DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਾਜ ਦੀ ਬੁਨਿਆਦ ਪਰਿਵਾਰ

ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਜੇਕਰ ਪਰਿਵਾਰ ਖ਼ੁਸ਼ਹਾਲ ਹੋਣਗੇ, ਪੜ੍ਹੇ ਲਿਖੇ ਹੋਣਗੇ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਕਦਰ ਕਰਦੇ ਹੋਣਗੇ ਤਦ ਹੀ ਸਮਾਜ ਵਧੀਆ ਬਣ ਸਕਦਾ ਹੈ। ਚੰਗੇ ਬੁਰੇ ਕਰਮ ਆਮ ਕਰਕੇ ਬੱਚਾ ਪਰਿਵਾਰ ਵਿੱਚੋਂ ਹੀ ਸਿੱਖਦਾ ਹੈ। ਜੇਕਰ ਉਹ...

  • fb
  • twitter
  • whatsapp
  • whatsapp
Advertisement

ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਜੇਕਰ ਪਰਿਵਾਰ ਖ਼ੁਸ਼ਹਾਲ ਹੋਣਗੇ, ਪੜ੍ਹੇ ਲਿਖੇ ਹੋਣਗੇ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਕਦਰ ਕਰਦੇ ਹੋਣਗੇ ਤਦ ਹੀ ਸਮਾਜ ਵਧੀਆ ਬਣ ਸਕਦਾ ਹੈ। ਚੰਗੇ ਬੁਰੇ ਕਰਮ ਆਮ ਕਰਕੇ ਬੱਚਾ ਪਰਿਵਾਰ ਵਿੱਚੋਂ ਹੀ ਸਿੱਖਦਾ ਹੈ। ਜੇਕਰ ਉਹ ਬਾਹਰੋਂ ਵੀ ਕੁਝ ਭੈੜਾ ਸਿੱਖ ਕੇ ਆਉਂਦਾ ਹੈ ਤਾਂ ਪਰਿਵਾਰ ਦਾ ਮੁਖੀ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਅਤੇ ਗ਼ਲਤ ਕੰਮ ਕਰਨ ਤੋਂ ਵਰਜਦਾ ਹੈ। ਪਰਿਵਾਰ ਦੇ ਮੁਖੀ ਨੂੰ ਹਮੇਸ਼ਾਂ ਰੁੱਖ ਬਣਨ ਦਾ ਯਤਨ ਕਰਨਾ ਚਾਹੀਦਾ ਹੈ। ਉਹ ਆਪਣਾ ਸਿਰ ਹਮੇਸ਼ਾਂ ਉੱਚਾ ਰੱਖੇ, ਪਰ ਆਪਣੀਆਂ ਜੜ੍ਹਾਂ ਧਰਤੀ ਵਿੱਚ ਰੱਖਦੇ ਹੋਇਆਂ ਸਾਰੇ ਮੈਂਬਰਾਂ ਨੂੰ ਛਾਂ ਦੇਣ ਦਾ ਯਤਨ ਕਰੇ।

ਨੌਕਰੀ ਦੀਆਂ ਮਜਬੂਰੀਆਂ ਅਤੇ ਵਧੇਰੇ ਕਮਾਈ ਦੀ ਲਾਲਸਾ ਨੇ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਸਮਾਂ ਹੀ ਖ਼ਤਮ ਕਰ ਦਿੱਤਾ ਹੈ। ਕੋਈ ਸਮਾਂ ਸੀ ਜਦੋਂ ਘੜੀ ਕਿਸੇ ਕੋਲ ਨਹੀਂ ਹੁੰਦੀ ਸੀ, ਪਰ ਸਮਾਂ ਸਭਨਾਂ ਕੋਲ ਹੁੰਦਾ ਸੀ। ਹੁਣ ਘੜੀ ਸਾਰਿਆਂ ਕੋਲ ਹੈ, ਪਰ ਸਮਾਂ ਕਿਸੇ ਕੋਲ ਵੀ ਨਹੀਂ ਹੈ। ਪਰਿਵਾਰਕ ਝਗੜਿਆਂ, ਬੇਗਾਨਗੀ, ਇਕੱਲਤਾ ਦਾ ਇਹੋ ਹੀ ਮੁੱਖ ਕਾਰਨ ਹੈ। ਛੋਟੇ ਪਰਿਵਾਰਾਂ ਵਿੱਚ ਮਾਪੇ ਬੱਚਿਆਂ ਨੂੰ ਸਮਾਂ ਦੇਣ ਦੀ ਥਾਂ ਹੱਥ ਵਿੱਚ ਮੋਬਾਈਲ ਫੜਾ ਦਿੰਦੇ ਹਨ। ਇਸ ਦਾ ਬੱਚੇ ਉੱਤੇ ਮਾਨਸਿਕ ਅਤੇ ਸਰੀਰਕ ਅਸਰ ਪੈਂਦਾ ਹੈ। ਘਰ ਵਿੱਚ ਜੇਕਰ ਮਾਪੇ ਆਪ ਮੋਬਾਈਲ ਹੀ ਵੇਖਦੇ ਰਹਿਣਗੇ ਤਾਂ ਜ਼ਰੂਰੀ ਹੈ ਬੱਚੇ ਵੀ ਅਜਿਹਾ ਕਰਨਗੇ। ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਕੁਝ ਦਿਨ ਪਹਿਲਾਂ ਮੈਂ ਇੱਕ ਰੀਲ ਵੇਖ ਰਿਹਾ ਸੀ। ਘਰ ਦਾ ਮੁਖੀ ਕੰਮ ਤੋਂ ਆਇਆ, ਚਾਹ ਪੀਤੀ ਤੇ ਇੱਕ ਕਿਤਾਬ ਪੜ੍ਹਨ ਲੱਗ ਪਿਆ। ਘਰ ਦੀ ਸੁਆਣੀ ਵੀ ਕੰਮ ਤੋਂ ਵਿਹਲੀ ਹੋ ਕੇ ਕਿਤਾਬ ਲੈ ਕੇ ਬੈਠ ਗਈ। ਬੱਚਾ ਜਿਹੜਾ ਆਪਣੇ ਮੋਬਾਈਲ ਨੂੰ ਚਿੰਬੜਿਆ ਹੋਇਆ ਸੀ, ਮਾਪਿਆਂ ਵੱਲ ਵੇਖ ਉਹ ਵੀ ਮੋਬਾਈਲ ਛੱਡ ਆਪਣੀ ਕਿਤਾਬ ਲੈ ਕੇ ਪੜ੍ਹਨ ਲੱਗ ਪਿਆ।

Advertisement

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਜਦੋਂ ਉਸ ਨੇ ਜੰਗਲਾਂ ਵਿੱਚੋਂ ਨਿਕਲ ਕੇ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਉਦੋਂ ਹੀ ਸਮਾਜ ਦਾ ਆਰੰਭ ਹੋਇਆ। ਮਨੁੱਖ ਨੇ ਸਭ ਤੋਂ ਪਹਿਲਾਂ ਬੋਲੀ ਵਿਕਸਤ ਕੀਤੀ, ਜਿਸ ਦੇ ਸਹਾਰੇ ਆਪਸੀ ਗੱਲਬਾਤ ਸ਼ੁਰੂ ਹੋਈ। ਪਹਿਲਾਂ ਉਹ ਜੰਗਲ ਵਿੱਚੋਂ ਜੋ ਮਿਲ ਗਿਆ, ਉਸ ਨੂੰ ਖਾ ਕੇ ਗੁਜ਼ਾਰਾ ਕਰਦਾ ਸੀ। ਜਿਵੇਂ ਜਿਵੇਂ ਉਸ ਦੀ ਸੋਝੀ ਦਾ ਵਿਕਾਸ ਹੁੰਦਾ ਗਿਆ, ਉਸ ਨੇ ਆਪਣਾ ਭੋਜਨ ਆਪ ਪੈਦਾ ਕਰਨਾ ਸ਼ੁਰੂ ਕੀਤਾ। ਇਸੇ ਕਾਰਨ ਖੇਤੀ ਦੀ ਸ਼ੁਰੂਆਤ ਹੋਈ। ਖੇਤੀ ਲਈ ਧਰਤੀ ਅਤੇ ਪਰਿਵਾਰ ਦੀ ਲੋੜ ਸੀ। ਆਪੋ ਆਪਣੀ ਸਮਰੱਥਾ ਅਨੁਸਾਰ ਪਰਿਵਾਰਾਂ ਨੇ ਧਰਤੀ ਉਤੇ ਕਬਜ਼ਾ ਕੀਤਾ। ਜਿਵੇਂ ਜਿਵੇਂ ਪਰਿਵਾਰ ਵੱਡੇ ਹੁੰਦੇ ਗਏ, ਉਵੇਂ ਉਵੇਂ ਹੀ ਘਰਾਂ ਦੀ ਗਿਣਤੀ ਵਧਦੀ ਗਈ ਤੇ ਕਬਜ਼ੇ ਹੇਠਲੀ ਧਰਤੀ ਦੀਆਂ ਵੰਡੀਆਂ ਪੈਂਦੀਆਂ ਗਈਆਂ। ਇੰਝ ਪਿੰਡ ਹੋਂਦ ਵਿੱਚ ਆਏ। ਬਹੁਤੇ ਪਿੰਡਾਂ ਦਾ ਇਤਿਹਾਸ ਇਹ ਦੱਸਦਾ ਹੈ ਕਿ ਕਿਸੇ ਇੱਕ ਬਜ਼ੁਰਗ ਨੇ ਆ ਕੇ ਹੀ ਉੱਥੇ ਆਪਣੀ ਮੋਹੜੀ ਗੱਡੀ ਸੀ ਤੇ ਹੌਲੀ ਹੌਲੀ ਉਸ ਦੇ ਪਰਿਵਾਰ ਨੇ ਪੂਰੇ ਪਿੰਡ ਦਾ ਰੂਪ ਧਾਰਨ ਕਰ ਲਿਆ।

Advertisement

ਮਨੁੱਖੀ ਸੱਭਿਅਤਾ ਦੇ ਹੋਂਦ ਵਿੱਚ ਆਉਣ ’ਤੇ ਸਭ ਤੋਂ ਪਹਿਲਾਂ ਧੰਦਾ ਖੇਤੀ ਹੀ ਸੀ। ਹੁਣ ਵੀ ਪੁਰਾਣੇ ਦੇਸ਼ਾਂ ਦੀ ਬਹੁਤੀ ਵਸੋਂ ਖੇਤੀ ਉਤੇ ਹੀ ਨਿਰਭਰ ਕਰਦੀ ਹੈ। ਖੇਤੀ ਲਈ ਕਾਮਿਆਂ ਦੀ ਲੋੜ ਪੈਂਦੀ ਹੈ। ਪਰਿਵਾਰ ਦੇ ਜਿੰਨੇ ਵੀ ਵੱਧ ਮੈਂਬਰ ਹੁੰਦੇ, ਓਨੀ ਹੀ ਵਧੀਆ ਉਨ੍ਹਾਂ ਦੀ ਖੇਤੀ ਹੁੰਦੀ ਸੀ। ਇਸੇ ਕਰਕੇ ਹੀ ਘਰ ਵਿੱਚ ਪੁੱਤਰਾਂ ਦੀ ਲੋੜ ਨੂੰ ਮਹੱਤਤਾ ਦਿੱਤੀ ਗਈ ਹੈ। ਖੇਤੀ ਦਾ ਕੰਮ ਔਖਾ ਅਤੇ ਮਿਹਨਤ ਵਾਲਾ ਹੈ। ਇਸ ਲਈ ਖ਼ੁਰਾਕ ਵੀ ਵਧੀਆ ਚਾਹੀਦੀ ਹੈ। ਪੁੱਤਰਾਂ ਦੇ ਨਾਲੋਂ ਨਾਲ ਘਰ ਵਿੱਚ ਦੁੱਧ ਦਾ ਹੋਣਾ ਵੀ ਜ਼ਰੂਰੀ ਸਮਝਿਆ ਗਿਆ। ਪਿਛਲੇ ਜ਼ਮਾਨੇ ਵਿੱਚ ਦੁੱਧ ਅਤੇ ਪੁੱਤਰ ਦੀ ਖ਼ਾਸ ਮਹੱਤਤਾ ਸੀ।

ਕੋਸ਼ਿਸ਼ ਇਹੋ ਹੁੰਦੀ ਸੀ ਕਿ ਪਰਿਵਾਰ ਨੂੰ ਘੱਟੋ ਘੱਟ ਤਿੰਨ ਪੀੜ੍ਹੀਆਂ ਤੱਕ ਜੋੜ ਕੇ ਰੱਖਿਆ ਜਾਵੇ ਤਾਂ ਜੋ ਪਰਿਵਾਰਕ ਖੁਸ਼ਹਾਲੀ ਬਣੀ ਰਹੇ। ਮੁੜ ਵਪਾਰ ਸ਼ੁਰੂ ਹੋਇਆ ਤੇ ਸ਼ਹਿਰ ਹੋਂਦ ਵਿੱਚ ਆਏ। ਨੌਕਰੀ ਕਰਨ ਦੀ ਪ੍ਰਥਾ ਸ਼ੁਰੂ ਹੋਈ। ਵਪਾਰ ਜਾਂ ਨੌਕਰੀ ਕਰਨ ਲਈ ਜਦੋਂ ਪਰਿਵਾਰ ਦਾ ਕੋਈ ਮੁੰਡਾ ਬਾਹਰ ਜਾਂਦਾ ਸੀ ਤਾਂ ਉਸ ਦਾ ਪਰਿਵਾਰ ਪਿੱਛੇ ਹੀ ਰਹਿੰਦਾ ਸੀ। ਇੰਝ ਪਰਿਵਾਰ ਦੀ ਮਾਇਕ ਸਹਾਇਤਾ ਵੀ ਹੋ ਜਾਂਦੀ ਸੀ। ਜੀਵਨ ਵਿੱਚ ਦੁੱਖ-ਸੁੱਖ ਤਾਂ ਆਉਂਦੇ ਹੀ ਹਨ। ਸਾਂਝਾ ਪਰਿਵਾਰ ਇਨ੍ਹਾਂ ਦੁੱਖਾਂ ਦਾ ਮੁਕਾਬਲਾ ਰਲ ਕੇ ਕਰਦਾ ਸੀ ਤੇ ਰਲ ਕੇ ਸੁੱਖ ਦਾ ਆਨੰਦ ਮਾਣਿਆ ਜਾਂਦਾ ਸੀ। ਬਾਹਰ ਬਾਪੂ ਦੀ ਤੇ ਘਰ ਵਿੱਚ ਮਾਤਾ ਜੀ ਦੀ ਚੌਧਰ ਹੁੰਦੀ ਸੀ। ਸਾਰੇ ਫੈਸਲੇ ਉਨ੍ਹਾਂ ਹੀ ਕਰਨੇ ਹੁੰਦੇ ਸਨ। ਉਨ੍ਹਾਂ ਦੇ ਫੈਸਲੇ ਉਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰਦਾ ਸੀ।

ਵਧ ਰਹੀ ਅਬਾਦੀ, ਆਰਥਿਕ ਤੰਗੀ ਅਤੇ ਆਧੁਨਿਕਤਾ ਦੇ ਪ੍ਰਭਾਵ ਹੇਠ ਸਾਂਝੇ ਪਰਿਵਾਰ ਟੁੱਟ ਰਹੇ ਹਨ ਅਤੇ ਇਕਹਿਰੇ ਪਰਿਵਾਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਨਾਲ ਪਰਿਵਾਰਕ ਅਤੇ ਸਮਾਜਿਕ ਤਬਦੀਲੀ ਆ ਰਹੀ ਹੈ ਜਿਹੜੀ ਕਿ ਸਮਾਜ ਲਈ ਲਾਭਦਾਇਕ ਨਹੀਂ ਹੈ। ਬਜ਼ੁਰਗ, ਬੱਚੇ ਤੇ ਮਾਪੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਨ ਅਤੇ ਮਾਨਸਿਕ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ, ਆਪਸੀ ਰਿਸ਼ਤੇ ਤਿੜਕ ਰਹੇ ਹਨ ਅਤੇ ਭਾਈਚਾਰਕ ਸਾਂਝ ਟੁੱਟ ਰਹੀ ਹੈ। ਸਾਂਝੇ ਪਰਿਵਾਰ ਵਿੱਚ ਸਾਰੇ ਰਲ ਕੇ ਰਹਿੰਦੇ ਸਨ, ਇੰਝ ਆਪਸੀ ਪਿਆਰ ਬਣਿਆ ਰਹਿੰਦਾ ਸੀ। ਸਾਰਾ ਕੁਝ ਸਾਂਝਾ ਹੋਣ ਕਰਕੇ ਇੱਕ-ਦੂਜੇ ਨਾਲ ਵੰਡ ਛਕਣਾ, ਕੱਪੜੇ ਦੀ ਸਾਂਝ ਇੱਥੋਂ ਤੱਕ ਕਿ ਮੰਜੇ ਬਿਸਤਰਿਆਂ ਦੀ ਵੀ ਸਾਂਝ ਸੀ। ਹੁਣ ਨਵੀਂ ਪੀੜ੍ਹੀ ਆਪਣਾ ਕੁਝ ਵੀ ਦੂਜਿਆਂ ਨਾਲ ਸਾਂਝਾ ਕਰਨਾ ਨਹੀਂ ਚਾਹੁੰਦੀ। ਉਦੋਂ ਅੱਡ ਕਮਰੇ ਹੁੰਦੇ ਹੀ ਨਹੀਂ ਸਨ। ਬੱਚੇ ਤਾਂ ਇੱਕ ਦੂਜੇ ਨਾਲ ਇਕੱਠੇ ਹੀ ਸੌਂ ਜਾਂਦੇ ਸਨ। ਜਦੋਂ ਆਪਸੀ ਸਾਂਝ ਹੋਵੇ ਤਾਂ ਆਪਸੀ ਪਿਆਰ ਵਿੱਚ ਵੀ ਵਾਧਾ ਹੁੰਦਾ ਹੈ। ਇੰਝ ਇੱਕ ਦੂਜੇ ਦੇ ਕੰਮ ਆਉਣ ਵਿੱਚ ਖੁਸ਼ੀ ਮਿਲਦੀ ਸੀ। ਰਲ ਮਿਲ ਕੇ ਰਹਿਣਾ ਅਤੇ ਕੰਮ ਕਰਨਾ ਪਰਿਵਾਰਕ ਸੁੱਖ ਸ਼ਾਂਤੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਪਰਿਵਾਰਕ ਮੈਂਬਰਾਂ ਦੇ ਸਾਥ ਕਾਰਨ ਕਿਸੇ ਕਿਸਮ ਦਾ ਫਿਕਰ ਜਾਂ ਡਰ ਤਾਂ ਨੇੜੇ ਆਉਂਦਾ ਹੀ ਨਹੀਂ ਸੀ।

ਇਕਹਿਰੇ ਪਰਿਵਾਰ ਹੋਂਦ ਵਿੱਚ ਆਉਣ ਨਾਲ ਤਲਖੀ ਵਧ ਰਹੀ ਹੈ। ਸਹਿਣਸ਼ੀਲਤਾ ਘਟ ਰਹੀ ਹੈ ਅਤੇ ਰਿਸ਼ਤਿਆਂ ਦਾ ਨਿੱਘ ਖ਼ਤਮ ਹੋ ਰਿਹਾ ਹੈ। ਇਸੇ ਕਾਰਨ ਮਾਨਸਿਕ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬਲੱਡ ਪ੍ਰੈਸ਼ਰ, ਕੋਲੈਸਟਰੋਲ, ਤਣਾਅ, ਘਬਰਾਹਟ ਆਮ ਹੋ ਰਹੇ ਹਨ। ਬਿੱਖਰੇ ਪਰਿਵਾਰਾਂ ਨਾਲ ਭਾਵੇਂ ਆਮਦਨ ਵਿੱਚ ਵਾਧਾ ਹੋਇਆ ਹੈ, ਪਰ ਮਨ ਦਾ ਚੈਨ ਗਾਇਬ ਹੋ ਰਿਹਾ ਹੈ। ਇਸ ਦਾ ਅਸਰ ਪਰਿਵਾਰ ਦੇ ਸਾਰੇ ਮੈਂਬਰਾਂ ਉਤੇ ਪੈ ਰਿਹਾ ਹੈ। ਬਜ਼ੁਰਗ ਇਕੱਲਤਾ ਦਾ ਸੰਤਾਪ ਭੋਗਣ ਲਈ ਮਜਬੂਰ ਹੋ ਰਹੇ ਹਨ। ਬੱਚੇ ਉਨ੍ਹਾਂ ਕੋਲ ਰਹਿ ਨਹੀਂ ਸਕਦੇ, ਬਜ਼ੁਰਗਾਂ ਨੂੰ ਆਪਣਾ ਪਰਿਵਾਰ ਛੱਡ ਬੱਚਿਆਂ ਕੋਲ ਪ੍ਰਾਹੁਣਿਆਂ ਵਾਂਗ ਰਹਿਣਾ ਔਖਾ ਹੋ ਰਿਹਾ ਹੈ। ਵੈਸੇ ਵੀ ਨਵੀਂ ਪੀੜ੍ਹੀ ਬਜ਼ੁਰਗਾਂ ਦੀ ਦਖਲਅੰਦਾਜ਼ੀ ਨੂੰ ਪਸੰਦ ਨਹੀਂ ਕਰਦੀ। ਇਸੇ ਕਰਕੇ ਬਜ਼ੁਰਗ ਆਸ਼ਰਮਾਂ ਵਿੱਚ ਵਾਧਾ ਹੋ ਰਿਹਾ ਹੈ। ਸਭ ਕੁਝ ਹੁੰਦਿਆਂ ਵੀ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡਾਂ ਵਿੱਚ ਹੋ ਰਹੀਆਂ ਖੁਦਕੁਸ਼ੀਆਂ ਦਾ ਵੀ ਮੁੱਖ ਕਾਰਨ ਟੁੱਟਵੇਂ ਪਰਿਵਾਰ ਹੀ ਹਨ। ਕਿਸਾਨ ਤਾਂ ਮੁੱਢ ਕਦੀਮ ਤੋਂ ਕਰਜ਼ਾਈ ਰਿਹਾ ਹੈ, ਪਰ ਸਾਂਝੇ ਪਰਿਵਾਰ ਵਿੱਚ ਇੱਕ ਦੂਜੇ ਦਾ ਆਸਰਾ ਹੁੰਦਾ ਸੀ। ਇਸੇ ਆਸਰੇ ਉਦਾਸੀ ਨਹੀਂ ਸੀ ਆਉਂਦੀ ਤੇ ਕਿਸੇ ਨੂੰ ਵੀ ਆਤਮਘਾਤ ਕਰਨ ਲਈ ਮਜਬੂਰ ਨਹੀਂ ਹੋਣਾ ਪੈਂਦਾ ਸੀ। ਸ਼ਹਿਰਾਂ ਵਿੱਚ ਵੀ ਇਕਹਿਰੇ ਪਰਿਵਾਰ ਕੋਈ ਬਹੁਤੇ ਸੁਖੀ ਨਹੀਂ ਹਨ। ਸੁੱਖ ਦੇ ਸਾਰੇ ਸਾਧਨ ਹੁੰਦਿਆਂ ਹੋਇਆਂ ਵੀ ਕੰਮਕਾਜ ਦੀ ਭੱਜ-ਦੌੜ ਕਾਰਨ ਪਤੀ-ਪਤਨੀ ਵਿੱਚ ਤਲਖੀ ਵਧ ਰਹੀ ਹੈ। ਘਰ ਵਿੱਚ ਹਰ ਵੇਲੇ ਖੜਕਾ ਦੜਕਾ ਹੁੰਦਾ ਰਹਿੰਦਾ ਹੈ। ਤਲਾਕਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਦਾ ਇਹ ਇੱਕ ਮਹੱਤਵਪੂਰਨ ਕਾਰਨ ਹੈ। ਬੱਚੇ ਇਸ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਹੁਣ ਉਨ੍ਹਾਂ ਨੂੰ ਦਾਦੇ-ਦਾਦੀ ਦੀ ਗੋਦ ਦਾ ਨਿੱਘ ਪ੍ਰਾਪਤ ਨਹੀਂ ਹੁੰਦਾ। ਉਨ੍ਹਾਂ ਨੂੰ ਕਹਾਣੀਆਂ ਸੁਣਾ ਕੇ ਸੁਲਾਉਣ ਵਾਲਾ ਵੀ ਕੋਈ ਨਹੀਂ ਹੈ। ਖੇਡਣ ਲਈ ਕੋਈ ਸੰਗੀ ਸਾਥੀ ਨਹੀਂ ਹੈ। ਉਨ੍ਹਾਂ ਨੂੰ ਸੁਰਤ ਸੰਭਾਲਦਿਆਂ ਹੀ ਵੱਖਰਾ ਕਮਰਾ ਦੇ ਦਿੱਤਾ ਜਾਂਦਾ ਹੈ। ਉਹ ਤਾਂ ਮਾਪਿਆਂ ਦੇ ਪਿਆਰ ਦਾ ਨਿੱਘ ਵੀ ਮਾਣ ਨਹੀਂ ਸਕਦੇ। ਉਹ ਇਕੱਲਤਾ ਦਾ ਸੰਤਾਪ ਭੋਗ ਰਹੇ ਹਨ। ਉਨ੍ਹਾਂ ਦਾ ਸੁਭਾਅ ਚਿੜਚਿੜਾ ਹੋ ਰਿਹਾ ਹੈ। ਦੂਜਿਆਂ ਨਾਲ ਸਾਂਝ ਦਾ ਇਨ੍ਹਾਂ ਨੂੰ ਗਿਆਨ ਹੀ ਨਹੀਂ ਹੈ।

ਰਿਸ਼ਤਿਆਂ ਦੇ ਨਿੱਘ ਤੋਂ ਵਾਂਝੇ ਬੱਚੇ ਮੋਬਾਈਲ ਦਾ ਸਹਾਰਾ ਲੈਂਦੇ ਹਨ। ਉਹ ਮਾਪਿਆਂ ਨਾਲ ਰਹਿ ਰਹੇ ਹੁੰਦੇ ਹਨ, ਪਰ ਆਪਸੀ ਪਿਆਰ ਦੀ ਘਾਟ ਨਜ਼ਰ ਆਉਂਦੀ ਹੈ। ਇਸ ਨਾਲ ਨਵੀਂ ਪੀੜ੍ਹੀ ਵਿੱਚ ਉਪਰਾਮਤਾ ਵਧ ਰਹੀ ਹੈ ਤੇ ਨਸ਼ਿਆਂ ਦੀ ਵਰਤੋਂ ਵਿੱਚ ਹੋ ਰਹੇ ਵਾਧੇ ਦਾ ਵੀ ਇਹ ਇੱਕ ਕਾਰਨ ਹੈ। ਇਹ ਵਰਤਾਰਾ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ। ਇਸੇ ਕਰਕੇ ਸਮਾਜ ਵਿੱਚ ਤਲਖੀ ਵਧ ਰਹੀ ਹੈ। ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਤੇ ਬੱਚਿਆਂ ਵਿੱਚ ਨਿੱਜਪਣ ਪੈਦਾ ਹੋ ਰਿਹਾ ਹੈ। ਉਹ ਗੁਸੈਲ ਵੀ ਹੋ ਰਹੇ ਹਨ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਸੰਯੁਕਤ ਰਾਸ਼ਟਰ ਵੱਲੋਂ ਫੈਸਲਾ ਕੀਤਾ ਗਿਆ ਕਿ ਹਰ ਵਰ੍ਹੇ 15 ਮਈ ਨੂੰ ਪਰਿਵਾਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ। ਬਦਲਦੇ ਹਾਲਤਾਂ ਨੂੰ ਵੇਖਦਿਆਂ ਹੋਇਆਂ ਇਹ ਬੜਾ ਔਖਾ ਜਾਪਦਾ ਹੈ ਕਿ ਸਾਂਝੇ ਪਰਿਵਾਰਾਂ ਨੂੰ ਰੱਖਿਆ ਜਾਵੇ, ਪਰ ਪਰਿਵਾਰਕ ਸਾਂਝ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਨਾ ਕਿਸੇ ਬਹਾਨੇ ਛੇਤੀ ਛੇਤੀ ਪਰਿਵਾਰਕ ਮਿਲਣੀਆਂ ਹੋਣੀਆਂ ਚਾਹੀਦੀਆਂ ਹਨ। ਜਿਹੜੇ ਮਾਪਿਆਂ ਦੇ ਬੱਚੇ ਅੱਡ ਰਹਿੰਦੇ ਹਨ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਬਜ਼ੁਰਗਾਂ ਕੋਲ ਜਾਇਆ ਜਾਵੇ। ਬੱਚਿਆਂ ਦੇ ਜਨਮ ਦਿਨ ਮਨਾਉਣ ਸਮੇਂ ਬਜ਼ੁਰਗਾਂ ਨੂੰ ਬੁਲਾਇਆ ਜਾਵੇ। ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇ। ਇੰਝ ਕਰਨ ਨਾਲ ਆਪਸੀ ਰਿਸ਼ਤੇ ਮਜ਼ਬੂਤ ਹੋਣਗੇ, ਬੱਚਿਆਂ ਨੂੰ ਰਿਸ਼ਤਿਆਂ ਦਾ ਪਤਾ ਹੀ ਨਹੀਂ ਲੱਗੇਗਾ, ਸਗੋਂ ਉਹ ਉਨ੍ਹਾਂ ਦਾ ਨਿੱਘ ਵੀ ਮਾਣ ਸਕਣਗੇ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਨਾਲ ਬਿਤਾਇਆ ਜਾਵੇ। ਘੱਟੋ ਘੱਟ ਰਾਤ ਦੀ ਰੋਟੀ ਸਾਰਾ ਪਰਿਵਾਰ ਰਲ ਕੇ ਖਾਵੇ। ਸਾਰੇ ਦਿਨ ਦੇ ਆਪਣੇ ਤਜਰਬੇ ਸਾਂਝੇ ਕੀਤੇ ਜਾਣ। ਮੋਬਾਈਲ ਦੀ ਵਰਤੋਂ ਲੋੜ ਸਮੇਂ ਹੀ ਕੀਤੀ ਜਾਵੇ। ਘਰ ਵਿੱਚ ਆਪੋ ਆਪਣੇ ਮੋਬਾਈਲ ਉਤੇ ਗੱਲਾਂ ਕਰਨ ਦੀ ਥਾਂ ਆਪਸ ਵਿੱਚ ਗੱਲਾਂ ਕੀਤੀਆਂ ਜਾਣ, ਹੱਸਿਆ ਖੇਡਿਆ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਰਿਸ਼ਤਿਆਂ ਦਾ ਨਿੱਘ ਘਟ ਜਾਵੇਗਾ, ਅਸੀਂ ਹੱਸਣਾ ਭੁੱਲ ਜਾਵਾਂਗੇ, ਘੁਟਣ ਵਿੱਚ ਵਾਧਾ ਹੋਵੇਗਾ ਤੇ ਸਮਾਜ ਵਿੱਚ ਤਲਖੀ ਵਧੇਗੀ। ਹਫ਼ਤੇ ਵਿੱਚ ਘੱਟੋ ਘੱਟ ਇੱਕ ਦਿਨ ਮੋਬਾਈਲ ਵਰਤ ਰੱਖਿਆ ਜਾਵੇ। ਇਹ ਐਤਵਾਰ ਦੀ ਛੁੱਟੀ ਵਾਲਾ ਦਿਨ ਹੋ ਸਕਦਾ ਹੈ। ਉਸ ਦਿਨ ਮੋਬਾਈਲ ਨਹੀਂ ਸਗੋਂ ਆਪਸ ਵਿੱਚ ਗੱਲਾਂ ਕੀਤੀਆਂ ਜਾਣ, ਘੁੰਮਿਆ ਫਿਰਿਆ ਜਾਵੇ, ਖੇਡਾਂ ਖੇਡੀਆਂ ਜਾਣ, ਸਾਰਾ ਪਰਿਵਾਰ, ਪੂਰਾ ਦਿਨ ਰਲਕੇ ਗੁਜ਼ਾਰੇ।

ਬੱਚਿਆਂ ਨੂੰ ਸਹੀ ਦਿਸ਼ਾ-ਨਿਰਦੇਸ਼ ਦੀ ਘਾਟ ਸਦਕਾ ਉਹ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਹੋ ਰਹੇ ਹਨ। ਅਸੀਂ ਆਪਣੀ ਨਿਮਰਤਾ, ਸੇਵਾ, ਦੂਜਿਆਂ ਦੀ ਸਹਾਇਤਾ ਤੇ ਵੱਡਿਆਂ ਦੇ ਸਤਿਕਾਰ ਲਈ ਪ੍ਰਸਿੱਧ ਸਾਂ, ਪਰ ਹੁਣ ਇਹ ਬੀਤੇ ਸਮੇਂ ਦੀਆਂ ਬਾਤਾਂ ਬਣਦੀਆਂ ਜਾ ਰਹੀਆਂ ਹਨ। ਨਵੀਂ ਪੀੜ੍ਹੀ ਦੀ ਬਹੁਗਿਣਤੀ ਵਿੱਚ ਕਾਹਲ, ਗੁੱਸਾ ਤੇ ਬੇਚੈਨੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਬਾਣੀ ਵਿੱਚੋਂ ਨਿਮਰਤਾ, ਮਿਠਾਸ ਅਤੇ ਵੱਡਿਆਂ ਦਾ ਸਤਿਕਾਰ ਗੁੰਮ ਹੋ ਰਿਹਾ ਹੈ। ਇਹ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਮਾਪੇ ਅਤੇ ਪਰਿਵਾਰ ਹੀ ਬੱਚੇ ਦੀ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮਾਪੇ ਬੱਚਿਆਂ ਲਈ ਆਦਰਸ਼ ਬਣਨ ਤੇ ਪਰਿਵਾਰ ਨੂੰ ਸੁੱਖ ਸ਼ਾਂਤੀ ਦਾ ਕੇਂਦਰ ਬਣਾ ਕੇ ਰੱਖਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਭਵਿੱਖ ਨਵੀਂ ਪੀੜ੍ਹੀ ਲਈ ਖੁਸ਼ਗਵਾਰ ਨਹੀਂ ਹੋਵੇਗਾ।

Advertisement
×