ਭੁੱਲੀ ਵਿਸਰੀ ਖੇਡ ਸਟਾਪੂ
ਇੱਕ ਦੌਰ ਉਹ ਵੀ ਸੀ ਜਦੋਂ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ, ਘਰਾਂ ਦੇ ਵਿਹੜਿਆਂ ਅਤੇ ਸਕੂਲਾਂ ਦੇ ਖੁੱਲ੍ਹੇ ਮੈਦਾਨਾਂ ਵਿੱਚ ਲੋਕ-ਵਿਰਾਸਤ ਦੀ ਪ੍ਰਤੀਕ ਖੇਡ ‘ਸਟਾਪੂ’ ਦੀਆਂ ਗੂੰਜਾਂ ਸੁਣਾਈ ਦਿੰਦੀਆਂ ਸਨ। ਬੱਚਿਆਂ ਦੇ ਹਾਸੇ, ਉਤਸ਼ਾਹ ਭਰੀਆਂ ਕਿਲਕਾਰੀਆਂ ਅਤੇ ਜਿੱਤ-ਹਾਰ ਦੇ ਰੋਚਕ...
ਇੱਕ ਦੌਰ ਉਹ ਵੀ ਸੀ ਜਦੋਂ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ, ਘਰਾਂ ਦੇ ਵਿਹੜਿਆਂ ਅਤੇ ਸਕੂਲਾਂ ਦੇ ਖੁੱਲ੍ਹੇ ਮੈਦਾਨਾਂ ਵਿੱਚ ਲੋਕ-ਵਿਰਾਸਤ ਦੀ ਪ੍ਰਤੀਕ ਖੇਡ ‘ਸਟਾਪੂ’ ਦੀਆਂ ਗੂੰਜਾਂ ਸੁਣਾਈ ਦਿੰਦੀਆਂ ਸਨ। ਬੱਚਿਆਂ ਦੇ ਹਾਸੇ, ਉਤਸ਼ਾਹ ਭਰੀਆਂ ਕਿਲਕਾਰੀਆਂ ਅਤੇ ਜਿੱਤ-ਹਾਰ ਦੇ ਰੋਚਕ ਪਲ ਇਸ ਖੇਡ ਨੂੰ ਜ਼ਿੰਦਾ ਬਣਾਉਂਦੇ ਸਨ, ਪਰ ਸਮੇਂ ਦੇ ਬਦਲਦੇ ਰੁਝਾਨਾਂ, ਆਧੁਨਿਕ ਮਨੋਰੰਜਨ ਦੇ ਸਾਧਨਾਂ ਅਤੇ ਡਿਜੀਟਲ ਯੁੱਗ ਦੀ ਚਮਕ-ਦਮਕ ਨੇ ਇਸ ਹਰਮਨਪਿਆਰੀ ਖੇਡ ਨੂੰ ਹੌਲੀ-ਹੌਲੀ ਪਿੰਡਾਂ ਦੀ ਜ਼ਿੰਦਗੀ ਤੋਂ ਦੂਰ ਕਰ ਦਿੱਤਾ। ਅੱਜ ‘ਸਟਾਪੂ’ ਸਾਡੀ ਯਾਦ ਅਤੇ ਲੋਕ-ਵਿਰਾਸਤ ਦੇ ਸਫ਼ਿਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ।
ਇਹ ਸਿਰਫ਼ ਇੱਕ ਖੇਡ ਨਹੀਂ, ਸਗੋਂ ਸਾਡੇ ਸੱਭਿਆਚਾਰਕ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਛੋਟੀਆਂ ਬੱਚੀਆਂ ਤੋਂ ਲੈ ਕੇ ਜਵਾਨ ਮੁਟਿਆਰਾਂ ਤੱਕ, ਹਰ ਉਮਰ ਦੀਆਂ ਧੀਆਂ ਦੀ ਇਹ ਸਭ ਤੋਂ ਹਰਮਨ-ਪਿਆਰੀ ਅਤੇ ਮਨਪਸੰਦ ਖੇਡ ਹੁੰਦੀ ਸੀ। ਸਾਦਗੀ ਵਿੱਚ ਲੁਕਿਆ ਇਹ ਆਨੰਦ ਹੀ ਇਸ ਖੇਡ ਦੀ ਅਸਲ ਪਛਾਣ ਸੀ। ਸਟਾਪੂ ਨੂੰ ਬੜੇ ਸ਼ੌਕ ਅਤੇ ਉਤਸ਼ਾਹ ਨਾਲ ਹਾਣੀ-ਹਾਣੀ ਬਣਾ ਕੇ ਖੇਡਿਆ ਜਾਂਦਾ ਸੀ। ਇਹ ਖੇਡ ਬੱਚਿਆਂ ਵਿੱਚ ਆਪਸੀ ਪਿਆਰ, ਸਾਂਝ, ਸਹਿਯੋਗ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀ ਸੀ। ਖੇਡ ਦੌਰਾਨ ਇੱਕ-ਦੂਜੇ ਦੀ ਗੱਲ ਮੰਨਣਾ, ਨਿਯਮਾਂ ਦੀ ਪਾਲਣਾ ਕਰਨੀ ਅਤੇ ਮਿਲ-ਜੁਲ ਕੇ ਖ਼ੁਸ਼ੀਆਂ ਸਾਂਝੀਆਂ ਕਰਨੀਆਂ, ਇਸ ਦੇ ਅਹਿਮ ਪੱਖ ਸਨ।
ਭਾਵੇਂ ਇਹ ਖੇਡ ਸਰੀਰਕ ਚੁਸਤੀ ਅਤੇ ਫੁਰਤੀ ਦੀ ਮੰਗ ਕਰਦੀ ਸੀ, ਪਰ ਅਸਲ ਵਿੱਚ ਇਹ ਇੱਕ ਦਿਮਾਗ਼ੀ ਖੇਡ ਵੀ ਸੀ। ਹਰ ਕਦਮ ਸੋਚ-ਸਮਝ ਕੇ ਰੱਖਣਾ, ਸੰਤੁਲਨ ਬਣਾਈ ਰੱਖਣਾ ਅਤੇ ਸਹੀ ਫ਼ੈਸਲਾ ਲੈਣਾ ਖਿਡਾਰੀ ਦੀ ਕਾਬਲੀਅਤ ਦੀ ਪਰਖ ਕਰਦਾ ਸੀ। ਇਸ ਤਰ੍ਹਾਂ ਸਟਾਪੂ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਯੋਗਤਾ ਨੂੰ ਵੀ ਨਿਖਾਰਦੀ ਸੀ।
ਪੰਜਾਬ ਦੀ ਇਹ ਵਿਰਾਸਤੀ ਲੋਕ-ਖੇਡ ਨੇ ਕਦੇ ਲੜਕੀਆਂ ਅਤੇ ਲੜਕਿਆਂ ਵਿਚਕਾਰ ਕੋਈ ਫ਼ਰਕ ਨਹੀਂ ਰੱਖਿਆ। ਦੋਵੇਂ ਇਸ ਖੇਡ ਨੂੰ ਬਰਾਬਰ ਦੇ ਜੋਸ਼, ਉਤਸ਼ਾਹ ਅਤੇ ਖ਼ੁਸ਼ੀ ਨਾਲ ਖੇਡਦੇ ਹੋਏ ਆਪਣੇ ਬਚਪਨ ਨੂੰ ਰੰਗੀਨ ਬਣਾਉਂਦੇ ਸਨ। ਇਸ ਖੇਡ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਇਸ ਨੂੰ ਖੇਡਣ ਲਈ ਨਾ ਕਿਸੇ ਕੋਚ ਦੀ ਲੋੜ ਪੈਂਦੀ ਸੀ, ਨਾ ਟੀਮ ਕੈਪਟਨ ਦੀ, ਨਾ ਹੀ ਕਿਸੇ ਅੰਪਾਇਰ ਦੀ ਅਤੇ ਨਾ ਹੀ ਟਾਈਮ ਕੀਪਰ ਦੀ। ਫਿਰ ਨਾ ਕੋਈ ਮਹਿੰਗਾ ਸਾਮਾਨ ਖ਼ਰੀਦਣਾ ਪੈਂਦਾ ਸੀ ਅਤੇ ਨਾ ਹੀ ਕੋਈ ਖ਼ਰਚਾ ਕਰਨਾ ਪੈਂਦਾ ਸੀ। ਮਿੱਟੀ ਦੇ ਭਾਂਡੇ (ਘੜੇ, ਮਟਕੀ ਆਦਿ) ਦਾ ਟੁੱਟਿਆ ਹੋਇਆ ਟੁਕੜਾ ਜਿਸ ਨੂੰ ਠੀਕਰੀ ਜਾਂ ਚੀਟੀ ਕਹਿੰਦੇ ਹਨ, ਉਸ ਦੇ ਸਿਰ ’ਤੇ ਸਾਰੀ ਖੇਡ ਕੇਂਦਰਿਤ ਹੁੰਦੀ ਸੀ। ਉਸ ਢੁੱਕਵੀਂ ਠੀਕਰੀ ਨੂੰ ਲੈਣ ਤੋਂ ਬਾਅਦ ਫਿਰ ਇਸ ਖੇਡ ਨੂੰ ਖੇਡਣ ਤੋਂ ਪਹਿਲਾਂ ਇਸ ਦਾ ਮੈਦਾਨ ਤਿਆਰ ਕਰਨਾ ਲਾਜ਼ਮੀ ਹੁੰਦਾ ਸੀ। ਧਰਤੀ ਉੱਤੇ ਰੇਖਾਂ ਖਿੱਚ ਕੇ ਅੱਠ ਚੌਖਾਨੇ ਬਣਾਏ ਜਾਂਦੇ ਸਨ। ਇਹ ਚੌਖਾਨੇ ਚਾਕ, ਸਲੇਟੀ, ਕੋਲੇ ਜਾਂ ਕਿਸੇ ਹੋਰ ਉਚਿਤ ਸਾਧਨ ਨਾਲ ਬਣਾਏ ਜਾਂਦੇ ਸਨ।। ਜੇਕਰ ਜ਼ਮੀਨ ਕੱਚੀ ਹੋਵੇ ਤਾਂ ਕਿਸੇ ਸਖ਼ਤ ਲੱਕੜੀ ਜਾਂ ਨੁਕੀਲੇ ਵੱਟੇ ਦੀ ਮਦਦ ਨਾਲ ਵੀ ਇਹ ਨਿਸ਼ਾਨਬੰਦੀ ਕੀਤੀ ਜਾਂਦੀ ਸੀ।
ਖੇਡ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਖਿਡਾਰੀ ਆਪਸ ਵਿੱਚ ਪੁੱਗ ਕੇ ਆਪਣੀਆਂ ਵਾਰੀਆਂ ਨਿਰਧਾਰਤ ਕਰ ਲੈਂਦੇ ਸਨ। ਪਹਿਲੀ ਵਾਰੀ ਲੈਣ ਵਾਲਾ ਖਿਡਾਰੀ ਖਾਨਿਆਂ ਤੋਂ ਬਾਹਰ ਖੜ੍ਹ ਕੇ ਆਪਣੀ ਠੀਕਰੀ ਇੱਕ ਨੰਬਰ ਖਾਨੇ ਵਿੱਚ ਸੁੱਟਦਾ। ਇਸ ਤੋਂ ਬਾਅਦ ਉਹ ਇੱਕ ਪੈਰ ’ਤੇ ਲੰਗੜਾਉਂਦਾ ਹੋਇਆ ਖਾਨੇ ਵਿੱਚ ਦਾਖਲ ਹੁੰਦਾ ਅਤੇ ਪੈਰ ਦੇ ਪੰਜੇ ਨਾਲ ਹੌਲੀ ਜਿਹੇ ਠੀਕਰੀ ਨੂੰ ਖਾਨੇ ਤੋਂ ਬਾਹਰ ਕੱਢਦਾ।
ਜਦੋਂ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਹੋ ਜਾਂਦਾ ਤਾਂ ਖਿਡਾਰੀ ਮੁੜ ਬਾਹਰ ਆ ਕੇ ਠੀਕਰੀ ਨੂੰ ਦੋ ਨੰਬਰ ਖਾਨੇ ਵਿੱਚ ਸੁੱਟਦਾ। ਫਿਰ ਉਹ ਇੱਕ ਨੰਬਰ ਖਾਨੇ ਵਿੱਚੋਂ ਲੰਘਦਾ ਹੋਇਆ ਦੂਜੇ ਖਾਨੇ ਤੱਕ ਪਹੁੰਚਦਾ ਅਤੇ ਪਹਿਲਾਂ ਵਾਂਗ ਠੀਕਰੀ ਨੂੰ ਬਾਹਰ ਰੇੜ੍ਹਦਾ। ਇਹ ਪ੍ਰਕਿਰਿਆ ਲਗਾਤਾਰ ਤਿੰਨ ਨੰਬਰ ਖਾਨੇ ਤੋਂ ਲੈ ਕੇ ਅੱਠ ਤੱਕ ਜਾਰੀ ਰਹਿੰਦੀ। ਹਰ ਖਾਨੇ ਨੂੰ ਕ੍ਰਮਵਾਰ ਅਤੇ ਨਿਯਮਾਂ ਅਨੁਸਾਰ ਪੂਰਾ ਕਰਨਾ ਖੇਡ ਦੀ ਮੁੱਖ ਸ਼ਰਤ ਹੁੰਦੀ ਸੀ।
ਸਟਾਪੂ ਦੇ ਮੈਦਾਨ ਵਿੱਚ ਪੰਜਵਾਂ ਖਾਨਾ ਵਿਸ਼ੇਸ਼ ਮਹੱਤਵ ਰੱਖਦਾ ਸੀ। ਇਸ ਵਿੱਚ ਬਣਾਏ ਜਾਂਦੇ ਕਾਂਟੇ ਦੇ ਨਿਸ਼ਾਨ ਵਿੱਚ ਖਿਡਾਰੀ ਨੂੰ ਦੋਵੇਂ ਪੈਰ ਟਿਕਾਉਣ ਦੀ ਇਜਾਜ਼ਤ ਹੁੰਦੀ ਸੀ, ਜਿਸ ਨਾਲ ਉਸ ਨੂੰ ਕੁਝ ਪਲਾਂ ਲਈ ਸਾਹ ਲੈਣ ਦਾ ਮੌਕਾ ਮਿਲ ਜਾਂਦਾ। ਇਸ ਖਾਨੇ ਨੂੰ ‘ਆਰਾਮ ਵਾਲਾ ਖਾਨਾ’ ਜਾਂ ‘ਸਾਹ ਲੈਣ ਵਾਲਾ ਖਾਨਾ’ ਕਿਹਾ ਜਾਂਦਾ। ਇੱਥੇ ਆਉਂਦੇ ਅਤੇ ਜਾਂਦੇ ਸਮੇਂ ਜਦੋਂ ਕੋਈ ਖਿਡਾਰੀ ਅੱਠਾਂ ਖਾਨਿਆਂ ਦੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕਰ ਲੈਂਦਾ ਤਾਂ ਉਸ ਦੀ ਇੱਕ ਬਾਜ਼ੀ ਪੂਰੀ ਮੰਨੀ ਜਾਂਦੀ। ਖੇਡ ਦੇ ਅੰਤ ਵਿੱਚ ਜਿਨ੍ਹਾਂ ਖਿਡਾਰੀਆ ਜਾਂ ਧੜਿਆਂ ਨੇ ਸਭ ਤੋਂ ਵੱਧ ਬਾਜ਼ੀਆਂ ਜਿੱਤੀਆਂ ਹੋਣ, ਉਸ ਨੂੰ ਜੇਤੂ ਐਲਾਨਿਆ ਜਾਂਦਾ ਸੀ।
ਹੋਰ ਲੋਕ-ਵਿਰਾਸਤੀ ਖੇਡਾਂ ਵਾਂਗ ਸਟਾਪੂ ਦੇ ਵੀ ਆਪਣੇ ਵਿਸ਼ੇਸ਼ ਨਿਯਮ ਅਤੇ ਅਨੁਸ਼ਾਸਨ ਸਨ। ਖੇਡ ਦੌਰਾਨ ਜੇ ਠੀਕਰੀ ਲਕੀਰ ਉੱਤੇ ਆ ਟਿਕਦੀ, ਖਾਨਿਆਂ ਤੋਂ ਬਾਹਰ ਜਾ ਡਿੱਗਦੀ ਜਾਂ ਨਿਰਧਾਰਤ ਖਾਨੇ ਦੀ ਬਜਾਏ ਕਿਸੇ ਹੋਰ ਖਾਨੇ ਵਿੱਚ ਜਾ ਪੈਂਦੀ, ਤਾਂ ਖਿਡਾਰੀ ਦੀ ਵਾਰੀ ਤੁਰੰਤ ਸਮਾਪਤ ਮੰਨੀ ਜਾਂਦੀ ਸੀ। ਇਸੇ ਤਰ੍ਹਾਂ ਜੇ ਇੱਕ ਪੈਰ ਲਕੀਰ ਨੂੰ ਛੂਹ ਲੈਂਦਾ, ਸੰਤੁਲਨ ਵਿਗੜਣ ਕਾਰਨ ਦੋਵੇਂ ਪੈਰ ਜ਼ਮੀਨ ’ਤੇ ਟਿਕ ਜਾਂਦੇ ਜਾਂ ਪੰਜਵੇਂ ਖਾਨੇ ਵਿੱਚ ਦੋਵੇਂ ਪੈਰ ਸਹੀ ਢੰਗ ਨਾਲ ਨਾ ਰੱਖੇ ਜਾਂਦੇ, ਤਾਂ ਵੀ ਖਿਡਾਰੀ ਆਪਣਾ ਮੌਕਾ ਗਵਾ ਬੈਠਦਾ ਸੀ। ਅਜਿਹੀ ਸਥਿਤੀ ਵਿੱਚ ਵਿਰੋਧੀ ਟੀਮ ਖ਼ੁਸ਼ੀ ਅਤੇ ਉਤਸ਼ਾਹ ਨਾਲ ਆਪਣੀ ਵਾਰੀ ਸੰਭਾਲਦੀ, ਜਿਸ ਨਾਲ ਖੇਡ ਦਾ ਰੁਮਾਂਚ ਅਤੇ ਮੁਕਾਬਲੇਬਾਜ਼ੀ ਹੋਰ ਵੀ ਵਧ ਜਾਂਦੀ ਸੀ।
ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਖੇਡਾਂ ਨਾਲ ਜੋੜੀਏ ਤਾਂ ਜੋ ਉਹ ਨਾ ਸਿਰਫ਼ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਹੋਣ, ਸਗੋਂ ਸਿਹਤਮੰਦ, ਸਰਗਰਮ ਅਤੇ ਸਮਾਜਿਕ ਜੀਵਨ ਜਿਊਣ ਦੀ ਪ੍ਰੇਰਣਾ ਵੀ ਲੈ ਸਕਣ।
ਅੱਜ ਭਾਵੇਂ ਡਿਜੀਟਲ ਯੁੱਗ ਨੇ ਬੱਚਿਆਂ ਦੀਆਂ ਖੇਡਾਂ ਦਾ ਰੂਪ ਬਦਲ ਦਿੱਤਾ ਹੈ, ਪਰ ਸਟਾਪੂ ਵਰਗੀਆਂ ਲੋਕ-ਖੇਡਾਂ ਅਜੇ ਵੀ ਪੰਜਾਬੀ ਸੱਭਿਆਚਾਰ ਦੀਆਂ ਮਿੱਠੀਆਂ ਯਾਦਾਂ ਨੂੰ ਜਿਊਂਦਾ ਰੱਖਦੀਆਂ ਹਨ। ਇਹ ਖੇਡ ਨਾ ਸਿਰਫ਼ ਮਨੋਰੰਜਨ ਦਾ ਸਰੋਤ ਹੈ, ਸਗੋਂ ਬੱਚਿਆਂ ਵਿੱਚ ਧੀਰਜ, ਸੰਤੁਲਨ, ਅਨੁਸ਼ਾਸਨ ਅਤੇ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀ ਹੈ।
ਇਸ ਲਈ ਸਟਾਪੂ ਸਿਰਫ਼ ਇੱਕ ਲੋਕ-ਖੇਡ ਨਹੀਂ, ਸਗੋਂ ਪੰਜਾਬ ਦੇ ਬਚਪਨ ਦੀਆਂ ਸੁਨਹਿਰੀ ਯਾਦਾਂ, ਆਪਸੀ ਸਾਂਝ-ਪਿਆਰ, ਟੀਮ ਭਾਵਨਾ ਅਤੇ ਸੱਭਿਆਚਾਰਕ ਵਿਰਾਸਤ ਦਾ ਅਮੁੱਲਾ ਖ਼ਜ਼ਾਨਾ ਹੈ। ਇਹ ਖੇਡ ਅੱਜ ਵੀ ਆਪਣੇ ਅੰਦਰ ਉਸ ਦੌਰ ਦੀ ਮਿੱਠੀ ਮਹਿਕ, ਨਿਰਛਲ ਖ਼ੁਸ਼ੀਆਂ ਅਤੇ ਪੇਂਡੂ ਜੀਵਨ ਦੀ ਧੜਕਦੀ ਰੂਹ ਨੂੰ ਸੰਭਾਲੀ ਬੈਠੀ ਹੈ। ਸਮੇਂ ਦੀ ਧੂੜ ਹੇਠ ਦੱਬ ਰਹੀਆਂ ਅਜਿਹੀਆਂ ਲੋਕ-ਖੇਡਾਂ ਨੂੰ ਮੁੜ ਜ਼ਿੰਦਾ ਕਰਨਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਜੇ ਅਸੀਂ ਆਪਣੀ ਇਸ ਅਨਮੋਲ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਲਈ ਗੰਭੀਰ ਯਤਨ ਕਰੀਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਟਾਪੂ ਦੇ ਰੁਮਾਂਚ, ਮਨੋਰੰਜਨ ਅਤੇ ਇਸ ਨਾਲ ਜੁੜੀਆਂ ਅਮੀਰ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਰੂਬਰੂ ਹੋ ਸਕਣਗੀਆਂ। ਦਰਅਸਲ, ਸਟਾਪੂ ਵਰਗੀਆਂ ਲੋਕ-ਖੇਡਾਂ ਨੂੰ ਬਚਾਉਣਾ ਆਪਣੀਆਂ ਜੜ੍ਹਾਂ, ਆਪਣੀ ਪਛਾਣ ਅਤੇ ਆਪਣੇ ਸੱਭਿਆਚਾਰ ਨੂੰ ਸੰਭਾਲਣ ਦੇ ਬਰਾਬਰ ਹੈ।
ਸੰਪਰਕ: 94174-27656
