DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਲ ਭੂਮਿਕਾਵਾਂ ਨੂੰ ਖ਼ਾਸ ਅੰਦਾਜ਼ ’ਚ ਨਿਭਾਉਣ ਵਾਲਾ ਫ਼ਾਰੂਖ਼ ਸ਼ੇਖ਼

‘’ਗੋਰਾ ਰੰਗ ਤੇ ਮੁਸਕਰਾਉਂਦਾ ਹੋਇਆ ਮਾਸੂਮੀਅਤ ਭਰਿਆ ਚਿਹਰਾ ਅਦਾਕਾਰ ਫ਼ਾਰੂਖ਼ ਸ਼ੇਖ਼ ਦੀ ਮਨਮੋਹਕ ਸ਼ਖ਼ਸੀਅਤ ਦੇ ਦੋ ਵੱਡੇ ਆਕਰਸ਼ਣ ਸਨ। ਉਸ ਦੀ ਅਦਾਕਾਰੀ ਲਾਮਿਸਾਲ ਹੁੰਦੀ ਸੀ। ਸਾਦਾ ਪਰ ਪ੍ਰਭਾਵਸ਼ਾਲੀ ਕਾਮੇਡੀ ਭਰਪੂਰ ਫਿਲਮਾਂ ਵਿੱਚ ਉਸ ਦੀ ਅਦਾਇਗੀ ਕਮਾਲ ਦੀ ਹੁੰਦੀ ਸੀ, ਪਰ...

  • fb
  • twitter
  • whatsapp
  • whatsapp
Advertisement

‘’ਗੋਰਾ ਰੰਗ ਤੇ ਮੁਸਕਰਾਉਂਦਾ ਹੋਇਆ ਮਾਸੂਮੀਅਤ ਭਰਿਆ ਚਿਹਰਾ ਅਦਾਕਾਰ ਫ਼ਾਰੂਖ਼ ਸ਼ੇਖ਼ ਦੀ ਮਨਮੋਹਕ ਸ਼ਖ਼ਸੀਅਤ ਦੇ ਦੋ ਵੱਡੇ ਆਕਰਸ਼ਣ ਸਨ। ਉਸ ਦੀ ਅਦਾਕਾਰੀ ਲਾਮਿਸਾਲ ਹੁੰਦੀ ਸੀ। ਸਾਦਾ ਪਰ ਪ੍ਰਭਾਵਸ਼ਾਲੀ ਕਾਮੇਡੀ ਭਰਪੂਰ ਫਿਲਮਾਂ ਵਿੱਚ ਉਸ ਦੀ ਅਦਾਇਗੀ ਕਮਾਲ ਦੀ ਹੁੰਦੀ ਸੀ, ਪਰ ਜਦੋਂ ਉਹ ਸੰਜੀਦਾ ਕਿਰਦਾਰ ਅਦਾ ਕਰਦਾ ਸੀ ਤਾਂ ਦਰਸ਼ਕਾਂ ਨੂੰ ਬੰਨ੍ਹ ਲੈਂਦਾ ਸੀ। ਉਸ ਵਰਗਾ ਸੁਲਝਿਆ ਹੋਇਆ ਅਦਾਕਾਰ ਬੌਲੀਵੁੱਡ ’ਚ ਸ਼ਾਇਦ ਹੀ ਦੁਬਾਰਾ ਵੇਖਣ ਨੂੰ ਮਿਲੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 28 ਦਸੰਬਰ, 2013 ਨੂੰ ਮੁੰਬਈ ਵਿਖੇ ਅਦਾਕਾਰ ਫ਼ਾਰੂਖ਼ ਸ਼ੇਖ਼ ਦੇ ਇੰਤਕਾਲ ਉਪਰੰਤ ਉਸ ਨਾਲ ਸਭ ਤੋਂ ਵੱਧ ਫਿਲਮਾਂ ਕਰਨ ਵਾਲੀ ਉੱਘੀ ਅਦਾਕਾਰਾ ਦੀਪਤੀ ਨਵਲ ਨੇ ਪੇਸ਼ ਕੀਤੇ ਸਨ। ਫ਼ਾਰੂਖ਼ ਨਾਲ ਕੰਮ ਕਰ ਚੁੱਕੀਆਂ ਅਭਿਨੇਤਰੀਆਂ ਰੇਖਾ ਅਤੇ ਸ਼ਬਾਨਾ ਆਜ਼ਮੀ ਨੇ ਵੀ ਉਸ ਨੂੰ ‘ਸਰਲ ਭੂਮਿਕਾਵਾਂ ਨੂੰ ਵੀ ਖ਼ਾਸ ਅੰਦਾਜ਼ ਵਿੱਚ ਨਿਭਾਉਣ ਵਾਲਾ ਵੱਡਾ ਕਲਾਕਾਰ’ ਆਖ ਕੇ ਵਡਿਆਇਆ ਸੀ।

ਰੰਗਮੰਚ ਅਤੇ ‘ਸਮਾਂਤਰ ਸਿਨੇਮਾ’ ਨਾਲ ਜੁੜੀਆਂ ਕਲਾ ਫਿਲਮਾਂ ਦੇ ਖੇਤਰ ਵਿੱਚ ਆਪਣੀ ਵਿਲੱਖਣ ਥਾਂ ਬਣਾਉਣ ਦੇ ਨਾਲ ਨਾਲ ਟੈਲੀਵਿਜ਼ਨ ਦੀ ਦੁਨੀਆ ਦਾ ਇੱਕ ਨਾਮਵਰ ਹਸਤਾਖਰ ਹੋ ਨਿੱਬੜਨ ਵਾਲੇ ਫ਼ਾਰੂਖ਼ ਸ਼ੇਖ਼ ਦਾ ਜਨਮ ਗੁਜਰਾਤ ਦੇ ਅਮਰੌਲੀ ਵਿਖੇ ਵਸਦੇ ਜਨਾਬ ਮੁਸਤਫ਼ਾ ਸ਼ੇਖ਼ ਅਤੇ ਫ਼ਰੀਦਾ ਸ਼ੇਖ਼ ਦੇ ਘਰ 25 ਮਾਰਚ, 1948 ਨੂੰ ਹੋਇਆ ਸੀ। ਵੱਡੀਆਂ ਜ਼ਮੀਨਾਂ ਦੇ ਮਾਲਕ ਤੇ ਅਮੀਰ ਪਰਿਵਾਰ ਦੇ ਵਾਰਿਸ ਆਪਣੇ ਵਕੀਲ ਅੱਬਾ ਦੇ ਇਸ ਹੋਣਹਾਰ ਫ਼ਰਜ਼ੰਦ ਨੇ ਆਪਣੀ ਸਕੂਲੀ ਪੜ੍ਹਾਈ ਮੁਬੰਈ ਸਥਿਤ ਸੇਂਟ ਮੈਰੀਜ਼ ਸਕੂਲ ਤੋਂ ਮੁਕੰਮਲ ਕਰਨ ਉਪਰੰਤ ਸੇਂਟ ਜ਼ੇਵੀਅਰਜ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ਫਿਰ ਪਿਤਾ ਵਾਲੇ ਕਿੱਤੇ ’ਚ ਉਤਰਨ ਲਈ ਸਿਧਾਰਥ ਕਾਲਜ ਆਫ਼ ਲਾਅ ਤੋਂ ਐੱਲ.ਐੱਲ.ਬੀ. ਦੀ ਡਿਗਰੀ ਹਾਸਿਲ ਕੀਤੀ ਸੀ। ਕਾਲਜ ਦੀ ਪੜ੍ਹਾਈ ਦੌਰਾਨ ਫ਼ਾਰੂਖ਼ ਦਾ ਮਨ ਪੜ੍ਹਾਈ ’ਚ ਘੱਟ ਤੇ ਰੰਗਮੰਚ ’ਤੇ ਅਦਾਕਾਰੀ ਵਿੱਚ ਵੱਧ ਲੱਗਦਾ ਸੀ। ਇੱਥੇ ਹੀ ਉਸ ਦੀ ਮੁਲਾਕਾਤ ਰੂਪਾ ਨਾਲ ਹੋਈ ਸੀ ਜਿਸ ਨਾਲ ਉਸ ਨੇ ਨੌਂ ਸਾਲ ਤੱਥ ਕਈ ਨਾਟਕਾਂ ਵਿੱਚ ਮੁੱਖ ਭੂਮਿਕਾਵਾਂ ਅਦਾ ਕਰਨ ਪਿੱਛੋਂ ਸ਼ਾਦੀ ਕਰ ਲਈ ਸੀ। ਜ਼ਿਕਰਯੋਗ ਹੈ ਕਿ ਕਾਲਜ ਦੀ ਪੜ੍ਹਾਈ ਦੌਰਾਨ ਜਿਨ੍ਹਾਂ ਦੋ ਹੋਰ ਹਮਜਮਾਤੀਆਂ ਨਾਲ ਉਸ ਦੀ ਵਧੀਆ ਦੋਸਤੀ ਰਹੀ ਸੀ ਉਹ ਸਨ ਕ੍ਰਿਕਟਰ ਬਣੇ ਸੁਨੀਲ ਗਾਵਸਕਰ ਅਤੇ ਅਦਾਕਾਰਾ ਬਣੀ ਸ਼ਬਾਨਾ ਆਜ਼ਮੀ।

Advertisement

ਪਹਿਲਾਂ ਕਾਲਜ ਵਿੱਚ ਸਾਹਿਤਕ ਤੇ ਕਾਮੇਡੀ ਨਾਟਕ ਖੇਡਣ ਤੇ ਫਿਰ ਨਾਟ ਸੰਸਥਾ ਇਪਟਾ ਨਾਲ ਜੁੜ ਕੇ ਸੰਜੀਦਾ ਵਿਸ਼ਿਆਂ ਦੇ ਨਾਟਕਾਂ ਵਿੱਚ ਅਦਾਕਾਰੀ ਦੇ ਜੌਹਰ ਵਿਖਾਉਣ ਵਾਲੇ ਫ਼ਾਰੂਖ਼ ਸ਼ੇਖ਼ ਨੂੰ ਉਸ ਵੇਲੇ ਬੜੀ ਖ਼ੁਸ਼ੀ ਹੋਈ ਸੀ ਜਦੋਂ 1973 ਵਿੱਚ ਫਿਲਮਸਾਜ਼ ਐੱਮ.ਐੱਸ. ਸਥਿਊ ਨੇ ਫਿਲਮ ‘ਗਰਮ ਹਵਾ’ ਲਈ ਬਲਰਾਜ ਸਾਹਨੀ ਨਾਲ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਨ ਲਈ ਉਸ ਨਾਲ ਸੰਪਰਕ ਕੀਤਾ ਸੀ। ਇਹ ਫਿਲਮ ਉਸ ਵੇਲੇ ਕਲਾ ਸਿਨੇਮਾ ਦੀ ਨਵੀਂ ਲਹਿਰ ਦੀ ਸਭ ਤੋਂ ਪਹਿਲੀ ਤੇ ਉੱਤਮ ਫਿਲਮ ਮੰਨੀ ਗਈ ਸੀ। ਇਸ ਫਿਲਮ ਲਈ ਫ਼ਾਰੂਖ਼ ਨੂੰ 750 ਰੁਪਏ ਦਾ ਮਿਹਨਤਾਨਾ ਹਾਸਿਲ ਹੋਇਆ ਸੀ ਤੇ ਇਸ ਮਿਹਨਤਾਨੇ ਨਾਲੋਂ ਵਧ ਕੇ ਉਸ ਨੂੰ ਖ਼ੁਸ਼ੀ ਇਸ ਗੱਲ ਦੀ ਸੀ ਕਿ ਉਸ ਨੂੰ ਬਲਰਾਜ ਸਾਹਨੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸ ਫਿਲਮ ਦੀ ਸਫਲਤਾ ਨੇ ਉਸ ਦੀ ਅਦਾਕਾਰੀ ਨੂੰ ਇੱਕ ਨਵੀਂ ਪਛਾਣ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਰੇਡੀਓ ’ਤੇ ਇੱਕ ‘ਕੁਇਜ਼ ਸ਼ੋਅ’ ਅਤੇ ਦੂਰਦਰਸ਼ਨ ’ਤੇ ਇੱਕ ਸ਼ੋਅ ‘ਯੁਵਾ ਦਰਸ਼ਨ’ ਦੀ ਕਮਾਨ ਇਸ ਕਦਰ ਬਾਖ਼ੂਬੀ ਨਾਲ ਸੰਭਾਲੀ ਕਿ ਉਸ ਦਾ ਨਾਂ ਘਰ ਘਰ ’ਚ ਪਹਿਚਾਣਿਆ ਜਾਣ ਲੱਗ ਪਿਆ।

Advertisement

‘ਗਰਮ ਹਵਾ’ ਜਿਹੀ ਸਫਲ ਫਿਲਮ ਕਰਨ ਤੋਂ ਬਾਅਦ ਸ਼ੁਰੂ ਹੋਏ ਆਪਣੇ ਫਿਲਮੀ ਪਰਦੇ ਦੇ ਸਫ਼ਰ ਨੂੰ ਫ਼ਾਰੂਖ਼ ਸ਼ੇਖ਼ ਨੇ ਕਈ ਹੋਰ ਸਫਲ ਫਿਲਮਾਂ ਦੇ ਕੇ ਪੂਰਾ ਕੀਤਾ ਸੀ। ਉਸ ਦੀਆਂ ਬਹੁਚਰਚਿਤ ਰਹੀਆਂ ਫਿਲਮਾਂ ਵਿੱਚ ‘ਗਮਨ’, ‘ਸ਼ਤਰੰਜ ਕੇ ਖਿਲਾੜੀ’, ‘ਨੂਰੀ’, ‘ਚਸ਼ਮੇ ਬੱਦੂਰ’, ‘ਉਮਰਾਓ ਜਾਨ’, ‘ਬਾਜ਼ਾਰ’, ‘ਸਾਥ-ਸਾਥ’, ‘ਰੰਗ ਬਿਰੰਗੀ’, ‘ਕਥਾ’, ‘ਫ਼ਾਸਲੇ’, ‘ਅਬ ਆਏਗਾ ਮਜ਼ਾ’, ‘ਏਕ ਬਾਰ ਚਲੇ ਆਓ’, ‘ਬੀਵੀ ਹੋ ਤੋ ਐਸੀ’, ‘ਤੂਫ਼ਾਨ’, ‘ਸ਼ੰਘਾਈ’, ‘ਸੰਗਿਨੀ’, ‘ਲੋਰੀ’, ‘ਲਾਖੋਂ ਕੀ ਬਾਤ’, ‘ਘਰਵਾਲੀ-ਬਾਹਰਵਾਲੀ’, ‘ਲਾਹੌਰ’ ਅਤੇ ‘ਯੰਗਿਸਤਾਨ’ ਦੇ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਉਕਤ ਫਿਲਮਾਂ ਦੇ ਨਾਲ-ਨਾਲ ਫ਼ਾਰੂਖ਼ ਨੇ ਕਈ ਚਰਚਿਤ ਟੀ.ਵੀ. ਲੜੀਵਾਰਾਂ ਵਿੱਚ ਵੀ ਕੰਮ ਕੀਤਾ ਸੀ ਜਿਨ੍ਹਾਂ ਵਿੱਚ ‘ਸ਼੍ਰੀ ਕਾਂਤ’, ‘ਕਹਿਕਸ਼ਾਂ’, ‘ਚਮਤਕਾਰ’, ‘ਆਹਾ’, ‘ਜੀ ਮੰਤਰੀ ਜੀ’, ‘ਦੋ ਦਿਲ ਏਕ ਜਾਨ’ ਆਦਿ। ਉਸ ਦਾ ਟੀ.ਵੀ. ਸ਼ੋਅ ‘ਜੀਨਾ ਇਸੀ ਕਾ ਨਾਮ ਹੈ’ ਤਾਂ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੂਹ ਗਿਆ ਸੀ। ਚੇਤੇ ਰੱਖਣਯੋਗ ਹੈ ਕਿ ਰੰਗਮੰਚ ’ਤੇ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਉਸ ਦੇ ਨਾਟਕ ‘ਤੁਮਹਾਰੀ ਅੰਮ੍ਰਿਤਾ’ ਨੇ ਵੀਹ ਸਾਲ ਤੱਕ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਸੀ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਫ਼ਾਰੂਖ਼ ਇੱਕ ਨੇਕ ਦਿਲ ਤੇ ਦਾਨੀ ਸਮਾਜ ਸੇਵੀ ਵੀ ਸੀ। ਉਸ ਨੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਕੀਤੇ ਸਨ। ਉਹ ਯੂਨੀਸੈੱਫ ਦੀ ‘ਪੋਲੀਓ ਵਿਰੋਧੀ ਮੁਹਿੰਮ’ ਦਾ ਵੀ ਸਰਗਰਮ ਕਾਰਕੁਨ ਸੀ ਤੇ ਉਸ ਨੇ ਇਸ ਸਬੰਧ ਵਿੱਚ ਜਾਗਰੂਕਤਾ ਫੈਲਾਉਣ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪਿੱਛੜੇ ਇਲਾਕਿਆਂ ਵਿੱਚ ਜਾ ਕੇ ਕਾਫ਼ੀ ਕੰਮ ਕੀਤਾ ਸੀ ਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣ ਲਈ ਪ੍ਰੇਰਿਆ ਸੀ। ਉਸ ਨੂੰ ਫਿਲਮ ‘ਲਾਹੌਰ’ ਵਿੱਚ ਉਸ ਦੀ ਲਾਜਵਾਬ ਅਦਾਕਾਰੀ ਲਈ ਕੌਮੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। 28 ਦਸੰਬਰ, 2013 ਨੂੰ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਇਸ ਮਹਾਨ ਫ਼ਨਕਾਰ ਦਾ ਦੇਹਾਂਤ ਹੋ ਗਿਆ ਸੀ। ਉਸ ਨੂੰ ਮਰਨ ਉਪਰੰਤ 2017 ਵਿੱਚ ‘ਬਿਮਲ ਰਾਏ ਲਾਈਫਟਾਈਮ ਐਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ 2018 ਵਿੱਚ ਉਸ ਦੇ 70ਵੇਂ ਜਨਮ ਦਿਨ ’ਤੇ ਗੂੂਗਲ ਨੇ ਡੂਡਲ ਬਣਾ ਕੇ ਉਸ ਨੂੰ ਦਿਲੀ ਸ਼ਰਧਾਂਜਲੀ ਵੀ ਭੇਂਟ ਕੀਤੀ ਸੀ। ਜ਼ਮਾਨਾ ਇਸ ਫ਼ਨਕਾਰ ਦੀ ਬਾਕਮਾਲ ਅਦਾਕਾਰੀ ਦੀਆਂ ਬਾਤਾਂ ਚਿਰਾਂ ਤੱਕ ਪਾਉਂਦਾ ਰਹੇਗਾ।

ਸੰਪਰਕ: 97816-46008

Advertisement
×