ਲਪਟਾਂ
ਬਾਲ ਕਹਾਣੀ ਗਾਲ੍ਹੜਾਂ ਦਾ ਜੋੜਾ ਇਸ ਮੰਜਰ ਤੋਂ ਬੇਖ਼ਬਰ ਬੜੀ ਮਸਤੀ ਨਾਲ ਨਿੰਮ ਦੀਆਂ ਟਾਹਣੀਆਂ ਤੋਂ ਧਰੇਕ ਦੀਆਂ ਟਾਹਣੀਆਂ ’ਤੇ ਛਾਲਾਂ ਮਾਰਦਾ ਇੱਕ ਦੂਜੇ ਪਿੱਛੇ ਇਵੇਂ ਦੌੜ ਰਿਹਾ ਸੀ ਜਿਵੇਂ ਬੱਚੇ ਫੜਨ-ਫੜਾਈ ਖੇਡਦੇ ਹਨ। ਹੌਲੀ-ਹੌਲੀ ਉੱਠ ਰਹੀਆਂ ਲਪਟਾਂ ਦਾ ਸੇਕ...
ਬਾਲ ਕਹਾਣੀ
ਗਾਲ੍ਹੜਾਂ ਦਾ ਜੋੜਾ ਇਸ ਮੰਜਰ ਤੋਂ ਬੇਖ਼ਬਰ ਬੜੀ ਮਸਤੀ ਨਾਲ ਨਿੰਮ ਦੀਆਂ ਟਾਹਣੀਆਂ ਤੋਂ ਧਰੇਕ ਦੀਆਂ ਟਾਹਣੀਆਂ ’ਤੇ ਛਾਲਾਂ ਮਾਰਦਾ ਇੱਕ ਦੂਜੇ ਪਿੱਛੇ ਇਵੇਂ ਦੌੜ ਰਿਹਾ ਸੀ ਜਿਵੇਂ ਬੱਚੇ ਫੜਨ-ਫੜਾਈ ਖੇਡਦੇ ਹਨ। ਹੌਲੀ-ਹੌਲੀ ਉੱਠ ਰਹੀਆਂ ਲਪਟਾਂ ਦਾ ਸੇਕ ਉੱਪਰ ਨੂੰ ਚੜ੍ਹਨ ਲੱਗਿਆ। ਜਿਉਂ ਹੀ ਉਨ੍ਹਾਂ ਨੇ ਥੱਲੇ ਦੇਖਿਆ ਪਲ ਭਰ ਪਹਿਲਾਂ ਵਾਲੀ ਮਸਤੀ ਇਕਦਮ ਖ਼ੌਫ਼ ਵਿੱਚ ਬਦਲ ਗਈ। ਲਪਟਾਂ ਤੇਜ਼ੀ ਨਾਲ ਉੱਪਰ ਵੱਲ ਆ ਰਹੀਆਂ ਸਨ। ਪੱਤੇ, ਟਾਹਣੀਆਂ ਚਿੜ ਚਿੜ ਕਰਕੇ ਮੱਚਣ ਲੱਗੀਆਂ। ਹੁਣ ਉਨ੍ਹਾਂ ਦਾ ਬਚਣਾ ਮੁਸ਼ਕਿਲ ਸੀ।
ਅੱਗ ਦਾ ਘੇਰਾ ਵਧਦਾ ਜਾ ਰਿਹਾ ਸੀ। ਨਾਲ ਸੂਏ ਦੀ ਪਟੜੀ ’ਤੇ ਵੀ ਘਾਹ ਨੂੰ ਅੱਗ ਚੜ੍ਹ ਗਈ ਸੀ। ਦੋਵੇਂ ਇੱਕ ਦੂਜੇ ਦੇ ਨੇੜੇ ਹੋਣ ਲੱਗੇ। ਫਿਰ ਇਕਦਮ ਉੱਪਰੋਂ ਇਕੱਠਿਆਂ ਹੀ ਛਾਲ ਮਾਰ ਦਿੱਤੀ। ਉਨ੍ਹਾਂ ਦੀਆਂ ਪੂਛਾਂ ਦੇ ਵਾਲਾਂ ਤੱਕ ਸੇਕ ਪਹੁੰਚ ਗਿਆ ਸੀ, ਪਰ ਸੜਨ ਤੋਂ ਬਚ ਗਏ। ਰੁੱਖਾਂ ਦੀਆਂ ਜੜ੍ਹਾਂ ’ਚ ਰੈਣ ਬਸੇਰਾ ਕਰਦੇ ਛੋਟੇ ਜੀਵ, ਕੀੜੇ-ਮਕੌੜੇ ਪਲ ਵਿੱਚ ਸਵਾਹ ਹੋ ਗਏ। ਪੰਛੀਆਂ ਨੇ ਵੀ ਰੌਲਾ ਚੱਕ ਦਿੱਤਾ, ਪਰ ਸੁਣਨ ਵਾਲਾ ਕੌਣ ਸੀ ? ਜ਼ੋਰ-ਜ਼ੋਰ ਦੀ ਧੜਕਦੇ ਦਿਲ ਨਾਲ ਹੁਣ ਦੂਰ ਖੜ੍ਹਾ ਗਾਲ੍ਹੜ ਜੋੜਾ ਇੱਕ ਦੂਜੇ ਨੂੰ ਕਹਿ ਰਿਹਾ ਸੀ;
‘‘ਅਸੀਂ ਤਾਂ ਦੌੜ ਕੇ ਬਚ ਗਏ, ਪਰ ਇਹ ਦਰਵੇਸ਼ ਰੁੱਖ ਜਿਹੜੇ ਆਪਣੀ ਥਾਂ ਤੋਂ ਹਿੱਲ ਨਹੀਂ ਸਕਦੇ ਇਨ੍ਹਾਂ ਦਾ ਕੀ ਕਸੂਰ ਹੈ ?’’
‘‘ਹਾਂ! ਹਰ ਵਾਰ ਨਾੜ ਸਾੜਨ ਦੇ ਨਾਲ ਕਿਉਂ ਇਨ੍ਹਾਂ ਨੂੰ ਲਪਟਾਂ ਦੇ ਹਵਾਲੇ ਕੀਤਾ ਜਾਂਦਾ ਹੈ ? ਇਹ ਇਨਸਾਨ ਇੰਨਾ ਬੇਰਹਿਮ ਤੇ ਬੇਦਰਦ ਕਿਉਂ ਬਣ ਗਿਆ ਹੈ ?’’ ਦੂਜੇ ਗਾਲ੍ਹੜ ਨੇ ਕਿਹਾ।
ਪਿੱਛੇ ਮੂੰਹ ਨਾਲ ਆਪਣੀ ਸੇਕ ਲੱਗੀ ਪੂਛ ਨੂੰ ਚੱਟਦਿਆਂ ਮਾਦਾ ਗਾਲ੍ਹੜ ਕਹਿ ਰਹੀ ਸੀ;
‘‘ਇਹ ਕਿਉਂ ਨਹੀਂ ਸਮਝਦਾ ਕਿ ਜੇਕਰ ਜੀਵ-ਜੰਤੂ, ਰੁੱਖ ਤੇ ਬਨਸਪਤੀ ਹੈ ਤਾਂ ਹੀ ਉਸ ਦੀ ਹੋਂਦ ਹੈ। ਜੇ ਮਨੁੱਖ ਸਭ ਇਸੇ ਤਰ੍ਹਾਂ ਖ਼ਤਮ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਖ਼ੁਦ ਜਿਸ ਤਰ੍ਹਾਂ ਇਹ ਰੁੱਖ ਅੱਗ ਦੀਆਂ ਲਪਟਾਂ ਨਾਲ ਭੁੱਜ ਰਹੇ ਹਨ, ਉਹ ਵੀ ਧਰਤੀ ’ਤੇ ਤਾਪਮਾਨ ਵਧਣ ਨਾਲ ਇਸੇ ਤਰ੍ਹਾਂ ਸੜਦਾ ਹੋਇਆ ਖ਼ਤਮ ਹੋ ਜਾਵੇਗਾ।’’
ਅੱਗੇ ਵਧਦੀ ਅੱਗ ਨੂੰ ਦੇਖਦਿਆਂ ਜਿਉਂ ਹੀ ਉਨ੍ਹਾਂ ਦੀ ਨਜ਼ਰ ਪਿੱਛੇ ਮੁੜੀ ਤਾਂ ਕੀ ਦੇਖਦੇ ਹਨ ਕਿ ਦੋ ਨੌਜਵਾਨ ਹੱਥਾਂ ਵਿੱਚ ਰੁੱਖਾਂ ਦੀਆਂ ਟਾਹਣੀਆਂ ਫੜ ਅੱਗ ’ਤੇ ਉਨ੍ਹਾਂ ਨੂੰ ਮਾਰ-ਮਾਰ ਬੁਝਾ ਰਹੇ ਸਨ ਅਤੇ ਆਪਣੇ ਦੂਸਰੇ ਸਾਥੀਆਂ ਨੂੰ ਜਲਦੀ ਨਾਲ ਨੇੜੇ ਖੇਤ ’ਚੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਲਿਆਉਣ ਲਈ ਕਹਿ ਰਹੇ ਸਨ। ਚੀਕ ਚਿਹਾੜਾ ਪਾ ਰਹੇ ਪੰਛੀਆਂ ਤੇ ਜਾਨਵਰਾਂ ਦੇ ਦਿਲਾਂ ਨੂੰ ਹੁਣ ਕੁਝ ਧਰਵਾਸ ਮਿਲਿਆ ਅਤੇ ਆਪਣੀਆਂ ਚੁੰਝਾਂ ਤੇ ਪੰਜਿਆਂ ਨੂੰ ਇੱਕ ਦੂਜੇ ਨਾਲ ਮਿਲਾ ਕੇ ਕਹਿ ਰਹੇ ਸਨ, ‘‘ਚੰਗੀ ਸੋਚ ਤੇ ਸਰਬੱਤ ਦਾ ਭਲਾ ਚਾਹੁੰਣ ਵਾਲੇ ਲੋਕ ਵੀ ਅਜੇ ਇਸ ਧਰਤੀ ’ਤੇ ਮੌਜੂਦ ਹਨ।’’
ਹੁਣ ਲਪਟਾਂ ਹੌਲੀ-ਹੌਲੀ ਠੰਢੀਆਂ ਪੈ ਗਈਆਂ ਸਨ।
ਸੰਪਰਕ: 86995-35708

