ਦਾਦੇ-ਪੋਤੇ ਦੀ ਯਾਰੀ
ਬਾਲ ਕਹਾਣੀ ਦਾਦਾ ਗੁਰਬੀਰ ਸਿੰਘ ਪੜ੍ਹਿਆ ਲਿਖਿਆ ਹੈ ਜੋ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਿਆ ਹੈ। ਉਹ ਮੋਬਾਈਲ ਫੋਨ ਨਾਲ ਚਿੰਬੜੀ ਵਰਤਮਾਨ ਪੀੜ੍ਹੀ ਨੂੰ ਵੇਖਦਾ ਅਕਸਰ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਬੱਚੇ ਸਮੇਂ ਦੇ ਹਾਣੀ ਬਣਨ ਲਈ ਨਵੀਂ ਤਕਨੀਕ...
ਬਾਲ ਕਹਾਣੀ
ਦਾਦਾ ਗੁਰਬੀਰ ਸਿੰਘ ਪੜ੍ਹਿਆ ਲਿਖਿਆ ਹੈ ਜੋ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਿਆ ਹੈ। ਉਹ ਮੋਬਾਈਲ ਫੋਨ ਨਾਲ ਚਿੰਬੜੀ ਵਰਤਮਾਨ ਪੀੜ੍ਹੀ ਨੂੰ ਵੇਖਦਾ ਅਕਸਰ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਬੱਚੇ ਸਮੇਂ ਦੇ ਹਾਣੀ ਬਣਨ ਲਈ ਨਵੀਂ ਤਕਨੀਕ ਦੇ ਨਾਲ ਵੀ ਜ਼ਰੂਰ ਜੁੜਨ, ਪਰ ਆਪਣੀਆਂ ਜੜਾਂ ਨਾਲ ਵੀ ਜੁੜੇ ਰਹਿਣ। ਉਹ ਆਪਣੇ ਪੋਤੇ ਨਿਹਾਲ ਸਿੰਘ ਨਾਲ ਦੋਸਤਾਂ ਵਾਂਗ ਗੱਲਬਾਤ ਕਰਕੇ ਆਪਣੇ ਬਚਪਨ ਦੀਆਂ ਗੱਲਾਂ ਕਰਦਾ ਹੀ ਰਹਿੰਦਾ ਹੈ। ਪੋਤਾ ਨਿਹਾਲ ਸਿੰਘ ਵੀ ਗੱਲਾਂ ਸੁਣ ਕੇ ਨਵੇਂ-ਨਵੇਂ ਸਵਾਲ ਕਰਦਾ ਹੈ।
ਇੱਕ ਦਿਨ ਚੌਥੀ ਜਮਾਤ ਵਿੱਚ ਪੜ੍ਹਦੇ ਨਿਹਾਲ ਸਿੰਘ ਨੇ ਅਚਾਨਕ ਆਪਣੇ ਦਾਦਾ ਜੀ ਨੂੰ ਸਵਾਲ ਕੀਤਾ, ‘‘ਦਾਦਾ ਜੀ, ਤੁਸੀਂ ਮੈਨੂੰ ਹਮੇਸ਼ਾ ਆਖਦੇ ਓ ‘ਨਿਹਾਲ ਤਾਂ ਮੇਰਾ ਯਾਰ ਆ!’ ਭਲਾਂ ਮੈਂ ਤੁਹਾਡਾ ਯਾਰ ਕਿਵੇਂ ਹੋਇਆ? ਯਾਰ ਤਾਂ ਬਰਾਬਰ ਦੇ ਹੁੰਦੇ ਨੇ ਜਿਵੇਂ ਮੇਰੇ ਨਾਲ ਪੜ੍ਹਦੇ ਰਿੰਕੂ ਅਤੇ ਪੱਪੂ!’’
‘‘ਓ ਪੁੱਤਰਾ, ਦਾਦਾ ਤੇ ਪੋਤਾ ਸਭ ਤੋਂ ਗੂੜ੍ਹੇ ਯਾਰ ਹੁੰਦੇ ਨੇ! ਕਿਉਂਕਿ ਪੋਤੇ ਦਾ ਸਭ ਤੋਂ ਪਹਿਲਾ ਯਾਰ ਦਾਦਾ ਹੁੰਦਾ ਹੈ ਤੇ ਦਾਦੇ ਦਾ ਅਖੀਰਲਾ ਯਾਰ ਪੋਤਾ, ਰਿੰਕੂ ਤੇ ਪੱਪੂ ਤਾਂ ਜਦੋਂ ਤੂੰ ਸਕੂਲ ਜਾਣ ਲੱਗਾ, ਓਦੋਂ ਯਾਰ ਬਣੇ ਹੋਣਗੇ।’’ ਦਾਦਾ ਜੀ ਨੇ ਨਿਹਾਲ ਸਿੰਘ ਦੀ ਉਤਸੁਕਤਾ ਦੂਰ ਕਰਦਿਆਂ ਕਿਹਾ।
‘‘ਦਾਦਾ ਜੀ, ਫਿਰ ਤਾਂ ਤੁਹਾਡੇ ਵੀ ਸਕੂਲ ਦੇ ਯਾਰ ਹੋਣਗੇ। ਤੁਸੀਂ ਵੀ ਸਾਡੇ ਵਾਂਗ ਹੋਮ ਵਰਕ ਕਰਦੇ ਹੋਵੋਗੇ। ਛੁੱਟੀਆਂ ਵਿੱਚ ਟਿਊਸ਼ਨ ਵੀ ਜਾਂਦੇ ਹੋਣੇ ਆਂ! ਛੁੱਟੀਆਂ ਵਿੱਚ ਆਪਣੇ ਮੰਮੀ-ਪਾਪਾ ਨਾਲ ਘੁੰਮਣ ਕਿੱਥੇ ਜਾਂਦੇ ਸੀ? ਅੱਜ ਤੁਸੀਂ ਮੈਨੂੰ ਆਪਣੇ ਬਚਪਨ ਦੀ ਕੋਈ ਗੱਲ ਸੁਣਾਓ।’’ ਨਿਹਾਲ ਸਿੰਘ ਨੇ ਆਪਣੇ ਦਾਦਾ ਜੀ ਨੂੰ ਕਈ ਸਵਾਲ ਕਰਦਿਆਂ ਆਖਿਆ।
‘‘ਪੁੱਤਰ, ਸਾਡੇ ਵੇਲੇ ਬੱਚਿਆਂ ਨੂੰ ਸਕੂਲਾਂ ਵਿੱਚ ਗਰਮੀਆਂ ਦੀਆਂ ਲੰਮੀਆਂ ਛੁੱਟੀਆਂ ਵਿੱਚ ਨਾਨਕੇ, ਮਾਸੀ ਜਾਂ ਭੂਆ ਕੋਲ ਵਾਂਢੇ ਜਾਣ ਦਾ ਬੜਾ ਚਾਅ ਹੁੰਦਾ ਸੀ। ਛੁੱਟੀਆਂ ਵਿੱਚ ਕਰਨ ਲਈ ਮਿਲਿਆ ਸਕੂਲ ਦਾ ਕੰਮ ਜਲਦੀ-ਜਲਦੀ ਖ਼ਤਮ ਕਰਨਾ ਤੇ ਵਾਂਢੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ।’’
(ਵਿੱਚੋਂ ਟੋਕ ਕੇ) ‘‘ਦਾਦਾ ਜੀ। ਵਾਂਢਾ ਕੀ ਹੁੰਦਾ ਆ ?’’
‘‘ਓ ਯਾਰ, ਜਿਵੇਂ ਕਿਸੇ ਰਿਸ਼ਤੇਦਾਰੀ ਵਿੱਚ ਕੁਝ ਦਿਨਾਂ ਲਈ ਰਹਿਣ ਜਾਣਾ ਹੋਵੇ। ਜਿਵੇਂ ਤੇਰੇ ਮੰਮੀ-ਪਾਪਾ ਤੈਨੂੰ ਤੇ ਪ੍ਰੀਤੀ ਨੂੰ ਤੇਰੇ ਨਾਨਕੇ ਜਾਂ ਮਾਸੀ ਕੋਲ ਲੈ ਕੇ ਜਾਂਦੇ ਨੇ।’’
‘‘ਪਰ, ਮੰਮੀ ਤਾਂ ਫੋਨ ਕਰਕੇ ਜਾਂਦੇ ਨੇ ਤੇ ਓਦਣ ਈ ਮੁੜ ਆਉਂਦੇ ਨੇ, ਫਿਰ ਇਹ ਵਾਂਢਾ ਤਾਂ ਨਾ ਹੋਇਆ?’’ ਨਿਹਾਲ ਨੇ ਹੈਰਾਨੀ ਜ਼ਾਹਰ ਕੀਤੀ।
‘‘ਤੂੰ ਠੀਕ ਆਖਦਾ ਏਂ, ਉਨ੍ਹਾਂ ਵੇਲਿਆਂ ਵਿੱਚ ਵਾਂਢੇ ਜਾਣ-ਆਉਣ ਦੀ ਸੂਚਨਾ ਦੇ ਕੇ ਕਿਧਰੇ ਨਹੀਂ ਸੀ ਜਾਇਆ ਜਾਂਦਾ। ਜੇ ਭੂਆ, ਮਾਸੀ ਜਾਂ ਨਾਨਕਿਆਂ ਤੋਂ ਪਹਿਲਾਂ ਹੀ ਕੋਈ ਬੱਚਾ ਆ ਜਾਣਾ ਤਾਂ ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਜਾਣੀਆਂ। ਫਿਰ ਬਾਕੀ ਦੀਆਂ ਛੁੱਟੀਆਂ ਆਏ ਪ੍ਰਾਹੁਣੇ ਬੱਚਿਆਂ ਨਾਲ ਡੰਗਰ ਚਾਰਦਿਆਂ, ਛੱਪੜਾਂ-ਟੋਬਿਆਂ ਵਿੱਚ ਨਹਾਉਂਦਿਆਂ, ਨ੍ਹੇਰੀ ਆਈ ਤੋਂ ਪੋਹਲ਼ੀ ਦੇ ਸੁੱਕੇ ਬੂਟਿਆਂ ਮਗਰ ਦੌੜਦਿਆਂ, ਖਰਬੂਜ਼ੇ ਅਤੇ ਲੂਣ ਲਾ ਕੇ ਖੱਟੀਆਂ ਅੰਬੀਆਂ ਖਾਂਦਿਆਂ, ਹੋਲ਼ਾਂ ਚੱਬਦਿਆਂ, ਦਿਨ ਵੇਲੇ ਘੋਲ ਕਬੱਡੀਆਂ, ਬੋਹੜਾਂ-ਪਿੱਪਲਾਂ ਥੱਲੇ ਚੂਹੀ ਚਰਾਂਗੜ (ਜੱਟ ਬ੍ਰਾਹਮਣ), ਛੂਹਣ ਛਪਾਈ, ਗੁੱਲੀ-ਡੰਡਾ, ਬਾਂਦਰ ਕਿੱਲਾ, ਘੜਮੱਸ ਘੋੜੀ, ਕਾਨਾ ਘੋੜੀ, ਪਿੱਠੂ ਗਰਮ, ਰਾਤ ਨੂੰ ਕੋਟਲਾ ਛਪਾਕੀ, ਲੁਕਣਮਚਾਈ, ਚੀਚੋ ਚੀਚ ਘਚੋਲ਼ੀਆਂ ਆਦਿ ਅਨੇਕਾਂ ਖੇਡਾਂ ਖੇਡਦਿਆਂ ਛੁੱਟੀਆਂ ਕਦੋਂ ਨਿਕਲ ਜਾਣੀਆਂ ਪਤਾ ਈ ਨਾ ਲੱਗਣਾ।’’
‘‘ਤੁਸੀਂ ਐਨੀਆਂ ਖੇਡਾਂ ਕਿਵੇਂ ਖੇਡ ਲੈਂਦੇ ਸੀ, ਸਾਨੂੰ ਮੌਜ ਹੋਈ ਨਾ ਫਿਰ! ਅਸੀਂ ਘਰ ਬੈਠੇ ਹੀ ਟੈਬ ਉੱਤੇ ਗੇਮਾਂ ਖੇਡ ਲੈਨੇ ਆਂ।’’ ਨਿਹਾਲ ਨੂੰ ਦਾਦਾ ਜੀ ਵੱਲੋਂ ਦੱਸੀਆਂ ਖੇਡਾਂ ਦੀ ਕੋਈ ਸਮਝ ਨਾ ਲੱਗੀ।
‘‘ਹੁਣ ਉਹ ਗੱਲਾਂ ਨਹੀਂ ਰਹੀਆਂ। ਓਸ ਵੇਲੇ ਬੱਚਾ ਪਾਸ ਹੋਏ ਤੋਂ ਹੀ ਮਾਵਾਂ ਗੁੜ ਵੰਡ ਕੇ ਖੁਸ਼ ਹੋ ਜਾਂਦੀਆਂ ਸਨ। ਅਜੋਕੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੰਬਰਾਂ ਦੀ ਫੀਸਦ ਦੇ ਮੁਕਾਬਲੇ ਦੀ ਫ਼ਿਕਰ ਲੱਗੀ ਰਹਿੰਦੀ ਹੈ ਜਿਸ ਕਰਕੇ ਬੱਚੇ ਦਾ ਲੱਕਤੋੜ ਬਸਤਾ ਛੁੱਟੀਆਂ ਵਿੱਚ ਵੀ ਟਿਊਸ਼ਨ ਦੀ ਵਜ੍ਹਾ ਕਰਕੇ ਮੌਰਾਂ ਤੋਂ ਉਤਰਦਾ ਹੀ ਨਹੀਂ। ਵਾਂਢੇ ਜਾਣ ਦੀ ਥਾਂ ਮਾਪਿਆਂ ਵੱਲੋਂ ਇੱਕ ਦਿਨ ਕਿਸੇ ਮਸ਼ਹੂਰ ਪਾਰਕ ਵਿੱਚ ਘੁੰਮਣ-ਫਿਰਨ ਜਾਂ ਵਧੀਆ ਰੈਸਟੋਰੈਂਟ ਵਿੱਚ ਖਾਣਾ ਖਾਣ ਦਾ ਲਾਰਾ ਲਾ ਕੇ ਬੱਚਿਆਂ ਨੂੰ ਚੰਗੇ ਨੰਬਰ ਲੈ ਕੇ ਫਸਟ ਆਉਣ ਦੀ ਰੱਟ ਹੀ ਲਾਈ ਜਾਂਦੀ ਹੈ। ਜੇ ਕੋਈ ਪੇਂਡੂ ਜਾਂ ਸ਼ਹਿਰ ਰਹਿੰਦਾ ਰਿਸ਼ਤੇਦਾਰ ਹੀ ਕੋਈ ਆਉਣ ਦੀ ਸੂਚਨਾ ਫੋਨ ਕਰਕੇ ਦਿੰਦਾ ਹੈ ਤਾਂ ਸਾਫ਼-ਸੁਥਰਾ ਝੂਠ ਬੋਲ ਦਿੱਤਾ ਜਾਂਦਾ ਹੈ ਕਿ ‘‘ਅਸੀਂ ਸਮਰ ਵਿਕੇਸ਼ਨ ਲਈ ਕਿਸੇ ਹਿੱਲ ਸ਼ਟੇਸ਼ਨ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ।’’ ਜਵਾਬ ਵਿੱਚ ਇਹ ਇਸ਼ਾਰਾ ਵੀ ਹੁੰਦਾ ਹੈ, ‘‘ਫ਼ਿਕਰ ਨਾ ਕਰਿਓ ਅਸੀਂ ਵੀ ਤੁਹਾਡੇ ਕੋਲ ਨਹੀਂ ਆ ਰਹੇ।’’
‘‘ਹਾਂ-ਹਾਂ, ਜਿਵੇਂ ਪਾਪਾ ਨੇ ਮਾਸੀ ਜੀ ਨੂੰ ਐਵੇਂ ਈ ਆਖ ਦਿੱਤਾ ਸੀ ਕਿ ਅਸੀਂ ਘੁੰਮਣ ਜਾ ਰਹੇ ਆਂ।’’ ਨਿਹਾਲ ਨੇ ਮੂੰਹ ਜਿਹਾ ਬਣਾ ਕੇ ਕੁਝ ਯਾਦ ਆਉਣ ਵਾਂਗ ਕਿਹਾ।
‘‘ਹਾਂ ਪੁੱਤਰ, ਏਸੇ ਕਰਕੇ ਰਿਸ਼ਤਿਆਂ ਵਿੱਚ ਪਿਆਰ ਘਟ ਰਿਹਾ ਹੈ। ਪਹਿਲਾਂ ਵਾਲਾ ਮੋਹ ਨਹੀਂ ਰਿਹਾ। ਬੱਚਿਆਂ ਦਾ ਮਨੋਰੰਜਨ ਅਤੇ ਦੋਸਤੀ ਟੀਵੀ ਉੱਤੇ ਪੈਪਾ ਪਿੱਗ, ਮੋਟੂ-ਪਤਲੂ ਅਤੇ ਟੌਮ ਐਂਡ ਜੈਰੀ ਵਰਗੇ ਕਾਰਟੂਨ ਪਾਤਰਾਂ ਨਾਲ ਜਾਂ ਮੋਬਾਈਲ ਦੀਆਂ ਗੇਮਾਂ ਨਾਲ ਜ਼ਿਆਦਾ ਹੈ।’’ ਦਾਦਾ ਜੀ ਨੇ ਨਿਹਾਲ ਨੂੰ ਇਸ਼ਾਰਾ ਕੀਤਾ ਕਿ ਤੂੰ ਵੀ ਟੈਬ ਜ਼ਿਆਦਾ ਵਰਤਦਾ ਏਂ।
‘‘ਦਾਦੂ ਯਾਰ, ਕੋਈ ਬਚਪਨ ਦੀ ਗੱਲ ਸੁਣਾ।’’ ਨਿਹਾਲ ਸਮਝ ਗਿਆ ਸੀ ਕਿ ਦਾਦੂ ਵੀ ਪਾਪਾ ਵਾਂਗ ਟੈਬ ਨਾ ਚਲਾਉਣ ਨੂੰ ਹੀ ਆਖੇਗਾ।
‘‘ਅੱਛਾ ਸੁਣ ਫਿਰ, ਉਨ੍ਹਾਂ ਵੇਲਿਆਂ ਵਿੱਚ ਪੀਰਾਂ- ਫ਼ਕੀਰਾਂ ਦੀਆਂ ਕਬਰਾਂ ਉੱਤੇ ਵੀਰਵਾਰ ਵਾਲੇ ਦਿਨ ਸ਼ਾਮ ਵੇਲੇ ਢੋਲ ਵੱਜਦਿਆਂ ਸ਼ਰਧਾਲੂਆਂ ਵੱਲੋਂ ਗੁੜ ਵਾਲੇ ਮਿੱਠੇ ਚੌਲ਼ਾਂ ਦੀ ਨਿਆਜ਼, ਚੂਰਮਾ ਵੰਡਣ ਜਾਂ ਦੀਵਿਆਂ ਵਿੱਚ ਤੇਲ ਪਾ ਕੇ ਸੁੱਖਣਾ ਸੁੱਖ ਕੇ ਦਾਤਾਂ ਮੰਗਣ ਦਾ ਬੜਾ ਰੁਝਾਨ ਹੁੰਦਾ ਸੀ। ਵੱਖੋ-ਵੱਖ ਪੀਰਾਂ ਦੇ ਜ਼ਾਹਰਾ ਹੋਣ ਦੀਆਂ ਸਿਫਤਾਂ, ਭੂਤਾਂ ਪ੍ਰੇਤਾਂ ਅਤੇ ਛਲੇਡਿਆਂ ਦੀਆਂ ਦੰਦ ਕਥਾਵਾਂ ਅਕਸਰ ਛੋਟੇ-ਵੱਡਿਆਂ ਦੇ ਬੈਠਣ ਵਾਲੀਆਂ ਥਾਵਾਂ ’ਤੇ ਹੁੰਦੀਆਂ। ਉਹ ਕਥਾਵਾਂ ਅਸੀਂ ਕੰਨ ਲਾ-ਲਾ ਸੁਣਦੇ ਸਾਂ। ਪਾਸ ਹੋਣ ਲਈ ਸੁੱਖਣਾ ਵੀ ਸੁੱਖ ਲੈਣੀ।
‘‘ਓਦੋਂ ਮੈਂ ਵੀ ਤੇਰੇ ਵਾਂਗ ਚੌਥੀ ਜਮਾਤ ਵਿੱਚ ਹੀ ਪੜ੍ਹਦਾ ਸੀ। ਮੈਂ ਛੁੱਟੀਆਂ ਦਾ ਕੰਮ ਖ਼ਤਮ ਕਰਨ ਬਾਅਦ ਭੂਆ ਕੋਲ ਜਾਣ ਲਈ ਬੀਬੀ ਤੇ ਭਾਅ ਨੂੰ ਮਨਾ ਲਿਆ ਸੀ। ਸਬੱਬ ਨਾਲ ਭੂਆ ਦਾ ਮੁੰਡਾ ਸਾਡੇ ਪਿੰਡ ਆ ਗਿਆ।
ਤੁਰਨ ਵੇਲੇ ਬੀਬੀ ਕੁਝ ਭਾਨ ਮੇਰੇ ਬੋਝੇ ਵਿੱਚ ਪਾਉਣ ਲੱਗੀ ਤਾਂ ਵੀਰ ਬੋਲਿਆ, ‘‘ਮਾਮੀ ਰਹਿਣ ਦੇ ਮੈਂ ਨਾਲ ਈ ਆਂ ਪੈਸੇ ਕੀ ਕਰਨੇ ਨੇ!’’
ਝਿੜੀ ਵਾਲੇ ਬਾਬੇ ਲਾਗੋਂ ਲੰਘਦਿਆਂ ਮੇਰੇ ਬਾਲ ਮਨ ਨੇ ਮਨ ਹੀ ਮਨ ਕਿਹਾ, ‘‘ਬਾਬਾ, ਹੁਣ ਤਾਂ ਮੇਰੇ ਕੋਲ ਕੁਝ ਨਹੀਂ, ਭੂਆ ਕੋਲੋਂ ਮਿਲੇ ਰੁਪਈਏ ਵਿੱਚੋਂ ਦਵਾਨੀ ਦੀ ਥਾਂ ਚਵਾਨੀ ਦਾ ਤੇਲ ਜ਼ਰੂਰ ਪਾਵਾਂਗਾ।’’
‘‘ਉਹੀ ਗੱਲ ਹੋਈ ਜਿਸ ਦਾ ਡਰ ਸੀ। ਭਾਅ ਦੁਪਹਿਰ ਦੀ ਬਜਾਏ ਪਹਿਲੀ ਗੱਡੀ ਹੀ ਆ ਗਿਆ ਤੇ ਸਾਨੂੰ ਟੇਸ਼ਨ ਦੇ ਰਾਹ ਵਿੱਚ ਹੀ ਮਿਲ ਪਿਆ। ਵੀਰ ਵੱਲੋਂ ਜ਼ੋਰ ਦੇਣ ਦੇ ਬਾਵਜੂਦ ਭਾਅ ਨੇ ਮੈਨੂੰ ਰਾਹ ਵਿੱਚੋਂ ਈ ਮੋੜ ਲਿਆ। ਡੁਸਕਦੇ ਨੂੰ ਬਾਬੇ ਭੂਰੇ ਸ਼ਾਹ ਦੇ ਮੇਲੇ ’ਤੇ ਖ਼ਰਚਣ ਲਈ ਰੁਪਈਆ ਦੇਣ ਦਾ ਵਾਅਦਾ ਕਰਕੇ ਮਨਾਇਆ।’’
ਦਾਦਾ ਜੀ ਗੱਲ ਅੱਗੇ ਤੋਰਦੇ ਉਸ ਤੋਂ ਪਹਿਲਾਂ ਹੀ ਨਿਹਾਲ ਬੋਲ ਪਿਆ;
‘‘ਯਾਰ ਦਾਦੂ! ਮੈਨੂੰ ਲੱਗਦਾ ਆ ਤੂੰ ਮੈਨੂੰ ਗੱਲੀਂ ਬਾਤੀਂ ਬੁੱਧੂ ਬਣਾ ਰਿਹਾ ਏਂ, ਰੁਪਈਏ ਦਾ ਕੀ ਆਉਂਦਾ ਹੋਊ ਭਲਾ ? ਦਸਾਂ ਰੁਪਈਆਂ ਦੀ ਤਾਂ ਇੱਕ ਛੋਟੀ ਜਿਹੀ ਚਾਕਲੇਟ ਆਉਂਦੀ ਆ!’’
‘‘ਓ ਨਹੀਂ ਯਾਰ, ਓਦੋਂ ਰੁਪਈਆ ਵੀ ਬੜੀ ਵੱਡੀ ਰਕਮ ਵਾਂਗ ਹੁੰਦਾ ਸੀ। ਉਸ ਵੇਲੇ ਮੈਨੂੰ ਵਹਿਮ ਸੀ ਕਿ ਵਾਂਢੇ ਜਾਣ ਵਿੱਚ ਝਿੜੀ ਵਾਲੇ ਬਾਬੇ ਦੇ ਚਿਰਾਗਾਂ ਵਿੱਚ ਤੇਲ ਦਾ ਉਧਾਰ ਸੀ। ਹਾਂ, ਭੂਆ ਵੱਲੋਂ ਮਿਲੇ ਰੁਪਈਏ ਵਿੱਚੋਂ ਜਿਹੜਾ ਚਵਾਨੀ ਦਾ ਤੇਲ ਪਾਉਣਾ ਸੀ, ਉਸ ਦੀ ਥਾਂ ਭਾਅ ਕੋਲੋਂ ਮਿਲੇ ਰੁਪਈਏ ਵਿੱਚੋਂ ਬਾਬੇ ਭੂਰੇ ਸ਼ਾਹ ਦੇ ਮੇਲੇ ਵਿੱਚ ਰੱਜ ਕੇ ਬਰਫ਼ ਦੇ ਰੰਗ ਵਾਲੇ ਗੋਲ਼ੇ ਖਾ ਕੇ ਬਾਕੀ ਭਜੇ ਛੋਲਿਆਂ ਵਾਲੇ ਕੋਲੋਂ ਕਈ ਦਿਨ ਅੱਧੀ ਛੁੱਟੀ ਵੇਲੇ ਛੋਲੇ ਖਾਣ ਲਈ ਵੀ ਪੈਸੇ ਬਚਾਅ ਲਏ ਸੀ, ਪਰ ਮੈਂ ਦੁਬਾਰਾ ਕਦੀ ਸੁੱਖਣਾ ਨਹੀਂ ਸੁੱਖੀ।’’ ਆਪਣੇ ਬਚਪਨ ਦੀ ਕਹਾਣੀ ਖ਼ਤਮ ਕਰਕੇ ਗੁਰਬੀਰ ਸਿੰਘ ਬੋਲਿਆ, ‘‘ਯਾਰ ਸੌਂ ਜਾ ਹੁਣ, ਨਹੀਂ ਤਾਂ ਰੋਜ਼ ਵਾਂਗ ਸਵੇਰੇ ਮੰਮੀ ਤੋਂ ਗਾਲ੍ਹਾਂ ਪੈਣਗੀਆਂ ਈ।’’
‘‘ਮੇਰੇ ਯਾਰ ਦਾਦੂ ਦੇ ਹੁੰਦਿਆਂ ਕੀਹਦੀ ਹਿੰਮਤ ਹੈ ਜੋ ਮੈਨੂੰ ਡਾਂਟ ਸਕੇ।’’ ਆਖ ਕੇ ਨਿਹਾਲ ਸਿੰਘ ਦਾਦਾ ਜੀ ਨਾਲ ਲਿਪਟ ਕੇ ਗੂੜ੍ਹੀ ਨੀਂਦ ਸੌਂ ਗਿਆ।
ਸੰਪਰਕ: 94656-56214

