fire accident: ਅੱਗ ਲੱਗਣ ਕਾਰਨ ਚਾਰ ਦੁਕਾਨਾਂ ਸੜੀਆਂ
ਇੱਥੇ ਟਾਹਲੀ ਵਾਲਾ ਚੌਕ ਨੇੜੇ ਬੀਤੀ ਦੇਰ ਰਾਤ ਸਰੀਆ ਅਤੇ ਫਾਈਬਰ ਦਾ ਸਾਮਾਨ ਰੱਖਣ ਵਾਲੀਆਂ ਦੁਕਾਨਾਂ ਵਿੱਚ ਅੱਗ ਲਈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਆਈਆਂ ਚਾਰ ਦੁਕਾਨਾਂ ਪੂਰੀ ਤਰ੍ਹਾਂ ਸੜ ਗਈਆਂ। ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ...
ਇੱਥੇ ਟਾਹਲੀ ਵਾਲਾ ਚੌਕ ਨੇੜੇ ਬੀਤੀ ਦੇਰ ਰਾਤ ਸਰੀਆ ਅਤੇ ਫਾਈਬਰ ਦਾ ਸਾਮਾਨ ਰੱਖਣ ਵਾਲੀਆਂ ਦੁਕਾਨਾਂ ਵਿੱਚ ਅੱਗ ਲਈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਆਈਆਂ ਚਾਰ ਦੁਕਾਨਾਂ ਪੂਰੀ ਤਰ੍ਹਾਂ ਸੜ ਗਈਆਂ। ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੌਕਸੀ ਦਿਖਾਉਂਦਿਆਂ ਬਚਾ ਲਿਆ।
ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ ਕੁਝ ਦੁਕਾਨਾਂ ਵਿੱਚ ਅਚਾਨਕ ਅੱਗ ਲੱਗ ਗਈ। ਦੁਕਾਨਾਂ ਵਿੱਚ ਫਾਈਬਰ ਦੀਆਂ ਸ਼ੀਟਾਂ, ਪਾਣੀ ਵਾਲੀਆਂ ਟੈਂਕੀਆਂ ਦੇ ਪਲਾਸਟਿਕ ਕਵਰਾਂ ਸਣੇ ਅਤੇ ਹੋਰ ਜਲਣਸ਼ੀਲ ਸਾਮਾਨ ਪਿਆ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਦੁਕਾਨਾਂ ਅੰਦਰ ਲੱਗੇ ਲੋਹੇ ਦੇ ਮਜ਼ਬੂਤ ਐਂਗਲ ਵੀ ਪਿਘਲ ਗਏ। ਅੱਗ ਬੁਝਾਉਣ ਲਈ ਰਾਜਪੁਰਾ ਤੋਂ ਇਲਾਵਾ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਲਗਪਗ ਸਾਢੇ ਤਿੰਨ ਤੋਂ ਚਾਰ ਘੰਟਿਆਂ ਤੱਕ ਲਗਾਤਾਰ ਜੱਦੋ-ਜਹਿਦ ਕਰਦਿਆਂ ਅੱਗ ਬੁਝਾਈ।
ਫਾਇਰ ਅਫਸਰ ਰੁਪਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਰਾਤ 2 ਵਜੇ ਲੱਗੀ ਅੱਗ ਨੂੰ ਸਵੇਰੇ ਕਰੀਬ 5.30 ਵਜੇ ਬੁਝਾਇਆ ਗਿਆ। ਦੁਕਾਨਾਂ ਵਿੱਚ ਮੌਜੂਦ ਫਾਈਬਰ ਸ਼ੀਟਾਂ ਅਤੇ ਪਾਣੀ ਵਾਲੀਆਂ ਟੈਂਕੀਆਂ ਦੇ ਪਲਾਸਟਿਕ ਆਦਿ ਨੇ ਅੱਗ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ। ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਤੁਰੰਤ ਕਾਰਵਾਈ ਸਦਕਾ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਿਆ ਗਿਆ। ਇਸ ਹਾਦਸੇ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਅਤੇ ਸੜਨ ਦਾ ਖ਼ਦਸ਼ਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

