DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਾਦਾ ਜੀ

ਸਾਲਾਨਾ ਪੇਪਰ ਨੇੜੇ ਆ ਗਏ ਸਨ। ਮੀਤੂ ਦੇ ਮਨ ’ਤੇ ਪੇਪਰਾਂ ਦਾ ਬਹੁਤ ਬੋਝ ਸੀ। ਉਂਝ ਪੜ੍ਹਨ ਵਿੱਚ ਉਹ ਕਾਫ਼ੀ ਹੁਸ਼ਿਆਰ ਸੀ, ਪਰ ਉਸ ਨੂੰ ਇਹੀ ਡਰ ਖਾਈ ਜਾਂਦਾ ਕਿ ਇਸ ਵਾਰ ਉਸ ਦੇ ਨੰਬਰ ਘਟ ਨਾ ਜਾਣ। ਉਹ ਪੂਰਾ...

  • fb
  • twitter
  • whatsapp
  • whatsapp
Advertisement

ਸਾਲਾਨਾ ਪੇਪਰ ਨੇੜੇ ਆ ਗਏ ਸਨ। ਮੀਤੂ ਦੇ ਮਨ ’ਤੇ ਪੇਪਰਾਂ ਦਾ ਬਹੁਤ ਬੋਝ ਸੀ। ਉਂਝ ਪੜ੍ਹਨ ਵਿੱਚ ਉਹ ਕਾਫ਼ੀ ਹੁਸ਼ਿਆਰ ਸੀ, ਪਰ ਉਸ ਨੂੰ ਇਹੀ ਡਰ ਖਾਈ ਜਾਂਦਾ ਕਿ ਇਸ ਵਾਰ ਉਸ ਦੇ ਨੰਬਰ ਘਟ ਨਾ ਜਾਣ। ਉਹ ਪੂਰਾ ਦਿਨ ਪੜ੍ਹਾਈ ਵਿੱਚ ਮਗਨ ਰਹਿੰਦਾ।

ਇੱਕ ਦਿਨ ਦੁਪਹਿਰ ਵੇਲੇ ਮੀਤੂ ਪੜ੍ਹਾਈ ਕਰ ਰਿਹਾ ਸੀ। ਪਿੰਡੋਂ ਉਸ ਦੇ ਦਾਦਾ ਜੀ ਆ ਗਏ। ਸਾਲ ਵਿੱਚ ਇੱਕ-ਦੋ ਵਾਰ ਦਾਦਾ ਜੀ ਉਨ੍ਹਾਂ ਨੂੰ ਮਿਲਣ ਲਈ ਸ਼ਹਿਰ ਆਉਂਦੇ ਸਨ। ਮੀਤੂ ਨਾਲ ਦਾਦਾ ਜੀ ਦਾ ਬੜਾ ਪਿਆਰ ਸੀ। ਸ਼ਾਮੀ ਪਾਰਕ ਵਿੱਚ ਸੈਰ ਕਰਨ ਲਈ ਜਾਣ ਲੱਗੇ ਉਨ੍ਹਾਂ ਨੇ ਮੀਤੂ ਨੂੰ ਪੁੱਛਿਆ, ‘‘ਮੀਤੂ ਬੇਟਾ, ਤੂੰ ਅੱਜ ਦੋਸਤਾਂ ਨਾਲ ਖੇਡਣ ਨਹੀਂ ਜਾਣਾ?”

Advertisement

“ਨਹੀਂ ਦਾਦਾ ਜੀ, ਮੈਂ ਪੇਪਰਾਂ ਦੀ ਤਿਆਰੀ ਕਰ ਰਿਹਾ ਹਾਂ। ਖੇਡਣ ਨੂੰ ਦਿਲ ਤਾਂ ਕਰਦੈ, ਪਰ ਪੜ੍ਹਨਾ ਜ਼ਿਆਦਾ ਜ਼ਰੂਰੀ ਹੈ।” ਦਾਦਾ ਜੀ ਸੈਰ ਤੋਂ ਮੁੜੇ ਤਾਂ ਉਨ੍ਹਾਂ ਦੇਖਿਆ ਕਿ ਮੀਤੂ ਅਜੇ ਵੀ ਕਿਤਾਬ ਚੁੱਕੀ ਬੈਠਾ ਸੀ। ਉਨ੍ਹਾਂ ਨੇ ਹੈਰਾਨੀ ਨਾਲ ਪੁੱਛਿਆ, ‘‘ਅੱਜ ਤੂੰ ਟੈਲੀਵਿਜ਼ਨ ਵੀ ਨਹੀਂ ਦੇਖਿਆ। ਤੂੰ ਤਾਂ ਰੋਜ਼ਾਨਾ ਸ਼ਾਮੀਂ ਆਪਣਾ ਮਨਪਸੰਦ ਸੀਰੀਅਲ ਦੇਖਦਾ ਹੁੰਦੈ।”

Advertisement

“ਦਾਦਾ ਜੀ, ਪ੍ਰੀਖਿਆ ਨੇੜੇ ਹੋਣ ਕਰਕੇ ਮੈਂ ਟੀਵੀ ਦੇਖਣਾ ਬੰਦ ਕਰ ਦਿੱਤਾ ਹੈ।” ਦਾਦਾ ਜੀ ਚੁੱਪ ਰਹੇ, ਪਰ ਉਹ ਬੈਠੇ ਕੁਝ ਸੋਚਦੇ ਰਹੇ। ਉਨ੍ਹਾਂ ਮੀਤੂ ਨੂੰ ਕੁਝ ਨਹੀਂ ਕਿਹਾ। ਰਾਤ ਨੂੰ ਖਾਣਾ ਖਾਣ ਪਿੱਛੋਂ ਦਾਦਾ ਜੀ ਬਰਾਂਡੇ ਵਿੱਚ ਗੇੜੇ ਜ਼ਰੂਰ ਕੱਢਦੇ ਸਨ। ਉਨ੍ਹਾਂ ਨੇ ਮੀਤੂ ਨੂੰ ਆਪਣੇ ਨਾਲ ਗੇੜੇ ਕੱਢਣ ਲਈ ਕਿਹਾ, ਪਰ ਮੀਤੂ ਨੇ ਮਨ੍ਹਾ ਕਰ ਦਿੱਤਾ। ਦਾਦਾ ਜੀ ਮੀਤੂ ਵਾਲੇ ਕਮਰੇ ਵਿੱਚ ਹੀ ਸੌਂਦੇ ਹੁੰਦੇ ਸਨ। ਉਹ ਰਾਤੀਂ ਦੇਰ ਤੱਕ ਬਿਸਤਰੇ ’ਤੇ ਬੈਠਾ ਪੜ੍ਹਦਾ ਰਿਹਾ। ਪੜ੍ਹਦੇ ਪੜ੍ਹਦੇ ਉਸ ਦੀ ਅੱਖ ਲੱਗ ਗਈ ਸੀ। ਅੱਧੀ ਰਾਤ ਨੂੰ ਜਦੋਂ ਦਾਦਾ ਜੀ ਬਾਥਰੂਮ ਜਾਣ ਲਈ ਉੱਠੇ ਤਾਂ ਉਨ੍ਹਾਂ ਬਲਬ ਬੰਦ ਕਰ ਦਿੱਤਾ। ਜਾਗਣ ਲਈ ਮੀਤੂ ਨੇ ਸਵੇਰੇ ਪੰਜ ਵਜੇ ਦਾ ਅਲਾਰਮ ਲਗਾਇਆ ਹੋਇਆ ਸੀ। ਸਵੇਰੇ ਅਲਾਰਮ ਵੱਜਿਆ, ਮੀਤੂ ਨੇ ਉੱਪਰ ਹੱਥ ਮਾਰ ਕੇ ਬੰਦ ਕਰ ਦਿੱਤਾ। ਫਿਰ ਵੱਜਿਆ ਤਾਂ ਉਹ ਬੜੀ ਮੁਸ਼ਕਿਲ ਨਾਲ ਉੱਠ ਸਕਿਆ। ਅੱਖਾਂ ਵਿੱਚ ਨੀਂਦ ਭਰੀ ਪਈ ਸੀ। ਉਸ ਨੇ ਕਿਤਾਬ ਚੁੱਕੀ ਅਤੇ ਪੜ੍ਹਨ ਲੱਗਾ, ਪਰ ਉਸ ਕੋਲੋਂ ਪੜ੍ਹਿਆ ਨਹੀਂ ਸੀ ਜਾ ਰਿਹਾ। ਜਦੋਂ ਦਾਦਾ ਜੀ ਸਵੇਰੇ ਛੇ ਵਜੇ ਸੈਰ ਲਈ ਜਾਣ ਲੱਗੇ ਤਾਂ ਮੀਤੂ ਕਹਿੰਦਾ, “ਦਾਦਾ ਜੀ ਮੈਂਨੂੰ ਨੀਂਦ ਆ ਰਹੀ ਹੈ। ਜੇ ਮੈਂ ਥੋੜ੍ਹੀ ਦੇਰ ਹੋਰ ਸੌਂ ਜਾਵਾਂ।” ਦਾਦਾ ਜੀ ਬੋਲੇ, ‘‘ਜ਼ਰੂਰ ਸੌਂ ਲੈ, ਦਿਮਾਗ਼ ਤਰੋਤਾਜ਼ਾ ਹੋ ਜਾਵੇਗਾ।” ਜਦੋਂ ਦਾਦਾ ਜੀ ਸੈਰ ਤੋਂ ਵਾਪਸ ਮੁੜੇ, ਉਨ੍ਹਾਂ ਦੇਖਿਆ ਮੀਤੂ ਅਜੇ ਵੀ ਸੌਂ ਰਿਹਾ ਸੀ। ਮੰਮੀ ਉਨ੍ਹਾਂ ਨੂੰ ਨਾਸ਼ਤਾ ਕਰਨ ਲਈ ਆਖ ਕੇ ਮੀਤੂ ਨੂੰ ਜਗਾ ਵੀ ਗਈ ਸੀ।

ਜਦੋਂ ਸਾਰਿਆਂ ਨੇ ਨਾਸ਼ਤਾ ਕਰ ਲਿਆ ਤਾਂ ਮੀਤੂ ਨੂੰ ਦਾਦਾ ਜੀ ਨੇ ਆਪਣੇ ਕੋਲ ਸੱਦਿਆ ਅਤੇ ਬੋਲੇ, ‘‘ਬੇਟੇ ਮੈਂ ਦੇਖ ਰਿਹਾ ਹਾਂ ਕਿ ਤੂੰ ਪ੍ਰੀਖਿਆ ਲਈ ਮਿਹਨਤ ਬਹੁਤ ਕਰ ਰਿਹਾ ਏਂ, ਪਰ ਜੇ ਤੂੰ ਮੇਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੇਂ ਤਾਂ ਤੈਨੂੰ ਦੋ ਫਾਇਦੇ ਹੋ ਸਕਦੇ ਹਨ। ਇੱਕ ਤਾਂ ਤੇਰੀ ਤਿਆਰੀ ਹੁਣ ਨਾਲੋਂ ਵੀ ਵਧੀਆ ਤਰੀਕੇ ਨਾਲ ਹੋਵੇਗੀ। ਦੂਜਾ ਤੈਨੂੰ ਪ੍ਰੀਖਿਆ ਦਾ ਜੋ ਡਰ ਲੱਗ ਰਿਹਾ ਹੈ, ਉਹ ਘਟ ਜਾਵੇਗਾ।’’ ਮੀਤੂ ਬੜੇ ਧਿਆਨ ਨਾਲ ਦਾਦਾ ਜੀ ਦੀ ਗੱਲ ਸੁਣਨ ਲੱਗਾ।

ਦਾਦਾ ਜੀ ਬੋਲੇ, ‘‘ਸਾਰਾ ਦਿਨ ਕਿਤਾਬਾਂ ਪੜ੍ਹਦਾ ਪੜ੍ਹਦਾ ਵਿਚਕਾਰ ਥੋੜ੍ਹਾ ਆਰਾਮ ਕਰ ਲਿਆ ਕਰ। ਥੋੜ੍ਹੀ ਦੇਰ ਦੋਸਤਾਂ ਨਾਲ ਖੇਡਣਾ ਕੋਈ ਮਾੜੀ ਗੱਲ ਨਹੀਂ। ਥੋੜ੍ਹੀ ਦੇਰ ਟੀਵੀ ਦੇਖਣ ਨਾਲ ਨਵੀਂ ਊਰਜਾ ਮਿਲਦੀ ਹੈ। ਥੋੜ੍ਹੀ ਦੇਰ ਆਪਣੇ ਮਾਤਾ-ਪਿਤਾ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਮੇਰੇ ਸੁਝਾਅ ਤੇਰੇ ਮਨ ਤੋਂ ਡਰ ਨੂੰ ਘੱਟ ਕਰਨਗੇ ਅਤੇ ਤੇਰੀ ਊਰਜਾ ਅਤੇ ਸਵੈ ਵਿਸ਼ਵਾਸ ਕਈ ਗੁਣਾ ਵਧ ਜਾਵੇਗਾ। ਸਾਰੀ ਰਾਤ ਜਾਗਣ ਦੀ ਲੋੜ ਨਹੀਂ। ਪੂਰੀ ਨੀਂਦ ਲੈਣ ਨਾਲ ਦਿਮਾਗ਼ ਤੇਜ਼ੀ ਨਾਲ ਕੰਮ ਕਰਦਾ ਹੈ।’’

ਦਾਦਾ ਜੀ ਦੇ ਕਹੇ ਮੁਤਾਬਿਕ ਮੀਤੂ ਨੇ ਕੰਮ ਕਰਨ ਦੀ ਇੱਕ ਯੋਜਨਾ ਤਿਆਰ ਕਰ ਲਈ। ਸਵੇਰੇ ਤੋਂ ਰਾਤ ਤੱਕ ਉਸ ਨੇ ਪੜ੍ਹਨ, ਖੇਡਣ, ਟੀਵੀ ਦੇਖਣ, ਖਾਣਾ ਖਾਣ, ਮਾਂ-ਬਾਪ, ਦਾਦਾ ਜੀ ਨਾਲ ਗੱਲ ਕਰਨ ਦਾ ਸਮਾਂ ਨਿਸ਼ਚਤ ਕਰ ਲਿਆ। ਦਾਦਾ ਜੀ ਨੂੰ ਇਹ ਯੋਜਨਾ ਕਾਗਜ਼ ’ਤੇ ਲਿਖ ਕੇ ਦੇ ਦਿੱਤੀ। ਮੀਤੂ ਕਹਿੰਦਾ, ‘‘ਦਾਦਾ ਜੀ ਤੁਸੀਂ ਮੈਨੂੰ ਚੈੱਕ ਕਰਦੇ ਰਿਹੋ ਕਿ ਮੈਂ ਇਸ ਯੋਜਨਾ ’ਤੇ ਸਹੀ ਤਰੀਕੇ ਨਾਲ ਅਮਲ ਕਰਦਾ ਵੀ ਹਾਂ ਕਿ ਨਹੀਂ।” ਦਾਦਾ ਜੀ ਮੁਸਕਰਾਏ।

ਮੀਤੂ ਨੂੰ ਦਾਦਾ ਜੀ ਮੁਤਾਬਿਕ ਕੰਮ ਕਰਦਿਆਂ ਹਫ਼ਤਾ ਬੀਤ ਗਿਆ ਸੀ। ਉਸ ਨੇ ਸਾਰੇ ਵਿਸ਼ਿਆਂ ਦੀ ਪੂਰੀ ਤਿਆਰੀ ਕਰ ਲਈ ਸੀ। ਪ੍ਰੀਖਿਆ ਵਿੱਚ ਪੰਜ ਦਿਨ ਰਹਿ ਗਏ ਸਨ। ਦਾਦਾ ਜੀ ਨੇ ਮੀਤੂ ਦੇ ਦੋ ਦਿਨ ਵੱਖ ਵੱਖ ਵਿਸ਼ਿਆਂ ਦੇ ਟੈਸਟ ਲਏ। ਉਸ ਦੀ ਤਿਆਰੀ ਵਿੱਚ ਕੋਈ ਕਸਰ ਬਾਕੀ ਨਹੀਂ ਸੀ। ਪ੍ਰੀਖਿਆ ਦੇ ਪਹਿਲੇ ਦਿਨ ਮੀਤੂ ਦਾ ਪੇਪਰ ਪੂਰਾ ਤਸੱਲੀ ਵਾਲਾ ਹੋਇਆ।

ਦਾਦਾ ਜੀ ਨੇ ਉਸ ਦਾ ਹੌਸਲਾ ਵਧਾਇਆ, ‘‘ਮੀਤੂ ਹੁਣ ਅੱਗੇ ਵੀ ਆਪਾਂ ਸਾਰੇ ਪੇਪਰ ਵਧੀਆ ਹੀ ਕਰਨੇ ਹਨ।”

ਮੀਤੂ ਲਗਨ ਨਾਲ ਪੜ੍ਹਦਾ ਰਿਹਾ। ਉਸ ਦੇ ਸਾਰੇ ਪੇਪਰ ਬੜੇ ਵਧੀਆ ਹੋਏ ਸਨ। ਦਿਨ ਪਾ ਕੇ ਨਤੀਜਾ ਆਇਆ ਤਾਂ ਉਹ ਆਪਣੇ ਸਕੂਲ ਵਿੱਚੋਂ ਪਹਿਲੇ ਸਥਾਨ ’ਤੇ ਰਿਹਾ। ਉਂਜ ਉਸ ਦਾ ਸਟੇਟ ਮੈਰਿਟ ਲਿਸਟ ਵਿੱਚ ਪੰਜਵਾਂ ਸਥਾਨ ਸੀ, ਯਾਨੀ ਪੰਜਾਬ ਵਿੱਚੋਂ ਪੰਜਵੇਂ ਨੰਬਰ ’ਤੇ। ਉਸ ਦਿਨ ਦਾਦਾ ਜੀ ਵੀ ਉਸ ਦੇ ਨਾਲ ਸਕੂਲ ਗਏ ਸਨ। ਸਕੂਲ ਵਿੱਚ ਹੋਏ ਸਮਾਗਮ ਵਿੱਚ ਉਸ ਨੂੰ ਸਕੂਲ ਵੱਲੋਂ ਇੱਕ ਮੈਡਲ ਪ੍ਰਦਾਨ ਕੀਤਾ ਗਿਆ।

ਦਾਦਾ ਜੀ ਨੇ ਘਰ ਆ ਕੇ ਮੀਤੂ ਨੂੰ ਕਿਹਾ, “ਬੇਟੇ, ਅੱਜਕੱਲ੍ਹ ਬੱਚੇ ਬਹੁਤਾ ਸਮਾਂ ਸਕਰੀਨ ’ਤੇ ਬਿਤਾਉਂਦੇ ਹਨ। ਪੁੱਠੀਆਂ ਸਿੱਧੀਆਂ ਆਨਲਾਈਨ ਗੇਮਾਂ ਖੇਡਦੇ ਹਨ। ਮੈਨੂੰ ਮਾਣ ਰਹੇਗਾ ਕਿ ਮੇਰਾ ਪੋਤਾ ਅਜਿਹਾ ਨਹੀਂ ਹੈ। ਆਉਣ ਵਾਲੇ ਸਮੇਂ ਵਿੱਚ ਤੂੰ ਨਵੀਆਂ ਪੈੜਾਂ ਪਾਵੇਂਗਾ। ਚੇਤੇ ਰੱਖੀਂ ਕਿ ਦਾਦਾ ਜੀ ਦੇ ਮੂੰਹੋਂ ਨਿਕਲੀ ਗੱਲ ਇੱਕ ਦਿਨ ਹਕੀਕਤ ਵਿੱਚ ਬਦਲ ਜਾਵੇਗੀ।”

ਮੀਤੂ ਦਾਦਾ ਜੀ ਦੇ ਕਹੇ ਬੋਲਾਂ ਦੇ ਅਰਥ ਸਮਝਣ ਵਿੱਚ ਗੁਆਚ ਗਿਆ।

ਸੰਪਰਕ: 97806-67686

Advertisement
×