ਪ੍ਰੀਖਿਆਵਾਂ
ਬਾਲ ਕਹਾਣੀ ਪ੍ਰੀਖਿਆਵਾਂ ਦਾ ਸਮਾਂ ਆਉਂਦੇ ਹੀ ਸਕੂਲਾਂ, ਘਰਾਂ ਅਤੇ ਬੱਚਿਆਂ ਦੇ ਮਨ ਵਿੱਚ ਇੱਕ ਅਜੀਬ ਤਣਾਅ ਪੈਦਾ ਹੋ ਜਾਂਦਾ ਹੈ। ਕਿਤਾਬਾਂ ਪੜ੍ਹਾ ਦਿੱਤੀਆਂ ਜਾਂਦੀਆਂ ਹਨ, ਸਿਲੇਬਸ ਪੂਰਾ ਹੋ ਜਾਂਦਾ ਹੈ, ਪਰ ਵਿਦਿਆਰਥੀਆਂ ਦੇ ਮਨ ਅਕਸਰ ਡਰ, ਚਿੰਤਾ ਅਤੇ ਦਬਾਅ...
ਬਾਲ ਕਹਾਣੀ
ਪ੍ਰੀਖਿਆਵਾਂ ਦਾ ਸਮਾਂ ਆਉਂਦੇ ਹੀ ਸਕੂਲਾਂ, ਘਰਾਂ ਅਤੇ ਬੱਚਿਆਂ ਦੇ ਮਨ ਵਿੱਚ ਇੱਕ ਅਜੀਬ ਤਣਾਅ ਪੈਦਾ ਹੋ ਜਾਂਦਾ ਹੈ। ਕਿਤਾਬਾਂ ਪੜ੍ਹਾ ਦਿੱਤੀਆਂ ਜਾਂਦੀਆਂ ਹਨ, ਸਿਲੇਬਸ ਪੂਰਾ ਹੋ ਜਾਂਦਾ ਹੈ, ਪਰ ਵਿਦਿਆਰਥੀਆਂ ਦੇ ਮਨ ਅਕਸਰ ਡਰ, ਚਿੰਤਾ ਅਤੇ ਦਬਾਅ ਨਾਲ ਭਰੇ ਰਹਿੰਦੇ ਹਨ। ਅੰਕਾਂ ਦੀ ਦੌੜ ਨੇ ਪ੍ਰੀਖਿਆਵਾਂ ਨੂੰ ਸਿੱਖਿਆ ਦਾ ਸਾਧਨ ਬਣਾਉਣ ਦੀ ਥਾਂ ਡਰ ਦਾ ਪ੍ਰਤੀਕ ਬਣਾ ਦਿੱਤਾ ਹੈ।
ਅਜਿਹੇ ਹੀ ਮਾਹੌਲ ਵਿੱਚ ਅਮਨ ਨਾਮ ਦਾ ਇੱਕ ਵਿਦਿਆਰਥੀ ਆਪਣੀ ਦਸਵੀਂ ਜਮਾਤ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਅਮਨ ਪੜ੍ਹਾਈ ਵਿੱਚ ਕਮਜ਼ੋਰ ਨਹੀਂ ਸੀ, ਉਸ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਆਪਣਾ ਡਰ ਸੀ। ਜਿਵੇਂ-ਜਿਵੇਂ ਪ੍ਰੀਖਿਆ ਨੇੜੇ ਆਉਂਦੀ ਸੀ, ਉਸ ਦੀ ਨੀਂਦ ਘਟਣ ਲੱਗੀ, ਮਨ ਅਸਥਿਰ ਹੋ ਗਿਆ ਅਤੇ ਭਰੋਸਾ ਡੋਲਣ ਲੱਗ ਪਿਆ।
ਅਮਨ ਇੱਕ ਸਾਧਾਰਨ ਪਰਿਵਾਰ ਨਾਲ ਸਬੰਧਿਤ ਸੀ। ਉਸ ਦੇ ਪਾਪਾ ਖੇਤਾਂ ਵਿੱਚ ਮਿਹਨਤ ਕਰਦੇ ਸਨ ਅਤੇ ਮਾਂ ਘਰ ਸੰਭਾਲਣ ਦੇ ਨਾਲ ਨਾਲ ਸਿਲਾਈ ਕਰਕੇ ਘਰ ਦੀ ਆਮਦਨ ਵਿੱਚ ਹਿੱਸਾ ਪਾਉਂਦੀ ਸੀ। ਮਾਪਿਆਂ ਨੇ ਕਦੇ ਵੀ ਅਮਨ ’ਤੇ ਅੰਕਾਂ ਲਈ ਦਬਾਅ ਨਹੀਂ ਪਾਇਆ, ਪਰ ਉਹ ਖ਼ੁਦ ਨੂੰ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਾ ਦੇਖਣਾ ਚਾਹੁੰਦਾ ਸੀ। ਇਹੀ ਅੰਦਰੂਨੀ ਦਬਾਅ ਉਸ ਨੂੰ ਅੰਦਰੋਂ ਅੰਦਰ ਖਾ ਰਿਹਾ ਸੀ।
ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਉਹ ਕਿਤਾਬਾਂ ਸਾਹਮਣੇ ਖੁੱਲ੍ਹੀਆਂ ਰੱਖ ਕੇ ਬੈਠਾ ਸੀ, ਪਰ ਅੱਖਾਂ ਨਹੀਂ ਟਿਕ ਰਹੀਆਂ ਸਨ। ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਅਤੇ ਮਨ ਵਿੱਚ ਅਨੇਕਾਂ ਸਵਾਲ ਘੁੰਮ ਰਹੇ ਸਨ;
‘ਜੇ ਸਵਾਲ ਔਖੇ ਆ ਗਏ?’
‘ਜੇ ਸਭ ਭੁੱਲ ਗਿਆ?’
‘ਜੇ ਨਤੀਜਾ ਉਮੀਦਾਂ ਵਰਗਾ ਨਾ ਆਇਆ ?’
ਉਸ ਰਾਤ ਉਹ ਆਪਣੇ ਦਾਦਾ ਜੀ ਕੋਲ ਜਾ ਬੈਠਾ। ਦਾਦਾ ਜੀ ਉਮਰ ਅਤੇ ਤਜਰਬੇ ਨਾਲ ਭਰੇ ਹੋਏ, ਹਮੇਸ਼ਾਂ ਸ਼ਾਂਤ ਅਤੇ ਧੀਰਜ ਵਾਲੇ ਸਨ। ਹੱਥ ਵਿੱਚ ਗੁਰਬਾਣੀ ਦੀ ਇੱਕ ਛੋਟੀ ਪੁਸਤਕ ਹੁੰਦੀ ਸੀ ਜੋ ਉਹ ਹਰ ਰੋਜ਼ ਪੜ੍ਹਦੇ।
ਦਾਦਾ ਜੀ ਨੇ ਅਮਨ ਦੀ ਉਤਰੀ ਹੋਈ ਸ਼ਕਲ ਵੇਖ ਕੇ ਪੁੱਛਿਆ;
“ਪੁੱਤਰ, ਮਨ ਭਾਰਾ ਕਿਉਂ ਲੱਗਦਾ ਹੈ ?”
ਅਮਨ ਨੇ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਦੱਸੀ। ਦਾਦਾ ਜੀ ਧੀਰਜ ਨਾਲ ਸੁਣਦੇ ਰਹੇ। ਫਿਰ ਹੌਲੀ ਆਵਾਜ਼ ਵਿੱਚ ਕਹਿਣ ਲੱਗੇ;
“ਪ੍ਰੀਖਿਆ ਤੈਨੂੰ ਹਰਾਉਣ ਨਹੀਂ ਆਈ, ਤੈਨੂੰ ਪਰਖਣ ਆਈ ਹੈ। ਨੰਬਰ ਮਨੁੱਖ ਦੀ ਕਦਰ ਨਹੀਂ ਹੁੰਦੇ, ਕਦਰ ਉਸ ਦੀ ਮਿਹਨਤ ਅਤੇ ਸੱਚੀ ਕੋਸ਼ਿਸ਼ ਦੀ ਹੁੰਦੀ ਹੈ।”
ਦਾਦਾ ਜੀ ਨੇ ਸਮਝਾਇਆ, ‘‘ਪ੍ਰੀਖਿਆ ਜੀਵਨ ਦਾ ਸਿਰਫ਼ ਇੱਕ ਪੜਾਅ ਹੈ, ਪੂਰੀ ਜ਼ਿੰਦਗੀ ਦਾ ਫ਼ੈਸਲਾ ਨਹੀਂ। ਜੇ ਤੂੰ ਪੂਰੀ ਮਿਹਨਤ ਕੀਤੀ ਹੈ ਤਾਂ ਡਰ ਦੀ ਕੋਈ ਥਾਂ ਨਹੀਂ।’’
ਇਹ ਗੱਲਾਂ ਅਮਨ ਦੇ ਮਨ ’ਤੇ ਡੂੰਘਾ ਅਸਰ ਛੱਡ ਗਈਆਂ। ਉਸ ਰਾਤ ਉਸ ਨੇ ਡਰ ਨਾਲ ਨਹੀਂ, ਸਮਝ ਨਾਲ ਪੜ੍ਹਾਈ ਕੀਤੀ। ਉਹ ਰੱਟਾ ਲਾਉਣ ਦੀ ਥਾਂ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਜਿੱਥੇ ਕੁਝ ਸਮਝ ਨਾ ਆਇਆ, ਉੱਥੇ ਘਬਰਾਉਣ ਦੀ ਥਾਂ ਅੱਗੇ ਵਧ ਗਿਆ।
ਅਗਲੇ ਦਿਨ ਪ੍ਰੀਖਿਆ ਹਾਲ ਵਿੱਚ ਪੂਰੀ ਖਾਮੋਸ਼ੀ ਸੀ। ਘੜੀ ਦੀ ਟਿਕ-ਟਿਕ ਵੀ ਸਾਫ਼ ਸੁਣਾਈ ਦੇ ਰਹੀ ਸੀ। ਅਮਨ ਦਾ ਦਿਲ ਜ਼ਰੂਰ ਤੇਜ਼ ਧੜਕ ਰਿਹਾ ਸੀ, ਪਰ ਮਨ ਪਹਿਲਾਂ ਨਾਲੋਂ ਸ਼ਾਂਤ ਸੀ।
ਪ੍ਰਸ਼ਨ ਪੱਤਰ ਮਿਲਿਆ। ਕੁਝ ਸਵਾਲ ਸੌਖੇ ਸਨ, ਕੁਝ ਔਖੇ, ਪਰ ਅਮਨ ਨੇ ਹੌਸਲਾ ਨਹੀਂ ਹਾਰਿਆ। ਉਸ ਨੇ ਸ਼ਾਂਤ ਮਨ ਨਾਲ ਪੈੱਨ ਚਲਾਇਆ, ਜੋ ਆਉਂਦਾ ਸੀ ਪੂਰੇ ਵਿਸ਼ਵਾਸ ਨਾਲ ਲਿਖਿਆ।
ਪ੍ਰੀਖਿਆ ਮੁਕੰਮਲ ਹੋਈ। ਅਮਨ ਦੇ ਚਿਹਰੇ ’ਤੇ ਥਕਾਵਟ ਸੀ, ਪਰ ਅੰਦਰੂਨੀ ਤਸੱਲੀ ਵੀ। ਉਸ ਨੂੰ ਪਤਾ ਸੀ ਕਿ ਉਸ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਉਸ ਨੇ ਵਿਸ਼ਵਾਸ ਅਤੇ ਮਿਹਨਤ ਕਰਕੇ ਸਾਰੇ ਪੇਪਰ ਦਿੱਤੇ। ਪ੍ਰੀਖਿਆਵਾਂ ਖ਼ਤਮ ਹੋ ਗਈਆਂ।
ਉਹ ਨਤੀਜੇ ਦੀ ਉਡੀਕ ਵਿੱਚ ਸੀ। ਆਖਿਰ ਨਤੀਜੇ ਵਾਲਾ ਦਿਨ ਆ ਗਿਆ। ਉਸ ਦੇ ਅੰਕ ਚੰਗੇ ਸਨ। ਸਭ ਤੋਂ ਵੱਡੀ ਗੱਲ ਇਹ ਨਹੀਂ ਸੀ ਕਿ ਉਸ ਨੇ ਕਿੰਨੇ ਨੰਬਰ ਲਏ, ਬਲਕਿ ਇਹ ਸੀ ਕਿ ਉਸ ਨੇ ਪ੍ਰੀਖਿਆ ਦੇ ਡਰ ’ਤੇ ਜਿੱਤ ਹਾਸਲ ਕੀਤੀ।
ਇਹ ਕਹਾਣੀ ਸਿਰਫ਼ ਅਮਨ ਦੀ ਨਹੀਂ, ਹਰ ਉਸ ਵਿਦਿਆਰਥੀ ਦੀ ਹੈ ਜੋ ਪ੍ਰੀਖਿਆ ਨੂੰ ਆਪਣੀ ਕਾਬਲੀਅਤ ਦੀ ਥਾਂ ਆਪਣੀ ਕਿਸਮਤ ਨਾਲ ਜੋੜ ਲੈਂਦਾ ਹੈ। ਅਸਲ ਲੋੜ ਇਸ ਗੱਲ ਦੀ ਹੈ ਕਿ ਮਾਪੇ, ਅਧਿਆਪਕ ਅਤੇ ਸਮਾਜ ਮਿਲ ਕੇ ਬੱਚਿਆਂ ਨੂੰ ਇਹ ਸਮਝਾਉਣ, ਪ੍ਰੀਖਿਆ ਸਿੱਖਣ ਦਾ ਸਾਧਨ ਹੈ, ਸਜ਼ਾ ਨਹੀਂ।
ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਤੋੜਨ ਲਈ ਨਹੀਂ, ਨਿਖਾਰਨ ਲਈ ਹੁੰਦੀਆਂ ਹਨ। ਜਦੋਂ ਡਰ ਦੀ ਥਾਂ ਸਮਝ, ਦਬਾਅ ਦੀ ਥਾਂ ਸਹਿਯੋਗ ਅਤੇ ਅੰਕਾਂ ਦੀ ਥਾਂ ਗਿਆਨ ਨੂੰ ਮਹੱਤਵ ਮਿਲੇ, ਤਦ ਹੀ ਸਿੱਖਿਆ ਦਾ ਅਸਲੀ ਮਕਸਦ ਪੂਰਾ ਹੋ ਸਕਦਾ ਹੈ। ਪ੍ਰੀਖਿਆਵਾਂ ਅੰਤ ਨਹੀਂ, ਸਿੱਖਿਆ ਦੇ ਰਸਤੇ ’ਤੇ ਇੱਕ ਪੜਾਅ ਹਨ। ਜਿੱਥੇ ਹੌਸਲਾ ਹੀ ਅਸਲੀ ਕਾਮਯਾਬੀ ਹੈ।
ਸੰਪਰਕ: 94171-63426

