ਰਬਾਬ ਤੋਂ ਰੈਪ ਤੱਕ
ਪੰਜਾਬੀ ਸੰਗੀਤ ਦਾ ਸਫ਼ਰ ਮਹਿਜ਼ ਧੁਨਾਂ ਅਤੇ ਸਾਜ਼ਾਂ ਦੇ ਬਦਲਣ ਦਾ ਸਫ਼ਰ ਨਹੀਂ, ਸਗੋਂ ਪੰਜਾਬੀ ਸਮਾਜ, ਸਾਹਿਤ, ਸੱਭਿਆਚਾਰ ਅਤੇ ਚਿੰਤਨ ਦੇ ਬਦਲਦੇ ਰੂਪਾਂ ਦੀ ਇਤਿਹਾਸਕ ਗਵਾਹੀ ਹੈ। ਰਬਾਬ ਦੀ ਛੋਹ, ਸਰੰਦਾ ਅਤੇ ਤਾਊਸ ਦੀ ਗੰਭੀਰਤਾ, ਖੇਤਾਂ ਦੀਆਂ ਵੱਟਾਂ ’ਤੇ ਗੂੰਜਦੀ...
ਪੰਜਾਬੀ ਸੰਗੀਤ ਦਾ ਸਫ਼ਰ ਮਹਿਜ਼ ਧੁਨਾਂ ਅਤੇ ਸਾਜ਼ਾਂ ਦੇ ਬਦਲਣ ਦਾ ਸਫ਼ਰ ਨਹੀਂ, ਸਗੋਂ ਪੰਜਾਬੀ ਸਮਾਜ, ਸਾਹਿਤ, ਸੱਭਿਆਚਾਰ ਅਤੇ ਚਿੰਤਨ ਦੇ ਬਦਲਦੇ ਰੂਪਾਂ ਦੀ ਇਤਿਹਾਸਕ ਗਵਾਹੀ ਹੈ। ਰਬਾਬ ਦੀ ਛੋਹ, ਸਰੰਦਾ ਅਤੇ ਤਾਊਸ ਦੀ ਗੰਭੀਰਤਾ, ਖੇਤਾਂ ਦੀਆਂ ਵੱਟਾਂ ’ਤੇ ਗੂੰਜਦੀ ਹੇਕ, ਢੱਡ-ਸਾਰੰਗੀ ਦੀ ਕਰੁਣਾ, ਅਲਗੋਜ਼ੇ ਦੀ ਮਿਠਾਸ, ਤੂੰਬੀ ਦੀ ਟੁਣਕਾਰ, ਢੋਲ ਦੀ ਧਮਕ, ਰੇਡੀਓ, ਗ੍ਰਾਮੋਫੋਨ, ਕੈਸੇਟ, ਪੌਪ, ਬ੍ਰਿਟਿਸ਼ ਭੰਗੜਾ ਅਤੇ ਅੱਜ ਦੀ ਹਿਪ-ਹੌਪ ਤੇ ਰੈਪ-ਇਹ ਸਭ ਇਸ ਲੰਮੀ ਯਾਤਰਾ ਦੇ ਵੱਖ-ਵੱਖ ਪੜਾਅ ਹਨ। ਅੱਜ ਸਵਾਲ ਇਹ ਹੈ ਕਿ ਨਵੀਂ ਬੀਟ ਦੇ ਨਾਲ ਸਾਡੀ ਪੁਰਾਣੀ ਸੰਗੀਤਕ ਯਾਦ ਵੀ ਤੁਰ ਰਹੀ ਹੈ ਜਾਂ ਨਹੀਂ?
ਪੰਜਾਬੀ ਲੋਕ-ਸੰਗੀਤ ਦੀ ਸਭ ਤੋਂ ਵੱਡੀ ਤਾਕਤ ਇਹ ਰਹੀ ਕਿ ਇਸ ਵਿੱਚ ਲੋਕ-ਜੀਵਨ, ਦਰਦ, ਪ੍ਰੇਮ, ਵਿਛੋੜਾ, ਕਹਾਣੀ ਅਤੇ ਸਾਹਿਤ ਇੱਕ-ਦੂਜੇ ਦੇ ਹਾਣੀ ਬਣ ਕੇ ਤੁਰਦੇ ਰਹੇ। ਮਾਹੀਏ, ਢੋਲੇ, ਟੱਪੇ, ਬੋਲੀਆਂ, ਸੁਹਾਗ, ਘੋੜੀਆਂ, ਸਿੱਠਣੀਆਂ, ਅਲਾਹੁਣੀਆਂ ਅਤੇ ਵਾਰ ਵਰਗੀਆਂ ਲੋਕ-ਕਾਵਿ ਵੰਨਗੀਆਂ ਨੇ ਪੰਜਾਬੀ ਜੀਵਨ ਦੇ ਹਰ ਰੰਗ ਨੂੰ ਆਵਾਜ਼ ਦਿੱਤੀ। ਇਸੇ ਲਈ ਪੁਰਾਣਾ ਪੰਜਾਬੀ ਗੀਤ ਸਿਰਫ਼ ਸੁਣਿਆ ਨਹੀਂ ਜਾਂਦਾ ਸੀ, ਸਗੋਂ ਉਸ ਵਿੱਚੋਂ ਪੰਜਾਬੀ ਜੀਵਨ ਪੜ੍ਹਿਆ ਅਤੇ ਮਹਿਸੂਸ ਕੀਤਾ ਜਾਂਦਾ ਸੀ। ਇਸ ਸੰਗੀਤਕ ਪਰੰਪਰਾ ਦੇ ਪਿੱਛੇ ਸਦੀਆਂ ਪੁਰਾਣੀ ਸਾਹਿਤਕ, ਅਧਿਆਤਮਕ ਅਤੇ ਸੰਗੀਤਕ ਵਿਰਾਸਤ ਹੈ। ਬਾਰ੍ਹਵੀਂ ਸਦੀ ਵਿੱਚ ਬਾਬਾ ਸ਼ੇਖ਼ ਖ਼ਰੀਦ ਜੀ ਦੇ ਸ਼ਲੋਕਾਂ ਨੇ ਪੰਜਾਬੀ ਰੂਹਾਨੀ ਕਾਵਿ ਨੂੰ ਡੂੰਘੀ ਆਵਾਜ਼ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੀ ਰਬਾਬ ਦੀ ਸੰਗਤ ਵਿੱਚ ਬਾਣੀ ਦਾ ਗਾਇਨ ਕੀਤਾ। ਗੁਰੂ ਅਰਜਨ ਦੇਵ ਜੀ ਨੇ ਬਾਣੀ ਨੂੰ 31 ਰਾਗਾਂ ਅਧੀਨ ਸੰਕਲਿਤ ਕੀਤਾ ਅਤੇ ਸਰੰਦਾ ਵਰਗੇ ਸਾਜ਼ ਨੂੰ ਸੰਗੀਤਕ ਪਰੰਪਰਾ ਨਾਲ ਜੋੜਿਆ, ਜਦਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੌਰ ਵਿੱਚ ਤਾਊਸ ਅਤੇ ਦਿਲਰੁਬਾ ਵਰਗੇ ਸਾਜ਼ਾਂ ਨੇ ਬੀਰ-ਰਸ ਅਤੇ ਰੂਹਾਨੀਅਤ ਦੇ ਪ੍ਰਗਟਾਵੇ ਨੂੰ ਨਵਾਂ ਰੂਪ ਦਿੱਤਾ।
ਅੱਗੇ ਚੱਲ ਕੇ ਪਟਿਆਲਾ ਅਤੇ ਸ਼ਾਮ ਚੌਰਾਸੀ ਵਰਗੇ ਘਰਾਣਿਆਂ ਨੇ ਪੰਜਾਬ ਦੀ ਸ਼ਾਸਤਰੀ ਸੁਰ-ਸਾਧਨਾ ਨੂੰ ਮਜ਼ਬੂਤੀ ਦਿੱਤੀ, ਜਿਸ ਦੀ ਗਵਾਹੀ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਵਰਗੇ ਸੁਰ-ਸਾਧਕਾਂ ਨੇ ਦਿੱਤੀ। ਇਸੇ ਧਰਾਤਲ ’ਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ, ਸੁਲਤਾਨ ਬਾਹੂ ਦੀਆਂ ਸੀਹਰਫ਼ੀਆਂ ਅਤੇ ਬਾਬਾ ਬੁੱਲ੍ਹੇ ਸ਼ਾਹ ਦਾ ਸੂਫ਼ੀਆਨਾ ਕਲਾਮ ਪੰਜਾਬੀ ਬੋਲੀ ਨੂੰ ਰੂਹਾਨੀ ਡੂੰਘਾਈ ਦਿੰਦੇ ਰਹੇ। ਇਸੇ ਸੱਭਿਆਚਾਰਕ ਧਰਾਤਲ ’ਤੇ ਪੰਜਾਬੀ ਕਿੱਸਾ-ਕਾਵਿ ਨੇ ਆਪਣਾ ਵਿਸ਼ਾਲ ਸੰਸਾਰ ਸਿਰਜਿਆ। ਪੀਲੂ ਦਾ ਮਿਰਜ਼ਾ-ਸਾਹਿਬਾਂ, ਵਾਰਿਸ ਸ਼ਾਹ ਦੀ ਹੀਰ, ਹਾਫ਼ਿਜ਼ ਬਰਖ਼ੁਰਦਾਰ ਦੇ ਕਿੱਸੇ, ਹਾਸ਼ਮ ਸ਼ਾਹ ਦੀ ਸੱਸੀ-ਪੁੰਨੂੰ, ਕਾਦਰਯਾਰ ਦਾ ਪੂਰਨ ਭਗਤ, ਫ਼ਜ਼ਲ ਸ਼ਾਹ ਦੀ ਸੋਹਣੀ-ਮਹੀਂਵਾਲ ਅਤੇ ਮੀਆਂ ਮੁਹੰਮਦ ਬਖ਼ਸ਼ ਦਾ ਸੈਫ਼-ਉਲ-ਮਲੂਕ ਸਿਰਫ਼ ਪੁਸਤਕਾਂ ਤੱਕ ਸੀਮਤ ਨਹੀਂ ਰਹੇ, ਸਗੋਂ ਇਹ ਢੱਡ-ਸਾਰੰਗੀ ਅਤੇ ਲੋਕ-ਸੁਰਾਂ ਵਿੱਚ ਢਲ ਕੇ ਪੀੜ੍ਹੀ ਦਰ ਪੀੜ੍ਹੀ ਗਾਏ ਜਾਂਦੇ ਰਹੇ।
ਬਾਬੂ ਰਜਬ ਅਲੀ ਅਤੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਕਵੀਸ਼ਰੀ ਨੇ ਛੰਦ-ਬੱਧ ਗਾਇਕੀ ਨੂੰ ਵੀ ਲੋਕ-ਚੇਤਨਾ ਦਾ ਹਿੱਸਾ ਬਣਾਇਆ। ਇਸੇ ਪਰੰਪਰਾ ਦੇ ਅਗਲੇ ਪੜਾਅ ਵਜੋਂ ਵੀਹਵੀਂ ਸਦੀ ਵਿੱਚ ਗ੍ਰਾਮੋਫੋਨ, ਰਿਕਾਰਡਿੰਗ ਅਤੇ ਰੇਡੀਓ ਨੇ ਪੰਜਾਬੀ ਸੰਗੀਤ ਨੂੰ ਨਵਾਂ ਆਕਾਸ਼ ਦਿੱਤਾ। 1930ਵਿਆਂ ਵਿੱਚ ਢਾਡੀ ਅਤੇ ਕਵੀਸ਼ਰੀ ਟੋਲੀਆਂ ਦੇ ਰਿਕਾਰਡ ਬਣਨ ਲੱਗੇ ਅਤੇ ਪੰਜਾਬੀ ਫਿਲਮਾਂ ਦੇ ਗੀਤਾਂ ਨੇ ਵੀ ਲੋਕ-ਸੰਗੀਤ ਨੂੰ ਵੱਡੇ ਸਰੋਤਾ ਵਰਗ ਤੱਕ ਪਹੁੰਚਾਇਆ। ਆਲ ਇੰਡੀਆ ਰੇਡੀਓ ਰਾਹੀਂ ਚਾਂਦੀ ਰਾਮ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਪੁਸ਼ਪਾ ਹੰਸ, ਨੂਰਜਹਾਂ ਅਤੇ ਸ਼ਮਸ਼ਾਦ ਬੇਗਮ ਵਰਗੇ ਕਲਾਕਾਰਾਂ ਦੀ ਆਵਾਜ਼ ਘਰ-ਘਰ ਪਹੁੰਚੀ। ਧਨੀ ਰਾਮ ਚਾਤ੍ਰਿਕ ਅਤੇ ਨੰਦ ਲਾਲ ਨੂਰਪੁਰੀ ਵਰਗੇ ਗੀਤਕਾਰਾਂ ਨੇ ਸਾਹਿਤ ਅਤੇ ਗਾਇਕੀ ਵਿਚਕਾਰ ਪੁਲ ਬਣਾਇਆ। ਇਸੇ ਦੌਰ ਵਿੱਚ ਇਪਟਾ, ਲੋਕ ਸੰਘਰਸ਼ਾਂ ਅਤੇ ਗ਼ਦਰੀ ਬਾਬਿਆਂ ਦੇ ਇਨਕਲਾਬੀ ਗੀਤਾਂ ਨੇ ਸੰਗੀਤ ਨੂੰ ਸਮਾਜਿਕ ਬਰਾਬਰੀ ਅਤੇ ਜਨ-ਚੇਤਨਾ ਦਾ ਸ਼ਕਤੀਸ਼ਾਲੀ ਹਥਿਆਰ ਬਣਾਇਆ।
ਇਸ ਤੋਂ ਬਾਅਦ ਲੋਕ-ਗਾਇਕੀ ਦਾ ਬੇਹੱਦ ਪ੍ਰਭਾਵਸ਼ਾਲੀ ਦੌਰ ਆਇਆ। ਲਾਲ ਚੰਦ ਯਮਲਾ ਜੱਟ ਨੇ ਤੂੰਬੀ ਅਤੇ ਇਕਤਾਰੇ ਦੀ ਟੁਣਕਾਰ ਨੂੰ ਲੋਕ-ਚੇਤਨਾ ਦੀ ਆਵਾਜ਼ ਬਣਾਇਆ। ਆਲਮ ਲੁਹਾਰ ਨੇ ਚਿਮਟੇ ਦੀ ਛਣਕਾਰ ਨਾਲ ਜੁਗਨੀ ਨੂੰ ਕੌਮਾਂਤਰੀ ਪਛਾਣ ਦਿੱਤੀ। ਕੁਲਦੀਪ ਮਾਣਕ ਨੇ ਕਲੀਆਂ ਨੂੰ ਵਿਲੱਖਣ ਪਛਾਣ ਦਿੱਤੀ ਅਤੇ ਗੁਰਮੀਤ ਬਾਵਾ ਨੇ ਲੰਮੀ ਹੇਕ ਨਾਲ ਲੋਕ-ਧੁਨਾਂ ਨੂੰ ਸਥਾਪਿਤ ਕੀਤਾ। ਦੀਦਾਰ ਸੰਧੂ, ਮੁਹੰਮਦ ਸਦੀਕ-ਰਣਜੀਤ ਕੌਰ, ਕਰਤਾਰ ਰਮਲਾ, ਨਰਿੰਦਰ ਬੀਬਾ, ਸੁਰਿੰਦਰ ਸ਼ਿੰਦਾ ਅਤੇ ਅਮਰ ਸਿੰਘ ਚਮਕੀਲਾ ਨੇ ਪੇਂਡੂ ਜੀਵਨ, ਸੰਵਾਦ ਅਤੇ ਅਖਾੜੇ ਦੀ ਗਾਇਕੀ ਨੂੰ ਨਵੇਂ ਮੁਕਾਮ ’ਤੇ ਪਹੁੰਚਾਇਆ। ਇਸ ਦੌਰ ਵਿੱਚ ਗੀਤਕਾਰਾਂ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ। ਬਾਬੂ ਸਿੰਘ ਮਾਨ ਅਤੇ ਦੇਵ ਥਰੀਕੇ ਵਾਲੇ ਨੇ ਲੋਕ ਕਥਾਵਾਂ, ਪੇਂਡੂ ਜੀਵਨ ਅਤੇ ਮਨੁੱਖੀ ਰਿਸ਼ਤਿਆਂ ਨੂੰ ਹਰਮਨਪਿਆਰੀ ਗੀਤਕਾਰੀ ਦਿੱਤੀ, ਜਦਕਿ ਸ਼ਿਵ ਕੁਮਾਰ ਬਟਾਲਵੀ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਅਜਿਹੀ ਭਾਵਨਾਤਮਕ ਡੂੰਘਾਈ ਦਿੱਤੀ ਜਿਸ ਦਾ ਪ੍ਰਭਾਵ ਗਾਇਕੀ ਅਤੇ ਸੰਗੀਤ ’ਤੇ ਵੀ ਪਿਆ। ਦੋਵਾਂ ਦੀਆਂ ਭੂਮਿਕਾਵਾਂ ਵੱਖਰੀਆਂ ਸਨ, ਪਰ ਦੋਵਾਂ ਨੇ ਸਾਬਤ ਕੀਤਾ ਕਿ ਪੰਜਾਬੀ ਸੰਗੀਤ ਦੀ ਤਾਕਤ ਧੁਨ ਦੇ ਨਾਲ ਸ਼ਬਦ ਵਿੱਚ ਵੀ ਵੱਸਦੀ ਹੈ।
1980ਵਿਆਂ ਵਿੱਚ ਕੈਸੇਟ ਕਲਚਰ ਨਾਲ ਗੁਰਦਾਸ ਮਾਨ ਦਾ ਪੌਪ ਸਾਹਮਣੇ ਆਇਆ। ਸਾਫ਼-ਸੁਥਰੀ ਅਤੇ ਸਾਹਿਤਕ ਗਾਇਕੀ, ਡਾਂਸ ਅਤੇ ਆਧੁਨਿਕ ਪੇਸ਼ਕਾਰੀ ਦੇ ਸੁਮੇਲ ਨੇ ਪੰਜਾਬੀ ਗੀਤ ਨੂੰ ਨਵਾਂ ਰੂਪ ਦਿੱਤਾ। ਇਸ ਤੋਂ ਬਾਅਦ ਬ੍ਰਿਟੇਨ ਵਿੱਚ ਅਲਾਪ, ਹੀਰਾ ਗਰੁੱਪ, ਆਪਣਾ ਸੰਗੀਤ, ਬੱਲੀ ਸੱਗੂ, ਜੈਜ਼ੀ ਬੀ ਅਤੇ ਪੰਜਾਬੀ ਐੱਮ.ਸੀ. ਵਰਗੇ ਕਲਾਕਾਰਾਂ ਨੇ ਢੋਲ ਤੇ ਤੂੰਬੀ ਨੂੰ ਪੱਛਮੀ ਡਰੰਮ, ਬੇਸ ਅਤੇ ਇਲੈੱਕਟ੍ਰਾਨਿਕ ਸੰਗੀਤ ਨਾਲ ਜੋੜ ਕੇ ਯੂਕੇ ਭੰਗੜੇ ਦੀ ਲਹਿਰ ਖੜ੍ਹੀ ਕੀਤੀ। ਹਰਭਜਨ ਮਾਨ, ਸਰਦੂਲ ਸਿਕੰਦਰ, ਬੱਬੂ ਮਾਨ ਅਤੇ ਹੰਸ ਰਾਜ ਹੰਸ ਨੇ ਵੀ ਮੈਲੋਡੀ ਅਤੇ ਸੱਭਿਆਚਾਰਕ ਗਾਇਕੀ ਨੂੰ ਅੱਗੇ ਤੋਰਿਆ।
ਇੱਥੇ ਇੱਕ ਗੱਲ ਖ਼ਾਸ ਤੌਰ ’ਤੇ ਸਮਝਣ ਵਾਲੀ ਹੈ ਕਿ ਹਰ ਪੀੜ੍ਹੀ ਆਪਣੇ ਸਮੇਂ ਵਿੱਚ ਨੌਜਵਾਨ ਵੀ ਹੁੰਦੀ ਹੈ ਅਤੇ ਆਧੁਨਿਕ ਵੀ। ਅੱਸੀ ਦੇ ਦਹਾਕੇ ’ਚ ਜਨਮੀ ਸਾਡੀ ਪੀੜ੍ਹੀ ਵੀ ਆਪਣੇ ਸਮੇਂ ਨਵੀਂ ਅਤੇ ਆਧੁਨਿਕ ਸੀ। ਅਸੀਂ ਪੌਪ ਸੁਣਿਆ, ਪੱਛਮੀ ਧੁਨਾਂ ਮਾਣੀਆਂ ਅਤੇ ਬਾਬਾ ਸਹਿਗਲ ਦਾ ਰੈਪ ਵੀ ਸੁਣਿਆ, ਪਰ ਆਧੁਨਿਕਤਾ ਨੂੰ ਆਪਣੀ ਵਿਰਾਸਤ ਦਾ ਬਦਲ ਨਹੀਂ ਬਣਾਇਆ। ਸਰਹੱਦੋਂ ਪਾਰ ਲਹਿੰਦੇ ਪੰਜਾਬ ਨਾਲ ਸਾਂਝੀਆਂ ਸੱਭਿਆਚਾਰਕ ਤੰਦਾਂ ਨੂੰ ਮਹਿਸੂਸ ਕਰਦਿਆਂ ਅਸੀਂ ਗ਼ੁਲਾਮ ਅਲੀ ਦੀਆਂ ਗ਼ਜ਼ਲਾਂ, ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੀਆਂ ਕੱਵਾਲੀਆਂ, ਰੇਸ਼ਮਾ, ਸ਼ੌਕਤ ਅਲੀ, ਆਬਿਦਾ ਪਰਵੀਨ ਅਤੇ ਮਲਿਕਾ ਪੁਖ਼ਰਾਜ ਦੀ ਰੂਹਾਨੀ ਗਾਇਕੀ, ਬੀਬੀ ਨੂਰਾਂ ਦੀ ਸੂਫ਼ੀਆਨਾ ਗਾਇਕੀ, ਬਰਕਤ ਸਿੱਧੂ ਦੇ ਸੂਫ਼ੀਆਨਾ ਬੋਲ, ਵਡਾਲੀ ਭਰਾਵਾਂ ਦਾ ਕਲਾਮ, ਜਗਜੀਤ ਸਿੰਘ ਦੀਆਂ ਗ਼ਜ਼ਲਾਂ ਅਤੇ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਰਸ-ਭਿੰਨਾ ਗੁਰਬਾਣੀ ਕੀਰਤਨ ਵੀ ਸੁਣਦੇ ਰਹੇ। ਸਾਡੀ ਸੁਣਨ ਦੀ ਦੁਨੀਆ ਬਹੁ-ਪਰਤੀ ਸੀ।
ਪੌਪ ਤੋਂ ਅਗਲਾ ਪੜਾਅ ਹਿਪ-ਹੌਪ ਅਤੇ ਰੈਪ ਦਾ ਸੀ। ਅਮਰੀਕਾ ਵਿੱਚ ਜਨਮਿਆ ਹਿਪ-ਹੌਪ ਨਸਲੀ ਵਿਤਕਰੇ ਅਤੇ ਨਾਬਰਾਬਰੀ ਵਿਰੁੱਧ ਕਾਲੇ ਭਾਈਚਾਰੇ ਦੀ ਵਿਦਰੋਹੀ ਆਵਾਜ਼ ਵਜੋਂ ਉੱਭਰਿਆ ਸੀ। ਇਸ ਲਈ ਰੈਪ ਆਪਣੇ ਆਪ ਵਿੱਚ ਕੋਈ ਮਾੜੀ ਵਿਧਾ ਨਹੀਂ ਹੈ; ਚੰਗਾ ਰੈਪ ਕਵਿਤਾ, ਲੈਅ, ਕਥਨ ਅਤੇ ਸਮਾਜਿਕ ਚੇਤਨਾ ਦਾ ਸ਼ਕਤੀਸ਼ਾਲੀ ਮਾਧਿਅਮ ਹੋ ਸਕਦਾ ਹੈ। ਅਸਲ ਚਿੰਤਾ ਰੈਪ ਨਾਲ ਨਹੀਂ, ਸਗੋਂ ਉਸ ਰੂਪ ਨਾਲ ਹੈ ਜਿਸ ਵਿੱਚ ਸੰਗੀਤਕ ਅਤੇ ਕਾਵਿਕ ਡੂੰਘਾਈ ਦੀ ਥਾਂ ਗਾਲ੍ਹੀ-ਗਲੋਚ, ਅਸ਼ਲੀਲਤਾ, ਭੜਕਾਊ ਬਿਆਨਬਾਜ਼ੀ, ਹਥਿਆਰਾਂ ਦਾ ਦਿਖਾਵਾ, ਗੈਂਗਵਾਰ, ਨਸ਼ਿਆਂ ਦੀ ਸ਼ਾਨ-ਸ਼ੌਕਤ ਅਤੇ ਔਰਤਾਂ ਪ੍ਰਤੀ ਅਪਮਾਨਜਨਕ ਭਾਸ਼ਾ ਲੋਕਪ੍ਰਿਯਤਾ ਦਾ ਸਾਧਨ ਬਣ ਜਾਂਦੀ ਹੈ। ਡਿਜੀਟਲ ਯੁੱਗ ਦੇ ਰੀਲ ਕਲਚਰ ਅਤੇ ਯੂਟਿਊਬ ਵਿਊਜ਼ ਦੀ ਦੌੜ ਨੇ ਵੀ ਕਈ ਵਾਰ ਸਦੀਵੀ ਪ੍ਰਭਾਵ ਦੀ ਥਾਂ ਤੁਰੰਤ ਉਤੇਜਨਾ ਨੂੰ ਅੱਗੇ ਕਰ ਦਿੱਤਾ ਹੈ। ਕੌਮੀ ਮਹਿਲਾ ਕਮਿਸ਼ਨ ਵੀ ਸਮੇਂ-ਸਮੇਂ ’ਤੇ ਅਜਿਹੀ ਇਤਰਾਜ਼ਯੋਗ ਸਮੱਗਰੀ ’ਤੇ ਸਵਾਲ ਉਠਾ ਚੁੱਕਾ ਹੈ, ਪਰ ਅੱਜ ਦੀ ਸਭ ਤੋਂ ਵੱਡੀ ਚਿੰਤਾ ਸੰਗੀਤ ਦੀ ਕਿਸੇ ਇੱਕ ਵਿਧਾ ਨਾਲੋਂ ਵੱਧ ਸੰਗੀਤ ਸੁਣਨ ਦੇ ਬਦਲਦੇ ਮਾਧਿਅਮ ਨੂੰ ਲੈ ਕੇ ਹੈ।
ਅੱਜ ਅੱਲ੍ਹੜਾਂ ਦੀ ਜ਼ਿੰਦਗੀ ਮੋਬਾਈਲ ਅਤੇ ਸੋਸ਼ਲ ਮੀਡੀਆ ਕੇਂਦਰਿਤ ਹੋ ਚੁੱਕੀ ਹੈ। ਉਹ ਕੀ ਦੇਖਦੇ ਹਨ, ਕੀ ਸੁਣਦੇ ਹਨ ਅਤੇ ਸਟ੍ਰੀਮਿੰਗ ਪਲੈਟਫਾਰਮ ਉਨ੍ਹਾਂ ਨੂੰ ਅੱਗੇ ਕੀ ਦਿਖਾਉਂਦੇ ਹਨ, ਇਸ ਦਾ ਵੱਡਾ ਹਿੱਸਾ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦੀ ਨਜ਼ਰ ਤੋਂ ਬਾਹਰ ਰਹਿੰਦਾ ਹੈ। ਮੋਬਾਈਲ ਹੁਣ ਸਿਰਫ਼ ਇੱਕ ਸਾਧਨ ਨਹੀਂ ਰਿਹਾ, ਸਗੋਂ ਉਹ ਅੱਲ੍ਹੜ ਉਮਰ ਦੇ ਬੱਚਿਆਂ ਦਾ ਇੱਕ ਵਰਚੁਅਲ ਸਮਾਜ ਬਣ ਗਿਆ ਹੈ। ਅੱਲ੍ਹੜ ਉਮਰ ਵਿੱਚ ਸੁਹਜ-ਸੂਝ ਅਤੇ ਪਸੰਦ ਅਜੇ ਵਿਕਸਤ ਹੋ ਰਹੇ ਹੁੰਦੇ ਹਨ। ਅਜਿਹੇ ਵਿੱਚ ਜੇ ਐਲਗੋਰਿਦਮ ਕਿਸੇ ਬੱਚੇ ਦੇ ਥੋੜ੍ਹੇ ਜਿਹੇ ਰੁਕਣ ਜਾਂ ਦੇਖਣ ਤੋਂ ਬਾਅਦ ਉਸੇ ਕਿਸਮ ਦੀ ਤੇਜ਼ ਬੀਟ, ਭੜਕਾਊ ਸ਼ਬਦਾਵਲੀ ਅਤੇ ਸਨਸਨੀਖੇਜ਼ ਸਮੱਗਰੀ ਵਾਰ-ਵਾਰ ਉਸ ਦੇ ਸਾਹਮਣੇ ਲਿਆਉਂਦਾ ਰਹੇ, ਤਾਂ ਉਸ ਦੀ ਸੁਣਨ ਦੀ ਦੁਨੀਆ ਹੌਲੀ-ਹੌਲੀ ਉਸੇ ਘੇਰੇ ਵਿੱਚ ਸਿਮਟ ਸਕਦੀ ਹੈ। ਫਿਰ ਬੁੱਲ੍ਹੇ ਸ਼ਾਹ ਦੀ ਕਾਫ਼ੀ ਜਾਂ ਸ਼ਾਹ ਹੁਸੈਨ ਦਾ ਕਲਾਮ ਉਸ ਨੂੰ ਅਜਨਬੀ ਲੱਗਣ ਲੱਗਦਾ ਹੈ। ਕਈ ਵਾਰ ਜਦੋਂ ਉਸ ਨੂੰ ਕਾਫ਼ੀ ਸੁਣਾਈ ਜਾਂਦੀ ਹੈ ਤਾਂ ਉਹ ਹੱਸ ਕੇ ਪੁੱਛਦਾ ਹੈ-‘‘ਇਹ ਕੀ ਹੈ? ਇਹ ਵੀ ਕੋਈ ਸੁਣਨ ਵਾਲੀ ਚੀਜ਼ ਹੈ?’’ ਇਹ ਪ੍ਰਤੀਕਿਰਿਆ ਸਿਰਫ਼ ਇੱਕ ਬੱਚੇ ਦੀ ਨਹੀਂ, ਸਗੋਂ ਬਦਲ ਰਹੇ ਸੱਭਿਆਚਾਰਕ ਸੁਹਜ-ਸੁਆਦ ਦੀ ਨਿਸ਼ਾਨੀ ਹੈ।
ਇਹ ਨਹੀਂ ਕਿ ਸਾਡੇ ਸਕੂਲ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜਾਣੂ ਨਹੀਂ ਕਰਵਾਉਂਦੇ। ਦਸਵੀਂ ਜਮਾਤ ਵਿੱਚ ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਅਤੇ ਕਾਦਰਯਾਰ ਵਰਗੇ ਸਾਹਿਤਕਾਰ ਪੜ੍ਹਾਏ ਜਾਂਦੇ ਹਨ। ਸਮੱਸਿਆ ਇਹ ਹੈ ਕਿ ਪਾਠ-ਪੁਸਤਕ ਵਿੱਚ ਪੜ੍ਹੀ ਵਿਰਾਸਤ ਅਤੇ ਮੋਬਾਈਲ ’ਤੇ ਲਗਾਤਾਰ ਸੁਣੀ ਜਾਣ ਵਾਲੀ ਸਮੱਗਰੀ ਵਿਚਕਾਰ ਮੁਕਾਬਲਾ ਬਰਾਬਰ ਦਾ ਨਹੀਂ ਹੈ। ਸਕੂਲ ਦਾ ਸਮਾਂ ਕੁਝ ਘੰਟਿਆਂ ਦਾ ਹੁੰਦਾ ਹੈ, ਪਰ ਮੋਬਾਈਲ ਦੀ ਸਕਰੀਨ ਅੱਲ੍ਹੜਾਂ ਦੇ ਨਾਲ ਦਿਨ-ਰਾਤ ਰਹਿੰਦੀ ਹੈ। ਇਸ ਲਈ ਅੱਜ ਦਾ ਅਸਲ ਸਵਾਲ ਇਹ ਨਹੀਂ ਕਿ ਬੱਚਿਆਂ ਨੂੰ ਬੁੱਲ੍ਹੇ ਸ਼ਾਹ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਗੋਂ ਸਵਾਲ ਇਹ ਹੈ ਕਿ ਬੁੱਲ੍ਹੇ ਸ਼ਾਹ ਨੂੰ ਉਨ੍ਹਾਂ ਦੀ ਸੁਣਨ ਵਾਲੀ ਦੁਨੀਆ ਵਿੱਚ ਕਿਵੇਂ ਵਾਪਸ ਲਿਆਂਦਾ ਜਾਵੇ। ਜੇ ਸਾਡੀ ਵਿਰਾਸਤ ਸਿਰਫ਼ ਕਿਤਾਬ ਦੇ ਸਫ਼ਿਆਂ ਵਿੱਚ ਰਹੇਗੀ ਅਤੇ ਡਿਜੀਟਲ ਦੁਨੀਆ ਵਿੱਚ ਉਸ ਦੀ ਥਾਂ ਭੜਕਾਊ ਤੇ ਸਨਸਨੀਖੇਜ਼ ਸਮੱਗਰੀ ਲੈਂਦੀ ਰਹੇਗੀ, ਤਾਂ ਸਿਰਫ਼ ਪਾਠਕ੍ਰਮ ਉਸ ਨੂੰ ਬਚਾ ਨਹੀਂ ਸਕੇਗਾ।
ਇਸ ਦਾ ਹੱਲ ਨਵੀਂ ਪੀੜ੍ਹੀ ਨੂੰ ਰੈਪ, ਹਿਪ-ਹੌਪ ਜਾਂ ਪੌਪ ਸੁਣਨ ਤੋਂ ਰੋਕਣਾ ਨਹੀਂ, ਸਗੋਂ ਉਨ੍ਹਾਂ ਦੀ ਸੁਣਨ ਦੀ ਦੁਨੀਆ ਨੂੰ ਵਿਸ਼ਾਲ ਕਰਨਾ ਹੈ। ਕੋਕ ਸਟੂਡੀਓ? ਵਰਗੇ ਆਧੁਨਿਕ ਪ੍ਰਯੋਗਾਂ ਨੇ ਦਿਖਾਇਆ ਹੈ ਕਿ ਜੇਕਰ ਰਵਾਇਤੀ ਸੂਫ਼ੀਆਨਾ ਕਲਾਮ ਅਤੇ ਲੋਕ-ਸੰਗੀਤ ਨੂੰ ਨਵੇਂ ਆਰਕੈਸਟਰਾ ਅਤੇ ਆਧੁਨਿਕ ਸਾਊਂਡ-ਡਿਜ਼ਾਈਨ ਨਾਲ ਪੇਸ਼ ਕੀਤਾ ਜਾਵੇ, ਤਾਂ ਨਵੀਂ ਪੀੜ੍ਹੀ ਵੀ ਉਸ ਨੂੰ ਉਤਸ਼ਾਹ ਨਾਲ ਅਪਣਾ ਸਕਦੀ ਹੈ। ਉਹ ਰੈਪ ਜ਼ਰੂਰ ਸੁਣਨ, ਪਰ ਨਾਲ ਹੀ ਤੂੰਬੀ ਦੀ ਟੁਣਕਾਰ, ਢੱਡ-ਸਾਰੰਗੀ ਦੀ ਗੰਭੀਰਤਾ, ਬੁੱਲ੍ਹੇ ਸ਼ਾਹ ਦੀ ਕਾਫ਼ੀ, ਵਾਰਿਸ ਸ਼ਾਹ ਦੀ ਹੀਰ, ਲੋਕ-ਗੀਤਾਂ ਦੀ ਮਿਠਾਸ ਅਤੇ ਗੁਰਬਾਣੀ ਦੇ ਸ਼ਬਦ-ਸੁਰ ਦੇ ਸੁਮੇਲ ਨੂੰ ਵੀ ਪਛਾਣਨ। ਇਸ ਲਈ ਸਾਨੂੰ ਆਪਣੀ ਵਿਰਾਸਤ ਨੂੰ ਉਸੇ ਡਿਜੀਟਲ ਮਾਧਿਅਮ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਪਵੇਗਾ, ਜਿਸ ਵਿੱਚ ਅੱਜ ਦੀ ਪੀੜ੍ਹੀ ਆਪਣਾ ਵੱਡਾ ਸਮਾਂ ਬਿਤਾ ਰਹੀ ਹੈ। ਸਵਾਲ ਇਹ ਨਹੀਂ ਕਿ ਅੱਜ ਦਾ ਨੌਜਵਾਨ ਕੀ ਸੁਣ ਰਿਹਾ ਹੈ; ਸਵਾਲ ਇਹ ਹੈ ਕਿ ਉਸ ਨੂੰ ਹੋਰ ਕੀ ਸੁਣਨ ਲਈ ਮਿਲ ਰਿਹਾ ਹੈ? ਅਤੇ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਉਸ ਦੀ ਸੰਗੀਤਕ ਪਸੰਦ ਬਣਾਉਣ ਵਾਲਾ ਕੌਣ ਹੈ? ਮਾਪੇ, ਅਧਿਆਪਕ, ਸਮਾਜ ਅਤੇ ਕਲਾਕਾਰ ਜਾਂ ਮੋਬਾਈਲ ਸਕਰੀਨ ਦੇ ਪਿੱਛੇ ਕੰਮ ਕਰਦਾ ਐਲਗੋਰਿਦਮ?
ਪੰਜਾਬੀ ਸੰਗੀਤ ਦੀ ਤਾਕਤ ਹਮੇਸ਼ਾ ਇਸ ਵਿੱਚ ਰਹੀ ਹੈ ਕਿ ਇਸ ਨੇ ਨਵੇਂ ਨੂੰ ਅਪਣਾਇਆ, ਪਰ ਪੁਰਾਣੇ ਨੂੰ ਮਿਟਾਇਆ ਨਹੀਂ। ਅੱਜ ਲੋੜ ਇਸੇ ਸੰਤੁਲਨ ਨੂੰ ਮੁੜ ਖੋਜਣ ਦੀ ਹੈ। ਤੂੰਬੀ ਤੋਂ ਪੌਪ, ਪੌਪ ਤੋਂ ਭੰਗੜੇ ਅਤੇ ਭੰਗੜੇ ਤੋਂ ਰੈਪ ਤੱਕ ਦਾ ਸਫ਼ਰ ਸਾਡੀ ਸੱਭਿਆਚਾਰਕ ਗਤੀਸ਼ੀਲਤਾ ਦੀ ਨਿਸ਼ਾਨੀ ਹੈ; ਪਰ ਜੇ ਇਸ ਸਫ਼ਰ ਵਿੱਚ ਰਬਾਬ, ਢੱਡ-ਸਾਰੰਗੀ, ਕਾਫ਼ੀ, ਕਿੱਸਾ, ਲੋਕ-ਗੀਤ ਅਤੇ ਸ਼ਬਦ ਪਿੱਛੇ ਛੁੱਟ ਗਏ ਤਾਂ ਸਾਡੇ ਕੋਲ ਨਵੀਂ ਬੀਟ ਤਾਂ ਹੋਵੇਗੀ, ਪਰ ਆਪਣੀ ਸੰਗੀਤਕ ਯਾਦ ਦੀ ਧੜਕਣ ਨਹੀਂ ਰਹੇਗੀ। ਰਬਾਬ ਤੋਂ ਰੈਪ ਤੱਕ ਪਹੁੰਚਣਾ ਵਿਕਾਸ ਹੈ, ਪਰ ਰਬਾਬ ਨੂੰ ਭੁੱਲ ਕੇ ਰੈਪ ਤੱਕ ਹੀ ਰਹਿ ਜਾਣਾ ਸਾਡੀ ਸੱਭਿਆਚਾਰਕ ਯਾਦ ਦੀ ਤ੍ਰਾਸਦੀ ਹੈ।
ਸੰਪਰਕ: 98769-68193

