ਭੁੱਲਣ ਦੀ ਆਦਤ ਪਾ ਸੱਜਣਾ...
ਜ਼ਿੰਦਗੀ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਰ ਗੱਲ ਨੂੰ ਯਾਦ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਦੇ ਸੌਖੀ ਨਹੀਂ ਹੋ ਸਕਦੀ। ਬਹੁਤ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਭੁੱਲ ਜਾਣਾ ਬਿਹਤਰ ਹੁੰਦਾ। ਮਨੁੱਖ ਦੀ ਜ਼ਿੰਦਗੀ ਚੰਗੀਆਂ- ਮੰਦੀਆਂ ਤੇ ਔਖੀਆਂ-...
ਜ਼ਿੰਦਗੀ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਰ ਗੱਲ ਨੂੰ ਯਾਦ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਦੇ ਸੌਖੀ ਨਹੀਂ ਹੋ ਸਕਦੀ। ਬਹੁਤ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਭੁੱਲ ਜਾਣਾ ਬਿਹਤਰ ਹੁੰਦਾ। ਮਨੁੱਖ ਦੀ ਜ਼ਿੰਦਗੀ ਚੰਗੀਆਂ- ਮੰਦੀਆਂ ਤੇ ਔਖੀਆਂ- ਸੌਖੀਆਂ ਬਹੁਤ ਸਾਰੀਆਂ ਗੱਲਾਂ ਤੇ ਘਟਨਾਵਾਂ ਦਾ ਮੇਲ ਹੁੰਦੀ ਹੈ।
ਕਦੇ ਕਦੇ ਕੁਝ ਅਜਿਹਾ ਵਾਪਰਦਾ ਹੈ ਜਾਂ ਕੋਈ ਕੁਝ ਅਜਿਹਾ ਕਹਿੰਦਾ ਹੈ ਜੋ ਜ਼ਿੰਦਗੀ ਦੀ ਸਭ ਤੋਂ ਵੱਡੀ ਪੀੜ ਬਣ ਜਾਂਦਾ ਹੈ। ਬੰਦਾ ਚਾਹੁੰਦੇ ਹੋਏ ਵੀ ਉਸ ਨੂੰ ਭੁੱਲ ਨਹੀਂ ਸਕਦਾ। ਜਦੋਂ ਕਦੇ ਕਿਤੇ ਕੋਈ ਗੱਲ ਚੱਲਦੀ ਹੈ ਤਾਂ ਉਹ ਸਾਰੀ ਘਟਨਾ ਰੀਲ ਵਾਂਗ ਬੰਦੇ ਦੇ ਮੂਹਰੇ ਘੁੰਮ ਜਾਂਦੀ ਹੈ। ਅਜਿਹੇ ਵਿੱਚ ਜੇ ਉਹ ਚਾਹੇ ਵੀ ਕਿ ਇਸ ਨੂੰ ਭੁੱਲ ਜਾਵੇ ਤਾਂ ਕਿਵੇਂ ਭੁੱਲੇ?
ਸਾਨੂੰ ਬਣਾਉਣ ਵਾਲੀ, ਸਾਨੂੰ ਪਾਲਣ ਵਾਲੀ ਇਸ ਕੁਦਰਤ ਦੀ ਸਮਝ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ। ਜੇਕਰ ਭੁੱਲਣਾ ਬਣਿਆ ਹੈ ਤਾਂ ਜ਼ਰੂਰ ਇਸ ਦਾ ਕੋਈ ਫਾਇਦਾ ਹੋਵੇਗਾ। ਸੋਚੋ ਜੇ ਸਾਨੂੰ ਸਾਰੀਆਂ ਹੀ ਗੱਲਾਂ ਯਾਦ ਰਹਿਣ, ਅਸੀਂ ਕੁਝ ਵੀ ਨਾ ਭੁੱਲੀਏ ਤਾਂ ਕੀ ਅਸੀਂ ਜੀ ਸਕਦੇ ਹਾਂ? ਸੰਭਵ ਹੀ ਨਹੀਂ। ਰਿਸ਼ਤਿਆਂ ਵਿੱਚ, ਦੋਸਤੀ ਵਿੱਚ ਅਤੇ ਆਪਸੀ ਨੇੜਤਾ ਵਿੱਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਮੌਕੇ ਦੇ ਹਿਸਾਬ ਨਾਲ ਸੰਵੇਦਨਾ ਦੇ ਵੇਗ ਵਿੱਚ ਕਹਿ ਦਿੱਤਾ ਜਾਂਦਾ ਹੈ। ਬਾਅਦ ਵਿੱਚ ਸਾਨੂੰ ਅਕਸਰ ਉਸ ਦਾ ਪਛਤਾਵਾ ਹੁੰਦਾ ਹੈ।
ਅਜਿਹੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਹੈ, ਜੇ ਉਹ ਉਸ ਨੂੰ ਭੁੱਲੇ ਨਾ ਤਾਂ ਜ਼ਿੰਦਗੀ ਕਿਵੇਂ ਚੱਲੇਗੀ? ਰਿਸ਼ਤਾ ਕਿਵੇਂ ਚੱਲੇਗਾ?
ਅਕਸਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ, ਪਰ ਵੱਡੀਆਂ ਗੱਲਾਂ ਨੂੰ ਯਾਦ ਰੱਖਦੇ ਹਾਂ। ਕਿਸੇ ਦੀ ਕਹੀ ਚੰਗੀ ਗੱਲ ਨੂੰ ਭੁੱਲ ਜਾਂਦੇ ਹਾਂ, ਪਰ ਬੁਰੀ ਗੱਲ ਨੂੰ ਯਾਦ ਰੱਖਦੇ ਹਾਂ। ਉਹ ਜੋ ਸਾਨੂੰ ਖੁਸ਼ੀ ਦਿੰਦਾ ਹੈ, ਉਹ ਭੁੱਲ ਜਾਂਦਾ ਹੈ ਤੇ ਉਹ ਪਲ ਜਿਸ ਨੇ ਸਾਨੂੰ ਦੁੱਖ ਦਿੱਤਾ ਹੋਵੇ, ਉਹ ਸਾਨੂੰ ਹਮੇਸ਼ਾਂ ਯਾਦ ਰਹਿੰਦਾ ਹੈ।
ਮਨੋਵਿਗਿਆਨ ਕਹਿੰਦਾ ਹੈ ਕਿ ਮਨੁੱਖ ਹਰ ਗੱਲ ਨੂੰ ਕੁਝ ਸਮੇਂ ਲਈ ਯਾਦ ਰੱਖਦਾ ਹੈ। ਗੱਲ ਨੂੰ ਮਹਿਸੂਸ ਕਰਨ ਦੀ ਕੁਝ ਪਲ ਬਹੁਤ ਜ਼ਿਆਦਾ ਤੀਬਰਤਾ ਹੁੰਦੀ ਹੈ। ਫਿਰ ਥੋੜ੍ਹੀ ਥੋੜ੍ਹੀ ਘਟ ਜਾਂਦੀ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਉਸ ਗੱਲ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਬਸ ਇਸ ਅਵਸਥਾ ਤੱਕ ਪਹੁੰਚਣ ਲਈ ਸਮਾਂ ਲੱਗ ਜਾਂਦਾ ਹੈ। ਅਸੀਂ ਗੱਲ ਨੂੰ ਭੁੱਲ ਜਾਂਦੇ ਹਾਂ, ਪਰ ਸਾਡਾ ਆਲਾ ਦੁਆਲਾ, ਸਾਡੇ ਸਾਥੀ ਤੇ ਅਸੀਂ ਆਪ ਆਪਣੇ ਆਪ ਨੂੰ ਬਾਰ-ਬਾਰ ਉਹ ਗੱਲ ਯਾਦ ਕਰਾਉਂਦੇ ਹਾਂ ਜਿਸ ਨੂੰ ਭੁੱਲਣਾ ਜ਼ਰੂਰੀ ਹੈ।
ਹਰ ਇਨਸਾਨ ਦਿਨ ਵਿੱਚ ਕੁਝ ਸਮਾਂ ਸੰਵੇਦਨਾ ਦੇ ਵੇਗ ਵਿੱਚ ਹੁੰਦਾ ਹੈ। ਅਜਿਹੇ ਵਿੱਚ ਉਹ ਕਈ ਵਾਰ ਉਹ ਵੀ ਕਹਿ ਦਿੰਦਾ ਹੈ ਜੋ ਅਕਸਰ ਉਹ ਮਹਿਸੂਸ ਨਹੀਂ ਕਰਦਾ। ਇਹ ਬਸ ਓਪਰੀ ਜਿਹੀ ਗੱਲ ਹੁੰਦੀ ਹੈ। ਇਸ ਨੂੰ ਅਸੀਂ ਉਹ ਅਰਥ ਦੇ ਦਿੰਦੇ ਹਾਂ ਜੋ ਕਹਿਣ ਵਾਲੇ ਦਾ ਹੁੰਦਾ ਹੀ ਨਹੀਂ। ਬਸ ਇੱਥੇ ਹੀ ਸਮੱਸਿਆ ਸ਼ੁਰੂ ਹੁੰਦੀ ਹੈ। ਕਿਸੇ ਨੇ ਜ਼ਰਾ ਜਿਹੀ ਗੱਲ ਕਹੀ ਤੇ ਅਸੀਂ ਆਪਣੇ ਹਿਸਾਬ ਨਾਲ ਉਸ ਨੂੰ ਇੱਕ ਅਰਥ ਦੇ ਕੇ ਦਿਮਾਗ਼ ਵਿੱਚ ਬਿਠਾ ਲਿਆ। ਕੁਝ ਸਮਾਂ ਪਾ ਕੇ ਗੱਲ ਭੁੱਲ ਗਈ, ਪਰ ਅਸੀਂ ਫਿਰ ਆਪਣੇ ਆਪ ਨੂੰ ਯਾਦ ਕਰਾਈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਗੱਲ ਇੰਨੀ ਕੁ ਪੱਕ ਜਾਂਦੀ ਹੈ ਕਿ ਰਿਸ਼ਤਾ ਟੁੱਟ ਜਾਂਦਾ ਹੈ।
ਫਿਰ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਚਲਾ ਗਿਆ, ਉਸ ਨੂੰ ਭੁੱਲ ਜਾਓ। ਚਾਹੀਦਾ ਤਾਂ ਇਹ ਹੈ ਕਿ ਉਸ ਦੀ ਗੱਲ ਨੂੰ ਭੁੱਲ ਜਾਓ। ਕਿਸੇ ਵੀ ਮਨੁੱਖ ਨੂੰ ਉਸ ਦੀ ਕਿਸੇ ਇੱਕ ਗੱਲ ਦੇ ਆਧਾਰ ’ਤੇ ਪਰਖਣਾ ਸਹੀ ਨਹੀਂ। ਕਦੇ ਉਹ ਵੀ ਮਾਨਸਿਕ ਤਣਾਅ ਵਿੱਚ ਹੋ ਸਕਦਾ ਹੈ। ਹੋ ਸਕਦਾ ਹੈ ਕਿ ਕਿਸੇ ਵੇਲੇ ਉਹ ਖੁਦ ਹੀ ਇੰਨਾ ਪਰੇਸ਼ਾਨ ਹੋਵੇ ਕਿ ਉਸ ਨੂੰ ਪਤਾ ਹੀ ਨਾ ਲੱਗੇ ਕਿ ਉਸ ਨੇ ਕੀ ਕਹਿ ਦਿੱਤਾ। ਅਸੀਂ ਵੀ ਤਾਂ ਬਹੁਤ ਵਾਰ ਇਹ ਗੱਲ ਕਹਿੰਦੇ ਹਾਂ ਕਿ ਮੈਂ ਇਹ ਕਹਿਣਾ ਨਹੀਂ ਸੀ ਚਾਹੁੰਦਾ, ਮੇਰਾ ਮਤਲਬ ਇਹ ਨਹੀਂ ਸੀ।
ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ। ਜੋ ਕਿਹਾ ਗਿਆ ਹੈ, ਉਹ ਪੱਥਰ ’ਤੇ ਲਕੀਰ ਨਹੀਂ ਹੁੰਦੀ। ਜੋ ਕਿਹਾ ਗਿਆ ਹੈ, ਉਹ ਹਰ ਵਾਰ ਮਨ ਦੀ ਭਾਵਨਾ ਨਹੀਂ ਹੁੰਦੀ। ਬਹੁਤ ਵਾਰ ਕਿਸੇ ਹੋਰ ਦੀ ਖਿੱਝ ਕਿਤੇ ਹੋਰ ਨਿਕਲ ਜਾਂਦੀ ਹੈ। ਇਹ ਹਮੇਸ਼ਾਂ ਯਾਦ ਰੱਖੋ ਕਿ ਬੰਦਾ ਜੇ ਆਪਣਿਆਂ ਨੂੰ ਪਿਆਰ ਕਰਦਾ ਹੈ ਤਾਂ ਗੁੱਸਾ ਵੀ ਆਪਣਿਆਂ ’ਤੇ ਹੀ ਦਿਖਾਉਂਦਾ ਹੈ। ਜੇ ਉਹ ਤੁਹਾਨੂੰ ਕਿਤੇ ਕੋਈ ਚੁੱਭਵੀਂ ਗੱਲ ਕਹਿ ਵੀ ਦੇਵੇ ਤਾਂ ਉਸ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ ਹੈ। ਜਦੋਂ ਕਿਤੇ ਚੰਗੇ ਪਲਾਂ ਵਿੱਚ ਬੈਠੋ ਤਾਂ ਉਸ ਨਾਲ ਉਹ ਗੱਲ ਜ਼ਰੂਰ ਕਰੋ। ਉਸ ਨੂੰ ਦੱਸੋ ਕਿ ਉਹਦੇ ਕਹੇ ’ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ। ਗੱਲ ਨੂੰ ਗੰਢ ਬੰਨ੍ਹਣ ਨਾਲੋਂ ਸਾਹਮਣੇ ਸਾਂਝੀ ਕਰ ਲੈਣਾ ਬਿਹਤਰ ਹੈ।
ਜਿਹੜੀ ਗੱਲ ਹੋ ਗਈ, ਉਸ ਨੂੰ ਭੁੱਲ ਜਾਓ। ਕਹਿੰਦੇ ਨੇ ‘ਜੋ ਚਲਾ ਗਿਆ ਉਸੇ ਭੂਲ ਜਾ ਕਿ ਲੋਟ ਕੇ ਵੋਹ ਨਾ ਆਏਗਾ।’ ਇਸੇ ਲਈ ਬੀਤੇ ਹੋਏ ਸਮੇਂ ਵੱਲੋਂ ਦਿੱਤੀਆਂ ਹੋਈਆਂ ਗੱਲਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ। ਜਦੋਂ ਜਾਗੋ ਉਦੋਂ ਹੀ ਸਵੇਰਾ। ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਬਹੁਤ ਕੁਝ ਨਜ਼ਰਅੰਦਾਜ਼ ਕਰਨਾ ਪੈਂਦਾ ਹੈ। ਅੱਜਕੱਲ੍ਹ ਦੀ ਪੀੜ੍ਹੀ ਵਿੱਚ ਸਹਿਣਸ਼ੀਲਤਾ ਘੱਟ ਹੁੰਦੀ ਜਾ ਰਹੀ ਹੈ। ਯਾਦ ਰੱਖਣਾ ਜਿੱਥੇ ਸਹਿਣਸ਼ੀਲਤਾ ਨਾ ਹੋਵੇ, ਉੱਥੇ ਪਿਆਰ ਵੀ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਨੂੰ ਅਪਣਾਉਂਦੇ ਹਾਂ ਤਾਂ ਉਸ ਦੇ ਚੰਗੇ ਬੁਰੇ ਹਰ ਤਰ੍ਹਾਂ ਦੇ ਰੂਪ ਨੂੰ ਅਪਣਾਉਂਦੇ ਹਾਂ।
ਬੀਤੀ ਗੱਲ ਨੂੰ ਜਿੰਨੀ ਜਲਦੀ ਛੱਡ ਦਿਓਗੇ, ਓਨੇ ਹੀ ਚੰਗੇ ਰਹੋਗੇ। ਕਿਸੇ ਵੀ ਪਲ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਹੁਣ ਕੰਮਾਂ ਕਾਰਾਂ ਵਿੱਚ ਉਲਝੇ ਮਨੁੱਖ ਕੋਲ ਇੰਨਾ ਸਮਾਂ ਹੀ ਕਿੱਥੇ ਹੈ ਕਿ ਉਹ ਬੈਠ ਕੇ ਗੱਲਾਂ ਦੇ ਮਤਲਬ ਕੱਢੇ ਤੇ ਪਰੇਸ਼ਾਨ ਹੋਵੇ। ਮਾਨਸਿਕ ਪਰੇਸ਼ਾਨੀ ਸਾਰੀਆਂ ਬਿਮਾਰੀਆਂ ਦੀ ਜੜ ਹੈ। ਇਹ ਅਸੀਂ ਆਪ ਸਹੇੜਦੇ ਹਾਂ। ਜੇ ਦੂਜਾ ਭੁੱਲ ਜਾਵੇ ਤਾਂ ਉਸ ਨੂੰ ਬਾਰ-ਬਾਰ ਯਾਦ ਵੀ ਕਰਾਉਂਦੇ ਹਾਂ। ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਕਦੇ ਨਾ ਕਰੋ। ਜਿਹੜੀ ਗੱਲ ਬੀਤ ਗਈ, ਉਸ ਨੂੰ ਭੁੱਲ ਜਾਓ। ਉਸ ਦਾ ਦੁਬਾਰਾ ਜ਼ਿਕਰ ਵੀ ਨਾ ਕਰੋ।
ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਲਈ ਭੁੱਲਣਾ ਬਹੁਤ ਜ਼ਰੂਰੀ ਹੈ। ਖੁਸ਼ ਰਹਿਣਾ ਹੈ ਤਾਂ ਅੱਗੇ ਦਾ ਸੋਚੋ। ਖੁਸ਼ ਰਹਿਣਾ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਦੁੱਖ ਦੇਣ ਵਾਲੀ ਗੱਲ ਨੂੰ ਭੁੱਲ ਜਾਓ। ਇੱਕ-ਦੂਜੇ ਦੀ ਚੁੱਭਵੀਂ ਗੱਲ ਨੂੰ ਨਜ਼ਰਅੰਦਾਜ਼ ਕਰ ਦਿਓ। ਬਸ ਥੋੜ੍ਹਾ ਜਿਹਾ ਆਪਣੇ ਆਪ ਨੂੰ ਬਦਲ ਲਓ। ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੈ।
ਸੰਪਰਕ: 90410-73310

