DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਲਾ

ਬਾਲ ਕਹਾਣੀ ਸਾਰੇ ਬੱਚੇ ਚਾਈਂ ਚਾਈਂ ਮੇਲੇ ਵਾਲੀ ਥਾਂ ’ਤੇ ਪਹੁੰਚ ਗਏ ਸਨ। ਬੱਚੇ ਅੱਜ ਸਿਰਫ਼ ਲੰਚ ਬਾਕਸ ਲੈ ਕੇ ਆਏ ਸਨ। ਉਹ ਬਸਤੇ ਨਹੀਂ ਲੈ ਕੇ ਆਏ ਸਨ। ਅਧਿਆਪਕਾਂ ਨੇ ਕੱਲ੍ਹ ਹੀ ਬੱਚਿਆਂ ਨੂੰ ਬਸਤੇ ਨਾ ਲੈ ਕੇ ਆਉਣ...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

ਸਾਰੇ ਬੱਚੇ ਚਾਈਂ ਚਾਈਂ ਮੇਲੇ ਵਾਲੀ ਥਾਂ ’ਤੇ ਪਹੁੰਚ ਗਏ ਸਨ। ਬੱਚੇ ਅੱਜ ਸਿਰਫ਼ ਲੰਚ ਬਾਕਸ ਲੈ ਕੇ ਆਏ ਸਨ। ਉਹ ਬਸਤੇ ਨਹੀਂ ਲੈ ਕੇ ਆਏ ਸਨ। ਅਧਿਆਪਕਾਂ ਨੇ ਕੱਲ੍ਹ ਹੀ ਬੱਚਿਆਂ ਨੂੰ ਬਸਤੇ ਨਾ ਲੈ ਕੇ ਆਉਣ ਲਈ ਆਖ ਦਿੱਤਾ ਸੀ। ਬੱਚੇ ਬੇਹੱਦ ਖ਼ੁਸ਼ ਸਨ।

Advertisement

‘ਇੱਕ ਦਿਨ ਕਿਤਾਬਾਂ ਨਹੀਂ ਪੜ੍ਹਨੀਆਂ ਪੈਣਗੀਆਂ। ਮੇਲੇ ਵਿੱਚ ਜਾ ਕੇ ਵੰਨ-ਸੁਵੰਨੀਆਂ ਚੀਜ਼ਾਂ ਵੇਖਾਂਗੇ ਤੇ ਖਾਂਵਾਂਗੇ।’ ਬੱਚਿਆਂ ਨੇ ਅਜਿਹਾ ਸੋਚਿਆ ਸੀ, ਪਰ ਮੇਲੇ ਵੱਲ ਵੇਖ ਕੇ ਬੱਚਿਆਂ ਦੇ ਚਿਹਰਿਆਂ ਦੀ ਰੌਣਕ ਇਕਦਮ ਉੱਡ ਗਈ। ਇਸ ਮੇਲੇ ਵਿੱਚ ਖਾਣ-ਪੀਣ ਦੀਆਂ ਦੁਕਾਨਾਂ ਦੋ ਕੁ ਹੀ ਸਨ। ਕਿਧਰੇ ਵੀ ਖਿਡੌਣਿਆਂ ਦੀ ਦੁਕਾਨ ਨਹੀਂ ਸੀ। ਨਾ ਹੀ ਕਿਧਰੇ ਕੋਈ ਖੇਡ-ਤਮਾਸ਼ੇ ਵਾਲਾ ਸੀ। ਮੇਲੇ ਵਿੱਚ ਚਾਰ ਚੁਫ਼ੇਰੇ ਕਿਤਾਬਾਂ ਦੇ ਸਟਾਲ ਸਨ। ਮੇਲੇ ਵਿੱਚ ਜਾ ਕੇ ਬੱਚਿਆਂ ਨੂੰ ਪਤਾ ਲੱਗਾ ਕਿ ਇਹ ਮੇਲਾ ਹੋਰ ਮੇਲਿਆਂ ਤੋਂ ਵੱਖਰਾ ਹੈ। ਇਹ ਕਿਤਾਬਾਂ ਦਾ ਮੇਲਾ ਹੈ।

Advertisement

‘‘ਬੱਚਿਓ! ਇਹ ਕਿਤਾਬਾਂ ਦਾ ਮੇਲਾ ਹੈ। ਇਹੋ ਜਿਹੇ ਮੇਲੇ ਵੱਡੇ ਸ਼ਹਿਰਾਂ ਵਿੱਚ ਲੱਗਦੇ ਹਨ। ਆਪਣੇ ਸ਼ਹਿਰ ਵਿੱਚ ਇਹ ਮੇਲਾ ਪਹਿਲੀ ਵਾਰ ਲੱਗਿਆ ਹੈ।’’ ਨਾਲ ਗਏ ਮਾਸਟਰ ਜੀ ਨੇ ਬੱਚਿਆਂ ਨੂੰ ਦੱਸਿਆ।

ਮਾਸਟਰ ਜੀ ਨੇ ਬੱਚਿਆਂ ਨੂੰ ਕਿਤਾਬਾਂ ਦੇ ਮੇਲੇ ਦੇ ਬਾਹਰ ਇੱਕ ਪਾਰਕ ਵਿੱਚ ਇਕੱਠੇ ਕਰ ਲਿਆ ਸੀ। ਮਾਸਟਰ ਜੀ ਮੇਲੇ ਵਿੱਚ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਜ਼ਰੂਰੀ ਹਦਾਇਤਾਂ ਦੇਣੀਆਂ ਚਾਹੁੰਦੇ ਸਨ, ਪਰ ਬੱਚੇ ਆਪਣੇ ਮਾਸਟਰ ਜੀ ਦੀ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਦੇ ਰਹੇ ਸਨ। ਬੱਚੇ ਮੇਲੇ ਵਿੱਚ ਨਹੀਂ ਜਾਣਾ ਚਾਹੁੰਦੇ ਸਨ।

‘‘ਮਾਸਟਰ ਜੀ! ਮਸਾਂ ਇੱਕ ਦਿਨ ਲਈ ਕਿਤਾਬਾਂ ਤੋਂ ਖਹਿੜਾ ਛੁੱਟਿਆ ਹੈ। ਤੁਸੀਂ ਫਿਰ ਸਾਨੂੰ ਕਿਤਾਬਾਂ ਪੜ੍ਹਨ ਵਾਸਤੇ ਲੈ ਆਏ। ਕਿਤਾਬਾਂ ਪੜ੍ਹ-ਪੜ੍ਹ ਅਸੀਂ ਪਹਿਲਾਂ ਹੀ ਅੱਕ ਗਏ ਹਾਂ।’’ ਦੀਪਕ ਨੇ ਆਖਿਆ।

‘‘ਮਾਸਟਰ ਜੀ! ਅਸੀਂ ਮੁਸ਼ਕਿਲ ਨਾਲ ਆਪਣੇ ਬਸਤੇ ਵਿਚਲੀਆਂ ਕਿਤਾਬਾਂ ਹੀ ਪੜ੍ਹਦੇ ਹਾਂ। ਤੁਸੀਂ ਸਾਨੂੰ ਹੋਰ ਕਿਤਾਬਾਂ ਪੜ੍ਹਨ ਵਾਸਤੇ ਲੈ ਆਏ।’’ ਅਲੋਕ ਵੀ ਬੋਲ ਪਿਆ।

ਬੱਚਿਆਂ ਦੀਆਂ ਗੱਲਾਂ ਸੁਣ ਕੇ ਮਾਸਟਰ ਜੀ ਉਨ੍ਹਾਂ ਨੂੰ ਬਹਿ ਕੇ ਸਮਝਾਉਣ ਲੱਗੇ।

‘‘ਆਲੇ-ਭੋਲੇ ਬੱਚਿਓ! ਕਿਤਾਬਾਂ ਕਦੇ ਵੀ ਸਾਡੇ ਲਈ ਬੋਝ ਨਹੀਂ ਹੁੰਦੀਆਂ। ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ। ਕਿਤਾਬਾਂ ਸਾਡੇ ਲਈ ਰਾਹ ਦਸੇਰਾ ਹਨ। ਕਿਤਾਬਾਂ ਤੋਂ ਅਸੀਂ ਉਦੋਂ ਅੱਕਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਬੋਝ ਸਮਝ ਕੇ ਪੜ੍ਹਦੇ ਹਾਂ। ਦੁਨੀਆ ਵਿੱਚ ਨਾਮਣਾ ਖੱਟਣ ਵਾਲੇ ਸਾਰੇ ਲੋਕ ਆਪਣੇ ਸਮੇਂ ਵਿੱਚ ਪਾਠਕ੍ਰਮ ਦੀਆਂ ਕਿਤਾਬਾਂ ਦੇ ਨਾਲ-ਨਾਲ ਹੋਰ ਕਿਤਾਬਾਂ ਵੀ ਪੜ੍ਹਦੇ ਰਹੇ ਹਨ। ਮੈਂ ਅੱਜ ਤੁਹਾਨੂੰ ਕਿਤਾਬਾਂ ਦੇ ਮਨਮੋਹਕ ਸੰਸਾਰ ਵਿੱਚ ਲੈ ਕੇ ਆਇਆ ਹਾਂ।’’

‘‘ਪਿਆਰੇ ਬੱਚਿਓ! ਤੁਸੀਂ ਇਸ ਮੇਲੇ ਵਿੱਚ ਵੰਨ-ਸੁਵੰਨੀਆਂ ਤੇ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਵੇਖ ਕੇ ਹੈਰਾਨ ਰਹਿ ਜਾਵੋਗੇ। ਮੇਰੀ ਹਦਾਇਤ ਹੈ ਕਿ ਤੁਸੀਂ ਪਹਿਲਾਂ ਸਾਰਾ ਮੇਲਾ ਘੁੰਮ ਕੇ ਵੇਖਣਾ ਹੈ। ਉਸ ਤੋਂ ਬਾਅਦ ਆਪਣੀ ਪਸੰਦ ਦੀ ਕਿਤਾਬ ਖ਼ਰੀਦਣੀ ਹੈ।’’

‘‘ਇੱਕ ਗੱਲ ਹੋਰ। ਕੋਈ ਵੀ ਕਿਤਾਬ ਖ਼ਰੀਦਣ ਤੋਂ ਪਹਿਲਾਂ ਉਸ ਦਾ ਅੰਕਿਤ ਮੁੱਲ ਵੇਖਣਾ ਹੈ ਤੇ ਉਚਿੱਤ ਛੋਟ ਲੈਣੀ ਨਹੀਂ ਭੁੱਲਣੀ।’’ ਮਾਸਟਰ ਜੀ ਨੇ ਬੜੀ ਸਹਿਜਤਾ ਨਾਲ ਸਮਝਾਇਆ।

ਮਾਸਟਰ ਜੀ ਦੀਆਂ ਗੱਲਾਂ ਸੁਣ ਕੇ ਬੱਚੇ ਮੇਲਾ ਵੇਖਣ ਤੇ ਆਪੋ ਆਪਣੀ ਪਸੰਦ ਦੀ ਕਿਤਾਬ ਖ਼ਰੀਦਣ ਲਈ ਰਾਜ਼ੀ ਹੋ ਗਏ ਸਨ। ਉਹ ਮਾਸਟਰ ਜੀ ਦੇ ਨਾਲ ਇੱਕ ਲਾਈਨ ਬਣਾ ਕੇ ਮੇਲੇ ਵਿੱਚ ਚਲੇ ਗਏ। ਬੱਚੇ ਮੇਲੇ ਵਿੱਚ ਕਿੰਨੀ ਦੇਰ ਘੁੰਮਦੇ ਰਹੇ। ਉਹ ਵੰਨ-ਸੁਵੰਨੀਆਂ ਕਿਤਾਬਾਂ ਵੇਖਦੇ ਰਹੇ। ਫਿਰ ਉਨ੍ਹਾਂ ਨੇ ਆਪੋ-ਆਪਣੀ ਪਸੰਦ ਦੀ ਕਿਤਾਬ ਖ਼ਰੀਦੀ। ਮੇਲੇ ਵਿੱਚੋਂ ਬਾਹਰ ਆਉਣ ਵੇਲੇ ਦੀਪਕ ਦੇ ਹੱਥ ਵਿੱਚ ‘ਪੰਚਤੰਤਰ ਦੀਆਂ ਕਹਾਣੀਆਂ’ ਸਨ। ਅਲੋਕ, ਨਾਨਕ ਸਿੰਘ ਦੀ ‘ਸੁਨਹਿਰੀ ਜਿਲਦ’ ਖ਼ਰੀਦ ਲਿਆਇਆ ਸੀ। ਸੇਵਕ, ਵਣਜਾਰਾ ਬੇਦੀ ਦੀ ‘ਬਾਤਾਂ ਮੁੱਢ ਕਦੀਮ ਦੀਆਂ’ ਲੈ ਆਇਆ ਸੀ। ਇਸੇ ਤਰ੍ਹਾਂ ਬਾਕੀ ਬੱਚਿਆਂ ਦੇ ਹੱਥਾਂ ਵਿੱਚ ਵੀ ਕਵਿਤਾਵਾਂ, ਕਹਾਣੀਆਂ ਤੇ ਮਹਾਨ ਲੋਕਾਂ ਦੀ ਜੀਵਨੀ ਦੀਆਂ ਕਿਤਾਬਾਂ ਸਨ। ਹੁਣ ਬੱਚੇ ਬੇਹੱਦ ਖ਼ੁਸ਼ ਜਾਪ ਰਹੇ ਸਨ।

ਵਾਪਸ ਸਕੂਲ ਨੂੰ ਤੁਰਨ ਤੋਂ ਪਹਿਲਾਂ ਮਾਸਟਰ ਜੀ ਨੇ ਬੱਚਿਆਂ ਨੂੰ ਫਿਰ ਉਸੇ ਪਾਰਕ ਵਿੱਚ ਇਕੱਠੇ ਕਰ ਲਿਆ। ਮਾਸਟਰ ਜੀ, ਬੱਚਿਆਂ ਨੂੰ ਕੁਝ ਹੋਰ ਹਦਾਇਤਾਂ ਦੇਣੀਆਂ ਚਾਹੁੰਦੇ ਸਨ।

‘‘ਮਾਸਟਰ ਜੀ! ਅਸੀਂਂ ਪੜ੍ਹਨ ਤੋਂ ਬਾਅਦ ਇਨ੍ਹਾਂ ਕਿਤਾਬਾਂ ਦਾ ਕੀ ਕਰਾਂਗੇ। ਪਾਠਕ੍ਰਮ ਵਾਲੀਆਂ ਕਿਤਾਬਾਂ ਤਾਂ ਅਸੀਂ ਪੇਪਰਾਂ ਤੱਕ ਸੰਭਾਲ ਕੇ ਰੱਖਦੇ ਹਾਂ। ਪੇਪਰਾਂ ਤੋਂ ਬਾਅਦ ਅਸੀਂ ਰੱਦੀ ਵਾਲੇ ਨੂੰ ਦਿੰਦੇ ਹਾਂ।’’ ਗੁਰਸ਼ਾਨ ਪੁੱਛਣ ਲੱਗਾ।

‘‘ਬੱਚਿਓ! ਅੱਜ ਤੋਂ ਬਾਅਦ ਅਸੀਂ ਰੱਦੀ ਵਾਲੇ ਨੂੰ ਕੋਈ ਵੀ ਕਿਤਾਬ ਨਹੀਂ ਦੇਣੀ। ਨਾ ਹੀ ਪਾਠਕ੍ਰਮ ਵਾਲੀ ਤੇ ਨਾ ਹੀ ਉਂਝ ਖ਼ਰੀਦੀ। ਅਸੀਂ ਆਪਣੇ ਸਕੂਲ ਵਿੱਚ ਬੁੱਕ ਬੈਂਕ ਸਥਾਪਿਤ ਕਰਾਂਗੇ। ਤੁਸੀਂ ਪਾਠਕ੍ਰਮ ਵਾਲੀਆਂ ਕਿਤਾਬਾਂ ਪੇਪਰਾਂ ਤੋਂ ਬਾਅਦ ਬੁੱਕ ਬੈਂਕ ਵਿੱਚ ਜਮ੍ਹਾਂ ਕਰਵਾਓਗੇ। ਇਨ੍ਹਾਂ ਕਿਤਾਬਾਂ ਬਦਲੇ ਤੁਹਾਨੂੰ ਅਗਲੀ ਜਮਾਤ ਦੀਆਂ ਕੁਝ ਕਿਤਾਬਾਂ ਮਿਲ ਜਾਣਗੀਆਂ।’’ ਮਾਸਟਰ ਜੀ ਨੇ ਆਖਿਆ।

‘‘ਮਾਸਟਰ ਜੀ! ਇਨ੍ਹਾਂ ਅੱਜ ਖ਼ਰੀਦੀਆਂ ਕਿਤਾਬਾਂ ਦਾ ਅਸੀਂਂ ਪੜ੍ਹਨ ਤੋਂ ਬਾਅਦ ਕੀ ਕਰਾਂਗੇ?’’ ਅਮਿਤ ਨੇ ਉਤਸੁਕਤਾ ਨਾਲ ਪੁੱਛਿਆ।

‘‘ਬੱਚਿਓ! ਕਾਹਲੀ ਨਾ ਕਰੋ। ਆਰਾਮ ਨਾਲ ਬੈਠੋ। ਇਨ੍ਹਾਂ ਅੱਜ ਖ਼ਰੀਦੀਆਂ ਕਿਤਾਬਾਂ ਬਾਰੇ ਵੀ ਮੈਂ ਸਮਝਾਉਂਦਾ ਹਾਂ। ਤੁਹਾਡੇ ਵੱਲੋਂ ਅੱਜ ਕਿਤਾਬਾਂ ਲਈ ਖ਼ਰਚੇ ਪੈਸੇ ਵਿਅਰਥ ਨਹੀਂ ਜਾਣਗੇ। ਇਹ ਕਿਤਾਬਾਂ ਤੁਹਾਡੇ ਤੋਂ ਬਿਨਾਂ ਹੋਰ ਵੀ ਕਈ ਬੱਚਿਆਂ ਦੇ ਕੰਮ ਆਉਣਗੀਆਂ। ਇਨ੍ਹਾਂ ਕਿਤਾਬਾਂ ਨੂੰ ਪਹਿਲਾਂ ਤੁਸੀਂ ਆਪ ਪੜ੍ਹਨਾ ਹੈ। ਫਿਰ ਤੁਸੀਂ ਆਪਣੇ ਘਰ ਵਿੱਚ ਤੇ ਆਂਢ-ਗੁਆਂਢ ਵਿੱਚ ਹੋਰ ਬੱਚਿਆਂ ਨੂੰ ਪੜ੍ਹਾਓਗੇ। ਉਸ ਤੋਂ ਬਾਅਦ ਤੁਸੀਂ ਆਪਣਾ ਨਾਂ ਲਿਖ ਕੇ ਇਨ੍ਹਾਂ ਕਿਤਾਬਾਂ ਨੂੰ ਸਕੂਲ ਦੀ ਲਾਇਬ੍ਰੇਰੀ ਵਿਚ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਸਾਡੇ ਸਕੂਲ ਦੀ ਲਾਇਬ੍ਰੇਰੀ ਮਾਲਾ-ਮਾਲ ਹੋ ਜਾਵੇਗੀ। ਲਾਇਬ੍ਰੇਰੀ ਵਿੱਚ ਪਈਆਂ ਕਿਤਾਬਾਂ ਨੂੰ ਹੋਰ ਕਈ ਬੱਚੇ ਪੜ੍ਹਨਗੇ।’’

ਮਾਸਟਰ ਜੀ ਨੇ ਸਮਝਾਇਆ। ਮਾਸਟਰ ਜੀ ਦੀਆਂ ਗੱਲਾਂ ਤੇ ਹਦਾਇਤਾਂ ਬੱਚਿਆਂ ਨੂੰ ਬੇਹਦ ਪਸੰਦ ਆਈਆਂ। ਉਹ ਆਪੋ-ਆਪਣੀ ਕਿਤਾਬ ਲੈ ਕੇ ਚਾਈਂ ਚਾਈਂ ਸਕੂਲ ਨੂੰ ਤੁਰ ਪਏ।

‘‘ਬੱਚਿਓ! ਮੈਂ ਤੁਹਾਡੇ ਤੋਂ ਇਹ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਕਿਤਾਬਾਂ ਵਿਚਲੀਆਂ ਕਹਾਣੀਆਂ ਤੇ ਬਾਤਾਂ ਸਵੇਰ ਦੀ ਸਭਾ ਵਿੱਚ ਵੀ ਜ਼ਰੂਰ ਸੁਣਾਇਆ ਕਰੋਗੇ।’’ ਮਾਸਟਰ ਜੀ ਨੇ ਇੱਕ ਹਦਾਇਤ ਹੋਰ ਦਿੱਤੀ।

‘‘ਜੀ ਜ਼ਰੂਰ।’’ ਲਾਈਨ ਵਿੱਚ ਤੁਰੇ ਜਾਂਦੇ ਬੱਚੇ ਇਕੱਠੇ ਹੀ ਬੋਲ ਪਏ। ਉਨ੍ਹਾਂ ਹੱਥ ਖੜ੍ਹੇ ਕਰਕੇ ਮਾਸਟਰ ਜੀ ਦੀ ਆਖਰੀ ਹਦਾਇਤ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਸੀ।

ਸੰਪਰਕ: 94165-92149

Advertisement
×