ਗ਼ਰਦਿਸ਼
ਬਾਲ ਕਹਾਣੀ ਅੱਜ ਵਿਗਿਆਨ ਦੇ ਪੀਰੀਅਡ ਵਿੱਚ ਸਿਰਫ਼ ਇਕੱਲੇ ਅਧਿਆਪਕ ਸਰ ਹੀ ਨਹੀਂ ਸਗੋਂ ਉਨ੍ਹਾਂ ਨਾਲ ਇੱਕ ਖ਼ਾਸ ਮਹਿਮਾਨ ਵੀ ਆਏ ਸਨ। ਵਿਗਿਆਨ ਅਧਿਆਪਕ ਸੁਨੀਲ ਅਰੋੜਾ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ, ‘‘ਬੱਚਿਓ, ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ...
ਬਾਲ ਕਹਾਣੀ
ਅੱਜ ਵਿਗਿਆਨ ਦੇ ਪੀਰੀਅਡ ਵਿੱਚ ਸਿਰਫ਼ ਇਕੱਲੇ ਅਧਿਆਪਕ ਸਰ ਹੀ ਨਹੀਂ ਸਗੋਂ ਉਨ੍ਹਾਂ ਨਾਲ ਇੱਕ ਖ਼ਾਸ ਮਹਿਮਾਨ ਵੀ ਆਏ ਸਨ।
ਵਿਗਿਆਨ ਅਧਿਆਪਕ ਸੁਨੀਲ ਅਰੋੜਾ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ, ‘‘ਬੱਚਿਓ, ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ ਅੱਜ ਸਾਡੇ ਦਰਮਿਆਨ ਪ੍ਰੋਫ਼ੈਸਰ ਚੰਦਰ ਸ਼ੇਖਰ ਜੀ ਆਏ ਹਨ ਜੋ ਅਮਰੀਕਾ ਵਿਖੇ ਨਾਸਾ ਵਿੱਚ ਵਿਗਿਆਨਕ ਹਨ। ਅੱਜ ਇਹ ਆਪ ਜੀ ਨਾਲ ਵਿਗਿਆਨ ਦੀਆਂ ਗੱਲਾਂ ਕਰਨਗੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ।’’
ਸਾਰੇ ਬੱਚਿਆਂ ਨੇ ਖੜ੍ਹੇ ਹੋ ਕਿ ਤਾੜੀਆਂ ਮਾਰ ਕੇ ਸ੍ਰੀਮਾਨ ਚੰਦਰ ਸ਼ੇਖਰ ਦਾ ਸੁਆਗਤ ਕੀਤਾ।
‘‘ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ ਬ੍ਰਹਿਮੰਡ, ਸਿਤਾਰਿਆਂ ਤੇ ਗ੍ਰਹਿਆਂ ਦੀ ਗ਼ਰਦਿਸ਼ ਬਾਰੇ ਨਵੀਂ ਜਾਣਕਾਰੀ ਸਾਂਝੀ ਕਰਾਂਗਾ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ। ਕੀ ਪ੍ਰਿਥਵੀ ਤੇ ਹੋਰ ਗ੍ਰਹਿ ਸੂਰਜ ਦੇ ਗਿਰਦ ਗ਼ਰਦਿਸ਼ (ਘੁੰਮਦੇ) ਕਰਦੇ ਹਨ ਜਾਂ ਕਿ ਸੂਰਜ ਤੇ ਹੋਰ ਗ੍ਰਹਿ ਪ੍ਰਿਥਵੀ ਦੇ ਗਿਰਦ ਗ਼ਰਦਿਸ਼ ਕਰਦੇ ਹਨ?’’
ਸਾਰੇ ਬੱਚੇ ਹੈਰਾਨ ਰਹਿ ਗਏ ਕਿ ਇਹ ਤਾਂ ਬਹੁਤ ਹੀ ਸੌਖਾ ਪ੍ਰਸ਼ਨ ਹੈ।
‘‘ਸਭ ਲੋਕ ਜਾਣਦੇ ਹਨ ਕਿ ਪ੍ਰਿਥਵੀ ਤੇ ਹੋਰ ਗ੍ਰਹਿ ਸੂਰਜ ਦੇ ਗਿਰਦ ਚੱਕਰ ਕੱਟਦੇ ਹਨ।’’ ਮੋਨੂ ਨੇ ਬੜੇ ਨਿਸ਼ਚੇ ਨਾਲ ਉੱਤਰ ਦਿੱਤਾ।
‘‘ਇਹ ਠੀਕ ਉੱਤਰ ਹੈ।’’ ਪ੍ਰੋਫ਼ੈਸਰ ਚੰਦਰ ਸ਼ੇਖਰ ਨੇ ਕਿਹਾ, ‘‘ਪਰ ਇਹ ਪੂਰਾ ਸੱਚ ਨਹੀਂ ਹੈ। ਬ੍ਰਹਿਮੰਡ ਵਿੱਚ ਗ੍ਰਹਿ ਤੇ ਸਿਤਾਰੇ ਅਸਲ ਵਿੱਚ ਆਪਣੇ ਇੱਕ ਸਾਂਝੇ ਪੁੰਜ ਦੇ ਕੇਂਦਰ ਗਿਰਦ ਗ਼ਰਦਿਸ਼ ਕਰਦੇ ਹਨ, ਜਿਸ ਨੂੰ ਬੈਰੀਸੈਂਟਰ ਕਹਿੰਦੇ ਹਨ। ਹਰ ਇੱਕ ਵਸਤੂ ਦਾ ਇੱਕ ਪੁੰਜ ਜਾਂ ਗੁਰੂਤਾਕਰਸ਼ਣ ਕੇਂਦਰ ਹੁੰਦਾ ਹੈ।’’ ਫਿਰ ਉਨ੍ਹਾਂ ਨੇ ਇੱਕ ਫੁੱਟਾ ਕੱਢਿਆ ਤੇ ਬੱਚਿਆਂ ਨੂੰ ਦੱਸਿਆ, ‘‘ਇਸ ਫੁੱਟੇ ਦਾ ਗੁਰੂਤਾਕਰਸ਼ਣ ਕੇਂਦਰ ਇਸ ਦੇ ਵਿਚਕਾਰ ਹੈ।’’
ਫਿਰ ਉਨ੍ਹਾਂ ਨੇ ਇੱਕ ਹਥੌੜੀ ਕੱਢ ਕੇ ਦਿਖਾਈ ਤੇ ਬੱਚਿਆਂ ਨੂੰ ਪੁੱਛਿਆ, ‘‘ਭਲਾ ਦੱਸੋ ਇਸ ਦਾ ਗੁਰੂਤਾਕਰਸ਼ਣ ਕੇਂਦਰ ਕਿੱਥੇ ਹੈ?’’
ਸਾਰੇ ਬੱਚੇ ਹੈਰਾਨ ਤੇ ਚੁੱਪ ਸਨ।
ਰਾਜੂ ਨੇ ਝਿਜਕਦਿਆਂ ਕਿਹਾ, ‘‘ਹਥੌੜੀ ਦੇ ਕੇਂਦਰ ਵਿੱਚ ਹੀ ਹੋਵੇਗਾ?’’
‘‘ਕੋਈ ਹੋਰ?’’ ਪ੍ਰੋਫ਼ੈਸਰ ਸਾਹਿਬ ਬੋਲੇ। ਸਭ ਬੱਚੇ ਚੁੱਪ ਸਨ।
‘‘ਬੱਚਿਓ, ਇਸ ਹਥੌੜੀ ਦਾ ਗੁਰੂਤਾਕਰਸ਼ਣ ਕੇਂਦਰ ਹਥੌੜੀ ਦੇ ਸਿਰ ਦੇ ਵਿਚਕਾਰ ਹੈ ਕਿਉਂਕਿ ਉਸ ਦਾ ਪੁੰਜ ਜ਼ਿਆਦਾ ਹੈ ਤੇ ਉਹ ਇਸ ਦੇ ਇੱਕ ਪਾਸੇ ਹੈ। ਜਿਸ ਤਰ੍ਹਾਂ ਜਦੋਂ ਤੁਸੀਂ ਸੀ-ਸਾ ਉੱਤੇ ਖੇਡਦੇ ਹੋ ਤਾਂ ਉਸ ਦਾ ਬੈਰੀਸੈਂਟਰ ਜਾਂ ਗੁਰੂਤਾਕਰਸ਼ਣ ਕੇਂਦਰ ਉੱਥੇ ਹੋਵੇਗਾ ਜਿੱਥੇ ਦੋਵੇਂ ਬੱਚਿਆਂ ਦਾ ਔਸਤਨ ਭਾਰ ਹੋਵੇਗਾ। ਤੁਸੀਂ ਸਭ ਜਾਣਦੇ ਹੋ ਕਿ ਜੇ ਇੱਕ ਪਾਸੇ ਭਾਰਾ ਬੱਚਾ ਤੇ ਦੂਜੇ ਪਾਸੇ ਹਲਕਾ ਬੱਚਾ ਬੈਠੇ ਤਾਂ ਸੀ-ਸਾ ਕਿੱਧਰ ਝੁਕੇਗਾ?’’
ਸਾਰੇ ਬੱਚੇ ਉਸ ਦਾ ਤਸੱਵੁਰ ਕਰਕੇ ਹੱਸਣ ਲੱਗੇ।
‘‘ਆਓ ਹੁਣ ਜਾਣੀਏ ਕਿ ਸੌਰਮੰਡਲ ਦਾ ਬੈਰੀਸੈਂਟਰ ਕਿੱਥੇ ਹੈ? ਕਿਉਂਕਿ ਸੂਰਜ ਦਾ ਪੁੰਜ ਪ੍ਰਿਥਵੀ ਤੋਂ ਲੱਖਾਂ ਗੁਣਾ ਜ਼ਿਆਦਾ ਹੈ ਤੇ ਪ੍ਰਿਥਵੀ ਉਸ ਦੇ ਮੁਕਾਬਲੇ ਬਹੁਤ ਛੋਟੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸੂਰਜ ਤੇ ਪ੍ਰਿਥਵੀ ਦਾ ਬੈਰੀਸੈਂਟਰ ਹਥੌੜੀ ਦੇ ਸਿਰ ਵਾਂਗ ਸੂਰਜ ਦੇ ਕੇਂਦਰ ਦੇ ਕੋਲ ਹੈ। ਇਸੇ ਕਰਕੇ ਪ੍ਰਿਥਵੀ ਸੂਰਜ ਦੇ ਗਿਰਦ ਗ਼ਰਦਿਸ਼ ਕਰਦੀ ਹੈ, ਪਰ ਬ੍ਰਹਿਸਪਤੀ, ਜਿਸ ਦਾ ਪੁੰਜ ਪ੍ਰਿਥਵੀ ਤੋਂ 318 ਗੁਣਾ ਜ਼ਿਆਦਾ ਹੈ, ਦਾ ਤੇ ਸੂਰਜ ਦੋਵਾਂ ਦਾ ਬੈਰੀਸੈਂਟਰ ਸੂਰਜ ਤੋਂ ਥੋੜ੍ਹਾ ਜਿਹਾ ਬਾਹਰ ਹੈ!’’ ਪ੍ਰੋਫ਼ੈਸਰ ਚੰਦਰ ਸ਼ੇਖਰ ਕਹਿ ਰਹੇ ਸਨ, ‘‘ਸੌਰ ਮੰਡਲ ਦਾ ਆਪਣਾ ਵੀ ਬੈਰੀਸੈਂਟਰ ਹੈ ਜੋ ਕਿ ਸੂਰਜ, ਸਾਰੇ ਗ੍ਰਹਿਆਂ, ਉਪਗ੍ਰਹਿਆਂ, ਅਕਾਸ਼ੀ ਪਿੰਡਾਂ ਤੇ ਹੋਰ ਸਭ ਚੀਜ਼ਾਂ ਦੇ ਸਾਂਝੇ ਪੁੰਜ ਦਾ ਕੇਂਦਰ ਹੈ। ਸੂਰਜ, ਪ੍ਰਿਥਵੀ ਤੇ ਹੋਰ ਸਭ ਗ੍ਰਹਿ ਉਸ ਸਾਂਝੇ ਬੈਰੀਸੈਂਟਰ ਦੇ ਦੁਆਲੇ ਗ਼ਰਦਿਸ਼ ਕਰਦੇ ਹਨ।’’
ਸਭ ਬੱਚੇ ਅੱਜ ਬਹੁਤ ਖ਼ੁਸ਼ ਸਨ ਕਿਉਂਕਿ ਅੱਜ ਉਨ੍ਹਾਂ ਨੂੰ ਵਿਗਿਆਨ ਦੇ ਪੀਰੀਅਡ ਵਿੱਚ ਬਹੁਤ ਹੀ ਖ਼ਾਸ ਤੇ ਵਿਲੱਖਣ ਜਾਣਕਾਰੀ ਪ੍ਰਾਪਤ ਹੋਈ।
ਉਸ ਤੋਂ ਬਾਅਦ ਪ੍ਰੋਫ਼ੈਸਰ ਚੰਦਰ ਸ਼ੇਖਰ ਬੱਚਿਆਂ ਨਾਲ ਕਾਫ਼ੀ ਦੇਰ ਤੱਕ ਗੱਲਬਾਤ ਕਰਦੇ ਰਹੇ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਨੇ ਨਾਸਾ ਦਾ ਮਿਸ਼ਨ ਵੀ ਦੱਸਿਆ, ‘‘ਅਮਰੀਕਾ ਦੀ ਨਾਸਾ ਸੰਸਥਾ ਪੁਲਾੜ ਵਿੱਚ ਅਣਜਾਣ ਰਹੱਸਾਂ ਨੂੰ ਖੋਜਦੀ ਹੈ, ਲੋਕਾਂ ਦੇ ਭਲੇ ਲਈ ਨਵੀਆਂ ਕਾਢਾਂ ਕੱਢਦੀ ਹੈ ਅਤੇ ਆਪਣੀਆਂ ਖੋਜਾਂ ਨਾਲ ਕੁਲ ਦੁਨੀਆ ਨੂੰ ਪ੍ਰੇਰਣਾ ਦਿੰਦੀ ਹੈ।’’
ਫਿਰ ਉਨ੍ਹਾਂ ਨੇ ਨਾਸਾ ਸਪੇਸਪਲੇਸ ਦਾ ਮਿਸ਼ਨ ਵੀ ਦੱਸਿਆ, ‘‘1998 ਵਿੱਚ ਸ਼ੁਰੂ ਕੀਤੀ ਗਈ ਸਪੇਸਪਲੇਸ ਦਾ ਮਿਸ਼ਨ 9-12 ਸਾਲ ਦੇ ਬੱਚਿਆਂ ਲਈ ਪੁਲਾੜ ਤੇ ਧਰਤੀ ਵਿਗਿਆਨ ਬਾਰੇ ਸਿੱਖਿਆ ਨੂੰ ਮਜ਼ੇਦਾਰ ਖੇਡਾਂ, ਪ੍ਰਯੋਗਿਕ ਗਤੀਵਿਧੀਆਂ ਅਤੇ ਛੋਟੇ ਵੀਡੀਓ ਦੇ ਮਾਧਿਅਮ ਰਾਹੀਂ ਸੌਖਾ ਤੇ ਰੁਝਾਉ ਬਣਾਉਣਾ ਹੈ।’’
ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ, ‘‘ਜੇ ਤੁਸੀਂ ਮਨ ਲਗਾ ਕੇ ਵਿਗਿਆਨ ਦੀ ਪੜ੍ਹਾਈ ਕਰੋਗੇ ਤਾਂ ਤੁਸੀਂ ਵੀ ਨਾਸਾ ਵਰਗੀਆਂ ਸੰਸਥਾਵਾਂ ਵਿੱਚ ਕੰਮ ਕਰ ਸਕਦੇ ਹੋ ਤੇ ਮਨੁੱਖਤਾ ਦੇ ਭਲੇ ਲਈ ਨਵੀਆਂ ਖੋਜਾਂ ਵਿੱਚ ਯੋਗਦਾਨ ਪਾ ਸਕਦੇ ਹੋ।’’

