DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਮਤਿਹਾਨ ਅਤੇ ਮਾਪੇ

ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਾਪਿਆਂ ਕੋਲ ਬੱਚਿਆਂ ਨੂੰ ਦੇਣ ਲਈ ਪੈਸਾ, ਸੁੱਖ ਸਹੂਲਤਾਂ ਤਾਂ ਹਨ, ਪਰ ਸਮਾਂ ਨਹੀਂ ਹੈ। ਦੂਜੇ ਪਾਸੇ ਬੱਚੇ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਭਾਰੀ ਸਿਲੇਬਸਾਂ ਦੇ ਬੋਝ ਕਾਰਨ ਥੱਕੇ ਜਾਪਦੇ ਹਨ। ਇਮਤਿਹਾਨਾਂ...

  • fb
  • twitter
  • whatsapp
  • whatsapp
Advertisement

ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਾਪਿਆਂ ਕੋਲ ਬੱਚਿਆਂ ਨੂੰ ਦੇਣ ਲਈ ਪੈਸਾ, ਸੁੱਖ ਸਹੂਲਤਾਂ ਤਾਂ ਹਨ, ਪਰ ਸਮਾਂ ਨਹੀਂ ਹੈ। ਦੂਜੇ ਪਾਸੇ ਬੱਚੇ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਭਾਰੀ ਸਿਲੇਬਸਾਂ ਦੇ ਬੋਝ ਕਾਰਨ ਥੱਕੇ ਜਾਪਦੇ ਹਨ। ਇਮਤਿਹਾਨਾਂ ਦੇ ਨੇੜੇ ਆਉਂਦੇ ਹੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਵੱਧ ਅੰਕ ਲੈਣ ਲਈ ਪ੍ਰੇਰਿਤ ਕਰਦੇ ਹੋਏ ਦਬਾਅ ਬਣਾਇਆ ਜਾਣ ਲੱਗਦਾ ਹੈ। ਸਕੂਲ ਪ੍ਰਸ਼ਾਸਨ ਅਤੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਸਮੇਂ ਸਮੇਂ ’ਤੇ ਬੱਚਿਆਂ ਦੀ ਰਿਪੋਰਟ ਤੋਂ ਜਾਣੂ ਕਰਵਾ ਕੇ ਪਹਿਲਾਂ ਹੀ ਬੱਚੇ ਦੀ ਪੜ੍ਹਾਈ ਦੀ ਸਥਿਤੀ ਸਾਫ਼ ਕਰ ਦਿੱਤੀ ਜਾਂਦੀ ਹੈ। ਸਪੱਸ਼ਟ ਜਿਹੇ ਸ਼ਬਦਾਂ ਵਿੱਚ ਸਕੂਲਾਂ ਵਾਲਿਆਂ ਵੱਲੋਂ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ ਜਾਂ ਫਿਰ ਆਪਣਾ ਅੱਧਾ ਬੋਝ ਵੰਡਾ ਲਿਆ ਜਾਂਦਾ ਹੈ।

ਇਮਤਿਹਾਨਾਂ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਜ਼ਿਆਦਾ ਤੇਜ਼ੀ ਨਾਲ ਸਮੇਂ ਸਮੇਂ ’ਤੇ ਵਾਰ ਵਾਰ ਮਾਪਿਆਂ ਨੂੰ ਬੱਚੇ ਦੀ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਇਆ ਜਾਣ ਲੱਗਦਾ ਹੈ। ਸਕੂਲ ਪ੍ਰਸ਼ਾਸਨ ਨੂੰ ਆਪਣੇ ਸਕੂਲ ਦੀ ਕਾਰਗੁਜ਼ਾਰੀ ਦਾ, ਅਧਿਆਪਕਾਂ ਨੇ ਆਪਣੀ ਮਿਹਨਤ ਦਾ ਸਿੱਟਾ ਬੱਚਿਆਂ ਵੱਲੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਹੀ ਪ੍ਰਾਪਤ ਕਰਨਾ ਹੁੰਦਾ ਹੈ। ਅਜਿਹਾ ਕਰਕੇ ਉਹ ਆਪਣੀ ਸਥਿਤੀ ਸਪੱਸ਼ਟ ਕਰਕੇ ਸੁਰਖ਼ਰੂ ਹੋ ਜਾਂਦੇ ਹਨ ਤਾਂ ਜੋ ਮਾਪੇ ਸਕੂਲ ਪ੍ਰਸ਼ਾਸਨ ’ਤੇ ਕੋਈ ਉਂਗਲ ਨਾ ਚੁੱਕ ਸਕਣ। ਇਮਤਿਹਾਨ ਨੇੜੇ ਆਉਣ ਨਾਲ ਇਨ੍ਹਾਂ ਸਾਰੀਆਂ ਗੱਲਾਂ ਦਾ ਬੱਚਿਆਂ ’ਤੇ ਮਾਨਸਿਕ ਤੌਰ ’ਤੇ ਦਬਾਅ ਬਣਦਾ ਹੈ ਜਦੋਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਬੱਚਿਆਂ ਨੂੰ ਮਾਨਸਿਕ ਦਬਾਅ ਹੇਠ ਆਉਣ ਤੋਂ ਬਚਾਇਆ ਜਾਵੇ। ਅਜਿਹੇ ਸਮੇਂ ਵਿੱਚ ਮਾਪਿਆਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਮਾਪੇ ਚਾਹੇ ਕੰਮਕਾਜੀ ਹੋਣ ਜਾਂ ਘਰੇਲੂ, ਪਰ ਇਸ ਸਮੇਂ ਉਨ੍ਹਾਂ ਦੀ ਬੱਚਿਆਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ।

Advertisement

ਬੱਚਿਆਂ ਨੂੰ ਮਾਪੇ ਇੱਕ ਗੱਲ ਤਾਂ ਤੁਰੇ ਫਿਰਦੇ ਵੀ ਆਖ ਦਿੰਦੇ ਹਨ, ‘‘ਪੜ੍ਹ ਲੈ, ਇਮਤਿਹਾਨ ਸਿਰ ’ਤੇ ਨੇ, ਪੜ੍ਹ ਲਏਂਗਾ ਤਾਂ ਕੁਝ ਬਣ ਜਾਏਂਗਾ।’’ ਦਿਨ ਵਿੱਚ ਦੋ-ਚਾਰ ਵਾਰ ਮਾਂ ਵੱਲੋਂ ਆਖ ਦੇਣਾ ਤੇ ਹਫ਼ਤੇ ਦਸ ਦਿਨ ਬਾਅਦ ਪਿਤਾ ਵੱਲੋਂ ਕਹਿ ਕੇ ਆਪਣੀ ਜ਼ਿੰਮੇਵਾਰੀ ਨਿਪਟਾ ਲਈ ਜਾਂਦੀ ਹੈ ਜਾਂ ਫਿਰ ਕੋਈ ਡਰਾਵਾ ਦੇ ਕੇ ਬੱਚੇ ਅੰਦਰ ਡਰ ਪੈਦਾ ਕਰ ਦਿੱਤਾ ਜਾਂਦਾ ਹੈ। ਬੱਚਾ ਸਕੂਲ ਤੋਂ ਘਰ, ਘਰ ਤੋਂ ਟਿਊਸ਼ਨ ਤੇ ਟਿਊਸ਼ਨ ਤੋਂ ਘਰ ਵਾਪਸ ਪਰਤਣ ਤੱਕ ਮਾਪਿਆਂ ਦੀ ਜ਼ਿੰਮੇਵਾਰੀ ਨਿੱਬੜ ਜਾਂਦੀ ਹੈ ਜਦੋਂਕਿ ਜਿਹੜੀਆਂ ਗੱਲਾਂ ਵਿੱਚ ਬੱਚੇ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।

Advertisement

ਇਮਤਿਹਾਨਾਂ ਦੇ ਨੇੜੇ ਆਉਂਦੇ ਹੀ ਮਾਪਿਆਂ ਨੂੰ ਬੱਚਿਆਂ ਪ੍ਰਤੀ ਸੁਹਿਰਦਤਾ ਭਰਪੂਰ ਰਵੱਈਆ ਅਪਣਾਉਂਦੇ ਹੋਏ ਉਸ ਨਾਲ ਹਲਕੇ ਮਾਹੌਲ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਉਸ ਦੀਆਂ ਸਮੱਸਿਆਵਾਂ ਨੂੰ ਟੋਹਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚਾ ਪੜ੍ਹਾਈ ਪ੍ਰਤੀ ਕਿਸ ਤਰ੍ਹਾਂ ਦੀ ਮਾਨਸਿਕਤਾ ਲੈ ਕੇ ਚੱਲ ਰਿਹਾ ਹੈ, ਉਹ ਆਪਣੇ ਭਵਿੱਖ ਪ੍ਰਤੀ ਸੰਜੀਦਾ ਹੈ ਕਿ ਨਹੀਂ, ਜੇ ਉਸ ਦੇ ਵੱਧ ਅੰਕ ਆਉਂਦੇ ਹਨ ਤਾਂ ਉਹ ਕੀ ਕਰਨ ਬਾਰੇ ਸੋਚਦਾ ਹੈ ਜਾਂ ਘੱਟ ਅੰਕ ਆਉਣ ’ਤੇ ਉਹ ਕਿਤੇ ਨਿਰਾਸ਼ ਹੋ ਕੇ ਕੁਝ ਗ਼ਲਤ ਕਦਮ ਤਾਂ ਨਹੀਂ ਉਠਾਉਣ ਬਾਰੇ ਸੋਚ ਰਿਹਾ। ਬੱਚੇ ਦੇ ਦਿਮਾਗ ਦੀ ਐਨੀ ਪੜ੍ਹਾਈ ਕਰਨੀ ਮਾਪਿਆਂ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇਮਤਿਹਾਨਾਂ ਸਮੇਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਪ੍ਰਤੀ ਕਦੇ ਵੀ ਤਾਨਾਸ਼ਾਹੀ ਵਾਲਾ ਰਵੱਈਆ ਨਹੀਂ ਅਪਣਾਇਆ ਜਾਣਾ ਚਾਹੀਦਾ।

ਮਾਪਿਆਂ ਵੱਲੋਂ ਬੱਚੇ ਅੰਦਰ ਕਦੇ ਵੀ ਕਿਸੇ ਹੋਰ ਬੱਚੇ ਨਾਲੋਂ ਜ਼ਿਆਦਾ ਅੰਕ ਲੈਣ ਲਈ ਦਬਾਅ ਨਾ ਪਾਇਆ ਜਾਵੇ। ਰੱਬ ਨਾ ਕਰੇ ਜੇ ਕਿਤੇ ਉਸ ਬੱਚੇ ਨਾਲੋਂ ਅੰਕ ਘੱਟ ਆ ਜਾਣ ਤਾਂ ਇਹੋ ਜਿਹੀਆਂ ਗੱਲਾਂ ਦੇ ਘਾਤਕ ਨਤੀਜੇ ਨਿਕਲ ਸਕਦੇ ਹਨ। ਬਾਹਰਲੇ ਮੁਲਕਾਂ ਵਿੱਚ ਪੜ੍ਹਾਈ ਦੇ ਮੁੱਦੇ ’ਤੇ ਬੱਚੇ, ਅਧਿਆਪਕ ਅਤੇ ਮਾਪੇ ਇਨ੍ਹਾਂ ਚਿੰਤਾਵਾਂ ਤੋਂ ਸੁਰਖਰੂ ਹੁੰਦੇ ਹਨ ਕਿਉਂਕਿ ਬੱਚੇ ਦੀ ਰੁਚੀ ਮੁਤਾਬਕ ਉਨ੍ਹਾਂ ਨੂੰ ਉਸੇ ਖੇਤਰ ਵਿੱਚ ਭੇਜ ਦਿੱਤਾ ਜਾਂਦਾ ਹੈ, ਪਰ ਸਾਡੇ ਬੱਚਿਆਂ ਦੇ ਮਾਪੇ ਆਪਣੀ ਰੁਚੀ ਦੀ ਪੜ੍ਹਾਈ ਆਪਣੇ ਬੱਚੇ ਤੋਂ ਕਰਵਾਉਣ ਦੇ ਇਛੁੱਕ ਹੁੰਦੇ ਹਨ। ਕਈ ਮਾਪਿਆਂ ਦੀ ਆਪਣੀ ਪੜ੍ਹਾਈ ਦੀ ਇੱਛਾ ਪੂਰੀ ਨਾ ਹੋਣ ਕਰਕੇ, ਉਹ ਆਪਣੇ ਬੱਚੇ ਤੋਂ ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ, ਚਾਹੇ ਬੱਚੇ ਦੀ ਉਸ ਵਿੱਚ ਕੋਈ ਰੁਚੀ ਨਾ ਹੋਵੇ।

ਮਾਪੇ ਚਾਹੇ ਦੋਵੇਂ ਮਾਤਾ ਅਤੇ ਪਿਤਾ ਕੰਮਕਾਜੀ ਹੋਣ ਜਾਂ ਘੱਟ ਪੜ੍ਹੇ ਹੋਣ ਜਾਂ ਜ਼ਿਆਦਾ ਪੜ੍ਹੇ ਹੋਣ ਉਨ੍ਹਾਂ ਨੂੰ ਹਰ ਸਮੇਂ ਆਪਣੇ ਬੱਚੇ ਦੇ ਬੌਸ ਦੀ ਭੂਮਿਕਾ ਵਿੱਚ ਨਹੀਂ ਰਹਿਣਾ ਚਾਹੀਦਾ, ਸਗੋਂ ਸਿਰਫ਼ ਚੰਗੇ ਮਾਪੇ ਬਣਨਾ ਚਾਹੀਦਾ ਹੈ। ਜਦ ਬੱਚੇ ਨੂੰ ਕੋਈ ਸਮੱਸਿਆ ਆਵੇ ਤਾਂ ਉਹ ਇੱਕ ਦੋਸਤ ਵਾਂਗ ਆਪਣੇ ਮਾਪਿਆਂ ਨੂੰ ਬਿਨਾਂ ਝਿਜਕੇ ਦੱਸ ਸਕੇ। ਸਿਰਫ਼ ਨਾਮੀ ਸਕੂਲ ਵਿੱਚ ਦਾਖਲਾ ਦਿਵਾਉਣਾ, ਸਕੂਲਾਂ ਦੀਆਂ ਮੋਟੀਆਂ ਫੀਸਾਂ ਭਰਨੀਆਂ, ਵਧੀਆ ਵਰਦੀਆਂ ਖ਼ਰੀਦ ਕੇ ਦੇਣੀਆਂ ਤੇ ਮਹਿੰਗੀਆਂ ਟਿਊਸ਼ਨਾਂ ’ਤੇ ਭੇਜਣਾ ਹੀ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਜੋ ਅਧਿਆਪਕਾਂ ਵੱਲੋਂ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਕੀ ਬੱਚਾ ਉਹ ਨਾਲ ਦੀ ਨਾਲ ਕਰ ਰਿਹਾ ਹੈ, ਉਹ ਜਮਾਤ ਟੈਸਟਾਂ ਵਿੱਚ ਕੁਝ ਕਰ ਰਿਹਾ ਹੈ ਜਾਂ ਨਹੀਂ, ਉਹ ਆਪਣਾ ਬਸਤਾ ਕਿਸ ਤਰੀਕੇ ਨਾਲ ਸੰਭਾਲਦਾ ਹੈ, ਮਾਪਿਆਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਕਦੇ ਕਦੇ ਬੱਚੇ ਦੀ ਗੈਰ-ਹਾਜ਼ਰੀ ਵਿੱਚ ਉਸ ਦੇ ਸਕੂਲ ਬੈਗ ਦੀ ਤਲਾਸ਼ੀ ਵੀ ਲੈ ਲੈਣੀ ਚਾਹੀਦੀ ਹੈ। ਇਨ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉਸ ਦੀਆਂ ਰੁਚੀਆਂ ਦਾ ਪਤਾ ਲੱਗ ਜਾਂਦਾ ਹੈ।

ਖ਼ਾਸ ਕਰਕੇ ਇਮਤਿਹਾਨਾਂ ਸਮੇਂ ਮਾਪਿਆਂ ਵੱਲੋਂ ਬੱਚਿਆਂ ਨੂੰ ਚੰਗਾ ਪੜ੍ਹਨ ਲਈ ਪਿਆਰ ਨਾਲ ਪ੍ਰੇਰਿਤ ਕੀਤਾ ਜਾਵੇ, ਗੱਲਾਂ ਗੱਲਾਂ ਵਿੱਚ ਉੱਘੀਆਂ ਸ਼ਖ਼ਸੀਅਤਾਂ ਦੀਆਂ ਘਾਲਣਾਵਾਂ ਰਾਹੀਂ ਉਨ੍ਹਾਂ ਅੰਦਰ ਜਗਿਆਸੂ ਬਿਰਤੀ ਵੀ ਪੈਦਾ ਕੀਤੀ ਜਾਣੀ ਚਾਹੀਦੀ ਹੈ। ਸਮੇਂ ਸਮੇਂ ’ਤੇ ਬੱਚਿਆਂ ਦਾ ਹੌਸਲਾ ਵਧਾਇਆ ਜਾਵੇ। ਗੱਲ ਗੱਲ ’ਤੇ ‘ਨਲਾਇਕ’ ਜਾਂ ‘ਤੈਨੂੰ ਕੁਝ ਨ੍ਹੀਂ ਆਉਂਦਾ’ ਵਰਗੇ ਸ਼ਬਦ ਵਰਤ ਕੇ ਉਸ ਨੂੰ ਨੀਵਾਂ ਦਿਖਾਉਣ ਦੀ ਬਜਾਏ ਉਸ ਨੂੰ ਛੋਟੀ ਜਿਹੀ ਪ੍ਰਾਪਤੀ ’ਤੇ ਵਡਿਆ ਕੇ ਉਸ ਦਾ ਹੌਸਲਾ ਵਧਾਇਆ ਜਾਵੇ। ਮਾਪਿਆਂ ਨੂੰ ਆਪਣੇ ਬੱਚੇ ਦੀ ਦਿਲਚਸਪੀ ਜਾਂ ਦਿਮਾਗ਼ੀ ਸਮਰੱਥਾ ਮੁਤਾਬਕ ਹੀ ਉਸ ਤੋਂ ਆਸ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਸੰਪਰਕ: 99889-01324

Advertisement
×