ਗ਼ਲਤੀ ਦਾ ਅਹਿਸਾਸ
ਬਾਲ ਕਹਾਣੀ ਹੋਲੀ ਦਾ ਤਿਉਹਾਰ ਨੇੜੇ ਸੀ। ਰਿੰਕੂ ਨੂੰ ਹੋਲੀ ਦੇ ਨਾਂ ਤੋਂ ਹੀ ਡਰ ਲੱਗਦਾ ਸੀ। ਇਸ ਲਈ ਉਹ ਹੋਲੀ ਵਾਲੇ ਦਿਨ ਘਰ ਤੋਂ ਬਾਹਰ ਹੀ ਨਹੀਂ ਸੀ ਨਿਕਲਦਾ। ਜਦੋਂਕਿ ਉਸ ਦੇ ਗੁਆਂਢੀ ਦੋਸਤ ਹੋਲੀ ’ਤੇ ਖੂਬ ਮਸਤੀ ਕਰਦੇ...
ਬਾਲ ਕਹਾਣੀ
ਹੋਲੀ ਦਾ ਤਿਉਹਾਰ ਨੇੜੇ ਸੀ। ਰਿੰਕੂ ਨੂੰ ਹੋਲੀ ਦੇ ਨਾਂ ਤੋਂ ਹੀ ਡਰ ਲੱਗਦਾ ਸੀ। ਇਸ ਲਈ ਉਹ ਹੋਲੀ ਵਾਲੇ ਦਿਨ ਘਰ ਤੋਂ ਬਾਹਰ ਹੀ ਨਹੀਂ ਸੀ ਨਿਕਲਦਾ। ਜਦੋਂਕਿ ਉਸ ਦੇ ਗੁਆਂਢੀ ਦੋਸਤ ਹੋਲੀ ’ਤੇ ਖੂਬ ਮਸਤੀ ਕਰਦੇ ਸਨ।
ਰਿੰਕੂ ਦੇ ਦੋਸਤਾਂ ਦੀ ਖੁਸ਼ੀ ਉਦੋਂ ਫਿੱਕੀ ਪੈ ਜਾਂਦੀ ਸੀ ਜਦੋਂ ਉਨ੍ਹਾਂ ਨੂੰ ਰਿੰਕੂ ਦੀ ਕਮੀ ਮਹਿਸੂਸ ਹੁੰਦੀ। ਉਨ੍ਹਾਂ ਨੇ ਪਿਛਲੇ ਸਾਲ ਵੀ ਰਿੰਕੂ ਨੂੰ ਹੋਲੀ ਖੇਡਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਰਿੰਕੂ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ ਤੇ ਘਰ ਅੰਦਰ ਹੀ ਰਿਹਾ।
ਇਸ ਵਾਰ ਹੋਲੀ ’ਤੇ ਸਭ ਦੋਸਤਾਂ ਨੂੰ ਪਤਾ ਲੱਗਾ ਕਿ ਰਿੰਕੂ ਘਰ ਵਿੱਚ ਇਕੱਲਾ ਹੈ। ਉਸ ਦੇ ਮੰਮੀ-ਪਾਪਾ ਕਿਸੇ ਨੇੜੇ ਦੀ ਰਿਸ਼ਤੇਦਾਰੀ ਵਿੱਚ ਗਏ ਹਨ। ਉਨ੍ਹਾਂ ਨੇ ਸੋਚਿਆ ਕਿਸੇ ਤਰ੍ਹਾਂ ਰਿੰਕੂ ਨੂੰ ਹੋਲੀ ਖੇਡਣ ਲਈ ਮਨਾ ਹੀ ਲੈਣਗੇ ਤੇ ਜੇਕਰ ਜ਼ਬਰਦਸਤੀ ਕਰਨੀ ਪਈ ਤਾਂ ਵੀ ਕੋਈ ਹਰਜ਼ ਨਹੀਂ। ਉਨ੍ਹਾਂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਰਿੰਕੂ ਨੇ ਆਪਣੇ ਕਮਰੇ ਦੇ ਦਰਵਾਜ਼ੇ ਨੂੰ ਅੰਦਰੋਂ ਚਿਟਕਣੀ ਲਗਾ ਲਈ ਤਾਂ ਕਿ ਕੋਈ ਵੀ ਹੋਲੀ ਦਾ ਰੰਗ ਨਾ ਲਗਾ ਜਾਵੇ। ਉਸ ਦੇ ਦੋਸਤਾਂ ਨੇ ਉਸ ਨੂੰ ਮੋਬਾਈਲ ਫੋਨ ’ਤੇ ਵੀ ਮਨਾਉਣਾ ਚਾਹਿਆ, ਪਰ ਸਭ ਬੇਕਾਰ।
ਫਿਰ ਉਸ ਦੇ ਦੋਸਤਾਂ ਨੇ ਆਪਣਾ ਮਨ ਸਮਝਾਇਆ ਤੇ ਵਾਪਸ ਚਲੇ ਗਏ। ਫਿਰ ਸਾਰੇ ਹੋਲੀ ਖੇਡਣ ਲੱਗੇ। ਰਿੰਕੂ ਵੀ ਹੁਣ ਆਪਣੇ ਕਮਰੇ ਵਿੱਚ ਬੇਡਰ ਹੋ ਕੇ ਟੀਵੀ ’ਤੇ ਟੀ-20 ਦਾ ਕ੍ਰਿਕਟ ਮੈਚ ਵੇਖਣ ਲੱਗਾ। ਤਦੇ ਦਰਵਾਜ਼ੇ ’ਤੇ ਦਸਤਕ ਹੋਈ। ਉਸ ਨੇ ਪੁੱਛਿਆ, ‘‘ਕੌਣ ?’’
‘‘ਬੇਟਾ... ਮੈਂ ਹਾਂ ਤੇਰੀ ਮੰਮੀ...।’’ ਰਿੰਕੂ ਨੇ ਮੰਮੀ ਦੀ ਆਵਾਜ਼ ਸੁਣੀ ਤਾਂ ਉਸ ਦੇ ਸਾਹ ਵਿੱਚ ਸਾਹ ਆਇਆ। ਪਹਿਲਾਂ ਉਸ ਨੇ ਸੋਚਿਆ ਸੀ ਕਿ ਉਸ ਦੇ ਦੋਸਤ ਦੁਬਾਰਾ ਆ ਗਏ। ਫਿਰ ਉਸ ਨੇ ਖੁਸ਼ ਹੋ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਇਕਦਮ ਘਬਰਾ ਗਿਆ। ਕਿੰਨੇ ਹੀ ਹੱਥਾਂ ਨੇ ਉਸ ਨੂੰ ਫੜ ਲਿਆ ਸੀ ਤੇ ਬਾਹਰ ਖਿੱਚ ਕੇ ਲੈ ਗਏ ਸਨ। ਫਿਰ ਸਭ ਨੇ ਉਸ ਨੂੰ ਖੂਬ ਰੰਗ ਲਗਾਏ। ਇਹ ਰਿੰਕੂ ਦੇ ਦੋਸਤ ਹੀ ਸਨ, ਜਿਨ੍ਹਾਂ ਨੇ ਚਲਾਕੀ ਨਾਲ ਉਸ ਨੂੰ ਘਰ ਤੋਂ ਬਾਹਰ ਲਿਆਂਦਾ ਸੀ।
ਦਰਅਸਲ, ਰਿੰਕੂ ਦਾ ਇੱਕ ਦੋਸਤ ਸੀ ਹੈਰੀ। ਹੈਰੀ ਕੁਝ ਫਿਲਮੀ ਕਲਾਕਾਰਾਂ ਦੀ ਆਵਾਜ਼ ਕੱਢਣ ਵਿੱਚ ਮਾਹਿਰ ਸੀ। ਉਹ ਰਿੰਕੂ ਦੇ ਮੰਮੀ ਦੇ ਸਕੂਲ ਵਿੱਚ ਪੜ੍ਹਦਾ ਸੀ। ਰਿੰਕੂ ਦੇ ਮੰਮੀ ਅਧਿਆਪਕ ਸਨ ਤੇ ਹੈਰੀ ਉਨ੍ਹਾਂ ਦਾ ਵਿਦਿਆਰਥੀ। ਇਸ ਲਈ ਰਿੰਕੂ ਦੇ ਮੰਮੀ ਦੇ ਬੋਲਣ ਦੇ ਅੰਦਾਜ਼ ਤੋਂ ਹੈਰੀ ਭਲੀ ਭਾਂਤੀ ਜਾਣੂ ਸੀ। ਉਸ ਨੂੰ ਵੀ ਸ਼ਰਾਰਤ ਸੁੱਝੀ ਕਿ ਜੇਕਰ ਰਿੰਕੂ ਦਰਵਾਜ਼ਾ ਨਹੀਂ ਖੋਲ੍ਹਦਾ ਤੇ ਫੋਨ ਨਹੀਂ ਚੁੱਕ ਰਿਹਾ ਤਾਂ ਇਹ ਯੋਜਨਾ ਅਜ਼ਮਾ ਲੈਂਦੇ ਹਾਂ। ਉਹ ਰਿੰਕੂ ਦੇ ਮੰਮੀ ਦੀ ਆਵਾਜ਼ ਕੱਢਣ ਦਾ ਯਤਨ ਕਰ ਲੈਂਦਾ ਹੈ, ਜਿਸ ਨਾਲ ਰਿੰਕੂ ਕੋਲੋਂ ਧੋਖੇ ਨਾਲ ਦਰਵਾਜ਼ਾ ਖੁੱਲ੍ਹਵਾਇਆ ਜਾਵੇ ਤੇ ਆਸਾਨੀ ਨਾਲ ਹੋਲੀ ਦਾ ਰੰਗ ਲਗਾਇਆ ਜਾਵੇ। ਉਸ ਪਲ ਰਿੰਕੂ ਨੂੰ ਵੀ ਇਸ ਚਾਲ ਦਾ ਅੰਦਾਜ਼ਾ ਨਹੀਂ ਸੀ। ਉਹ ਹੈਰੀ ਦੀ ਆਵਾਜ਼ ਨਾਲ ਧੋਖਾ ਖਾ ਗਿਆ ਸੀ।
ਹੈਰੀ ਨੂੰ ਬੜਾ ਗੁੱਸਾ ਸੀ ਕਿ ਉਸ ਦੇ ਦੋਸਤਾਂ ਨੇ ਆਖਿਰਕਾਰ ਉਸ ਨੂੰ ਰੰਗ ਲਗਾ ਹੀ ਦਿੱਤਾ। ਉਹ ਉਨ੍ਹਾਂ ਨਾਲ ਬਹੁਤ ਨਾਰਾਜ਼ ਹੋ ਗਿਆ। ਇੰਨੇ ਵਿੱਚ ਹੀ ਰਿੰਕੂ ਦੇ ਮੰਮੀ-ਪਾਪਾ ਵੀ ਆ ਗਏ। ਉਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪਹਿਲਾਂ ਰਿੰਕੂ ਨੂੰ ਸਮਝਾਇਆ ਕਿ ਹੋਲੀ ਦੇ ਤਿਉਹਾਰ ’ਤੇ ਉਸ ਨੂੰ ਦੋਸਤਾਂ ਨਾਲ ਨਾਰਾਜ਼ ਹੋ ਕੇ ਉਨ੍ਹਾਂ ਦਾ ਮੂਡ ਖ਼ਰਾਬ ਨਹੀਂ ਕਰਨਾ ਚਾਹੀਦਾ ਤੇ ਨਾਲ ਹੀ ਹੈਰੀ ਨੂੰ ਵੀ ਸਮਝਾਇਆ ਕਿ ਉਸ ਨੂੰ ਵੀ ਏਦਾਂ ਆਪਣੇ ਦੋਸਤ ਨੂੰ ਹਨੇਰੇ ਵਿੱਚ ਰੱਖ ਕੇ ਧੋਖਾ ਨਹੀਂ ਦੇਣਾ ਚਾਹੀਦਾ ਸੀ। ਕੋਈ ਵੀ ਤਿਉਹਾਰ ਹੈ, ਉਹ ਆਪਸੀ ਸਦਭਾਵਨਾ ਤੇ ਛਲ ਰਹਿਤ ਮਨਾਇਆ ਜਾਣਾ ਚਾਹੀਦਾ ਹੈ। ਸਭ ਬੱਚਿਆਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਸੀ, ਪਰ ਇਸ ਨਾਲ ਰਿੰਕੂ ਦਾ ਹੋਲੀ ਮਨਾਉਣ ਦਾ ਡਰ ਜਾਂਦਾ ਰਿਹਾ। ਉਸ ਨੇ ਸਭ ਦੋਸਤਾਂ ਨਾਲ ਵਾਅਦਾ ਕੀਤਾ ਕਿ ਉਹ ਹਰ ਹੋਲੀ ਦੋਸਤਾਂ ਨਾਲ ਮਨਾਵੇਗਾ।
ਸੰਪਰਕ: 98723-25960

