ਮੁੰਬਈ: ਸਾਲ 2021 ਵਿੱਚ ਕਈ ਸ਼ਾਨਦਾਰ ਪ੍ਰਾਜੈਕਟ ਦਰਸ਼ਕਾਂ ਦੀ ਝੋਲੀ ਪਾਉਣ ਸਮੇਤ ਪਦਮ ਸ੍ਰੀ ਐਵਾਰਡ ਜੇਤੂ ਏਕਤਾ ਕਪੂਰ 27 ਪ੍ਰਾਜੈਕਟਾਂ ਨਾਲ 2022 ਵਿੱਚ ਧਮਾਲ ਪਾਉਣ ਲਈ ਤਿਆਰ ਹੈ। ਇਨ੍ਹਾਂ ਵਿੱਚੋਂ ਕੁਝ ਪ੍ਰਾਜੈਕਟਾਂ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਕੁਝ ਰਿਲੀਜ਼ ਲਈ ਤਿਆਰ ਹਨ, ਜਦ ਕਿ ਕੁਝ ਹਾਲੇ ਸ਼ੁਰੂਆਤੀ ਪੜਾਅ ਵਿੱਚ ਹਨ। ਸਾਲ 2022 ਦੇ ਪ੍ਰਾਜੈਕਟਾਂ ਬਾਰੇ ਗੱਲ ਕਰਦਿਆਂ ਏਕਤਾ ਨੇ ਕਿਹਾ, ‘‘ਮੈਂ ਇਹ ਐਲਾਨ ਕਰਨ ਲਈ ਬਹੁਤ ਉਤਾਵਲੀ ਹਾਂ ਕਿ ਮੈਂ ਅਤੇ ਮੇਰੀ ਟੀਮ ਸਾਲ 2022 ਵਿੱਚ 27 ਤੋਂ ਵੱਧ ਪ੍ਰਾਜੈਕਟ ਰਿਲੀਜ਼ ਕਰਨ ਲਈ ਤਿਆਰ ਹਾਂ। ਸਾਡੇ ਕੋਲ ਥੀਏਟਰ, ਵੈੱਬ ਸ਼ੋਅ ਅਤੇ ਟੀਵੀ ਚੈਨਲਾਂ ’ਤੇ ਰਿਲੀਜ਼ ਕਰਨ ਲਈ ਕਈ ਸ਼ਾਨਦਾਰ ਵਿਸ਼ੇ ਹਨ।’’ ਆਪਣੇ ਪ੍ਰੋਡਕਸ਼ਨ ਹਾਊਸ ਦੇ ਤਜਰਬੇ ਬਾਰੇ ਗੱਲ ਕਰਦਿਆਂ ਉਸ ਨੇ ਅੱਗੇ ਕਿਹਾ, ‘‘ਜਦੋਂ ਗੱਲ ਦਰਸ਼ਕਾਂ ਦੇ ਮਨੋਰੰਜਨ ਦੀ ਆਉਂਦੀ ਹੈ ਤਾਂ ਅਸੀਂ ਹਮੇਸ਼ਾ ਬਾਲਾਜੀ ’ਚ ਤਜਰਬਾ ਕਰਨ ਵਿੱਚ ਭਰੋਸਾ ਕੀਤਾ ਹੈ ਅਤੇ ਸਾਡੇ ਆਉਣ ਵਾਲੇ ਪ੍ਰਾਜੈਕਟ ਇਸ ਦਾ ਪੱਧਰ ਹੋਰ ਉੱਚਾ ਚੁੱਕਣਗੇ।’’ ਓਟੀਟੀ ਪਲੇਟਫਾਰਮ ਏਐੱਲਟੀਬਾਲਾਜੀ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਦਾ ਇੱਕ ਹਿੱਸਾ ਹੈ। ਏਕਤਾ ਅਗਲੇ ਸਾਲ ਕਈ ਮਸ਼ਹੂਰ ਹਸਤੀਆਂ ਜਿਵੇਂ ਅਮਿਤਾਭ ਬੱਚਨ, ਜੌਨ ਅਬਰਾਹਮ, ਨੀਨਾ ਗੁਪਤਾ, ਦਿਸ਼ਾ ਪਟਾਨੀ, ਕਰੀਨਾ ਕਪੂਰ ਅਤੇ ਹੰਸਲ ਮਹਿਤਾ ਨਾਲ ਕੰਮ ਕਰੇਗੀ। -ਆਈਏਐੱਨਐੱਸ