DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਵਤਾ ਦਾ ਬਗ਼ੀਚਾ

ਬਾਲ ਕਹਾਣੀ ਇੱਕ ਬੜੇ ਵੱਡੇ ਪਲਾਟ ਵਿੱਚ ਪਿੱਛੇ ਕਰਕੇ ਬੜੀ ਖ਼ੂਬਸੂਰਤ ਅਤੇ ਛੋਟੀ ਜਿਹੀ ਕੋਠੀ ਬਣੀ ਹੋਈ ਸੀ। ਅਗਲੇ ਪਾਸੇ ਵਿਚਕਾਰ ਛੋਟਾ ਲਾਅਨ ਸੀ, ਜਿਸ ਵਿੱਚ ਕੂਲਾ-ਕੂਲਾ, ਹਰਾ-ਹਰਾ ਵਲਾਇਤੀ ਘਾਹ ਲੱਗਾ ਹੋਇਆ ਸੀ। ਬਾਕੀ ਸਾਰਾ ਆਲਾ-ਦੁਆਲਾ ਫੁੱਲਾਂ ਨਾਲ ਭਰਿਆ ਹੋਇਆ...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

ਇੱਕ ਬੜੇ ਵੱਡੇ ਪਲਾਟ ਵਿੱਚ ਪਿੱਛੇ ਕਰਕੇ ਬੜੀ ਖ਼ੂਬਸੂਰਤ ਅਤੇ ਛੋਟੀ ਜਿਹੀ ਕੋਠੀ ਬਣੀ ਹੋਈ ਸੀ। ਅਗਲੇ ਪਾਸੇ ਵਿਚਕਾਰ ਛੋਟਾ ਲਾਅਨ ਸੀ, ਜਿਸ ਵਿੱਚ ਕੂਲਾ-ਕੂਲਾ, ਹਰਾ-ਹਰਾ ਵਲਾਇਤੀ ਘਾਹ ਲੱਗਾ ਹੋਇਆ ਸੀ। ਬਾਕੀ ਸਾਰਾ ਆਲਾ-ਦੁਆਲਾ ਫੁੱਲਾਂ ਨਾਲ ਭਰਿਆ ਹੋਇਆ ਸੀ।

Advertisement

ਫਰਵਰੀ ਦੇ ਅਖ਼ੀਰਲੇ ਦਿਨਾਂ ਵਿੱਚ ਮੌਸਮ ਬੜਾ ਪਿਆਰਾ ਹੋ ਜਾਂਦਾ ਹੈ। ਸਰਦੀ ਆਪਣਾ ਜੋਬਨ ਵਿਖਾ ਕੇ ਖ਼ਤਮ ਹੋ ਰਹੀ ਹੁੰਦੀ ਹੈ। ਇਸ ਮੌਸਮ ਵਿੱਚ ਰੰਗ-ਬਿਰੰਗੇ ਫੁੱਲ ਹਰ ਪਾਸੇ ਆਪਣੀ ਮਹਿਕ ਖਿਲਾਰ ਰਹੇ ਹੁੰਦੇ ਹਨ।

Advertisement

ਇਸੇ ਮੌਸਮ ਦਾ ਆਨੰਦ ਮਾਣਨ ਲਈ ਦੋ ਲੜਕੇ ਘੁੰਮਦੇ ਫਿਰਦੇ ਉਸ ਫੁੱਲਾਂ ਭਰੇ ਬਗ਼ੀਚੇ ਕੋਲੋਂ ਲੰਘੇ। ਫੁੱਲਾਂ ਦੀ ਮਹਿਕ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ। ਇੱਕ ਲੜਕਾ ਕਹਿੰਦਾ, ‘‘ਮੇਰਾ ਜੀਅ ਕਰ ਰਿਹੈ ਕਿ ਮੈਂ ਇੰਨੇ ਸੋਹਣੇ ਅਤੇ ਖ਼ੁਸ਼ਬੂਦਾਰ ਗੁਲਾਬ ਦੇ ਕੁਝ ਫੁੱਲ ਤੋੜ ਕੇ ਆਪਣੇ ਘਰ ਲੈ ਜਾਵਾਂ ਤਾਂ ਜੋ ਮੇਰੇ ਛੋਟੇ ਜਿਹੇ ਘਰ ਵਿੱਚ ਵੀ ਇਨ੍ਹਾਂ ਫੁੱਲਾਂ ਦੀ ਮਹਿਕ ਫੈਲ ਜਾਏ।’’

ਦੂਜਾ ਲੜਕਾ ਕਹਿਣਾ ਲੱਗਾ, ‘‘ਜੀਅ ਤਾਂ ਮੇਰਾ ਵੀ ਕਰ ਰਿਹੈ ਕਿ ਮੈਂ ਗੁਲਾਬ ਦੇ ਫੁੱਲ ਤੋੜ ਕੇ ਇੱਕ ਵਧੀਆ ਜਿਹਾ ਗੁਲਦਸਤਾ ਬਣਾਵਾਂ ਅਤੇ ਝੌਂਪੜੀ ਵਿੱਚ ਪਈ ਆਪਣੀ ਬਿਮਾਰ ਭੈਣ ਨੂੰ ਗੁਲਦਸਤਾ ਦੇਵਾਂ ਤਾਂ ਜੋ ਉਹ ਖ਼ੁਸ਼ ਹੋ ਜਾਏ।’’

‘‘ਫਿਰ ਵੇਖ ਕੀ ਰਿਹੈਂ, ਫੁੱਲ ਤੋੜ ਅਤੇ ਆਪਣੀ ਝੌਂਪੜੀ ਵੱਲ ਦੌੜ ਜਾ।’’

‘‘ਨਾ, ਮੈਂ ਇਹ ਚੋਰੀ ਨਹੀਂ ਕਰ ਸਕਦਾ।’’

‘‘ਫੁੱਲ ਤੋੜਨਾ ਚੋਰੀ ਥੋੜ੍ਹਾ ਏ। ਤੂੰ ਨਹੀਂ ਤੋੜਨੇ ਤਾਂ ਮੈਂ ਤੋੜਨ ਲੱਗਾ ਹਾਂ।’’ ਪਹਿਲੇ ਲੜਕੇ ਨੇ ਸ਼ੇਖ਼ੀ ਮਾਰਦਿਆਂ ਕਿਹਾ।

‘‘ਨਾ, ਨਾ ਇਹ ਗ਼ਲਤੀ ਨਾ ਕਰੀਂ। ਮੈਂ ਤਾਂ ਘਰ ਦੇ ਮਾਲਕ ਨੂੰ ਪੁੱਛਾਂਗਾ, ਜੇ ਉਹ ਕਹੇਗਾ ਤਾਂ ਮੈਂ ਕੁਝ ਫੁੱਲ ਤੋੜ ਕੇ ਭੈਣ ਨੂੰ ਦਿਆਂਗਾ ਤਾਂ ਜੋ ਉਹ ਜਲਦੀ ਜਲਦੀ ਠੀਕ ਹੋ ਜਾਏ।’’ ਇਹ ਕਹਿੰਦਿਆਂ ਉਹ ਘਰ ਦੇ ਗੇਟ ਅੰਦਰ ਚਲਾ ਗਿਆ। ਪਹਿਲਾ ਲੜਕਾ ਬਗ਼ੀਚੇ ਵਿੱਚ ਘਰ ਦੇ ਮਾਲਕ ਨੂੰ ਬੈਠਾ ਵੇਖ ਕੇ ਦੌੜ ਗਿਆ।

ਬਗ਼ੀਚੇ ਵਿੱਚ ਹੀ ਇੱਕ ਬਜ਼ੁਰਗ ਆਦਮੀ ਦਰੱਖਤ ਦੀ ਛਾਵੇਂ ਕੁਰਸੀ ’ਤੇ ਬੈਠਾ ਸੀ। ਉਸ ਨੇ ਦੋਹਾਂ ਲੜਕਿਆਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਦੂਸਰਾ ਲੜਕਾ ਜਦੋਂ ਗੇਟ ਅੰਦਰ ਦਾਖਲ ਹੋਇਆ ਤਾਂ ਬਜ਼ੁਰਗ ਆਦਮੀ ਨੇ ਪੁੱਛਿਆ, ‘‘ਆਓ ਬੇਟਾ, ਕਿੱਧਰ ਆਏ ਹੋ?’’

ਦੂਸਰੇ ਲੜਕੇ ਨੇ ਕਿਹਾ, ‘‘ਪਿਤਾ ਜੀ! ਮੇਰੀ ਛੋਟੀ ਭੈਣ ਕਈ ਦਿਨਾਂ ਦੀ ਬਿਮਾਰ ਹੈ। ਕੀ ਤੁਸੀਂ ਉਸ ਲਈ ਮੈਨੂੰ ਕੁਝ ਗੁਲਾਬ ਦੇ ਫੁੱਲ ਦੇ ਸਕਦੇ ਹੋ?’’

‘‘ਹਾਂ, ਹਾਂ, ਕਿਉਂ ਨਹੀਂ। ਬੇਟਾ ਤੈਨੂੰ ਜਿੰਨੇ ਫੁੱਲ ਚਾਹੀਦੇ ਹਨ, ਤੂੰ ਆਪੇ ਤੋੜ ਲੈ।’’ ਬਜ਼ੁਰਗ ਆਦਮੀ ਨੇ ਬੜੇ ਪਿਆਰ ਨਾਲ ਕਿਹਾ। ‘‘ਤੇਰੇ ਨਾਲ ਇੱਕ ਹੋਰ ਲੜਕਾ ਸੀ, ਉਹ ਕਿੱਧਰ ਗਿਆ ਏ?’’

‘‘ਉਹ ਫੁੱਲ ਚੋਰੀ ਕਰਨਾ ਚਾਹੁੰਦਾ ਸੀ। ਉਹ ਤੁਹਾਨੂੰ ਬੈਠਿਆਂ ਵੇਖ ਡਰ ਕੇ ਦੌੜ ਗਿਆ ਏ।’’

ਦੂਸਰੇ ਲੜਕੇ ਨੇ ਪੰਜ-ਛੇ ਗੁਲਾਬ ਦੇ ਫੁੱਲ ਤੋੜੇ ਅਤੇ ਬਜ਼ੁਰਗ ਆਦਮੀ ਨੂੰ ਕਿਹਾ, ‘‘ਪਿਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਫੁੱਲ ਮੇਰੀ ਭੈਣ ਨੂੰ ਖ਼ੁਸ਼ੀ ਅਤੇ ਵਧੀਆ ਮਹਿਕ ਦੇਣਗੇ, ਜਿਸ ਨਾਲ ਸ਼ਾਇਦ ਉਹ ਜਲਦੀ ਠੀਕ ਹੋ ਜਾਏ।’’

‘‘ਧੰਨਵਾਦ ਦੀ ਕੋਈ ਲੋੜ ਨਹੀਂ ਬੇਟੇ। ਹਾਂ, ਤੂੰ ਇੱਕ ਕੰਮ ਜ਼ਰੂਰ ਕਰਨਾ ਹੈ ਕਿ ਜਿੰਨੇ ਦਿਨ ਤੇਰੀ ਭੈਣ ਠੀਕ ਨਹੀਂ ਹੁੰਦੀ, ਓਨੇ ਦਿਨ ਤੂੰ ਰੋਜ਼ ਆਪਣੀ ਭੈਣ ਲਈ ਫੁੱਲ ਲੈ ਕੇ ਜਾਇਆ ਕਰਨੇ ਹਨ।’’ ਬਜ਼ੁਰਗ ਆਦਮੀ ਨੇ ਕਿਹਾ।

‘‘ਠੀਕ ਹੈ ਜੀ।’’ ਕਹਿ ਕੇ ਲੜਕਾ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵੱਲ ਤੁਰ ਪਿਆ।

ਅਗਲੇ ਦਿਨ ਸ਼ਾਮ ਨੂੰ ਲੜਕਾ ਫਿਰ ਆਇਆ। ਬਜ਼ੁਰਗ ਆਦਮੀ ਆਪਣੇ ਬਗ਼ੀਚੇ ਵਿੱਚ ਟਹਿਲ ਰਿਹਾ ਸੀ। ਲੜਕੇ ਨੂੰ ਵੇਖਦਿਆਂ ਹੀ ਉਸ ਨੇ ਕਿਹਾ, ‘‘ਆ ਗਿਆ ਬੇਟਾ? ਮੈਂ ਤੈਨੂੰ ਹੀ ਉਡੀਕ ਰਿਹਾ ਸਾਂ। ਪਹਿਲਾਂ ਦੱਸ ਕਿ ਤੇਰੀ ਭੈਣ ਦਾ ਕੀ ਹਾਲ ਏ?’’

‘‘ਬੁਖਾਰ ਤਾਂ ਅਜੇ ਉਸ ਦਾ ਨਹੀਂ ਲੱਥਾ, ਪਰ ਕੱਲ੍ਹ ਫੁੱਲ ਲੈ ਕੇ ਉਸ ਦੇ ਚਿਹਰੇ ਉੱਪਰ ਜਿਹੜੀ ਖ਼ੁਸ਼ੀ ਆਈ, ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਇਸੇ ਕਰਕੇ ਅੱਜ ਮੈਂ ਦੁਬਾਰਾ ਫੁੱਲ ਲੈਣ ਲਈ ਆ ਗਿਆ ਹਾਂ।’’ ਗੱਲ ਕਰਦਿਆਂ ਲੜਕੇ ਦੇ ਚਿਹਰੇ ਉੱਪਰ ਵੀ ਖ਼ੁਸ਼ੀ ਝਲਕਣ ਲੱਗੀ।

ਬਜ਼ੁਰਗ ਆਦਮੀ ਨੇ ਗੁਲਾਬ ਦੇ ਵੱਡੇ ਵੱਡੇ ਕੁਝ ਫੁੱਲ ਕੈਂਚੀ ਨਾਲ ਕੱਟੇ। ਉਸ ਦਾ ਗੁਲਦਸਤਾ ਬਣਾਉਂਦੇ ਹੋਏ, ਉਸ ਦੀਆਂ ਟਾਹਣੀਆਂ ਨਾਲ ਧਾਗਾ ਬੰਨ੍ਹਦੇ ਹੋਏ ਬੋਲੇ, ‘‘ਅੱਜ ਮੈਂ ਵੀ ਤੇਰੇ ਨਾਲ ਤੇਰੀ ਭੈਣ ਨੂੰ ਵੇਖਣ ਜਾਵਾਂਗਾ।’’

ਲੜਕਾ, ਬਜ਼ੁਰਗ ਆਦਮੀ ਦੀ ਗੱਲ ਸੁਣ ਕੇ ਥੋੜ੍ਹਾ ਘਬਰਾਇਆ ਕਿ ਇਹ ਇੰਨੇ ਅਮੀਰ ਆਦਮੀ, ਇੰਨੀ ਵੱਡੀ ਕੋਠੀ ਦੇ ਮਾਲਕ, ਸਾਡੇ ਝੌਂਪੜੀ ਨੁਮਾ ਘਰ ਵਿੱਚ ਕਿਵੇਂ ਜਾਣਗੇ? ਇਨ੍ਹਾਂ ਨੂੰ ਖੁਆਉਣ ਪਿਆਉਣ ਲਈ ਵੀ ਘਰ ਵਿੱਚ ਕੋਈ ਚੀਜ਼ ਨਹੀਂ ਹੋਣੀ।

ਬਜ਼ੁਰਗ ਆਦਮੀ, ਲੜਕੇ ਦੇ ਚਿਹਰੇ ਦੇ ਹਾਵ-ਭਾਵ ਵੇਖਦੇ ਹੋਏ ਬੋਲੇ, ‘‘ਬੇਟੇ! ਮੈਂ ਸਿਰਫ਼ ਪੰਜ-ਸੱਤ ਮਿੰਟ ਲਈ ਤੇਰੀ ਭੈਣ ਦੀ ਖ਼ਬਰ ਲੈ ਕੇ ਅਤੇ ਉਸ ਨੂੰ ਸ਼ੁੱਭ-ਇੱਛਾਵਾਂ ਦੇ ਕੇ ਆ ਜਾਣਾ ਹੈ।’’

‘‘ਹਾਂ, ਹਾਂ ਜ਼ਰੂਰ ਪਿਤਾ ਜੀ।’’ ਲੜਕਾ ਆਪਣੀ ਸੋਚ ਵਿੱਚੋਂ ਨਿਕਲਦਾ ਹੋਇਆ ਬੋਲਿਆ।

ਬਜ਼ੁਰਗ ਆਦਮੀ ਨੇ ਇੱਕ ਛੋਟਾ ਜਿਹਾ ਬੈਗ, ਜਿਹੜਾ ਉਸ ਨੇ ਪਹਿਲਾਂ ਹੀ ਬਗ਼ੀਚੀ ਵਿੱਚ ਰੱਖਿਆ ਹੋਇਆ ਸੀ, ਇੱਕ ਹੱਥ ਵਿੱਚ ਫੜ ਲਿਆ ਅਤੇ ਦੂਸਰੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਲੈ ਕੇ ਉਹ ਲੜਕੇ ਨਾਲ ਤੁਰ ਪਿਆ। ਬਜ਼ੁਰਗ ਆਦਮੀ ਨੂੰ ਨਾਲ ਲੈ ਕੇ ਲੜਕਾ ਕਈ ਸੋਚਾਂ ਸੋਚਦਾ ਆਪਣੇ ਘਰ ਵੱਲ ਤੁਰਿਆ ਜਾ ਰਿਹਾ ਸੀ।

ਜਦੋਂ ਉਹ ਦੋਵੇਂ ਘਰ ਪਹੁੰਚੇ ਤਾਂ ਇੱਕ ਛੋਟੇ ਜਿਹੇ ਘਰ ਦੇ ਛੋਟੇ ਜਿਹੇ ਕਮਰੇ ਵਿੱਚ ਇੱਕ ਬਾਣ ਦੀ ਮੰਜੀ ਉੱਪਰ ਇੱਕ ਪੁਰਾਣੀ ਜਿਹੀ ਚਾਦਰ ਵਿਛੀ ਹੋਈ ਸੀ। ਉਸ ’ਤੇ ਇੱਕ ਛੋਟੀ ਜਿਹੀ ਪਿਆਰੀ ਜਿਹੀ ਕੁੜੀ ਲੇਟੀ ਹੋਈ ਸੀ। ਮੰਜੇ ਦੀ ਪੈਂਦ ਵੱਲ ਉਸ ਦੇ ਮਾਤਾ ਜੀ ਬੈਠੇ ਸਨ, ਜਿਹੜੇ ਉਸ ਲੜਕੀ ਦੀਆਂ ਲੱਤਾਂ ਘੁੱਟ ਰਹੇ ਸਨ। ਆਪਣੇ ਲੜਕੇ ਨਾਲ ਕਿਸੇ ਓਪਰੇ ਵੱਡੀ ਉਮਰ ਦੇ ਆਦਮੀ ਨੂੰ ਆਉਂਦੇ ਵੇਖ, ਉਹ ਮੰਜੀ ਤੋਂ ਇਕਦਮ ਉੱਠ ਪਏ ਅਤੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ।

‘‘ਸਤਿ ਸ੍ਰੀ ਅਕਾਲ।’’ ਬਜ਼ੁਰਗ ਆਦਮੀ ਨੇ ਲੜਕੇ ਦੇ ਮਾਤਾ ਜੀ ਨੂੰ ਕਹਿੰਦਿਆਂ, ਛੋਟੀ ਬੱਚੀ ਦੇ ਸਿਰਹਾਣੇ ਵਾਲੇ ਪਾਸੇ ਆ ਕੇ ਉਸ ਦੇ ਮੱਥੇ ’ਤੇ ਹੱਥ ਰੱਖਦਿਆਂ ਉਸ ਦਾ ਹਾਲ ਪੁੱਛਿਆ ਅਤੇ ਨਾਲ ਹੀ ਫੁੱਲਾਂ ਦਾ ਗੁਲਦਸਤਾ ਉਸ ਛੋਟੀ ਬੱਚੀ ਨੂੰ ਫੜਾਉਂਦਿਆਂ ਕਿਹਾ, ‘‘ਇਹ ਲੈ ਬੇਟਾ, ਇਹ ਤੇਰੇ ਵਾਸਤੇ ਲਿਆਂਦੇ ਹਨ।’’

ਫੁੱਲਾਂ ਦਾ ਗੁਲਦਸਤਾ ਲੈ ਕੇ ਛੋਟੀ ਬੱਚੀ ਦੇ ਚਿਹਰੇ ’ਤੇ ਰੌਣਕ ਆ ਗਈ। ਉਸ ਨੇ ਬਜ਼ੁਰਗ ਆਦਮੀ ਦਾ ਧੰਨਵਾਦ ਕੀਤਾ। ਬਜ਼ੁਰਗ ਆਦਮੀ ਬੱਚੀ ਦੀ ਮੰਜੀ ਦੇ ਕੋਲ ਪਏ ਇੱਕ ਛੋਟੇ ਜਿਹੇ ਸਟੂਲ ’ਤੇ ਬੈਠ ਗਿਆ ਅਤੇ ਉਸ ਨੂੰ ਉਸ ਦੀ ਬਿਮਾਰੀ ਬਾਰੇ ਸਵਾਲ ਪੁੱਛਣ ਲੱਗਾ। ਜਿਸ ਦੇ ਕੁਝ ਜਵਾਬ ਬੱਚੀ ਨੇ ਦਿੱਤੇ ਅਤੇ ਕੁਝ ਬਾਰੇ ਉਸ ਦੇ ਮਾਤਾ ਜੀ ਨੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਬਜ਼ੁਰਗ ਆਦਮੀ ਨੇ ਆਪਣਾ ਛੋਟਾ ਜਿਹਾ ਬੈਗ ਖੋਲ੍ਹਿਆ ਅਤੇ ਉਸ ਵਿੱਚੋਂ ਸਟੈਥੋਸਕੋਪ ਕੱਢਿਆ ਅਤੇ ਬੱਚੀ ਦੀ ਛਾਤੀ ਅਤੇ ਪਿੱਠ ’ਤੇ ਲਾ ਕੇ ਦੇਖਣ ਲੱਗੇ। ਫਿਰ ਥਰਮਾਮੀਟਰ ਲਗਾਇਆ ਅਤੇ ਨਾਲ ਨਬਜ਼ ਚੈੱਕ ਕੀਤੀ। ਉਸ ਤੋਂ ਬਾਅਦ ਬੈਗ ਵਿੱਚੋਂ ਦੋ ਦਵਾਈਆਂ ਦੇ ਪੱਤੇ ਕੱਢੇ। ਉਨ੍ਹਾਂ ਵਿੱਚੋਂ ਇੱਕ-ਇੱਕ ਗੋਲੀ ਉਸੇ ਵਕਤ ਪਾਣੀ ਨਾਲ ਖਵਾ ਦਿੱਤੀ ਅਤੇ ਬਾਕੀ ਮਾਤਾ ਜੀ ਨੂੰ ਦਿੰਦਿਆਂ, ਸਵੇਰੇ ਤੇ ਸ਼ਾਮ ਖਵਾਉਣ ਦੀ ਹਦਾਇਤ ਕੀਤੀ।

ਲੜਕਾ ਅਤੇ ਉਸ ਦੇ ਮਾਤਾ ਜੀ ਉਸ ਬਜ਼ੁਰਗ ਆਦਮੀ ਵੱਲ ਪਹਿਲਾਂ ਹੈਰਾਨੀ ਅਤੇ ਫਿਰ ਸ਼ਰਧਾ-ਭਾਵ ਨਾਲ ਵੇਖ ਰਹੇ ਸਨ। ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਸ਼ਹਿਰ ਦੇ ਸਭ ਤੋਂ ਵੱਡੇ ਤੇ ਮਸ਼ਹੂਰ ਡਾਕਟਰ ਸਨ।

ਲੜਕੀ ਨੂੰ ਦਵਾਈ ਖਵਾ ਕੇ ਬਜ਼ੁਰਗ ਆਦਮੀ ਨੇ ਆਪਣਾ ਬੈਗ ਬੰਦ ਕੀਤਾ ਅਤੇ ਸਟੂਲ ਤੋਂ ਉੱਠਦਿਆਂ ਕਹਿਣ ਲੱਗਾ, ‘‘ਬੱਚੀ ਨੂੰ ਟਾਈਫਾਇਡ ਬੁਖ਼ਾਰ ਹੋ ਗਿਆ ਹੈ। ਇਕ ਹਫ਼ਤਾ ਦਵਾਈ ਖਾਣ ਅਤੇ ਪੂਰਾ ਆਰਾਮ ਕਰਨ ਨਾਲ ਬਿਲਕੁਲ ਠੀਕ ਹੋ ਜਾਏਗੀ।’’ ਫਿਰ ਲੜਕੇ ਵਲ ਵੇਖਦੇ ਹੋਏ ਬੋਲੇ, ‘‘ਬੇਟਾ ਤੂੰ ਮੇਰੇ ਨਾਲ ਚੱਲ, ਇੱਕ ਹੋਰ ਦਵਾਈ ਮੈਂ ਤੈਨੂੰ ਘਰੋਂ ਦਿੰਦਾ ਹਾਂ। ਉਹ ਰੋਜ਼ ਰਾਤੀਂ ਸੌਣ ਲੱਗਿਆਂ ਭੈਣ ਨੂੰ ਖਵਾਣੀ ਹੈ।’’

ਲੜਕੇ ਅਤੇ ਮਾਤਾ ਜੀ ਨੂੰ ਬਜ਼ੁਰਗ ਡਾਕਟਰ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਸਨ ਲੱਭ ਰਹੇ ਸਨ। ਡਾਕਟਰ ਸਾਹਿਬ ਨੇ ਤੁਰਨ ਲੱਗਿਆਂ ਬੱਚੀ ਦੇ ਸਿਰ ’ਤੇ ਹੱਥ ਫੇਰ ਕੇ ਪਿਆਰ ਕੀਤਾ ਅਤੇ ਕਿਹਾ ਕਿ ‘‘ਆਪਣੇ ਭਰਾ ਨੂੰ ਤੂੰ ਰੋਜ਼ ਮੇਰੇ ਕੋਲ ਫੁੱਲ ਲੈਣ ਲਈ ਭੇਜਣਾ ਹੈ।’’

ਬੱਚੀ ਦਾ ਤੀਸਰੇ ਦਿਨ ਹੀ ਬੁਖਾਰ ਲੱਥ ਗਿਆ ਅਤੇ ਇੱਕ ਹਫ਼ਤੇ ਵਿੱਚ ਉਹ ਬਿਲਕੁਲ ਤੰਦਰੁਸਤ ਹੋ ਗਈ। ਪੂਰੀ ਤੰਦਰੁਸਤੀ ਤੋਂ ਬਾਅਦ ਲੜਕਾ ਆਪਣੀ ਛੋਟੀ ਭੈਣ ਅਤੇ ਮਾਤਾ ਜੀ ਨੂੰ ਲੈ ਕੇ ਬਜ਼ੁਰਗ ਡਾਕਟਰ ਸਾਹਬ ਦਾ ਧੰਨਵਾਦ ਕਰਨ ਉਨ੍ਹਾਂ ਦੇ ਘਰ ਗਏ। ਡਾਕਟਰ ਸਾਹਬ ਦੀ ਸੁੰਦਰ ਫੁੱਲਾਂ ਭਰੀ ਬਗ਼ੀਚੀ ਵੇਖ ਕੇ ਮਾਤਾ ਜੀ ਨੇ ਕਿਹਾ, ‘‘ਡਾਕਟਰ ਸਾਹਬ, ਤੁਹਾਡਾ ਇਹ ਫੁੱਲਾਂ ਭਰਿਆ ਬਗ਼ੀਚਾ ਅਸਲ ਵਿੱਚ ਮਾਨਵਤਾ ਦਾ ਬਗ਼ੀਚਾ ਹੈ ਅਤੇ ਇਸ ਵਿੱਚੋਂ ਆ ਰਹੀ ਨੇਕੀ ਦੀ ਮਹਿਕ ਚਾਰੇ ਪਾਸੇ ਫੈਲ ਰਹੀ ਹੈ।’’

ਸੰਪਰਕ: 98889-24664

Advertisement
×