ਪਾਣੀਆਂ ਦੇ ਵਹਿਣ
ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਕਦੇ ਅਸਮਾਨੋਂ ਆਫ਼ਤ ਬਣ ਕੇ ਵਰ੍ਹਦਾ, ਕਦੇ ਡੈਮਾਂ ਦੇ ਗੇਟ ਤੋੜਦਾ...ਸ਼ੂਕਦਾ...ਡਰਾਉਂਦਾ...ਤਹਿਲਕਾ ਮਚਾਉਂਦਾ...। ਰਤਨਗੜ੍ਹ ਨੇੜਲੇ ਧੁੱਸੀ ਬੰਨ੍ਹ ਦੇ ਲਾਗਲੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਧਰਮ ਅਸਥਾਨਾਂ ਦੇ ਸਪੀਕਰਾਂ ਵਿੱਚੋਂ ਵਾਰ ਵਾਰ ਸੁਚੇਤ...
ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਕਦੇ ਅਸਮਾਨੋਂ ਆਫ਼ਤ ਬਣ ਕੇ ਵਰ੍ਹਦਾ, ਕਦੇ ਡੈਮਾਂ ਦੇ ਗੇਟ ਤੋੜਦਾ...ਸ਼ੂਕਦਾ...ਡਰਾਉਂਦਾ...ਤਹਿਲਕਾ ਮਚਾਉਂਦਾ...। ਰਤਨਗੜ੍ਹ ਨੇੜਲੇ ਧੁੱਸੀ ਬੰਨ੍ਹ ਦੇ ਲਾਗਲੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਧਰਮ ਅਸਥਾਨਾਂ ਦੇ ਸਪੀਕਰਾਂ ਵਿੱਚੋਂ ਵਾਰ ਵਾਰ ਸੁਚੇਤ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ। ਨੇੜਲੇ ਇਲਾਕਿਆਂ ਵਿੱਚ ਨੌਜਵਾਨਾਂ ਨੇ ਠੀਕਰੀ ਪਹਿਰੇ ਲਗਾ ਰੱਖੇ ਸਨ। ਪਲ ਪਲ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਰਹੀ ਸੀ। ਜਾਨ ਮਾਲ ਅਤੇ ਫ਼ਸਲਾਂ ਦੀ ਸਲਾਮਤੀ ਲਈ ਅਰਜ਼ੋਈਆਂ ਕੀਤੀਆਂ ਜਾ ਰਹੀਆਂ ਸਨ। ਬੰਨ੍ਹ ਟੁੱਟਣ ਦਾ ਮਤਲਬ ਸੀ-ਦਰਜਨ ਭਰ ਪਿੰਡਾਂ ਦੀ ਜਲ-ਸਮਾਧੀ!
ਅੱਜ ਵੀ ਬੱਦਲਾਂ ਦੀ ਕਾਲ਼ੀ ਘਟਾ ਪੂਰੇ ਜੋਬਨ ’ਤੇ ਸੀ। ਕੁਝ ਪਲ ਲਈ ਬਾਰਿਸ਼ ਰੁਕੀ ਤਾਂ ਨੰਜਾ ਰੇਹੜੇ ’ਤੇ ਕਈ ਦਿਨਾਂ ਤੋਂ ਭੁੱਖੇ ਬੇਜ਼ੁਬਾਨਾਂ ਲਈ ਖੇਤੋਂ ਪੱਠੇ ਵੱਢਣ ਚਲਾ ਗਿਆ। ਦੋ ਕੁ ਭਰੀਆਂ ਹੀ ਵੱਢੀਆਂ ਸਨ ਕਿ ਕੰਨੀਂ ਆਵਾਜ਼ ਪਈ: “ਸਾਧ ਸੰਗਤ ਜੀ, ਡੈਮ ਵਿੱਚੋਂ ਪਾਣੀ ਛੱਡਣ ਕਰਕੇ ਧੁੱਸੀ ਬੰਨ੍ਹ ਨੂੰ ਖ਼ਤਰਾ ਪੈਦਾ ਹੋ ਗਿਆ ਹੈ...ਹਰ ਪਰਿਵਾਰ ਦਾ ਜੀਅ...ਜੋ ਵੀ ਸੇਵਾ ਕਰ ਸਕਦਾ ਹੋਵੇ...ਜ਼ਰੂਰ ਪਹੁੰਚੇ।” ਸੁਣਨ ਸਾਰ ਨੰਜੇ ਨੇ ਵਾਹੋ-ਦਾਹੀ ਘਰ ਵੱਲ ਚਾਲੇ ਪਾ ਦਿੱਤੇ ਅਤੇ ਹਫ਼ਦੇ ਹੋਏ ਜ਼ੈਲਦਾਰ ਬਖ਼ਤਾਵਰ ਸਿੰਘ ਨੂੰ ਆ ਖ਼ਬਰ ਸੁਣਾਈ: “ਸਰਦਾਰ ਜੀ...ਬੰਨ੍ਹ ’ਤੇ ਖ਼ਤਰਾ ਬਣਿਐ...ਲੋਕ ਟਰੈਕਟਰ ਟਰਾਲੀਆਂ ਵਿੱਚ ਮਿੱਟੀ ਦੇ ਬੋਰੇ ਭਰੀ ਉੱਧਰ ਜਾ ਰਹੇ ਨੇ।”
ਬਖ਼ਤਾਵਰ ਸਿੰਘ ਨੇ ਵੀ ਅਨਾਊਂਸਮੈਂਟ ਸੁਣ ਲਈ ਸੀ। ਸੁਣ ਕੇ ਉਹ ਵੀ ਬੇਚੈਨ ਹੋ ਗਿਆ ਸੀ। ਉਨ੍ਹਾਂ ਦੇ ਖੇਤ ਤਾਂ ਬੰਨ੍ਹ ਦੇ ਨਾਲ ਲੱਗਦੇ ਹੋਣ ਕਰਕੇ ਨੁਕਸਾਨ ਦਾ ਹੋਰ ਵੀ ਵੱਧ ਡਰ ਸੀ। “ਛੋਟੇ ਵੀਰ...ਕੱਢ ਫੇਰ ਟਰੈਕਟਰ ਟਰਾਲੀ...ਆਪਾਂ ਵੀ ਭਾਈਆਂ ਸੰਗ ਰਲੀਏ...ਆਪਣੇ ਲਈ ਤਾਂ ਇਹ ਜ਼ਿੰਦਗੀ ਮੌਤ ਦਾ ਸਵਾਲ ਐ।” ਉਹ ਨੰਜੇ ਨੂੰ ਹਮੇਸ਼ਾਂ ‘ਛੋਟਾ ਵੀਰ’ ਆਖ ਕੇ ਹੀ ਸੰਬੋਧਨ ਹੁੰਦਾ।
ਟਰੈਕਟਰ ’ਤੇ ਬੈਠੇ ਬਖ਼ਤਾਵਰ ਦਾ ਮਨ ਅਤੀਤ ਵਿੱਚ ਉਡਾਰੀਆਂ ਮਾਰਨ ਲੱਗਾ: ਨੰਜੇ ਹੁਰਾਂ ਦਾ ਜ਼ੈਲਦਾਰਾਂ ਦੇ ਪਰਿਵਾਰ ਨਾਲ ਤਿੰਨ ਪੀੜ੍ਹੀਆਂ ਤੋਂ ਸੀਰ ਚੱਲਿਆ ਆਉਂਦਾ ਸੀ। ਉਸ ਦਾ ਦਾਦਾ ਮਹਾਂ ਸਿਹੁੰ ਅਤੇ ਜ਼ੈਲਦਾਰ ਮਹਿੰਦਰ ਸਿੰਘ ਹਮ-ਉਮਰ ਸਨ-ਅੱਠਵੀਂ ਜਮਾਤ ਤੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਜਮਾਤੀ ਰਹੇ। ਦੋਵੇਂ ਪਿੰਡ ਦੀ ਕਬੱਡੀ ਟੀਮ ਦੀ ਜਿੰਦ ਜਾਨ ਸਨ। ਜਿੱਥੇ ਮਹਿੰਦਰ ਫੁਰਤੀਲਾ ਰੇਡਰ ਸੀ, ਉੱਥੇ ਮਹਾਂ ਸਿਹੁੰ ਤਕੜਾ ਜਾਫੀ! ਅਗਲੀ ਪੁਸ਼ਤ ਵਿੱਚ ਘੁੰਗਰੇ ਅਤੇ ਹਰਦੇਵ ਸਿੰਘ ਦਾ ਰਿਸ਼ਤਾ ਨਿੱਘਾ ਰਿਹਾ। ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ ਤਾਂ ਸਰਪੰਚੀ ਦਾ ਗੁਣਾਂ ਹਰਦੇਵ ਅਤੇ ਪੰਚੀ ਘੁੰਗਰੇ ਦੀ ਝੋਲੀ ਪਈ। ਹੁਣ ਤੀਜੀ ਪੀੜ੍ਹੀ ਵਿੱਚ ਨੰਜਾ ਅਤੇ ਬਖ਼ਤਾਵਰ ਇਸ ਸਾਂਝ ਦੇ ਝੰਡਾਬਰਦਾਰ ਬਣੇ ਹੋਏ ਸਨ। ਨੰਜਾ ਰੰਗ ਦਾ ਥੋੜ੍ਹਾ ਪੱਕਾ ਸੀ, ਕੱਦ ਦਰਮਿਆਨਾ ਅਤੇ ਸਰੀਰ ਗੱਠਿਆ ਹੋਇਆ। ਉੱਧਰ ਬਖ਼ਤਾਵਰ ਗੋਰਾ ਨਿਛੋਹ ਬਣਦਾ ਤਣਦਾ ਗੱਭਰੂ ਸੀ, ਪਰ ਜਦੋਂ ਕਦੇ ਇਕੱਠੇ ਕੁੜਤੇ ਚਾਦਰੇ ਪਾ ਕੇ ਮੇਲਿਆਂ ਮੁਸ੍ਵਾਬਿਆਂ ’ਤੇ ਨਿਕਲਦੇ ਤਾਂ ਲੋਕੀਂ ਅਸ਼-ਅਸ਼ ਕਰ ਉੱਠਦੇ: ‘ਬਈ ਸਨੇਹ ਹੋਵੇ ਤਾਂ ਇਨ੍ਹਾਂ ਵਰਗਾ...ਜਮ੍ਹਾਂ ਰੂਪ-ਬਸੰਤ ਦੀ ਜੋੜੀ ਐ।’
ਬਖ਼ਤਾਵਰ ਨੂੰ ਕਦੇ ਕਦੇ ਲੱਗਦਾ ਕਿ ਚੌਥੀ ਪੀੜ੍ਹੀ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਜੰਬਰ ਅੱਥਰੇ ਸੁਭਾਅ ਦਾ ਸੀ-ਜ਼ੈਲਦਾਰਾਂ ਦੇ ਸਾਊਪੁਣੇ ਤੋਂ ਨਿਰਾ ਉਲਟ! ਸਨਾਵਰ ਸਕੂਲ ਪੜ੍ਹਨ ਕਾਹਦਾ ਭੇਜਿਆ, ਖ਼ਾਨਦਾਨ ਦੀਆਂ ਰਹੁ-ਰੀਤਾਂ ਨੂੰ ਹੀ ਵਿਸਾਰਨ ਲੱਗ ਪਿਆ ਸੀ। ਫਿਰ ਵੀ ਉਹ ਆਸਵੰਦ ਸੀ ਕਿ ਜਦੋਂ ਜੰਬਰ ਪੜ੍ਹਾਈ ਪੂਰੀ ਕਰ ਕੇ ਕੰਮ ਸੰਭਾਲੇਗਾ ਤਾਂ ਪਿਤਾ-ਪੁਰਖੀ ਰਵਾਇਤਾਂ ਦਾ ਸਤਿਕਾਰ ਕਰਨਾ ਸਿੱਖ ਜਾਵੇਗਾ।
“ਪੁੱਤ, ਸਾਰਾ ਪਿੰਡ ਬੰਨ੍ਹ ਪੱਕਾ ਕਰਨ ਚੱਲਿਐ...ਤੇਰੇ ਵਰਗੇ ਜਵਾਨਾਂ ਦੀ ਲੋੜ ਐ ਉੱਥੇ।” ਬਖ਼ਤਾਵਰ ਨੇ ਛੁੱਟੀ ਆਏ ਜੰਬਰ ਨੂੰ ਨਾਲ ਚੱਲਣ ਲਈ ਲਲਕਾਰਿਆ।
“ਮੈਂ ਨ੍ਹੀਂ ਜਾਣਾ ਉੱਥੇ ਦੁੱਕੀ-ਤਿੱਕੀ ’ਚ...ਕੀੜੀਆਂ ਦਾ ਭੌਣ...।”
ਆਪਣੇ ਅਜ਼ੀਜ਼ ਦਾ ਜਵਾਬ ਸੁਣ ਕੇ ਜ਼ੈਲਦਾਰ ਦੰਗ ਰਹਿ ਗਿਆ। ਸਰਦਾਰਨੀ ਸੁਖਵਿੰਦਰ ਕੌਰ ਨੇ ਵੀ ਬਖ਼ਤਾਵਰ ਸਿੰਘ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਸੀ ਕਿ ਜਵਾਨ ਖ਼ੂਨ ਹੈ, ਕੁਝ ਨਾ ਹੀ ਕਿਹਾ ਜਾਵੇ ਤਾਂ ਚੰਗਾ ਹੋਵੇਗਾ।
ਇਉਂ ਲੱਗਦਾ ਸੀ, ਜਿਵੇਂ ਸਾਰੇ ਰਾਹ ਧੁੱਸੀ ਬੰਨ੍ਹ ਵੱਲ ਜਾਂਦੇ ਹੋਣ। ਗੱਭਰੂਆਂ ਦੀਆਂ ਢਾਣੀਆਂ, ਜੇਸੀਬੀ ਮਸ਼ੀਨਾਂ, ਲੰਗਰ ਦੀ ਰਸਦ ਵਾਲੀਆਂ ਗੱਡੀਆਂ ਚਾਰੇ ਪਾਸੇ ਨਜ਼ਰੀਂ ਪੈ ਰਹੀਆਂ ਸਨ। ਬੰਨ੍ਹ ਦਾ ਤਕਰੀਬਨ ਇੱਕ ਡੇਢ ਕਿਲੋਮੀਟਰ ਲੰਬਾ ਦਰਿਆ ਨਾਲ ਲੱਗਦਾ ਕੰਢਾ ਟੁੱਟਣ ਕਿਨਾਰੇ ਸੀ। ਪਾਣੀ ਦੀ ਧੱਕ ਨਾਲ ਦਰਿਆ ਦਾ ਵਹਾਅ ਬਦਲ ਰਿਹਾ ਸੀ। ਸਰਕਾਰੀ ਤੰਤਰ ਵੀ ਪੂਰੀ ਮੁਸ਼ਤੈਦੀ ਨਾਲ ਜੁਟਿਆ ਹੋਇਆ ਸੀ ਅਤੇ ਪਲ ਪਲ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾ ਰਹੀ ਸੀ।
ਬੰਨ੍ਹ ਉੱਤੇ ਕੰਮ ਕਰ ਰਹੀ ਮਨੁੱਖੀ ਕੜੀ ਵਿੱਚ ਅੰਤਾਂ ਦਾ ਜੋਸ਼ ਸੀ। ਕੋਈ ਟਰਾਲੀ ਢੇਰੀ ਕਰ ਰਿਹਾ, ਕੋਈ ਕਰਾਹ ਲਗਾ ਰਿਹਾ, ਕੋਈ ਰੇਤ ਦੀਆਂ ਬੋਰੀਆਂ ਭਰ ਕੰਧ ਬਣਾ ਰਿਹਾ। ਇਲਾਕੇ ਦਾ ਕੋਈ ਘਰ ਅਜਿਹਾ ਨਹੀਂ ਸੀ, ਜੋ ਇਸ ਮਹਾਂਕੁੰਭ ਵਿੱਚ ਹਿੱਸਾ ਨਾ ਪਾ ਕੇ ਨਿੱਸਲ ਬੈਠਾ ਹੋਵੇ। ਇੱਕ ਉੱਚੇ ਥੇਹ ਉੱਤੇ ਬੀਬੀਆਂ ਨਿਰੰਤਰ ਲੰਗਰ ਤਿਆਰ ਕਰਨ ਦੇ ਨਾਲ ਨਾਲ ਜਾਪ ਕਰ ਰਹੀਆਂ ਸਨ। ਕਬੱਡੀ ਮੈਚਾਂ ਵਿੱਚ ਕੁਮੈਂਟਰੀ ਕਰਨ ਵਾਲਾ ਨੰਬਰਦਾਰਾਂ ਦਾ ਦੁੱਲਾ ਮੀਂਹ ਨਾਲ ਗੱਚ ਹੋਏ ਲੀੜਿਆਂ ਦੀ ਪਰਵਾਹ ਕੀਤੇ ਬਿਨਾਂ ਜਵਾਨੀ ਨੂੰ ਲਲਕਾਰ ਰਿਹਾ ਸੀ: “ਵੀਰੋ...ਪੰਜਾਬ ਦੇ ਜੰਮਿਆਂ ਨੂੰ ਤਾਂ ਨਿੱਤ ਮੁਹਿੰਮਾਂ ਹੁੰਦੀਆਂ ਨੇ...ਪਤਾ ਨ੍ਹੀਂ ਕਿੰਨੀ ਵਾਰੀ ਨਿਪਟੇ ਤੇ ਉੱਠ ਖੜ੍ਹੇ ਹੋਏ...ਹੁਣ ਵੀ ਦਰਿਆ ਦਾ ਵਹਿਣ ਮੋੜ ਕੇ ਰਹਾਂਗੇ।” ਜੈਕਾਰੇ ਗੂੰਜ ਰਹੇ ਸਨ। ਮੂਸਲਾਧਾਰ ਮੀਂਹ ਦੀ ਕਿਸੇ ਨੂੰ ਚਿੰਤਾ ਨਹੀਂ ਸੀ। ਨਾ ਹੀ ਕਿਸੇ ਨੂੰ ਜਾਤ-ਪਾਤ, ਧਰਮ, ਨਸਲ ਦਾ ਚਿੱਤ-ਚੇਤਾ ਸੀ। ਕਾਰ-ਸੇਵੀ ਭੁੰਜੇ ਬਹਿ ਲੰਗਰ ਛਕਦੇ, ਜਾਪ ਕਰਦੇ ਅਤੇ ਮੁੜ ਮੋਰਚੇ ’ਤੇ ਜਾ ਡਟਦੇ।
ਅੱਜ ਦੀ ਰਾਤ ਕਿਆਮਤ ਵਾਲੀ ਸੀ। ਐਲਾਨ ਹੋ ਚੁੱਕਿਆ ਸੀ ਕਿ ਭਾਖੜਾ ਡੈਮ ਦੇ ਗੇਟ ਖੋਲ੍ਹੇ ਜਾਣਗੇ। ਸਭ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਸਨ, ਪਰ ਏਕੇ ਦੀ ਤਾਕਤ ਆਸਾਂ ਦੇ ਦੀਵੇ ਬਲਦੇ ਰੱਖ ਰਹੀ ਸੀ। ਕੀ ਗੱਭਰੂ, ਕੀ ਬਿਰਧ, ਕਿਸਾਨ ਮਜ਼ਦੂਰ, ਜ਼ਿੰਦਗੀਆਂ ਬਚਾਉਣ ਦਾ ਤਹੱਈਆ ਕਰੀ ਬੈਠੇ ਸਨ। ਟਰੈਕਟਰ ’ਤੇ ਬੈਠ ਕੇ ਆਲ਼ੇ ਦੁਆਲ਼ੇ ਦਾ ਚੱਕਰ ਲਗਾਉਂਦੇ, ਗਿਆਨੀ ਹਰਮੀਤ ਸਿੰਘ ਇਤਿਹਾਸ ਦੀਆਂ ਟੂਕਾਂ ਦੇ ਹਵਾਲੇ ਦੇ ਦੇ ਕੇ ਉੱਦਮੀਆਂ ਵਿੱਚ ਜੋਸ਼ ਭਰ ਰਹੇ ਸਨ: “ਪੰਜਾਬ ਤਾਂ ਵੱਸਦਾ ਹੀ ਗੁਰਾਂ ਦੇ ਨਾਮ ’ਤੇ ਹੈ...ਇੱਥੇ ਬੜੇ ਸਿਕੰਦਰ, ਅਬਦਾਲੀ, ਗਜ਼ਨਵੀ ਆਏ...ਘੱਲੂਘਾਰੇ ਹੋਏ...ਆਪਾਂ ਹਿੱਕਾਂ ਡਾਹ ਕੇ ਮੂਹਰੇ ਖੜ੍ਹੇ...ਜੇ ਉਹਨੇ ਇਮਤਿਹਾਨ ਵਿੱਚ ਪਾਇਐ, ਤਾਂ ਆਪਣੀ ਪਾਸ ਹੋਣ ਦੀ ਵਾਰੀ ਐ।”
ਅੱਧੀ ਰਾਤੀਂ ਬਖ਼ਤਾਵਰ ਸਿੰਘ ਤੇ ਨੰਜਾ ਨੁੱਚੜਦੇ ਕੱਪੜਿਆਂ ਨਾਲ ਬੰਨ੍ਹ ਉੱਤੇ ਮਿੱਟੀ ਦੇ ਬੋਰੇ ਭਰ ਕੇ ਰੱਖ ਰਹੇ ਸਨ, ਜਦੋਂ ਪਾਣੀ ਦੀ ਤਕੜੀ ਝੋਲ ਨੇ ਉਨ੍ਹਾਂ ਦੇ ਪੈਰ ਉਖਾੜ ਦਿੱਤੇ ਅਤੇ ਵੱਡਾ ਪਾੜ ਪੈ ਗਿਆ। ਚੀਕ ਚਿਹਾੜਾ ਮੱਚ ਗਿਆ ਅਤੇ ਗੱਭਰੂਆਂ ਨੇ ਇੱਕੋ ਵਾਰੀ ਕਈ ਟਰਾਲੀਆਂ ਢੇਰੀ ਕਰ ਪਾੜ ਨੂੰ ਪੂਰ ਦਿੱਤਾ। ਇੱਧਰਲੇ ਕੰਢੇ ਪਾਣੀ ਨੂੰ ਕਾਬੂ ਕੀਤਾ ਹੀ ਸੀ ਕਿ ਦੂਜੇ ਬੰਨਿਉਂ ਨੱਕਾ ਟੁੱਟਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਕੁੱਝ ਸਮੇਂ ਪਿੱਛੋਂ ਦਰਿਆ ਆਪਣੇ ਕੁਦਰਤੀ ਵਹਿਣ ਵਿੱਚ ਵਗਣ ਲੱਗਾ ਸੀ, ਪਰ ਫਿਰ ਵੀ ਖ਼ਤਰਾ ਟਲਿਆ ਨਹੀਂ ਸੀ ਅਤੇ ਸਵੇਰ ਹੋਣ ’ਤੇ ਹੀ ਸਾਰੀ ਸਥਿਤੀ ਦਾ ਸਾਫ਼ ਹੋਣਾ ਸੰਭਵ ਸੀ।
ਪਹੁ-ਫੁਟਾਲਾ ਹੋਇਆ, ਬਾਰਸ਼ ਰੁਕੀ ਤਾਂ ਮਜ਼ਬੂਤ ਬੰਨ੍ਹ ਦੇਖ ਕੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਹਜ਼ਾਰਾਂ ਏਕੜ ਫ਼ਸਲ ਅਤੇ ਜੀਵ-ਜੰਤੂ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਸਨ। ਜ਼ੈਲਦਾਰ ਬਖ਼ਤਾਵਰ ਸਿੰਘ ਨੇ ਜੈਕਾਰਿਆਂ ਦੀ ਗੂੰਜ ਵਿੱਚ ਮੁਹਿੰਮ ਦੇ ਸਫਲ ਹੋਣ ’ਤੇ ਸਭ ਨੂੰ ਵਧਾਈ ਦਿੱਤੀ: “ਇਹ ਤੁਹਾਡੀ ਸਭ ਦੀ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਮਿਹਨਤ ਦਾ ਹੀ ਸਿੱਟਾ ਹੈ ਕਿ ਆਪਾਂ ਸ਼ੂਕਦੇ ਪਾਣੀਆਂ ਨੂੰ ਠੱਲ੍ਹਣ ਵਿੱਚ ਕਾਮਯਾਬ ਹੋਏ ਹਾਂ...ਇਸੇ ਤਰ੍ਹਾਂ ਭਾਈਚਾਰਾ ਬਣਿਆ ਰਹੇ ਅਤੇ ਆਪਾਂ ਹਰ ਮੰਜ਼ਿਲ ਸਰ ਕਰਦੇ ਰਹੀਏ।” ਦਸ ਬਾਰਾਂ ਨੌਜਵਾਨਾਂ ਨੂੰ ਚੌਕਸ ਰਹਿਣ ਦੀ ਤਾਕੀਦ ਕਰ ਕੇ ਲੋਕੀ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ।
“ਛੋਟਿਆ, ਤੂੰ ਵੀ ਹੁਣ ਘਰ ਜਾ ਕੇ ਆਰਾਮ ਕਰ...ਦੋ-ਤਿੰਨ ਦਿਨ ਬਾਅਦ ਪਾਣੀ ਸੁੱਕਣ ਤੋਂ ਬਾਅਦ ਦੇਖਾਂਗੇ।” ਜ਼ੈਲਦਾਰ ਨੇ ਨੰਜੇ ਨੂੰ ਥਾਪੜਾ ਦਿੱਤਾ।
“ਠੀਕ ਐ ਬਾਈ...ਜੇ ਲੋੜ ਹੋਈ ਸੁਨੇਹਾ ਘੱਲ ਦੇਣਾ।”
ਥੱਕੇ ਟੁੱਟੇ ਨੰਜੇ ਨੇ ਘੜੇ ਵਿੱਚੋਂ ਪਾਣੀ ਦਾ ਗਲਾਸ ਹੀ ਭਰਿਆ ਸੀ ਕਿ ਜੰਬਰ ਪਤਾ ਨਹੀਂ ਕਿੱਧਰੋਂ ਆ ਧਮਕਿਆ।
“ਤੇਰੀ ਹਿੰਮਤ ਕਿਵੇਂ ਹੋਈ...ਘੜੇ ਨੂੰ ਹੱਥ ਲਾਉਣ ਦੀ...ਕਮੀਣ ਜਾਤੇ...।” ਨੰਜਾ ਜਿਵੇਂ ਜ਼ਮੀਨ ਵਿੱਚ ਗੱਡਿਆ ਗਿਆ ਹੋਵੇ।
ਜੰਬਰ ਨੂੰ ਲਗਾਤਾਰ ਗਾਲ਼ੀ ਗਲੋਚ ਕਰਦਿਆਂ ਦੇਖ ਬਖ਼ਤਾਵਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਹੁਣ ਤੱਕ ਲਾਡਾਂ ਨਾਲ ਪਾਲ਼ੇ ਜਵਾਨ ਜਹਾਨ ਪੁੱਤ ਨੂੰ ਵਰਜਣ ਤੋਂ ਪਾਸਾ ਵੱਟਦੇ ਜ਼ੈਲਦਾਰ ਦੀਆਂ ਅੱਖਾਂ ਅੰਗਿਆਰੇ ਵਰ੍ਹਾਉਣ ਲੱਗੀਆਂ।
“ਤੂੰ ਮੇਰੇ ਭਰਾ ਨੂੰ ਝਿੜਕਿਆ...ਤੇਰੀ ਜੁਰਅੱਤ ਕਿਵੇਂ ਪਈ?”
ਨੰਜੇ ਨੇ ਬਖ਼ਤਾਵਰ ਸਿੰਘ ਦਾ ਹੱਥ ਫੜ ਕੇ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਉਸ ਨੇ ਇੱਕੋ ਝਟਕੇ ਨਾਲ ਹੱਥ ਛੁਡਾ ਲਿਆ ਅਤੇ ਤਾੜ ਕਰਦਾ ਥੱਪੜ ਜੰਬਰ ਦੇ ਮੂੰਹ ’ਤੇ ਪਿਆ।
“ਨਿਕਲ ਜਾ ਮੇਰੇ ਘਰੋਂ...ਗੰਦੀ ਔਲਾਦ।” ਜ਼ੈਲਦਾਰ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਸੀ।
ਘਰੋਂ ਬਾਹਰ ਜਾਂਦੇ ਨੰਜੇ ਨੂੰ ਰੋਕਣ ਲਈ ਬਖ਼ਤਾਵਰ ਸਿੰਘ ਨੇ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਅਤੇ ਦੋਵੇਂ ਜਣੇ ਜ਼ਾਰ-ਜ਼ਾਰ ਰੋਣ ਲੱਗੇ। ਆਲ਼ੇ ਦੁਆਲ਼ੇ ਇਕੱਠਾ ਹੋਇਆ ਲੋਕਾਂ ਦਾ ਹਜੂਮ ਦੇਖ ਰਿਹਾ ਸੀ ਕਿ ਦਰਿਆਵਾਂ ਦੇ ਵਹਿਣਾਂ ਨੂੰ ਤਾਂ ਨੱਕੇ ਲੱਗ ਸਕਦੇ ਹਨ, ਪਰ ਮੋਹ-ਭਿੱਜੇ ਨੈਣਾਂ ਦੇ ਹੜ੍ਹ ਨੂੰ ਨਹੀਂ!
ਸੰਪਰਕ: 89684-33500

