ਧੁੱਪਾਂ ਵੀ ਉਦਾਸ ਨੇ, ਛਾਵਾਂ ਵੀ ਉਦਾਸ ਨੇ...
ਹਿੰਦੀ ਫਿਲਮ ਸੰਗੀਤ ਦੇ ਸੁਨਹਿਰੀ ਦੌਰ ਵਿੱਚ ਜਿੱਥੇ ਕਈ ਮਹਾਨ ਗਾਇਕਾਂ ਨੇ ਆਪਣੀ ਵਿਲੱਖਣ ਪਛਾਣ ਬਣਾਈ, ਉੱਥੇ ਗਾਇਕਾ ਸੁਮਨ ਕਲਿਆਣਪੁਰ ਦਾ ਨਾਮ ਵੀ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪਣੀ ਮਿੱਠੀ, ਕੋਮਲ ਅਤੇ ਭਾਵਪੂਰਨ ਆਵਾਜ਼ ਕਾਰਨ ਉਸ ਨੇ ਲੱਖਾਂ ਸਰੋਤਿਆਂ...
ਹਿੰਦੀ ਫਿਲਮ ਸੰਗੀਤ ਦੇ ਸੁਨਹਿਰੀ ਦੌਰ ਵਿੱਚ ਜਿੱਥੇ ਕਈ ਮਹਾਨ ਗਾਇਕਾਂ ਨੇ ਆਪਣੀ ਵਿਲੱਖਣ ਪਛਾਣ ਬਣਾਈ, ਉੱਥੇ ਗਾਇਕਾ ਸੁਮਨ ਕਲਿਆਣਪੁਰ ਦਾ ਨਾਮ ਵੀ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪਣੀ ਮਿੱਠੀ, ਕੋਮਲ ਅਤੇ ਭਾਵਪੂਰਨ ਆਵਾਜ਼ ਕਾਰਨ ਉਸ ਨੇ ਲੱਖਾਂ ਸਰੋਤਿਆਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ। ਭਾਵੇਂ ਉਸ ਦਾ ਕਰੀਅਰ ਅਕਸਰ ਆਪਣੇ ਸਮੇਂ ਦੀਆਂ ਹੋਰ ਮਸ਼ਹੂਰ ਗਾਇਕਾਵਾਂ ਦੀ ਛਾਂ ਹੇਠ ਰਿਹਾ, ਪਰ ਉਸ ਵੱਲੋਂ ਗਾਏ ਅਨੇਕਾਂ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੀਆਂ ਯਾਦਾਂ ਵਿੱਚ ਤਾਜ਼ਾ ਹਨ। ਸੁਮਨ ਕਲਿਆਣਪੁਰ ਦੀ ਗਾਇਕੀ ਵਿੱਚ ਸਾਦਗੀ, ਮਿੱਠਾਸ ਅਤੇ ਭਾਵਨਾਵਾਂ ਦਾ ਅਜਿਹਾ ਸੁੰਦਰ ਮੇਲ ਮਿਲਦਾ ਹੈ ਜੋ ਹਰ ਗੀਤ ਨੂੰ ਵਿਸ਼ੇਸ਼ ਬਣਾ ਦਿੰਦਾ ਸੀ। ਉਸ ਦਾ ਸੰਗੀਤਕ ਸਫ਼ਰ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਦੀ ਕਹਾਣੀ ਹੈ, ਸਗੋਂ ਉਸ ਦੌਰ ਦੇ ਭਾਰਤੀ ਫਿਲਮੀ ਸੰਗੀਤ ਦੀ ਅਮੀਰ ਵਿਰਾਸਤ ਦਾ ਵੀ ਅਹਿਮ ਹਿੱਸਾ ਹੈ।
ਸੁਮਨ ਕਲਿਆਣਪੁਰ ਦਾ ਜਨਮ 28 ਜਨਵਰੀ, 1937 ਨੂੰ ਢਾਕਾ, ਬੰਗਾਲ ’ਚ ਹੋਇਆ। ਸਾਰਸਵਤ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸੁਮਨ ਦਾ ਨਾਂ ‘ਸੁਮਨ ਹੇਮਾਡੀ’ ਸੀ। ਦਰਅਸਲ, ਹੇਮਾਡੀ ਉਨ੍ਹਾਂ ਦਾ ਜੱਦੀ ਪਿੰਡ ਸੀ ਜੋ ਕਰਨਾਟਕ ’ਚ ਪੈਂਦਾ ਹੈ। ਪਿਤਾ ਸ਼ੰਕਰ ਰਾਓ ਹੇਮਾਡੀ ਸੈਂਟਰਲ ਬੈਂਕ ਆਫ ਇੰਡੀਆ ’ਚ ਮੈਨੇਜਰ ਸਨ। ਸੁਮਨ ਦੀਆਂ ਚਾਰ ਛੋਟੀਆਂ ਭੈਣਾਂ ਤੇ ਇੱਕ ਭਰਾ ਸੀ। 1943 ’ਚ ਪਰਿਵਾਰ ਮੁੰਬਈ ਆ ਗਿਆ। ਸੁਮਨ ਨੇ ਸੇਂਟ ਕੋਲੰਬਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਤੇ ਫਿਰ ਸਰ ਜੇ.ਜੇ. ਸਕੂਲ ਆਫ ਆਰਟ ਤੋਂ ਚਿੱਤਰਕਾਰੀ ’ਚ ਡਿਗਰੀ ਲਈ। ਨਾਲ-ਨਾਲ ਉਸ ਨੇ ਪੁਣੇ ਦੇ ‘ਪ੍ਰਭਾਤ ਫਿਲਮਜ਼’ ਦੇ ਸੰਗੀਤ ਨਿਰਦੇਸ਼ਕ ਪੰਡਿਤ ਕੇਸ਼ਵ ਰਾਓ ਭੋਲੇ ਤੋਂ ਸੰਗੀਤ ਸਿੱਖਣਾ ਵੀ ਸ਼ੁਰੂ ਕਰ ਦਿੱਤਾ ਸੀ ਜੋ ਉਨ੍ਹਾਂ ਦੇ ਪਰਿਵਾਰਕ ਮਿੱਤਰ ਵੀ ਸਨ। ਪਹਿਲਾਂ ਉਹ ਸੰਗੀਤ ਨੂੰ ਸ਼ੌਕੀਆਂ ਲੈਂਦੀ ਰਹੀ, ਪਰ ਫਿਰ ਜਦੋਂ ਉਸ ਦੀ ਰੁਚੀ ਸੰਗੀਤ ’ਚ ਵਧੀ ਤਾਂ ਉਸਤਾਦ ਅਬਦੁਲ ਰਹਿਮਾਨ ਖਾਨ ਤੇ ਗੁਰੂ ਜੀ ਮਾਸਟਰ ਨਵਰੰਗ ਤੋਂ ਪੇਸ਼ਾਵਰ ਤੌਰ ’ਤੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਉਹ ਪੇਸ਼ਾਵਰ ਚਿੱਤਰਕਾਰ ਬਣਨਾ ਚਾਹੁੰਦੀ ਸੀ, ਪਰ ਗਾਉਣ ਦਾ ਸ਼ੌਕ ਐਨਾ ਵਧਿਆ ਕਿ ਬੁਰਸ਼ ਛੱਡ ਕੇ ਮਾਈਕ ਫੜ ਲਿਆ। ਉਹ ਜੇ ਗਾਇਕਾ ਨਾ ਬਣਦੀ ਤਾਂ ਵੱਡੀ ਚਿੱਤਰਕਾਰ ਹੁੰਦੀ। ਉਸ ਦੀ ਇੱਕ ਭੈਣ ਸ਼ਿਆਮਾ ਹੇਮਾਡੀ ਵੀ ਗਾਇਕਾ ਸੀ।
ਪਹਿਲਾਂ ਘਰ ਵਾਲੇ ਜਨਤਕ ਸਮਾਗਮਾਂ ’ਚ ਗਾਉਣ ਦੇ ਹੱਕ ’ਚ ਨਹੀਂ ਸਨ, ਪਰ ਹੌਲੀ-ਹੌਲੀ ਸੁਮਨ ਗਣਪਤੀ ਸਮਾਗਮਾਂ ’ਚ ਭਜਨ ਗਾਉਣ ਲੱਗੀ ਤੇ ਉਸ ਦੀ ਆਵਾਜ਼ ਲੋਕਾਂ ਨੂੰ ਬੜੀ ਪਸੰਦ ਆਉਂਦੀ। ਉਸ ਦੇ ਗੁਆਂਢ ’ਚ ਰਹਿੰਦੇ ਆਲ ਇੰਡੀਆ ਰੇਡਿਓ ਦੇ ਇੱਕ ਪ੍ਰੋਡਿਊਸਰ ਨੇ 1952 ’ਚ ਸੁਮਨ ਨੂੰ ਪਹਿਲੀ ਵਾਰ ਰੇਡਿਓ ’ਤੇ ਗਵਾਇਆ। 1954 ’ਚ ਮਰਾਠੀ ਫਿਲਮ ‘ਸ਼ੁਕਰਾਚੀ ਚਾਂਦਨੀ’ ਨਾਲ ਉਸ ਦੀ ਪਿੱਠਵਰਤੀ ਗਾਇਕਾ ਵਜੋਂ ਸ਼ੁਰੂਆਤ ਹੋਈ। ਇਸ ਫਿਲਮ ਦੇ ਗੀਤ ਸੁਣ ਕੇ ਹਿੰਦੀ ’ਚ ਪਹਿਲਾ ਬਰੇਕ 1957 ’ਚ ਸ਼ੇਖ ਮੁਖਤਾਰ ਦੀ ਫਿਲਮ ‘ਮੰਗੂ’ ਦੇ ਗੀਤ ‘ਕੋਈ ਪੁਕਾਰੇ ਧੀਰੇ ਸੇ ਤੁਝੇ’ ਨਾਲ ਮਿਲਿਆ, ਜਿਸ ਦਾ ਸੰਗੀਤਕਾਰ ਓ.ਪੀ. ਨਈਅਰ ਸੀ। 1954 ’ਚ ਹੀ ਨਾਸ਼ਾਦ (ਨੌਸ਼ਾਦ ਨਹੀਂ) ਨੇ ਉਸ ਤੋਂ ਇਸਮਤ ਚੁਗਤਾਈ ਦੀ ਫਿਲਮ ‘ਦਰਵਾਜ਼ਾ’ ’ਚ ‘ਏਕ ਦਿਲ ਦੋ ਹੈਂ ਤਲਬਗਾਰ’ ਤਲਤ ਮਹਿਮੂਦ ਨਾਲ ਅਤੇ ‘ਚਲੇ ਹਮ ਤੋ ਮੁਬਾਰਕ ਆਦਿ ਹੋ’ ਆਦਿ ਗੀਤ ਗਵਾਏ। ਇਹ ਫਿਲਮ ‘ਮੰਗੂ’ ਤੋਂ ਪਹਿਲਾਂ ਰਿਲੀਜ਼ ਹੋ ਗਈ, ਸੋ ਇਸ ਨੂੰ ਸੁਮਨ ਦੀ ਪਹਿਲੀ ਫਿਲਮ ਮੰਨਿਆ ਜਾਂਦਾ ਹੈ। ਗੁਰੂਦੱਤ ਦੀ ਫਿਲਮ ‘ਆਰ-ਪਾਰ’ (1954) ’ਚ ਵੀ ਸੁਮਨ ਨੇ ਗੀਤਾ ਦੱਤ ਤੇ ਮੁਹੰਮਦ ਰਫ਼ੀ ਨਾਲ ‘ਮੁਹੱਬਤ ਕਰਲੋ ਜੀ ਭਰਲੋ’ ਗਾਇਆ’ ਪਰ ਰਿਕਾਰਡ ’ਤੇ ਉਸ ਦਾ ਨਾਂ ਨਹੀਂ ਦਿੱਤਾ ਗਿਆ।
ਸਾਲ 1958 ਵਿੱਚ ਸੁਮਨ ਦਾ ਵਿਆਹ ਕਾਰੋਬਾਰੀ ਰਾਮਾਨੰਦ ਕਲਿਆਣਪੁਰ ਨਾਲ ਹੋ ਗਿਆ ਤੇ ਉਹ ਹੇਮਾਡੀ ਤੋਂ ਕਲਿਆਣਪੁਰ ਹੋ ਗਈ। ਉਸ ਦੇ ਘਰ ਇੱਕ ਬੇਟੀ ਚਾਰੁਲ ਨੇ ਜਨਮ ਲਿਆ। ਸੁਮਨ ਕਲਿਆਣਪੁਰ ਦੀ ਆਵਾਜ਼ ਲਤਾ ਮੰਗੇਸ਼ਕਰ ਨਾਲ ਬਹੁਤ ਮਿਲਦੀ-ਜੁਲਦੀ ਸੀ। ਛੋਟੇ ਨਿਰਮਾਤਾ ਤੇ ਜੋ ਲਤਾ ਦੀ ਫੀਸ ਨਹੀਂ ਸਨ ਦੇ ਸਕਦੇ, ਉਹ ਸੁਮਨ ਤੋਂ ਗੀਤ ਗਵਾ ਲੈਂਦੇ ਸਨ। ਇਸ ਕਰਕੇ ਇੰਡਸਟਰੀ ’ਚ ਉਸ ਨੂੰ ‘ਗ਼ਰੀਬਾਂ ਦੀ ਲਤਾ’ ਵੀ ਕਿਹਾ ਜਾਂਦਾ ਸੀ। ਬਹੁਤ ਸਾਰੇ ਸੰਗੀਤਕਾਰ ਲਤਾ ਦੇ ਜ਼ਿਆਦਾ ਰੁੱਝੇ ਹੋਣ ’ਤੇ ਸੁਮਨ ਤੋਂ ਗਵਾ ਲੈਂਦੇ। ਆਵਾਜ਼ ਦੇ ਇੱਕੋ-ਜਿਹਾ ਹੋਣ ਦੇ ਭੁਲੇਖੇ ਨੂੰ ਫਿਲਮ ‘ਮਮਤਾ’ (1966) ਦੇ ਗੀਤ ‘ਰਹੇਂ ਨਾ ਰਹੇਂ ਹਮ’ ਨੇ ਹੋਰ ਵੀ ਵਧਾ ਦਿੱਤਾ। ਆਵਾਜ਼ ਦੀ ਸਮਾਨਤਾ ਏਨੀ ਸੀ ਕਿ ਅਕਸਰ ਰੇਡਿਓ ਤੇ ਦੂਰਦਰਸ਼ਨ ਵੀ ਧੋਖਾ ਖਾ ਜਾਂਦੇ ਸਨ ਤੇ ਦੋਹਾਂ ਦੇ ਨਾਂ ਇੱਕ-ਦੂਜੇ ਦੀ ਥਾਂ ਵਰਤ ਲੈਂਦੇ ਸਨ, ਅਕਸਰ ਸੁਮਨ ਦੇ ਗੀਤ ਵੀ ਲਤਾ ਦੇ ਨਾਂ ਬੋਲ ਦਿੱਤੇ ਜਾਂਦੇ ਸਨ। ਸਮਾਨਤਾ ਕਰਕੇ ਸੰਗੀਤਕਾਰ ਤੇ ਨਿਰਮਾਤਾ ਵੀ ਸੁਮਨ ਨੂੰ ਲਤਾ ਵਾਂਗ ਹੀ ਗਾਉਣ ਲਈ ਕਹਿੰਦੇ ਸਨ। ਇਸ ਤੁਲਨਾ ਕਰਕੇ ਉਸ ਨੂੰ ਹਮੇਸ਼ਾਂ ਨੰਬਰ-ਦੋ ਗਾਇਕਾ ਸਮਝਿਆ ਗਿਆ ਜੋ ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਦੁਖਾਂਤ ਰਿਹਾ।
ਲਤਾ-ਰਫ਼ੀ ਦੇ ਰਾਇਲਟੀ ਨੂੰ ਲੈ ਕੇ ਹੋਏ ਝਗੜੇ ਕਰਕੇ, ਉਸ ਨਾਲ ਮਿਲਦੀ ਆਵਾਜ਼ ਹੋਣ ਕਰਕੇ ਸੁਮਨ ਨੂੰ ਬਹੁਤ ਫਾਇਦਾ ਹੋਇਆ ਤੇ ਉਸ ਨੇ ਇਸ ਸਮੇਂ ਦੌਰਾਨ ਰਫ਼ੀ ਨਾਲ ‘ਦਿਲ ਏਕ ਮੰਦਿਰ ਹੈ’ (ਦਿਲ ਏਕ ਮੰਦਿਰ 1963), ‘ਤੁਮਹੇਂ ਪਿਆਰ ਕਰਤੇ ਹੈਂ ਕਰਤੇ ਰਹੇਂਗੇ‘ (ਅਪ੍ਰੈਲ ਫੂਲ 1964),‘ਤੁਮਨੇ ਪੁਕਾਰਾ ਔਰ ਹਮ ਚਲੇ ਆਏ’ (ਰਾਜਕੁਮਾਰ 1964), ‘ਅਗਰ ਤੇਰੀ ਜਲਵਾ ਨੁਮਾਈਂ ਨਾ ਹੋਤੀ’ (ਬੇਟੀ-ਬੇਟੇ 1964), ‘ਨਾ ਨਾ ਕਰਤੇ ਪਿਆਰ ਤੁਮਹੀਂ ਸੇ ਕਰ ਬੈਠੇ’ (ਜਬ-ਜਬ ਫੂਲ ਖਿਲੇ 1965), ‘ਤੁਮਸੇ ਓ ਹਸੀਨਾ ਕਭੀ ਮੁਹੱਬਤ ਨਾ ਮੈਂਨੇ ਕਰਨੀ ਥੀ’ (ਫਰਜ਼ 1965), ‘ਆਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ’ (ਬ੍ਰਹਮਚਾਰੀ 1968) ਆਦਿ ਸਮੇਤ ਲਗਭਗ 140 ਦੇ ਕਰੀਬ ਦੋਗਾਣੇ ਗਾਏ, ਜਿਨ੍ਹਾਂ ’ਚੋਂ ਜ਼ਿਆਦਾ ਹਿੱਟ ਰਹੇ। ਸੁਮਨ ਦੇ ਗਾਏ ਸੋਲੋ/ਏਕਲ ਗੀਤਾਂ ’ਚ ‘ਨਾ ਤੁਮ ਹਮੇਂ ਜਾਨੋ’ (ਬਾਤ ਏਕ ਰਾਤ ਕੀ 1962), ‘ਮੇਰੇ ਮਹਿਬੂਬ ਨਾ ਜਾ’ (ਨੂਰ ਮਹੱਲ 1965),‘ਯੂੰਹੀ ਦਿਲ ਨੇ ਚਾਹਾ ਥਾ’ (ਦਿਲ ਹੀ ਤੋ ਹੈ 1963) ਆਦਿ ਖ਼ੂਬਸੂਰਤ ਗੀਤ ਆਉਂਦੇ ਹਨ।
ਜੇ ਉਸ ਦੇ ਹੋਰ ਗਾਇਕਾਂ ਨਾਲ ਗਾਏ ਦੋਗਾਣਿਆਂ ਦੀ ਗੱਲ ਕਰੀਏ ਤਾਂ ਕਈ ਹਿੱਟ ਤੇ ਮਨਮੋਹਕ ਗੀਤ ਉਸ ਦੇ ਨਾਂ ਬੋਲਦੇ ਹਨ ਜਿਵੇਂ, ‘ਚੁਰਾ ਲੇ ਨਾ ਤੁਮਕੋ ਯੇ ਮੌਸਮ ਸੁਹਾਨਾ’ (ਦਿਲ ਹੀ ਤੋ ਹੈ 1963), ‘ਆਇਆ ਨਾ ਹਮਕੋ ਪਿਆਰ ਜਤਾਨਾ’ (ਪਹਿਚਾਨ 1970) ਤੇ ‘ਮੇਰਾ ਪਿਆਰ ਵੀ ਤੂ ਹੈ’ (ਸਾਥੀ 1968) ਮੁਕੇਸ਼ ਨਾਲ, ‘ਵੋ ਦੇਖੋ ਦੇਖ ਰਹਾ ਹੈ ਪਪੀਹਾ’ (ਫਰਿਆਦ 1964) ਮਹਿੰਦਰ ਕਪੂਰ ਨਾਲ, ‘ਤੇਰਾ ਮੇਰਾ ਮੇਰਾ ਤੇਰਾ ਮਿਲ ਗਿਆ ਦਿਲ ਦਿਲ ਸੇ’ (ਨਾਗਿਨ 1976) ਕਿਸ਼ੋਰ ਕੁਮਾਰ ਨਾਲ ਕੋਰਸ ਗੀਤ ਅਤੇ ਇੱਕ ਤੋਂ ਵੱਧ ਗਾਇਕਾਂ/ਗਾਇਕਾਵਾਂ ਨਾਲ ਗੀਤ ਗਾਏ। ਗਾਇਕਾਵਾਂ ’ਚੋਂ ਉਸ ਨੇ ਲਗਭਗ ਹਰੇਕ ਗਾਇਕਾ ਨਾਲ ਜਿਵੇਂ ਲਤਾ ਮੰਗੇਸ਼ਕਰ (ਫਿਲਮ ‘ਚਾਂਦ’ ਦਾ ‘ਕਭੀ ਆਜ ਕਭੀ ਕੱਲ’), ਆਸ਼ਾ ਭੋਸਲੇ, ਗੀਤਾ ਦੱਤ, ਮੁਬਾਰਕ ਬੇਗਮ, ਊਸ਼ਾ ਮੰਗੇਸ਼ਕਰ, ਮੀਨੂੰ ਪ੍ਰਸ਼ੋਤਮ, ਕਮਲ ਬਰੌਤ ਆਦਿ ਨਾਲ ਵੀ ਗੀਤ ਗਾਏ। ਸੁਮਨ ਕਲਿਆਣਪੁਰ ਉਹ ਗਾਇਕਾ ਸੀ ਜਿਸ ਨੇ ਆਪਣੀ ਪ੍ਰਤਿਭਾ ਨਾਲ ਥਾਂ ਬਣਾਈ, ਪਰ ਲਤਾ ਨਾਲ ਤੁਲਨਾ ਦੇ ਪਰਛਾਵੇਂ ਹੇਠ ਦੱਬੀ ਰਹੀ।
ਉਸ ਨੇ ਹਿੰਦੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ’ਚ ਵੀ ਕਈ ਸੁਪਰਹਿੱਟ ਗੀਤ ਦਿੱਤੇ ਨੇ। ‘ਹੀਰ ਸਿਆਲ’ (1960) ’ਚ ਪਹਿਲੀ ਵਾਰ ਸੁਮਨ ਨੇ ਸਰਦੂਲ ਕਵਾਤੜਾ ਦੇ ਸੰਗੀਤ ’ਚ ‘ਚੀਚੋ-ਚੀਚ ਗਨੇਰੀਆਂ’ ਤੇ ‘ਬੀਨ ਕਾਹਨੂੰ’ ਗਾਏ। ਪੰਜਾਬੀ ਦੀ ਪਹਿਲੀ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ‘ਚੌਧਰੀ ਕਰਨੈਲ ਸਿੰਘ’ (1960) ਵਿੱਚ ਸੰਗੀਤਕਾਰ ਹਰਬੰਸ ਦੇ ਸੰਗੀਤ ’ਚ ਸੁਮਨ ਨੇ ਚਾਰ ਗੀਤ ਗਾਏ ਸਨ। ਇਸ ਤੋਂ ਇਲਾਵਾ ਸੁਮਨ ਨੇ ‘ਬਿੱਲੋ’ (1961) ’ਚ ‘ਰਾਤਾਂ ਨੇ ਚਾਨਣੀਆਂ’, ‘ਗੁੱਡੀ’ (1961) ’ਚ ‘ਕਿਸੇ ਦੀ ਨਾ ਟੁੱਟੇ’, ‘ਜੱਟੀ’ (1961) ’ਚ ‘ਬੈਠੀ ਲਾ ਕੇ ਉਡੀਕਾਂ’ ਤੇ ‘ਅੰਬੀ ਦਾ ਬੂਟਾ’ ਐੱਸ. ਬਲਬੀਰ ਨਾਲ ਆਦਿ ਬਹੁਤ ਸਾਰੀਆਂ ਪੰਜਾਬੀ ਫਿਲਮਾਂ ‘ਚ ਆਪਣੀ ਭਰਵੀਂ ਹਾਜ਼ਰੀ ਲਵਾਈ।
ਸੁਮਨ ਕਲਿਆਣਪੁਰ ਮਰਾਠੀ-ਭਾਸ਼ਾਈ ਹੋਣ ਦੇ ਬਾਵਜੂਦ ਪੰਜਾਬੀ ਬਿਲਕੁਲ ਸਾਫ਼ ਬੋਲਦੀ ਸੀ। ਸੰਗੀਤਕਾਰ ਹੰਸਰਾਜ ਬਹਿਲ ਕਹਿੰਦੇ ਸਨ ਕਿ ‘ਸੁਮਨ ਨੂੰ ਇੱਕ ਵਾਰ ਗੀਤ ਦੇ ਬੋਲ ਸਮਝਾ ਦਿਓ, ਤੇ ਫਿਰ ਉਸ ਦੇ ਉਚਾਰਨ ਦਾ ਕਮਾਲ ਵੇਖੋ।’ ਪੰਜਾਬੀ ਭਾਸ਼ਾ ਦੇ ਸ਼ਬਦ-ਉਚਾਰਨ ’ਚ ਉਸ ਦਾ ਕੋਈ ਸਾਨੀ ਨਹੀਂ ਸੀ। ਸੁਮਨ ਦੇ ਪੰਜਾਬੀ ਗੀਤ ਸੁਣ ਕੇ ਕਿਤੇ ਵੀ ਭੁਲੇਖਾ ਨਹੀਂ ਪੈਂਦਾ ਕਿ ਉਹ ਮਰਾਠੀ ਭਾਸ਼ਾਈ ਖੇਤਰ ਤੋਂ ਹੈ। ਜਿਸ ਦੀ ਗਵਾਹੀ ਉਸ ਦੇ ਗਾਏ ‘ਮਾਮਾ ਜੀ’(1964) ਫਿਲਮ ਦੇ ਗੀਤਾਂ ਜੋ ਨਾਇਕਾ ਇੰਦਰਾ ਬਿੱਲੀ ਦੀ ਹੀ ਆਵਾਜ਼ ਲੱਗਦੀ ਹੈ, ਤੋਂ ਮਿਲਦੀ ਹੈ, ਫਿਰ ਚਾਹੇ ਉਹ ਰੁਮਾਨੀ ਗੀਤ ‘ਤੈਨੂੰ ਦੱਸਣੀ ਆਂ ਇੱਕ ਗੱਲ ਸੱਜਣਾ’ ਹੋਵੇ ਤੇ ਭਾਵੇਂ ‘ਧੁੱਪਾਂ ਵੀ ਉਦਾਸ ਨੇ, ਛਾਵਾਂ ਵੀ ਉਦਾਸ ਨੇ’ ਵਰਗਾ ਉਦਾਸ ਗੀਤ ਜੋ ਖ਼ੂਬ ਮਸ਼ਹੂਰ ਹੋਏ ਤੇ ਅੱਜ ਵੀ ਸੰਗੀਤ-ਪ੍ਰੇਮੀਆਂ ਦੀ ਪਸੰਦੀਦਾ ਸੂਚੀ ’ਚ ਬਰਕਰਾਰ ਹਨ। ਇਸੇ ਫਿਲਮ ਦਾ ‘ਤੇਰਾ ਵਿਛੋੜਾ ਜ਼ਾਲਮਾ...ਤੇਰੀ ਦੋ ਟਕਿਆਂ ਦੀ ਨੌਕਰੀ, ਮੇਰਾ ਲੱਖਾਂ ਦਾ ਸਾਵਣ ਜਾਏ’ ਸੁਪਰ-ਹਿੱਟ ਗੀਤ ਵੀ ਸੁਮਨ ਕਲਿਆਣਪੁਰ ਨੇ ਖ਼ੂਬ ਨਿਭਾਇਆ।
ਪੰਜਾਬੀ ਦੀ ਪਹਿਲੀ ਰੰਗਦਾਰ ਫਿਲਮ ‘ਸੱਸੀ-ਪੁੰਨੂ’ (1965) ’ਚ ਸੁਮਨ ਨੇ ਸੰਗੀਤਕਾਰ ਬੀ.ਐੱਨ. ਬਾਲੀ ਦੇ ਸੰਗੀਤ ’ਚ ਮਹਿੰਦਰ ਕਪੂਰ ਨਾਲ ਦੋ ਦੋਗਾਣੇ ਗਾਏ। ਜੇ ਸੁਮਨ ਦੇ ਹੋਰ ਪ੍ਰਸਿੱਧ ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ‘ਸੱਤ ਸਾਲੀਆਂ’(1964) ਦਾ ਮੁਹੰਮਦ ਰਫ਼ੀ ਤੇ ਕੋਰਸ ਨਾਲ ਗਾਇਆ ਬੜਾ ਹੀ ਪਿਆਰਾ ਗੀਤ ‘ਤੂੰ ਕਿੰਨਾ ਸੋਹਣਾ ਲੱਗਣਾ ਏਂ ਮਾਹੀ ਵੇ’ ਬਹੁਤ ਸ਼ਾਨਦਾਰ ਗੀਤ ਹੈ। ਇਸੇ ਤਰ੍ਹਾਂ ‘ਦੁਖ ਭੰਜਨ ਤੇਰਾ ਨਾਮ’ (1972) ਦਾ ਗੀਤ ‘ਬਾਬਲ ਫਿਰੇ ਘਰ ਲੋੜਦਾ ਵਰ ਟੋਲਦਾ ਨੀਂ ਭੈਣੇ ਮੇਰੀਏ, ਜਿਵੇਂ ਸੀਤਾ ਲਈ ਰਾਮ ਜਿਵੇਂ ਰਾਧਾ ਲਈ ਸ਼ਾਮ’ ਵਰਗੇ ਗੀਤ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ ਜੋ ਰੇਡਿਓ ਤੇ ਦੂਰਦਰਸ਼ਨ ਜਲੰਧਰ ’ਤੇ ਖੂਬ ਵੱਜਿਆ। ਇਸੇ ਤਰ੍ਹਾਂ ਫਿਲਮ ‘ਮਨ ਜੀਤੇ ਜਗ ਜੀਤ’ (1973) ਦਾ ਸਕੂਲ ਪ੍ਰਾਰਥਨਾ ਵਾਲਾ ਗੀਤ ਜੋ ਰਾਧਾ ਸਲੂਜਾ ’ਤੇ ਫਿਲਮਾਇਆ ਗਿਆ ਹੈ, ‘ਉੜਾ ਐੜਾ ਈੜੀ ਸੱਸਾ ਹਾਹਾ ਬੋਲਣਾ, ਕਦੇ ਨਾ ਡੋਲਣਾ’ ਬੜਾ ਪਿਆਰਾ ਤੇ ਪ੍ਰਸਿੱਧ ਗੀਤ ਹੈ।
ਇਸ ਤੋਂ ਇਲਾਵਾ ਸੁਮਨ ਕਲਿਆਣਪੁਰ ਨੇ ਪੰਜਾਬੀ ਫਿਲਮਾਂ ‘ਜੀਜਾ ਜੀ’, ‘ਬੰਤੋ’, ‘ਢੋਲ ਜਾਨੀ’, ‘ਖੇਡਣ ਦੇ ਦਿਨ ਚਾਰ’, ‘ਪਰਦੇਸੀ ਢੋਲਾ’, ‘ਛੜ੍ਹਿਆਂ ਦੀ ਡੋਲੀ’, ‘ਲਾਡੋ ਰਾਣੀ’, ‘ਪਿੰਡ ਦੀ ਕੁੜੀ’, ‘ਕਿੱਕਲੀ, ‘ਮੈਂ ਜੱਟੀ ਪੰਜਾਬ ਦੀ’ ਆਦਿ ਫਿਲਮਾਂ ’ਚ ਚੋਣਵੇਂ ਸੋਲੋ, ਦੋਗਾਣੇ ਤੇ ਕੋਰਸ ਗੀਤ ਗਾਏ। ਮੁਹੰਮਦ ਰਫ਼ੀ ਤੇ ਮਹਿੰਦਰ ਕਪੂਰ ਨਾਲ ਪੰਜਾਬੀ ਫਿਲਮਾਂ ’ਚ ਉਸ ਦੀ ਦੋਗਾਣਾ-ਜੋੜੀ ਖ਼ੂਬ ਨਿਭੀ ਤੇ ਬਹੁਤ ਸਾਰੇ ਰੁਮਾਨੀ ਤੇ ਭੰਗੜਾ ਗੀਤ ਸੁਮਨ ਨੇ ਇਨ੍ਹਾਂ ਦੋਹਾਂ ਨਾਲ ਗਾਏ। ਪੰਜਾਬੀ ਫਿਲਮਾਂ ’ਚ ਸੁਮਨ ਨੇ ਆਪਣੇ ਸਮਿਆਂ ਦੇ ਪ੍ਰਸਿੱਧ ਸੰਗੀਤਕਾਰਾਂ ਜਿਵੇਂ ਹੰਸਰਾਜ ਬਹਿਲ, ਸਪਨ-ਜਗਮੋਹਨ, ਐੱਸ ਮਦਨ, ਵਰਮਾ ਮਲਿਕ, ਹਰਬੰਸ, ਹੁਸਨਲਾਲ-ਭਗਤ ਰਾਮ ਆਦਿ ਦੇ ਸੰਗੀਤ ’ਚ ਗਾਇਆ।
ਸਾਲ 1974 ’ਚ ‘ਰੇਸ਼ਮ ਕੀ ਡੋਰੀ’ ਦਾ ‘ਬਹਿਨਾ ਨੇ ਭਾਈ ਕੀ ਕਲਾਈ ’ਚ’ ਰੱਖੜੀ ਵਾਲੇ ਦਿਨ ਰੇਡਿਓ ’ਤੇ ਹਰ ਘਰ ਵੱਜਦਾ ਸੀ ਤੇ ਅੱਜ ਵੀ ਇਸ ਦਿਨ ਸੁਣੇ ਜਾਣ ਵਾਲੇ ਮੋਹਰੀ ਗੀਤਾਂ ਵਿੱਚ ਆਉਂਦਾ ਹੈ। ਇਸ ਗੀਤ ਨੇ ਸੁਮਨ ਨੂੰ ਫਿਲਮਫੇਅਰ ’ਚ ਨਾਮਜ਼ਦਗੀ ਵੀ ਦਿਵਾਈ। ਸੁਮਨ ਦੀ ਆਵਾਜ਼ ਬਹੁਤ ਮਿੱਠੀ ਤੇ ਸਾਫ਼ ਸੀ ਜੋ ਗ਼ਜ਼ਲ, ਭਜਨ, ਰੁਮਾਨੀ ਸਭ ਕੁਝ ਗਾ ਸਕਦੀ ਸੀ। ਉਸ ਨੇ ਹਿੰਦੀ, ਮਰਾਠੀ, ਬੰਗਾਲੀ, ਗੁਜਰਾਤੀ, ਪੰਜਾਬੀ, ਭੋਜਪੁਰੀ ਸਣੇ 15 ਭਾਸ਼ਾਵਾਂ ’ਚ 2000 ਤੋਂ ਵਧੇਰੇ ਗੀਤ ਗਾਏ। ਉਸ ਨੇ ਸਭ ਵੱਡੇ ਜਾਂ ਨਾਮਵਰ ਸੰਗੀਤਕਾਰਾਂ ਜਿਵੇਂ ਨੌਸ਼ਾਦ, ਸ਼ੰਕਰ ਜੈਕਿਸ਼ਨ, ਮਦਨ ਮੋਹਨ, ਐੱਸ. ਡੀ. ਬਰਮਨ, ਹੇਮੰਤ ਕੁਮਾਰ, ਚਿਤਰਗੁਪਤ, ਬੁਲੋ ਸੀ. ਰਾਨੀ, ਖਯਾਮ, ਰੌਸ਼ਨ, ਕਲਿਆਣਜੀ-ਆਨੰਦ ਜੀ, ਗ਼ੁਲਾਮ ਮੁਹੰਮਦ, ਲਕਸ਼ਮੀਕਾਂਤ ਪਿਆਰੇਲਾਲ, ਊਸ਼ਾ ਖੰਨਾ, ਰਵੀ, ਨਾਸ਼ਾਦ ਆਦਿ ਲਈ ਗੀਤ ਗਾਏ।
ਸੁਮਨ ਨੇ ਸਾਦਗੀ ਨਾਲ ਜ਼ਿੰਦਗੀ ਬਿਤਾਈ, ਉਹ ਕਦੇ ਵਿਵਾਦਾਂ ’ਚ ਨਹੀਂ ਪਈ ਅਤੇ ਬੇਮਤਲਬ ਇੰਟਰਿਵਊਜ਼ ਵੀ ਨਹੀਂ ਦਿੱਤੀਆਂ। ‘ਗੀਤਮਾਲਾ’ ਵਾਲੇ ਅਮੀਨ ਸਯਾਨੀ ਨੇ ਲਗਭਗ ਪੰਤਾਲੀ ਸਾਲਾਂ ਦੀ ਮੁਸ਼ੱਕਤ ਮਗਰੋਂ ਸੁਮਨ ਨੂੰ 2005 ’ਚ ਇੰਟਰਵਿਊ ਲਈ ਰਾਜ਼ੀ ਕੀਤਾ, ਉਹ ਵੀ ਸੁਮਨ ਦੀਆਂ ਸ਼ਰਤਾਂ ’ਤੇ। ਇਸ ਇੰਟਰਵਿਊ ’ਚ ਉਸ ਨੇ ਕਿਹਾ ਸੀ ਕਿ ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਲਤਾ ਮੰਗੇਸ਼ਕਰ ਨੂੰ ਸੁਣਦੀ ਰਹੀ ਸੀ ਤੇ ਇਸ ਲਈ ਉਨ੍ਹਾਂ ਦਾ ਪ੍ਰਭਾਵ ਆਉਣਾ ਕੁਦਰਤੀ ਸੀ। ਸੁਮਨ ਨੂੰ 2023 ’ਚ 86 ਸਾਲ ਦੀ ਉਮਰ ’ਚ ਪਦਮ ਭੂਸ਼ਣ ਮਿਲਿਆ। 2009 ’ਚ ਮਹਾਰਾਸ਼ਟਰ ਸਰਕਾਰ ਦਾ ਲਤਾ ਮੰਗੇਸ਼ਕਰ ਐਵਾਰਡ, 2022 ’ਚ ਮਿਰਚੀ ਮਿਊਜ਼ਕ ਲਾਈਫ ਟਾਈਮ ਅਚੀਵਮੈਂਟ ਐਵਾਰਡ, 2024 ’ਚ ਮਹਾਰਾਸ਼ਟਰ ਭੂਸ਼ਣ ਪੁਰਸਕਾਰ ‘ਮਹਾਰਾਸ਼ਟਰ ਟਾਇਮਜ਼’ ਵੱਲੋਂ ਦਿੱਤਾ ਗਿਆ।
ਸੁਮਨ ਕਲਿਆਣਪੁਰ ਨੇ ਆਖ਼ਰੀ ਸਟੇਜ ਸ਼ੋਅ 2012 ’ਚ ਕੀਤਾ। ਉਸ ਤੋਂ ਬਾਅਦ ਪਬਲਿਕ ’ਚ ਆਉਣਾ ਬੰਦ ਕਰ ਦਿੱਤਾ। ਉਹ ਕਹਿੰਦੀ ਸੀ, ‘‘ਲੋਕ ਮੇਰੀ ਜਵਾਨੀ ਦੀ ਆਵਾਜ਼ ਯਾਦ ਰੱਖਣ, ਬੁਢਾਪੇ ਦੀ ਨਹੀਂ।’’ 31 ਮਈ ਨੂੰ ਇਹ ਸੁਰੀਲੀ ਗਾਇਕਾ ਇਸ ਜਹਾਨੋਂ ਰੁਖ਼ਸਤ ਹੋ ਗਈ।
ਸੰਪਰਕ: 94634-44678
