DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭੁੱਲਿਆ ਵਿਸਰਿਆ ਚੈਂਪੀਅਨ ਪ੍ਰਦੁੱਮਣ ਸਿੰਘ

ਭਗਤਾ ਭਾਈਕਾ ਦੋ ਗੱਲਾਂ ਨਾਲ ਮਸ਼ਹੂਰ ਰਿਹਾ। ਪਹਿਲੀ ਭੂਤਾਂ ਦਾ ਖੂਹ ਤੇ ਦੂਜੀ ਪ੍ਰਦੁੱਮਣ ਸਿੰਘ। ਭੂਤਾਂ ਦੇ ਖੂਹ ਦੀ ਮਸ਼ਹੂਰੀ ਮਾਲਵੇ ਤੱਕ ਸੀਮਿਤ ਰਹੀ ਤੇ ਪ੍ਰਦੁੱਮਣ ਸਿੰਘ ਦੀ ਕੁਲ ਏਸ਼ੀਆ ’ਚ ਹੋਈ। ਗੋਲ਼ਾ ਸੁੱਟਣ ’ਚ ਉਹ ਦੋ ਵਾਰ ਏਸ਼ੀਆ ਦਾ...

  • fb
  • twitter
  • whatsapp
  • whatsapp
Advertisement

ਭਗਤਾ ਭਾਈਕਾ ਦੋ ਗੱਲਾਂ ਨਾਲ ਮਸ਼ਹੂਰ ਰਿਹਾ। ਪਹਿਲੀ ਭੂਤਾਂ ਦਾ ਖੂਹ ਤੇ ਦੂਜੀ ਪ੍ਰਦੁੱਮਣ ਸਿੰਘ। ਭੂਤਾਂ ਦੇ ਖੂਹ ਦੀ ਮਸ਼ਹੂਰੀ ਮਾਲਵੇ ਤੱਕ ਸੀਮਿਤ ਰਹੀ ਤੇ ਪ੍ਰਦੁੱਮਣ ਸਿੰਘ ਦੀ ਕੁਲ ਏਸ਼ੀਆ ’ਚ ਹੋਈ। ਗੋਲ਼ਾ ਸੁੱਟਣ ’ਚ ਉਹ ਦੋ ਵਾਰ ਏਸ਼ੀਆ ਦਾ ਚੈਂਪੀਅਨ ਬਣਿਆ। ਡਿਸਕਸ ਸੁੱਟਣ ਵਿੱਚ ਵੀ ਇੱਕ ਵਾਰ ਅੱਵਲ ਰਿਹਾ ਤੇ ਦੋ ਵਾਰ ਦੋਮ। ਦਸ ਵਰ੍ਹੇ ਏਸ਼ੀਆ ਦਾ ਕੋਈ ਹੋਰ ਸੁਟਾਵਾ ਉਹਦੇ ਜ਼ੋਰ ਦਾ ਸਾਨੀ ਨਹੀਂ ਸੀ। ਪ੍ਰਦੁੱਮਣ ਨਾਂ ਵਿੱਚ ਹੀ ਏਨਾ ਖ਼ੌਫ਼ ਸੀ ਕਿ ਮੁਕਾਬਲੇ ਦੇ ਥਰੋਅਰ ਉਹਦੇ ਸਾਹਵੇਂ ਦਿਲ ਛੱਡ ਜਾਂਦੇ ਸਨ। 1950ਵਿਆਂ ਦੇ ਪਿਛਲੇ ਅੱਧ ’ਚ ਜਦੋਂ ਮਿਲਖਾ ਸਿੰਘ ਟ੍ਰੈਕ ਉੱਤੇ ਉੱਡਣ ਲੱਗਾ, ਉਦੋਂ ਪ੍ਰਦੁੱਮਣ ਸਿੰਘ ਸਟੇਡੀਅਮ ਨੂੰ ਧੱਕੇ ਦਿੰਦਾ ਸੀ। ਜਿਵੇਂ ਰਾਜਨੀਤੀ ’ਚ ਪੰਡਤ ਨਹਿਰੂ ਦਾ ਨਾਂ ਸੀ ਉਵੇਂ ਅਥਲੈਟਿਕਸ ਵਿੱਚ ਪ੍ਰਦੁੱਮਣ ਸਿੰਘ ਦੀ ਗੁੱਡੀ ਚੜ੍ਹੀ ਹੋਈ ਸੀ।

ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੈ। ਦੁਨੀਆ ਦੀ 60 ਫੀਸਦੀ ਆਦਮ ਜਾਤ ਏਸ਼ੀਆ ਵਿੱਚ ਹੀ ਵਸਦੀ ਹੈ। ਜ਼ੋਰ ਤੇ ਜੁਗਤ ਦੇ ਸਰੀਰਕ ਕਰਤਬ ਵਿੱਚ ਕਿਸੇ ਬੰਦੇ ਦਾ ਕਰੋੜਾਂ ਅਰਬਾਂ ਲੋਕਾਂ ’ਚੋਂ ਮੀਰੀ ਆਉਣਾ ਜਣੇ ਖਣੇ ਦੇ ਵੱਸ ਨਹੀਂ ਤੇ ਜਿਹੜਾ ਜੁਆਨ ਸਾਲਾਂ-ਬੱਧੀ ਮੀਰੀ ਰਹੇ ਉਹਦੀਆਂ ਤਾਂ ਫੇਰ ਬਾਤਾਂ ਹੀ ਕਿਆ! ਉਹ ਆਮੁਹਾਰੇ ਚੇਤਿਆਂ ’ਚ ਵਸ ਜਾਂਦੈ ਤੇ ਉਹਦੀਆਂ ਗੱਲਾਂ ਲੰਮਾ ਸਮਾਂ ਹੁੰਦੀਆਂ ਰਹਿੰਦੀਆਂ। ਪਰ ਪ੍ਰਦੁੱਮਣ ਸਿੰਘ ਨਾਲ ਜੱਗੋਂ ਤੇਰ੍ਹਵੀਂ ਹੋਈ। ਉਸ ਨੂੰ ਉਹਦੇ ਦੇਸ਼ ਵਾਸੀਆਂ, ਇੱਥੋਂ ਤੱਕ ਕਿ ਉਹਦੇ ਇਲਾਕਾ ਵਾਸੀਆਂ ਨੇ ਹੀ ਬੜੀ ਛੇਤੀ ਵਿਸਾਰ ਦਿੱਤਾ ਹੈ। ਉਹਦਾ ਕੋਈ ਦਿਨ ਸ਼ੁਦ ਨਹੀਂ ਮਨਾਇਆ ਜਾਂਦਾ ਤੇ ਨਾ ਹੀ ਉਹਦੀ ਕੋਈ ਯਾਦਗਾਰ ਹੈ। ਭਗਤੇ ਦੇ ਵਿਦਿਆਰਥੀਆਂ ਨੂੰ ਵੀ ਪਤਾ ਨਹੀਂ ਕਿ ਉਨ੍ਹਾਂ ਦਾ ਬਾਬਾ ਪ੍ਰਦੁੱਮਣ ਸਿੰਘ ਕੌਣ ਸੀ?

Advertisement

ਪ੍ਰਦੁੱਮਣ ਸਿੰਘ ਦਾ ਜਨਮ ਪਿੰਡ ਭਗਤਾ ਜ਼ਿਲ੍ਹਾ ਬਠਿੰਡਾ ਵਿਖੇ 15 ਅਕਤੂਬਰ 1927 ਨੂੰ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਹ ਨੌਂ ਭਰਾ ਸਨ। ਗੁਜ਼ਾਰੇ ਲਈ ਉਸ ਨੂੰ ਬ੍ਰਿਟਿਸ਼ ਇੰਡੀਆ ਦੀ ਫੌਜ ਵਿੱਚ ਭਰਤੀ ਹੋਣਾ ਪਿਆ ਸੀ। ਫੌਜੀ ਬਣ ਕੇ ਉਸ ਨੇ ਆਰਮੀ, ਆਲ ਇੰਡੀਆ, ਨੈਸ਼ਨਲ ਤੇ ਏਸ਼ੀਆ ਪੱਧਰ ’ਤੇ ਅਨੇਕ ਮੈਡਲ ਜਿੱਤੇ। ਕਾਮਨਵੈਲਥ ਤੇ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ। ਫੌਜ ’ਚੋਂ ਆਨਰੇਰੀ ਕਪਤਾਨੀ ਲੈ ਕੇ ਰਿਟਾਇਰ ਹੋਣ ਪਿੱਛੋਂ ਉਹ ਭਗਤੇ ਦਾ ਸਰਪੰਚ ਬਣਿਆ ਤੇ ਰਾਮਪੁਰਾ ਫੂਲ ਦੀ ਕਾਲਜ ਕਮੇਟੀ ਦਾ ਮੈਂਬਰ। ਉਹਦੀ ਮਾੜੀ ਕਿਸਮਤ ਕਿ ਜੀਪ ਹਾਦਸੇ ਵਿੱਚ ਰੀੜ੍ਹ ਦੀ ਹੱਡੀ ਨੂੰ ਗਹਿਰੀਆਂ ਸੱਟਾਂ ਲੱਗੀਆਂ ਜਿਨ੍ਹਾਂ ਕਰਕੇ ਅਧਰੰਗ ਹੋ ਗਿਆ।

Advertisement

ਉਹ ਸਾਲਾਂ-ਬੱਧੀ ਅਧਰੰਗ ਦੀ ਬਿਮਾਰੀ ਨਾਲ ਜੂਝਦਾ ਰਿਹਾ। ਘਰ ਦੇ ਇਲਾਜ ਕਰਾਉਂਦੇ ਹੰਭ ਗਏ। ਕੇਂਦਰੀ ਜਾਂ ਸੂਬੇ ਦੀ ਕਿਸੇ ਸਰਕਾਰ ਨੇ ਕੋਈ ਸਪੈਸ਼ਲ ਇਲਾਜ ਨਾ ਕਰਵਾਇਆ। ਹਾਂ, ਸੁਖਦੇਵ ਸਿੰਘ ਢੀਂਡਸਾ ਦੇ ਕੇਂਦਰੀ ਖੇਡ ਮੰਤਰੀ ਬਣ ਜਾਣ ਨਾਲ, ਮੰਜੇ ’ਤੇ ਮੰਜਾ ਹੋਏ ਪਏ ਪ੍ਰਦੁੱਮਣ ਸਿੰਘ ਨੂੰ 1999 ’ਚ ਅਰਜਨ ਐਵਾਰਡ ਜ਼ਰੂਰ ਦੇ ਦਿੱਤਾ ਗਿਆ। ਉਂਜ ਉਹ ਐਵਾਰਡ ਚਾਲੀ ਸਾਲ ਪਹਿਲਾਂ ਉਦੋਂ ਹੀ ਦੇਣਾ ਬਣਦਾ ਸੀ ਜਦੋਂ ਉਹ ਜਿੱਤ ਮੰਚ ’ਤੇ ਭਾਰਤ ਦੇ ਤਿਰੰਗੇ ਝੰਡੇ ਝੁਲਾਉਂਦਾ ਏਸ਼ਿਆਈ ਖੇਡਾਂ ਦੇ ਪੰਜ ਤਗ਼ਮੇ ਜਿੱਤ ਚੁੱਕਾ ਸੀ, ਪਰ ਉਸ ਨੇ ਭਾਰਤ ਦੇ ਕਈ ਹੋਰ ਅਣਗੌਲ਼ੇ ਖਿਡਾਰੀਆਂ ਵਾਂਗ ਹੋਰ ਵੀ ਮੰਦੇ ਦਿਨ ਵੇਖਣੇ ਸਨ। ਆਖ਼ਰ ਮੰਦਹਾਲੀ ਦੀ ਹਾਲਤ ਵਿੱਚ 27 ਮਾਰਚ 2007 ਨੂੰ ਉਹ ਆਪਣੇ ਪਿੰਡ ਨੇੜਲੇ ਭੁੱਚੋ ਦੇ ਹਸਪਤਾਲ ’ਚ ਅਕਾਲ ਚਲਾਣਾ ਕਰ ਗਿਆ। ਉਦੋਂ ਉਹ ਉਮਰ ਦੇ 80ਵੇਂ ਸਾਲ ’ਚ ਸੀ ਜਿਨ੍ਹਾਂ ’ਚੋਂ ਬਾਰਾਂ ਵਰ੍ਹੇ ਅਧਰੰਗ ਦਾ ਨਰਕ ਹੀ ਭੋਗਿਆ। ਦੇਸ਼ ਦੀ ਨਵੀਂ ਪੀੜ੍ਹੀ ਨਹੀਂ ਜਾਣਦੀ ਕਿ ਗੋਲ਼ਾ ਤੇ ਡਿਸਕਸ ਸੁੱਟਣ ਵਿੱਚ ਏਸ਼ੀਆ ਦਾ ਚੈਂਪੀਅਨ ਪ੍ਰਦੁੱਮਣ ਸਿੰਘ ਆਪਣੇ ਸਮੇਂ ਦਾ ਮਹਾਨ ਖਿਡਾਰੀ ਸੀ? ਉਹਦੀ ਰੀਸ ਫਿਰ ਕੀਹਨੇ ਕਰਨੀ ਹੋਈ?

ਪ੍ਰਦੁੱਮਣ ਸਿੰਘ ਤੇ ਮਿਲਖਾ ਸਿੰਘ ਹੋਰਾਂ ਦੀਆਂ ਖੇਡ ਖ਼ਬਰਾਂ ਮੈਂ 1956 ਦੀਆਂ ਓਲੰਪਿਕ ਖੇਡਾਂ ਤੇ 1958 ਦੀਆਂ ਏਸ਼ਿਆਈ ਤੇ ਕਾਮਨਵੈਲਥ ਖੇਡਾਂ ਦੇ ਵੇਲੇ ਤੋਂ ਪੜ੍ਹਦਾ ਆ ਰਿਹਾ ਸਾਂ। ਉਹਦੀ ਰੀਸ ਨਾਲ ਮੈਂ ਵੀ ਗੋਲਾ ਤੇ ਡਿਸਕਸ ਸੁੱਟਣ ਲੱਗ ਪਿਆ ਸਾਂ ਜਦ ਕਿ ਮੇਰਾ ਕੱਦ-ਕਾਠ ਤੇ ਜੁੱਸਾ ਤਕੜਾ ਥਰੋਅਰ ਬਣਨ ਵਾਲਾ ਨਹੀਂ ਸੀ। ਮੈਂ ਦਿੱਲੀ ਯੂਨੀਵਰਸਿਟੀ ਦਾ ਚੈਂਪੀਅਨ ਤਾਂ ਬਣ ਗਿਆ, ਪਰ ਅਗਾਂਹ ਨਾ ਵਧ ਸਕਿਆ। ਜਦੋਂ ਨਾਮੀ ਖਿਡਾਰੀ ਬਣਨ ਦੀ ਰੀਝ ਪੂਰੀ ਨਾ ਹੋਈ ਤਾਂ ਉਸੇ ਰੀਝ ਨੂੰ ਪੂਰੀ ਕਰਨ ਲਈ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਲੱਗ ਪਿਆ।

ਪ੍ਰਦੁੱਮਣ ਸਿੰਘ ਨੂੰ ਪਹਿਲੀ ਵਾਰ ਮੈਂ ਨੈਸ਼ਨਲ ਸਟੇਡੀਅਮ ਦਿੱਲੀ ਵਿਖੇ ਵੇਖਿਆ ਸੀ। ਦੂਜੀ ਵਾਰ ਭਗਤੇ ਦੇ ਬੱਸ ਅੱਡੇ ’ਤੇ ਅਤੇ ਤੀਜੀ ਵਾਰ ਪਟਿਆਲੇ ਦੇ ਐੱਨ ਆਈ ਐੱਸ ਵਿੱਚ। ਚੌਥੀ ਵਾਰ ਉਦੋਂ ਮਿਲਿਆ ਜਦੋਂ ਉਹ ਜੀਪ ਹਾਦਸੇ ਪਿੱਛੋਂ ਲੁਧਿਆਣੇ ਹਸਪਤਾਲ ਵਿੱਚ ਦਾਖਲ ਸੀ। ਉਸ ਵੇਲੇ ਉਹਦਾ ਪੁੱਤਰ ਬਾਜ਼ਾਰ ਵੱਲ ਗਿਆ ਹੋਇਆ ਸੀ ਜਿਸ ਕਰਕੇ ਕੁਝ ਸਮਾਂ ਮੈਨੂੰ ਉਹਦੀ ਤਿਮਾਰਦਾਰੀ ਕਰਨ ਦਾ ਮੌਕਾ ਮਿਲ ਗਿਆ ਸੀ। ਉਸ ਦਾ ਦਵਾਈ ਲੈਣ ਦਾ ਸਮਾਂ ਸੀ, ਪਰ ਨਰਸ ਅਜੇ ਨਹੀਂ ਸੀ ਆਈ। ਉਹਦੇ ਦੱਸਣ ’ਤੇ ਮੈਂ ਸਿਰਹਾਣੇ ਹੇਠੋਂ ਗੋਲੀਆਂ ਕੱਢੀਆਂ ਤੇ ਉਠਾਉਣ ਲਈ ਧੌਣ ਹੇਠ ਬਾਂਹ ਪਾਈ, ਪਰ ਉਸ ਨੇ ਕਿਹਾ ਕਿ ਮੈਥੋਂ ਉੱਠਿਆ ਨਹੀਂ ਜਾਂਦਾ। ਮੇਰੇ ਪਏ ਦੇ ਈ ਮੂੰਹ ’ਚ ਗੋਲੀਆਂ ਪਾ ਦੇ ਤੇ ਉਤੋਂ ਦੀ ਪਾਣੀ ਪਿਆ ਦੇ। ਮੈਂ ਉਂਜ ਹੀ ਕੀਤਾ। ਮੈਂ ਵੇਖਿਆ ਕਿ ਜਿਸ ਹੱਥ ਨਾਲ ਉਸ ਨੇ ਗੋਲਾ ਤੇ ਡਿਸਕਸ ਸੁੱਟਣ ’ਚ ਏਸ਼ੀਆ ਦੇ ਰਿਕਾਰਡ ਰੱਖੇ ਸਨ, ਉਸ ਹੱਥ ਤੋਂ ਗਲਾਸ ਵੀ ਨਹੀਂ ਸੀ ਫੜਿਆ ਗਿਆ। ਉਸ ਦੀ ਮੰਦੀ ਹਾਲਤ ਜਦੋਂ ਮਿਲਖਾ ਸਿੰਘ ਦੇ ਧਿਆਨ ’ਚ ਲਿਆਂਦੀ ਤਾਂ ਉਹ ਹਸਪਤਾਲ ਆਇਆ ਤੇ ਕੁਝ ਮਾਇਕ ਮਦਦ ਵੀ ਕਰ ਗਿਆ।

ਸਾਲ 1962 ਵਿੱਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਅਥਲੀਟਾਂ ਦਾ ਕੋਚਿੰਗ ਕੈਂਪ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਲੱਗਾ ਸੀ। ਅਸੀਂ ਦਿੱਲੀ ਯੂਨੀਵਰਸਿਟੀ ਦੇ ਅਥਲੀਟ ਵੀ ਉੱਥੇ ਪ੍ਰੈਕਟਿਸ ਕਰਨ ਜਾਂਦੇ ਸਾਂ। ਇੱਕ ਦਿਨ ਮੈਂ ਵੇਖਿਆ ਕਿ ਪ੍ਰਦੁੱਮਣ ਸਿੰਘ ਤੇ ਬਲਕਾਰ ਸਿੰਘ ਪ੍ਰੈਕਟਿਸ ਕਰਨ ਪਿੱਛੋਂ ਸਟੇਡੀਅਮ ਦੀਆਂ ਪੌੜੀਆਂ ’ਤੇ ਬੈਠੇ ਗੱਲਾਂ ਕਰ ਰਹੇ ਸਨ। ਮੈਂ ਉਦੋਂ ਐੱਮ. ਏ. ਪੰਜਾਬੀ ਦਾ ਵਿਦਿਆਰਥੀ ਸਾਂ। ਪ੍ਰਦੁੱਮਣ ਮਲਵਈ ਬੋਲਦਾ ਸੀ ਤੇ ਬਲਕਾਰ ਮਾਝੀ। ਮੈਂ ਅਜੇ ਖਿਡਾਰੀਆਂ ਬਾਰੇ ਲਿਖਣ ਨਹੀਂ ਸੀ ਲੱਗਾ, ਪਰ ਉਨ੍ਹਾਂ ਦੀਆਂ ਗੱਲਾਂ ਨੋਟ ਕਰਨ ਲੱਗ ਪਿਆ। ਗੱਲਾਂ ਬੜੀਆਂ ਦਿਸਚਸਪ ਸਨ ਤੇ ਸੀ ਵੀ ਹੱਸਣ ਹਸਾਉਣ ਵਾਲੀਆਂ। ਉੱਥੇ ਮਿਲਖਾ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ, ਗੁਰਬਚਨ ਸਿੰਘ ਤੇ ਤਰਲੋਕ ਸਿੰਘ ਆਦਿ ਅਥਲੀਟਾਂ ਨੂੰ ਵੀ ਮਿਲਣ ਦੇ ਮੌਕੇ ਮਿਲੇ।

ਸਾਲ 1967 ’ਚ ਮੈਂ ਖ਼ਾਲਸਾ ਕਾਲਜ ਦੀ ਨੌਕਰੀ ਛੱਡ ਕੇ ਢੁੱਡੀਕੇ ਕਾਲਜ ਵਿੱਚ ਆ ਗਿਆ। ਪ੍ਰਦੁੱਮਣ ਸਿੰਘ 1972 ਵਿੱਚ ਫੌਜੀ ਨੌਕਰੀ ਤੋਂ ਰਿਟਾਇਰ ਹੋ ਕੇ ਭਗਤੇ ਦਾ ਸਰਪੰਚ ਆ ਬਣਿਆ। ਮੈਂ ਉਸ ਨਾਲ ਇੰਟਰਵਿਊ ਕਰਨ ਭਗਤੇ ਗਿਆ ਤਾਂ ਉਹ ਬੱਸ ਅੱਡੇ ’ਤੇ ਹੀ ਤਾਸ਼ ਖੇਡਣ ਵਾਲਿਆਂ ਦੀ ਢਾਣੀ ’ਚ ਬੈਠਾ ਮਿਲ ਗਿਆ। ਘਰ ਲਿਜਾ ਕੇ ਚਾਹ ਪਾਣੀ ਪਿਆਇਆ ਤੇ ਗੱਲਾਂ ਬਾਤਾਂ ਕੀਤੀਆਂ। ਗੱਲਾਂ ਬਾਤਾਂ ਦੌਰਾਨ ਉਸ ਨੇ ਦੱਸਿਆ ਕਿ ਗੋਲ਼ਾ ਸੁੱਟਣ ਦਾ ਸ਼ੌਕ ਉਹਨੂੰ ਪਿੰਡ ’ਚੋਂ ਹੀ ਲੱਗਾ ਸੀ। ਵੱਖ ਵੱਖ ਅਗਵਾੜਾਂ ਦੇ ਮੁੰਡੇ ਵਧ ਚੜ੍ਹ ਕੇ ਗੋਲਾ ਸੁੱਟਦੇ। ਉਨ੍ਹਾਂ ਦੇ ਆਪਸ ਵਿੱਚ ਮੁਕਾਬਲੇ ਹੁੰਦੇ। ਪ੍ਰਦੁੱਮਣ ਦਾ ਵੱਡਾ ਭਾਈ ਹਰਦਮ ਸਿੰਘ ਗੋਲ਼ੇ ਦਾ ਤਕੜਾ ਸੁਟਾਵਾ ਸੀ। ਪ੍ਰਦੁੱਮਣ ਹੋਰੀਂ ਉਹਦੀ ਰੀਸ ਕਰਨ ਲੱਗਦੇ।

ਉਹ ਪਿੰਡ ਦੇ ਸਕੂਲ ਵਿੱਚ ਪੜ੍ਹਨ ਲੱਗਾ, ਪਰ ਉਦੋਂ ਸਕੂਲਾਂ ਵਿੱਚ ਖੇਡਾਂ ਘੱਟ ਹੀ ਖੇਡੀਆਂ ਜਾਂਦੀਆਂ ਸਨ। ਉਸ ਦੇ ਬਾਬੇ ਨੇ ਫੌਜ ਦੀ ਨੌਕਰੀ ਕੀਤੀ ਹੋਈ ਸੀ। ਪ੍ਰਦੁੱਮਣ ਦੇ ਦੋ ਭਰਾ ਪਹਿਲਾਂ ਹੀ ਫੌਜ ਵਿੱਚ ਸਨ। ਉਹ ਵੀ ਨੌਵੀਂ ’ਚੋਂ ਹਟ ਕੇ ਫੌਜ ਵਿੱਚ ਭਰਤੀ ਹੋ ਗਿਆ। ਰਕਰੂਟੀ ਉਸ ਨੇ ਲਖਨਊ ਕੀਤੀ। ਸੈਂਟਰ ਉਹਦਾ ਅਹਿਮਦਾਬਾਦ ਸੀ। ਸੈਂਟਰ ਦੀਆਂ ਖੇਡਾਂ ਹੋਈਆਂ ਤਾਂ ਗੋਲ਼ਾ ਸੁੱਟਣ ’ਚ ਉਹ ਸਭ ਤੋਂ ਮੂਹਰੇ ਰਿਹਾ। ਉਹਦੇ ਦੱਸਣ ਮੁਤਾਬਿਕ ਉਦੋਂ ਪੂਰੀ ਫੌਜ ਦੀਆਂ ਖੇਡਾਂ ਨਹੀਂ ਸੀ ਹੁੰਦੀਆਂ। ਸਾਰੀ ਫੌਜ ਦੀਆਂ ਖੇਡਾਂ 1947 ਵਿੱਚ ਰਾਂਚੀ ਵਿਖੇ ਹੋਈਆਂ। ਉੱਥੇ ਉਸ ਨੇ ਸਾਰੀ ਫੌਜ ਵਿੱਚ ਸਭ ਤੋਂ ਵੱਧ 42 ਫੁੱਟ ਦੂਰ ਗੋਲਾ ਸੁੱਟਿਆ। ਅੱਜ ਇਹ ਦੂਰੀ ਬੜੀ ਘੱਟ ਲੱਗਦੀ ਹੈ। ਉਹ ਵੀ ਵੇਲਾ ਸੀ ਜਦੋਂ 42 ਫੁੱਟ ਗੋਲ਼ਾ ਸੁੱਟ ਕੇ ਓਲੰਪਿਕ ਚੈਂਪੀਅਨ ਬਣਿਆ ਜਾ ਸਕਦਾ ਸੀ।

ਰਕਰੂਟੀ ਕਰਨ ਸਮੇਂ ਜਿਵੇਂ ਮਿਲਖਾ ਸਿੰਘ ਨੂੰ ਨਹੀਂ ਸੀ ਪਤਾ ਕਿ 400 ਮੀਟਰ ਦੌੜ ਕਿੰਨੀ ਹੁੰਦੀ ਹੈ ਉਵੇਂ ਪ੍ਰਦੁੱਮਣ ਸਿੰਘ ਨੂੰ ਵੀ ਨਹੀਂ ਸੀ ਪਤਾ ਕਿ ਦੁਨੀਆ ’ਚ ਕੋਈ ਉਸ ਤੋਂ ਦੂਰ ਗੋਲਾ ਸੁੱਟਣ ਵਾਲਾ ਵੀ ਹੈ! ਉਹ ਘੋੜਿਆਂ ਦੇ ਰਸਾਲੇ ਵਿੱਚ ਸੀ। ਉਹਦੇ ਆਲੇ ਦੁਆਲੇ ਫੌਜੀਆਂ ਦਾ ਵਾਹ ਘੋੜਿਆਂ ਨਾਲ ਸੀ ਜਾਂ ਫੌਜੀਆਂ ਨਾਲ। ਉਹਦੇ ਦੱਸਣ ਮੂਜਬ ਗੋਲ਼ਾ ਸੁੱਟਣ ਦੀ ਕੋਚਿੰਗ ਦੇਣ ਦੀਆਂ ਗੱਲਾਂ ਬਾਅਦ ’ਚ ਸ਼ੁਰੂ ਹੋਈਆਂ। ਉਸ ਨੂੰ ਭਾਰਤੀ ਫੌਜ ਦਾ ਚੈਂਪੀਅਨ ਬਣਨ ਤੱਕ ਕਿਸੇ ਨੇ ਕੋਈ ਕੋਚਿੰਗ ਨਹੀਂ ਸੀ ਦਿੱਤੀ। ਬਸ ਏਨਾ ਹੀ ਦੱਸਿਆ ਸੀ ਕਿ ਗੋਲ਼ਾ ਸੱਤ ਫੁੱਟ ਦੇ ਦਾਇਰੇ ’ਚੋਂ ਸੁੱਟਿਆ ਜਾਂਦਾ ਹੈ ਤੇ ਦਾਇਰੇ ’ਚੋਂ ਪਿਛਲੇ ਪਾਸੇ ਦੀ ਬਾਹਰ ਨਿਕਲਣਾ ਹੁੰਦੈ।

ਸਾਲ 1951 ’ਚ ਨੈਸ਼ਨਲ ਖੇਡਾਂ ਲੁਧਿਆਣੇ ਹੋਈਆਂ ਤਾਂ ਪ੍ਰਦੁੱਮਣ ਸਿੰਘ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਭਾਰਤ ਵਿੱਚ ਹੀ ਚਾਰ ਪੰਜ ਜਣੇ ਉਹਦੇ ਨਾਲੋਂ ਦੂਰ ਗੋਲ਼ਾ ਸੁੱਟਦੇ ਹਨ। ਉਸੇ ਸਾਲ ਪਹਿਲੀਆਂ ਏਸ਼ਿਆਈ ਖੇਡਾਂ ਨਵੀਂ ਦਿੱਲੀ ਵਿਖੇ ਹੋਈਆਂ। ਉੱਥੇ ਪੰਜਾਬ ਦੇ ਮਦਨ ਲਾਲ ਨੇ 45 ਫੁੱਟ ਢਾਈ ਇੰਚ ਦੂਰ ਗੋਲਾ ਸੁੱਟ ਕੇ ਸੋਨ ਮੈਡਲ ਜਿੱਤਿਆ। 1952 ’ਚ ਨੈਸ਼ਨਲ ਖੇਡਾਂ ਮਦਰਾਸ ਵਿੱਚ ਹੋਈਆਂ ਤਾਂ ਪ੍ਰਦੁੱਮਣ ਸਿੰਘ ਨੇ 46 ਫੁੱਟ ਗੋਲਾ ਸੁੱਟ ਕੇ ਨਵਾਂ ਨੈਸ਼ਨਲ ਤੇ ਏਸ਼ੀਅਨ ਰਿਕਾਰਡ ਕਾਇਮ ਕਰ ਦਿੱਤਾ। ਉਸ ਪਿੱਛੋਂ ਪੂਰਾ ਦਹਾਕਾ ਉਹ ਭਾਰਤ ਤੇ ਏਸ਼ੀਆ ਦਾ ਸਰਬੋਤਮ ਗੋਲ਼ਾ ਸੁਟਾਵਾ ਰਿਹਾ।

ਸਾਲ 1954 ਦੀਆਂ ਦੂਜੀਆਂ ਏਸ਼ਿਆਈ ਖੇਡਾਂ ਮਨੀਲਾ ਵਿਖੇ ਹੋਈਆਂ ਤਾਂ ਸਭ ਦੀਆਂ ਨਜ਼ਰਾਂ ਭਰਵੇਂ ਸੁਡੌਲ ਜੁੱਸੇ ਵਾਲੇ ਪ੍ਰਦੁੱਮਣ ਸਿੰਘ ਉੱਤੇ ਸਨ। ਉਸ ਨੇ ਗੋਲਾ ਸੁੱਟਣ ਨਾਲ ਡਿਸਕਸ ਸੁੱਟਣ ਦਾ ਵੀ ਨਵਾਂ ਏਸ਼ੀਅਨ ਰਿਕਾਰਡ ਰੱਖ ਦਿੱਤਾ ਤੇ ਦੋ ਗੋਲਡ ਮੈਡਲ ਜਿੱਤਣ ਕਰਕੇ ਏਸ਼ੀਆ ਦਾ ਸਭ ਤੋਂ ਤਕੜਾ ਅਥਲੀਟ ਕਿਹਾ ਜਾਣ ਲੱਗਾ। 1958 ਵਿੱਚ ਤੀਜੀਆਂ ਏਸ਼ਿਆਈ ਖੇਡਾਂ ਟੋਕੀਓ ਵਿਖੇ ਹੋਈਆਂ। ਉੱਥੇ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ ਗੋਲ਼ਾ ਸੁੱਟਣ ’ਚ ਫਿਰ ਅੱਵਲ ਰਿਹਾ ਤੇ ਡਿਸਕਸ ਸੁੱਟਣ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਉਹਦੀ ਟੀਮ ਦਾ ਅਥਲੀਟ ਬਲਾਕਾਰ ਸਿੰਘ ਡਿਸਕਸ ਥਰੋਅ ਦਾ ਚੈਂਪੀਅਨ ਬਣਿਆ। ਮਿਲਖਾ ਸਿੰਘ ਦੋ ਸਪਰਿੰਟ ਦੌੜਾਂ ’ਚ ਨਵੇਂ ਰਿਕਾਰਡ ਰੱਖਣ ਕਰਕੇ ਏਸ਼ਿਆਈ ਖੇਡਾਂ ਦਾ ਬੈੱਸਟ ਅਥਲੀਟ ਕਿਹਾ ਗਿਆ। ਉੱਥੇ ਪ੍ਰਦੁੱਮਣ ਸਿੰਘ ਨੇ ਵੀ 49 ਫੁੱਟ 4 ਇੰਚ ਗੋਲ਼ਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਰੱਖਿਆ। 1962 ’ਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ’ਚੋਂ ਉਸ ਨੇ ਜ਼ਖ਼ਮੀ ਹਾਲਤ ਵਿੱਚ ਸਿਲਵਰ ਮੈਡਲ ਜਿੱਤਿਆ।

ਸਾਲ 1958 ਵਿੱਚ ਉਹ ਗਲਾਂ ’ਚ ਮੈਡਲ ਪਾਈ ਵਤਨ ਪਰਤੇ ਤਾਂ ਉਨ੍ਹਾਂ ਦਾ ਪਟਿਆਲੇ ਧੂਮ-ਧੜੱਕੇ ਨਾਲ ਸਵਾਗਤ ਕੀਤਾ ਗਿਆ ਸੀ। ਫੌਜੀ ਟੈਂਕ ਉੱਤੇ ਬਹਾ ਕੇ ਪਟਿਆਲੇ ਦੇ ਬਾਜ਼ਾਰਾਂ ਵਿੱਚ ਸ਼ਾਨਦਾਰ ਜਲੂਸ ਕੱਢਿਆ ਗਿਆ ਤੇ ਫੁੱਲ ਬਰਸਾਏ ਗਏ। ਪ੍ਰਦੁਮਣ ਸਿੰਘ ਵੀ ਟੈਂਕ ’ਤੇ ਚੜ੍ਹਿਆ ਟੈਂਕ ਹੀ ਲੱਗਦਾ ਸੀ! ਉਸ ਦਾ ਕਹਿਣਾ ਸੀ ਕਿ ਉਦੋਂ ਉਹਦੇ ਜ਼ੋਰ ਦਾ ਕੋਈ ਸਿਰਾ ਨਹੀਂ ਸੀ। ਜੇਕਰ ਸਮੇਂ ਸਿਰ ਚੰਗੀ ਕੋਚਿੰਗ ਮਿਲੀ ਹੁੰਦੀ ਤਾਂ ਉਹ ਓਲੰਪਿਕ ਖੇਡਾਂ ਨੂੰ ਵੀ ਪੈ ਸਕਦਾ ਸੀ।

ਉਸ ਨੇ ਵੈਨਕੂਵਰ ਤੇ ਕਾਰਡਿਫ਼ ਵਿਖੇ ਬ੍ਰਿਟਿਸ਼ ਅੰਪਾਇਰ ਤੇ ਕਾਮਨਵੈੱਲਥ ਦੇਸ਼ਾਂ ਦੀਆਂ ਖੇਡਾਂ ’ਚ ਵੀ ਭਾਗ ਲਿਆ। ਪ੍ਰੈਕਟਿਸ ਦੌਰਾਨ ਖੜ੍ਹੇ ਖੜੋਤੇ ਗੋਲ਼ਾ ਸੁੱਟਣ ਵੇਲੇ ਉਹ ਸਭ ਤੋਂ ਦੂਰ ਗੋਲਾ ਸੁੱਟ ਰਿਹਾ ਸੀ, ਪਰ ਦਾਇਰੇ ’ਚ ਪੈਂਤੜਾ ਲੈ ਕੇ ਗੋਲਾ ਸੁੱਟਦਿਆਂ ਯੂਰਪ ਦੇ ਅਥਲੀਟ ਅੱਗੇ ਨਿਕਲ ਜਾਂਦੇ ਸਨ। ਇਹ ਫਰਕ ਜ਼ੋਰ ਦਾ ਨਹੀਂ ਤਕਨੀਕ ਦਾ ਸੀ ਜਿਸ ਤੋਂ ਪ੍ਰਦੁੱਮਣ ਸਿੰਘ ਅਣਜਾਣ ਹੀ ਰਿਹਾ। ਕਾਰਨ ਇਹੋ ਸੀ ਕਿ ਉਸ ਨੂੰ ਕੋਈ ਸਾਇੰਟੇਫਿਕ ਕੋਚਿੰਗ ਨਹੀਂ ਸੀ ਮਿਲੀ। ਬਾਅਦ ਵਿੱਚ ਰੀਹ ਦੇ ਦਰਦ ਨੇ ਵੀ ਉਸ ਦੀ ਕਾਰਗੁਜ਼ਾਰੀ ਮਾਂਦੀ ਪਾਈ। ਉਹਦੇ ਕਹਿਣ ਮੂਜਬ ਜੇ ਉਹ ਭਾਰਤ ਦੀ ਥਾਂ ਯੂਰਪ ਜਾਂ ਅਮਰੀਕਾ ’ਚ ਜੰਮਿਆ ਹੁੰਦਾ ਤਾਂ ਉਹ ਵੀ ਓਲੰਪਿਕ ਚੈਂਪੀਅਨ ਬਣ ਜਾਂਦਾ।

ਮੈਂ ਉਹਦੇ ਸਾਥੀ ਮਿਲਖਾ ਸਿੰਘ ਬਾਰੇ ਵੀ ਕੁਝ ਗੱਲਾਂ ਪੁੱਛੀਆਂ। ਖ਼ਾਸ ਕਰਕੇ ਟੋਕੀਓ ਦੀਆਂ ਖੇਡਾਂ ’ਚ ਨਿੰਬੂ ਵਾਲੀ ਚਾਹ ਬਾਰੇ। ਉਹ ਮਿੰਨ੍ਹਾ ਜਿਹਾ ਹੱਸਿਆ। ਉਸ ਨੇ ਕਿਹਾ, “ਉਹ ਠੀਕ ਈ ਐ। ਮੈਂ ਤੇ ਮਿਲਖਾ ਇੱਕੋ ਕਮਰੇ ’ਚ ਰਹੇ ਸਾਂ। ਸਵੇਰਸਾਰ ਜਪਾਨੀ ਕੁੜੀ ਚਾਹ ਪੁੱਛਣ ਆਈ ਤਾਂ ਉਹਨੇ ਮਿਲਖੇ ਨੂੰ ਗੁੱਡ ਮਾਰਨਿੰਗ ਕੀਤੀ। ਮੈਂ ਟੀਮ ਦਾ ਕੈਪਟਨ ਸੀ। ਮੈਨੂੰ ਕੀਤੀ ਨਾ। ਮੈਂ ਕਿਹਾ ਜੇ ਮੈਨੂੰ ਵੀ ਗੁੱਡ ਮਾਰਨਿੰਗ ਕਰੂ ਤਾਂ ਹੀ ਦੱਸੂੰ ਬਈ ਨਿੰਬੂ ਵਾਲੀ ਚਾਹ ਪੀਣੀ ਆਂ ਜਾਂ ਗੁੜ ਵਾਲੀ? ਐਹੋ ਜਿਹਾ ਸ਼ੁਗਲ ਮੇਲਾ ਚੱਲਦਾ ਈ ਰਹਿੰਦਾ ਸੀ।’’

ਮੈਂ ਆਖਰੀ ਗੱਲ ਪੁੱਛੀ ਸੀ, “ਕੋਈ ਰੀਝ ਜੋ ਪੂਰੀ ਨਾ ਹੋਈ ਹੋਵੇ।”

ਉਸ ਨੇ ਝੂਰਦਿਆਂ ਕਿਹਾ ਸੀ, “ਸਾਡੇ ਨਾਲ ਜਿਹੜੇ ਕੋਚ ਲਾਏ ਜਾਂਦੇ ਸਨ, ਉਨ੍ਹਾਂ ਨੂੰ ਸਾਡੇ ਈਵੈਂਟਾਂ ਦੀ ਸਹੀ ਕੋਚਿੰਗ ਦਾ ਪਤਾ ਈ ਨਹੀਂ ਸੀ ਹੁੰਦਾ। ਉਨ੍ਹਾਂ ਨੇ ਸਾਨੂੰ ਸਵੇਰੇ ਕਰਾਸ ਕੰਟਰੀ ਦੌੜਨ ਲਾ ਲੈਣਾ ਤੇ ਅਸੀਂ ਤਿੰਨ ਤਿੰਨ ਮਣ ਦੀਆਂ ਦੇਹਾਂ ਨਾਲ ਕਈ ਕਈ ਮੀਲ ਦੌੜਦੇ ਫਿਰਨਾ। ਸਰੀਰ ਥੱਕ ਜਾਣਾ ਤੇ ਥਕਾਵਟ ਨਾਲ ਗੋਲ਼ਾ ਸਿੱਟਣ ਦੀ ਪ੍ਰੈਕਟਿਸ ਕਰਨ ਨੂੰ ਜੀਅ ਨਾ ਕਰਨਾ। ਅਸੀਂ ਸਮਝਦੇ ਆਂ ਜੇ ਸਾਨੂੰ ਸਾਇੰਟੇਫਿਕ ਕੋਚਿੰਗ ਮਿਲੀ ਹੁੰਦੀ ਤਾਂ ਅਸੀਂ ਕਿਸੇ ਦੇ ਲੈਣ ਦੇ ਨਹੀਂ ਸਾਂ।”

ਹੱਸਦੀ ਖੇਡਦੀ ਰੂਹ ਵਾਲੇ ਏਸ਼ੀਆ ਦੇ ਚੈਂਪੀਅਨ ਪ੍ਰਦੁੱਮਣ ਸਿੰਘ ਦਾ ਆਖ਼ਰੀ ਉਮਰੇ ਮੰਦਾ ਹਾਲ ਹੋ ਗਿਆ ਸੀ। ਅਧਰੰਗ ਦੀ ਲੰਮੀ ਬਿਮਾਰੀ ਨੇ ਉਹਦਾ ਕੱਖ ਨਹੀਂ ਸੀ ਛੱਡਿਆ। ਪੈਂਤੀ ਸੌ ਦੀ ਮਾਸਕ ਪੈਨਸ਼ਨ ਤੇ ਚਾਰ ਘੁਮਾਂ ਸਿਆੜ ਬਿਮਾਰੀ ਤੇ ਟੱਬਰ ਦੇ ਗੁਜ਼ਾਰੇ ਦਾ ਭਾਰ ਚੁੱਕਣੋਂ ਇਨਕਾਰੀ ਹੋ ਗਏ ਸਨ। ਬੀਤੇ ਦੀਆਂ ਸੁਨਹਿਰੀ ਯਾਦਾਂ ਤੋਂ ਸਿਵਾ ਜੀਵਨ ਵਿਰਾਨ ਹੀ ਵਿਰਾਨ ਸੀ। ਰਹਿੰਦੀ ਕਸਰ ਸਾਡੇ ਲੋਕਾਂ ਤੇ ਸਾਡੀਆਂ ਸਰਕਾਰਾਂ ਨੇ ਕੱਢ ਦਿੱਤੀ ਹੈ ਕਿ ਏਸ਼ੀਆ ਦਾ ਵਾਰ ਵਾਰ ਚੈਂਪੀਅਨ ਬਣਨ ਵਾਲਾ ਸ. ਪ੍ਰਦੁੱਮਣ ਸਿੰਘ ਬਰਾੜ ਹੁਣ ਕਿਸੇ ਦੇ ਯਾਦ ਚਿੱਤ ਨਹੀਂ ਰਿਹਾ।

ਈ-ਮੇਲ: principalsarwansingh@gmail.com

Advertisement
×