਿਲ ਖੋਲ੍ਹ ਕੇ ਕਰਦੇ ਹਨ, ਪਰ ਜੋ ਕੰਮ ਅਸਲ ਵਿੱਚ ਕਰਨਾ ਚਾਹੀਦਾ ਹੈ ਉਹ ਨਹੀਂ ਕਰਦੇ। ਬਦਕਿਸਮਤੀ ਨਾਲ ਉਹ ਪੈਸੇ ਨਾਲ ਖ਼ਰੀਦੀਆਂ ਸੁੱਖ ਸਹੂਲਤਾਂ ਨੂੰ ਹੀ ਵਧੀਆ ਪਾਲਣ ਪੋਸ਼ਣ ਦਾ ਨਾਂ ਦੇ ਦਿੰਦੇ ਹਨ। ਕਈ ਬਹੁਤ ਪੜ੍ਹੇ ਲਿਖੇ ਮਾਪੇ ਨਾ ਤਾਂ ਆਪਣੇ ਵੱਡਿਆਂ ਨੂੰ ਨਾਲ ਰੱਖ ਕੇ ਖ਼ੁਸ਼ ਹੁੰਦੇ ਹਨ, ਜੇ ਕਿਤੇ ਰੱਖਣਾ ਵੀ ਪੈ ਜਾਏ ਤਾਂ ਉਨ੍ਹਾਂ ਨੂੰ ਬੋਝ ਸਮਝਦੇ ਹਨ ਤੇ ਉਨ੍ਹਾਂ ਨਾਲ ਅਮਾਨਵੀ ਵਰਤਾਰਾ ਕਰਦੇ ਹਨ, ਜਿਸ ਦਾ ਬੁਰਾ ਪ੍ਰਭਾਵ ਉਨ੍ਹਾਂ ਦੇ ਬੱਚਿਆਂ ਉੱਤੇ ਜ਼ਰੂਰ ਪੈਂਦਾ ਹੈ। ਅਜੋਕੇ ਮਾਪੇ ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਆਪਣੇ ਬੱਚਿਆਂ ਸਾਹਮਣੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਪ੍ਰਤੀ ਆਲੋਚਨਾਤਮਕ ਰਵੱਈਆ ਅਪਣਾ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਬੱਚਿਆਂ ਦੇ ਮਨ ਵਿੱਚ ਵਿੱਦਿਆ ਦਾ ਮੰਦਰ ਕਹੇ ਜਾਣ ਵਾਲੇ ਸਕੂਲਾਂ ਅਤੇ ਗੁਰੂ ਸਮਾਨ ਅਧਿਆਪਕਾਂ ਪ੍ਰਤੀ ਕੋਈ ਸਤਿਕਾਰ ਨਹੀਂ ਰਹਿ ਜਾਂਦਾ। ਕਈ ਵਾਰ ਬੱਚੇ ਅਤੇ ਮਾਪੇ ਅਧਿਆਪਕਾਂ ਨਾਲ ਦੁਰਵਿਵਹਾਰ ਕਰਦੇ ਹਨ ਤਾਂ ਸਮਾਂ ਪਾ ਕੇ ਉਹੀ ਬੱਚੇ ਆਪਣੇ ਮਾਪਿਆਂ ’ਤੇ ਭਾਰੂ ਪੈਂਦੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਬੱਚਿਆਂ ਵਿੱਚ ਅਧਿਆਪਕਾਂ ਅਤੇ ਵੱਡਿਆਂ ਪ੍ਰਤੀ ਸਤਿਕਾਰ ਘਟਦਾ ਹੈ।
ਵਿੱਦਿਆ ਵਿੱਚ ਵਪਾਰੀਕਰਨ ਵਧਣ ਨਾਲ ਇਸ ਸਭ ਲਈ ਕਿਤੇ ਨਾ ਕਿਤੇ ਅਧਿਆਪਕ ਵੀ ਜ਼ਿੰਮੇਵਾਰ ਹੁੰਦੇ ਹਨ। ਬੱਚਿਆਂ ਨੂੰ ਘਰਾਂ ਵਿੱਚ ਜਾ ਕੇ ਪੜ੍ਹਾਉਣ ਨਾਲ ਉਨ੍ਹਾਂ ਦੀ ‘ਗੁਰੂ’ ਵਾਲੀ ਸ਼ਖ਼ਸੀਅਤ ਖ਼ਤਮ ਹੋ ਕੇ ਇੱਕ ‘ਨੌਕਰ’ ਵਾਲਾ ਅਕਸ ਬਣ ਜਾਂਦਾ ਹੈ ਜਿਸ ਨਾਲ ਬੱਚਿਆਂ ਅਤੇ ਮਾਪਿਆਂ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਦੀ ਭਾਵਨਾ ਘਟਦੀ ਹੈ। ਸਕੂਲਾਂ ਵਿੱਚ ਨੈਤਿਕ ਸਿੱਖਿਆ ਦੇ ਮੁਕਾਬਲੇ ਮਹਿੰਗੀ ਅਤੇ ਵਿਖਾਵੇ ਦੀ ਮੁਕਾਬਲੇਬਾਜ਼ੀ ਦੀ ਸਿੱਖਿਆ ’ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਇਸ ਨਾਲ ਦੋ-ਚਾਰ ਬੱਚਿਆਂ ਵਿੱਚ ਉਤਸ਼ਾਹ ਤਾਂ ਆ ਜਾਂਦਾ ਹੈ, ਪਰ ਬਾਕੀ ਬੱਚਿਆਂ ਵਿੱਚ ਹੀਣ ਭਾਵਨਾ ਅਤੇ ਮਾਨਸਿਕ ਤਣਾਅ ਵਧਦਾ ਹੈ ਜਿਸ ਨਾਲ ਬੱਚਿਆਂ ਵਿੱਚ ਚਿੜਚਿੜਾਪਣ ਅਤੇ ਹਿੰਸਕ ਪ੍ਰਵਿਰਤੀਆਂ ਉਤਪੰਨ ਹੁੰਦੀਆਂ ਹਨ।
ਬੱਚਿਆਂ ਵਿੱਚ ਵਧ ਰਹੀ ਅਨੈਤਿਕਤਾ ਉੱਤੇ ਸਾਡੇ ਸਮਾਜ ਦਾ ਵੀ ਪ੍ਰਭਾਵ ਪੈਂਦਾ ਹੈ। ਸਾਡੇ ਸਮਾਜ ਦਾ ਚਿਹਰਾ ਵੀ ਦਿਨੋ ਦਿਨ ਕਰੂਪ ਹੋ ਰਿਹਾ ਹੈ। ਪਹਿਲਾਂ ਕਿਤੇ ਕਦੇ ਕਦਾਈਂ ਕੋਈ ਹਿੰਸਕ ਘਟਨਾ ਹੁੰਦੀ ਸੀ ਤਾਂ ਬਹੁਤੇ ਸਾਧਨ ਨਾ ਹੋਣ ਕਰਕੇ ਬੱਚਿਆਂ ਤੱਕ ਇਹੋ ਜਿਹੀਆਂ ਗੱਲਾਂ ਪਹੁੰਚਦੀਆਂ ਹੀ ਨਹੀਂ ਸਨ। ਬੱਚਿਆਂ ਦੇ ਦਿਮਾਗ਼ ਵਿੱਚ ਸਮਾਜ ਦੀ ਸਾਫ਼ ਸੁਥਰੀ ਤਸਵੀਰ ਹੀ ਹੁੰਦੀ ਸੀ। ਅੱਜ ਸਾਡੇ ਸਮਾਜ ਵਿੱਚ ਨਿੱਤ ਦਿਹਾੜੇ ਅਗਵਾ, ਬਲਾਤਕਾਰ, ਕਤਲੋਗਾਰਦ, ਲੁੱਟਾਂ ਖੋਹਾਂ ਆਦਿਕ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਨ੍ਹਾਂ ਨੂੰ ਸਾਡਾ ਮੀਡੀਆ ਤੰਤਰ ਐਨੀ ਕੁ ਵਾਰ ਦਿਖਾਉਂਦਾ ਹੈ ਕਿ ਉਹ ਗੱਲਾਂ ਬੱਚਿਆਂ ਦੇ ਦਿਮਾਗ਼ ਵਿੱਚ ਘਰ ਕਰ ਜਾਂਦੀਆਂ ਹਨ ਤੇ ਉਨ੍ਹਾਂ ਦੀ ਮਾਨਸਿਕ ਸਥਿਤੀ ’ਤੇ ਦੁਰਪ੍ਰਭਾਵ ਪਾਉਂਦੀਆਂ ਹਨ। ਕਈ ਬੱਚੇ ਉਨ੍ਹਾਂ ਮਾੜੇ ਕਾਰਨਾਮਿਆਂ ਦੇ ਨਕਸ਼ੇ ਕਦਮ ’ਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ। ਬੱਚਿਆਂ ਵਿੱਚ ਅਨੈਤਿਕਤਾ ਪੈਦਾ ਕਰਨ ਲਈ ਸਾਡਾ ਸਮਾਜ ਤੇ ਮੀਡੀਆ ਤੰਤਰ ਵੀ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ।
ਬੱਚਿਆਂ ਵਿੱਚ ਵਧ ਰਹੀ ਅਨੈਤਿਕਤਾ ਉੱਤੇ ਕਾਬੂ ਪਾਉਣ ਲਈ ਘਰ ਅਤੇ ਸਕੂਲ ਵਿੱਚ ਨੈਤਿਕ ਸਿੱਖਿਆ ਨੂੰ ਪਹਿਲ ਦੇ ਆਧਾਰ ’ਤੇ ਮਹੱਤਵ ਦੇਣਾ ਪਵੇਗਾ। ਮਾਪਿਆਂ ਅਤੇ ਅਧਿਆਪਕਾਂ ਨੂੰ ਤਾਨਾਸ਼ਾਹੀ ਰਵੱਈਆ ਤਿਆਗ ਕੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਕਰ ਸਕਣ। ਮਾਪਿਆਂ ਨੂੰ ਬੱਚਿਆਂ ਨਾਲ ਕੁਝ ਸਮਾਂ ਸ਼ਾਂਤ ਮਾਹੌਲ ਵਿੱਚ ਬਿਤਾਉਣਾ ਚਾਹੀਦਾ ਹੈ ਤਾਂ ਜੋ ਰਲ਼ ਮਿਲ਼ ਕੇ ਹੱਸਿਆ ਖੇਡਿਆ ਜਾਵੇ ਅਤੇ ਆਪਣੇ ਦਿਲ ਦੀਆਂ ਸਾਝਾਂ ਪਾ ਕੇ ਪਿਆਰ ਭਰਿਆ ਮਾਹੌਲ ਸਿਰਜਿਆ ਜਾਵੇ। ਬੱਚਿਆਂ ਸਾਹਮਣੇ ਆਪਣੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ। ਮਾਪਿਆਂ ਵੱਲੋਂ ਬੱਚਿਆਂ ਵਿੱਚ ਮੋਬਾਈਲ ਅਤੇ ਇੰਟਰਨੈੱਟ ਦੀ ਸੰਤੁਲਿਤ ਵਰਤੋਂ ਯਕੀਨੀ ਬਣਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਲੋਂ ਖੇਡਾਂ, ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਬੱਚਿਆਂ ਦੀ ਭਾਗੀਦਾਰੀ ਵਧਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦਾ ਧਿਆਨ ਬੁਰੇ ਪਾਸੇ ਨਾ ਜਾਵੇ। ਅਧਿਆਪਕਾਂ, ਮਾਪਿਆਂ ਅਤੇ ਸਮਾਜ ਨੂੰ ਮਿਲ ਕੇ ਬੱਚਿਆਂ ਲਈ ਚੰਗਾ ਮਾਹੌਲ ਤਿਆਰ ਕਰਨਾ ਚਾਹੀਦਾ ਹੈ। ਕਦੇ ਨਾ ਭੁੱਲੋ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਵਿੱਚ ਇਮਾਨਦਾਰੀ, ਅਨੁਸ਼ਾਸਨ, ਦਇਆ ਅਤੇ ਜ਼ਿੰਮੇਵਾਰੀ ਵਰਗੇ ਨੈਤਿਕ ਗੁਣ ਪੈਦਾ ਕਰਨਾ ਪਰਿਵਾਰ, ਸਕੂਲ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਹੀ ਮਾਰਗਦਰਸ਼ਨ ਅਤੇ ਚੰਗੇ ਸੰਸਕਾਰਾਂ ਨਾਲ ਅਸੀਂ ਇੱਕ ਨੈਤਿਕ, ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਪੀੜ੍ਹੀ ਦਾ ਨਿਰਮਾਣ ਕਰ ਸਕਦੇ ਹਾਂ ਤੇ ਬੱਚਿਆਂ ਵਿੱਚ ਵਧਦੀ ਹੋਈ ਅਨੈਤਿਕਤਾ ’ਤੇ ਰੋਕ ਲਗਾ ਸਕਦੇ ਹਾਂ।
ਸੰਪਰਕ: 99889-01324

