fee hike protest: ਵਿਦਿਆਰਥੀਆਂ ਵੱਲੋਂ ਭਲਕ ਤੋਂ ਵੀ ਸੀ ਦਫ਼ਤਰ ਬੰਦ ਕਰਨ ਦਾ ਐਲਾਨ
ਪੰਜਾਬੀ ਯੂਨੀਵਰਸਿਟੀ ਵਿੱਚ ਫੀਸਾਂ ਦਾ ਵਾਧਾ ਵਾਪਸ ਕਰਵਾਉਣ ਲਈ ‘ਫੀਸ ਵਾਧੇ ਵਿਰੋਧੀ ਫਰੰਟ’ ਦੀ ਅਗਵਾਈ ਹੇਠ ਪੱਕਾ ਮੋਰਚਾ ਅੱਜ 18ਵੇਂ ਦਿਨ ਵੀ ਜਾਰੀ ਰਿਹਾ। ਫਰੰਟ ਨੇ 31 ਅਗਸਤ ਤੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਨੂੰ ਫੀਸ ਵਾਪਸੀ ਤੱਕ ਨਾ ਖੋਲ੍ਹਣ...
ਪੰਜਾਬੀ ਯੂਨੀਵਰਸਿਟੀ ਵਿੱਚ ਫੀਸਾਂ ਦਾ ਵਾਧਾ ਵਾਪਸ ਕਰਵਾਉਣ ਲਈ ‘ਫੀਸ ਵਾਧੇ ਵਿਰੋਧੀ ਫਰੰਟ’ ਦੀ ਅਗਵਾਈ ਹੇਠ ਪੱਕਾ ਮੋਰਚਾ ਅੱਜ 18ਵੇਂ ਦਿਨ ਵੀ ਜਾਰੀ ਰਿਹਾ। ਫਰੰਟ ਨੇ 31 ਅਗਸਤ ਤੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਨੂੰ ਫੀਸ ਵਾਪਸੀ ਤੱਕ ਨਾ ਖੋਲ੍ਹਣ ਦੇਣ ਦਾ ਫ਼ੈਸਲਾ ਕੀਤਾ ਹੈ। ਸੰਘਰਸ਼ੀਲ ਵਿਦਿਆਰਥੀਆਂ ਵੱਲੋਂ ਇਸ ਸਬੰਧੀ ਬਾਕਾਇਦਾ ਪੋਸਟਰ ਚਿਪਕਾਏ ਜਾ ਰਹੇ ਹਨ ਕਿ ਉਹ 31 ਅਗਸਤ ਤੋਂ ਵੀ ਸੀ ਦਫ਼ਤਰ ਨੂੰ ਪੱਕੇ ਤੌਰ ’ਤੇ ਬੰਦ ਰੱਖਣਗੇ।
ਇਸ ਸੰਘਰਸ਼ ’ਚ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਦਾਸ ਸਿੰਘ ਅਤੇ ਵਕਸ਼ਿਤ ਗਰਗ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਤੋਂ ਰਾਹੁਲ, ਸਟੂਡੈਂਟਸ ਫੈੱਡਰੇਸ਼ਨ ਆਫ ਇੰਡੀਆ ਤੋਂ ਰਮਨਦੀਪ ਸਿੰਘ, ਪੰਜਾਬ ਸਟੂਡੈਂਟਸ ਫੈੱਡਰੇਸ਼ਨ ਤੋਂ ਗਗਨਦੀਪ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੋਂ ਸੰਜੂ ਕੁਮਾਰ, ਹਰਪ੍ਰੀਤ ਸਿੰਘ ਅਤੇ ਦਿਲਪ੍ਰੀਤ ਕੌਰ, ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਤੋਂ ਪਾਰਸ਼ ਸਿੰਘ, ਗੁਰਛਿੰਦਰ ਸਿੰਘ, ਅਗਰਗਾਮੀ ਛਾਤਰ ਨੌਜਵਾਨ ਸਭਾ ਤੋਂ ਵਿਕਾਸ ਅਤੇ ਸ਼ਵੇਤਾ, ਪੀ ਆਰ ਐੱਸ ਯੂ ਤੋਂ ਕੇਸ਼ਵ, ਆਲ ਇੰਡੀਆ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਤੋਂ ਸ਼ਿਵਾਨੀ ਸ਼ੰਕਰ ਅਤੇ ਸੋਪਤੀਕਪਾਲ ਆਦਿ ਵਿਦਿਆਰਥੀ ਆਗੂ ਹਿੱਸਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਧਾਈਆਂ ਫੀਸਾਂ ਨੂੰ ਘਟਾਉਂਦਿਆਂ ਪ੍ਰਸ਼ਾਸਨ ਨੇ 7.5 ਫ਼ੀਸਦੀ ’ਤੇ ਲੈ ਆਂਦਾ ਹੈ ਪਰ ਵਿਦਿਆਰਥੀਆਂ ਦਾ ਤਰਕ ਹੈ ਕਿ ਇਹ ਸਾਰਾ ਵਾਧਾ ਵਾਪਸ ਕਰਵਾਉਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਹ ਨਾਲ ਹੀ ਸਰਕਾਰ ਤੋਂ ਯੂਨੀਵਰਸਿਟੀ ਦੇ ਸਿਰ ਚੜ੍ਹਿਆ 150 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਹੋਸਟਲਾਂ ਦੀ ਮੁਰੰਮਤ ਸਣੇ ਕੁਝ ਹੋਰ ਮੰਗਾਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਇਹ ਸੰਘਰਸ਼ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਫਰੰਟ ਦੇ ਆਗੂ ਗੁਰਦਾਸ ਅਤੇ ਹਰਪ੍ਰੀਤ ਸਣੇ ਹੋਰਨਾਂ ਨੇ ਕਿਹਾ ਕਿ ਹੁਣ ਤਾਂ ਉਹ ਵੀ ਸੀ ਦਫ਼ਤਰ ਅੱਗੇ ਦਿਨ-ਰਾਤ ਦਾ ਧਰਨਾ ਹੀ ਲਾ ਰਹੇ ਹਨ ਪਰ 31 ਅਗਸਤ ਤੋਂ ਵੀ ਸੀ ਦਫ਼ਤਰ ਨੂੰ ਉਦੋਂ ਤੱਕ ਬੰਦ ਰੱਖਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ।

