
ਪਰਮਜੀਤ ਕੌਰ ਸਰਹਿੰਦ
ਪਰਮਜੀਤ ਕੌਰ ਸਰਹਿੰਦ
ਸਰਹੱਦ ਚਾਰ ਹਰਫ਼ਾਂ ਦਾ ਛੋਟਾ ਜਿਹਾ ਸ਼ਬਦ ਹੈ, ਪਰ ਇਸ ਵਿੱਚ ਬਹੁਤ ਡੂੰਘੇ ਅਰਥ, ਇਤਿਹਾਸ, ਦੁੱਖ-ਦਰਦ ਤੇ ਵਸਲ-ਵਿਛੋੜੇ ਦੀਆਂ ਅਨੇਕਾਂ ਕਥਾ-ਕਹਾਣੀਆਂ ਛੁਪੀਆਂ ਹੋਈਆਂ ਹਨ। ਹੰਝੂਆਂ ਦੇ ਦਰਿਆ, ਹਉਕਿਆਂ ਦੇ ਤੂਫ਼ਾਨ ਤੇ ਅਣਸੁਣੀਆਂ ਚੀਕਾਂ-ਪੁਕਾਰਾਂ ਇਸ ਸ਼ਬਦ ਵਿੱਚ ਸਿਮਟੀਆਂ ਹੋਈਆਂ ਹਨ। ਜਦੋਂ ਮਨੁੱਖ ਨੂੰ ਸਰਹੱਦ ਦਾ ਦਰਦ ਤਨ ਮਨ ’ਤੇ ਹੰਢਾਉਣਾ ਪੈਂਦਾ ਹੈ ਤਾਂ ਇਹ ਚਾਰਅੱਖਰੀ ਸ਼ਬਦ ਦੂਰ ਦੁਮੇਲ ਤੱਕ ਫੈਲਿਆ ਦਿਸਦਾ ਹੈ। ਇਹ ਅਹਿਸਾਸ ਕਿਸੇ ਸੰਵੇਦਨਸ਼ੀਲ ਮਨ ਨੂੰ ਗਹਿਰੀ ਉਦਾਸੀ ਵਿੱਚ ਡੁਬੋ ਦਿੰਦੇ ਹਨ। ਇਹ ਰੂਹ ਨੂੰ ਝੰਜੋੜਨ ਵਾਲੀਆਂ ਕਥਾ-ਕਹਾਣੀਆਂ ਪੜ੍ਹਦਿਆਂ-ਸੁਣਦਿਆਂ ਦਿਲ ਖ਼ੂਨ ਦੇ ਹੰਝੂ ਰੌਂਦਾ ਹੈ।
ਖੁਸ਼ਵੰਤ ਸਿੰਘ ਦਾ ਨਾਵਲ ‘ਪਾਕਿਸਤਾਨ ਮੇਲ’, ਨਾਨਕ ਸਿੰਘ ਦੇ ਨਾਵਲ ‘ਅੱਗ ਦੀ ਖੇਡ’ ਤੇ ‘ਖ਼ੂਨ ਦੇ ਸੋਹਿਲੇ’ ਆਦਿ। ਅੰਮ੍ਰਿਤਾ ਪ੍ਰੀਤਮ ਦਾ ਬਹੁ ਚਰਚਿਤ ਨਾਵਲ ‘ਪਿੰਜਰ’ ਤੇ ਡਾਕਟਰ ਦੇਵ ਤੋਂ ਇਲਾਵਾ ਹੋਰ ਬਹੁਤ ਸਾਰੇ ਲੇਖਕਾਂ ਨੇ ਸੰਤਾਲੀ ਦੇ ਖੂਨੀ ਕਾਂਡ ਕਿਤਾਬੀ ਰੂਪ ਵਿੱਚ ਸਾਂਭੇ ਹੋਏ ਹਨ ਜਿਨ੍ਹਾਂ ਵਿੱਚੋਂ ਇਨਸਾਨੀਅਤ ਕਿਤੇ ਗੁਆਚ ਗਈ ਜਾਪਦੀ ਹੈ। ਮੰਟੋ ਦੀਆਂ ਕਹਾਣੀਆਂ ਪੜ੍ਹਦਿਆਂ ਆਤਮਾ ਲਹੂ- ਲੁਹਾਣ ਹੋ ਕੇ ਰਹਿ ਜਾਂਦੀ ਹੈ। ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ ਜਿਹੜੀਆਂ ਸਮੇਂ ਦੀ ਧੂੜ ਵਿੱਚ ਦੱਬ ਕੇ ਰਹਿ ਗਈਆਂ ਹੋਣੀਆਂ।
ਕਾਫ਼ੀ ਸਮਾਂ ਪਹਿਲਾਂ ਦੀ ਅਜਿਹੀ ਕਹਾਣੀ ਮੇਰੇ ਜ਼ਿਹਨ ਵਿੱਚ ਤਾਜ਼ਾ ਹੋ ਗਈ ਜਦੋਂ ਮੇਰੇ ਇੱਕ ਜ਼ਹੀਨ ਪਾਠਕ ਦਾ ਕੁਝ ਦਿਨ ਪਹਿਲਾਂ ਮੈਨੂੰ ਕਾਫ਼ੀ ਦੇਰ ਪਿੱਛੋਂ ਫੋਨ ਆਇਆ। ਜਦੋਂ ਵੀ ਉਸ ਦਾ ਫੋਨ ਆਉਂਦਾ ਉਹ ਬੜੀ ਪਾਏਦਾਰ ਸਾਹਿਤਕ ਗੱਲਬਾਤ ਕਰਦਾ। ਇੱਕ ਦਿਨ ਉਸ ਨੇ ਕਿਹਾ, ‘ਮੁਹਤਰਮਾ! ਮੈਨੂੰ ਸਰਹਿੰਦ ਦੇ ਇਤਿਹਾਸ ਬਾਰੇ ਕਿਸੇ ਚੰਗੀ ਅੰਗਰੇਜ਼ੀ ਕਿਤਾਬ ਦਾ ਨਾਂ ਦੱਸੋ ਤਾਂ ਜੋ ਮੈਂ ਗਹਿਰਾਈ ਨਾਲ ਇਸ ਨੂੰ ਜਾਣ ਸਕਾਂ। ਕਿਉਂਕਿ ਸਾਕਾ ਸਰਹਿੰਦ ਸਾਡੀ ਕੌਮ ਦੇ ਮੱਥੇ ’ਤੇ ਬਹੁਤ ਵੱਡਾ ਕਲੰਕ ਹੈ।’’ ਮੈਂ ਉਸ ਦੀ ਭਾਵਨਾ ਨੂੰ ਸਮਝਦਿਆਂ ਉਸ ਨੂੰ ਸਮਝਾਇਆ ਕਿ ਇਹ ਕੌਮ ਦੇ ਮੱਥੇ ’ਤੇ ਨਹੀਂ ਬਲਕਿ ਉਸ ਸਮੇਂ ਦੀ ਜ਼ਾਲਮ ਹਕੂਮਤ ਦੇ ਮੱਥੇ ’ਤੇ ਕਦੇ ਨਾ ਮਿਟਣ ਵਾਲਾ ਕਲੰਕ ਹੈ।
ਇੱਕ ਦਿਨ ਉਸ ਦੀ ਆਵਾਜ਼ ਵਿੱਚੋਂ ਮੈਨੂੰ ਦੁੱਖ ਤੇ ਉਦਾਸੀ ਦਾ ਅਹਿਸਾਸ ਹੋਇਆ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਸੰਤਾਲੀ ’ਚ ਵਿੱਛੜੀ ਪਾਕਿਸਤਾਨ ਵਸਦੀ ਉਸ ਦੀ ਵੱਡੀ ਭੈਣ ਦੀ ਬਾਈਪਾਸ ਸਰਜਰੀ ਹੋਈ ਸੀ ਤੇ ਉਹ ਕੁਝ ਘੰਟਿਆਂ ਵਿੱਚ ਹੀ ਦੁਨੀਆ ਤੋਂ ਤੁਰ ਗਈ। ਉਹ ਭਰੇ ਮਨ ਨਾਲ ਦੱਸਦਾ ਰਿਹਾ ਕਿ ਉਨ੍ਹਾਂ ਮੀਆਂ-ਬੀਵੀ ਨੂੰ ਬਹੁਤ ਯਤਨਾਂ ਦੇ ਬਾਵਜੂਦ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਿਆ ਤੇ ਉਹ ਆਖ਼ਰੀ ਵਾਰ ਆਪਣੀ ਅੰਮੀ ਜਾਈ ਦੀ ਦੀਦ ਨਹੀਂ ਕਰ ਸਕੇ। ਉਸ ਦੀ ਵੇਦਨਾ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਮੈਂ ਸੰਭਲਦਿਆਂ ਉਸ ਨੂੰ ਧੀਰਜ ਬੰਨ੍ਹਾਇਆ। ਉਸ ਦੇ ਦੱਸਣ ਅਨੁਸਾਰ ਉਸ ਦੇ ਸ਼ਹਿਰ ਤੋਂ ਉਸ ਦੀ ਭੈਣ ਦੇ ਘਰ ਦਾ ਰਸਤਾ ਸਿਰਫ਼ ਦੋ- ਢਾਈ ਘੰਟਿਆਂ ਦਾ ਸੀ। ਇਹ ਸਰਹੱਦਾਂ ਰਾਹ ਵਿੱਚ ਪਹਾੜ ਬਣ ਗਈਆਂ। ਸੰਤਾਲੀ ਦੀ ਵੰਡ ਦੀ ਉੱਚੀ ਦੀਵਾਰ ਉਹ ਟੱਪ ਨਾ ਸਕੇ ਤੇ ਭੈਣ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਉਸ ਨੇ ਰੋਸ ਤੇ ਦੁੱਖ ਨਾਲ ਕਿਹਾ ਕਿ ਜੇਕਰ ਇਹਘਟਨਾ ਕਿਸੇ ਹੁਕਮਰਾਨ ਜਾਂ ਹੋਰ ਅਮੀਰ ਵਜ਼ੀਰ ਨਾਲ ਵਾਪਰੀ ਹੁੰਦੀ ਤਾਂ ਸਾਰੇ ਰਾਹ- ਰਸਤੇ ਖੁੱਲ੍ਹ ਗਏ ਹੁੰਦੇ। ਹੰਝੂਆਂ ਭਿੱਜੇ ਬੋਲਾਂ ਵਿੱਚ ਮਾਮੂਲੀ ਜਿਹੀ ਖ਼ੁਸ਼ੀ ਦਾ ਰਲੇਵਾਂ ਜਾਪਿਆ ਜਦੋਂ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੇਰੇ ਭਣੇਵੇਂ ਦਾ ਵਿਆਹ ਸੀ ਤੇ ਅਸੀਂ ਫੋਨ ਰਾਹੀਂ ਸਾਰੀਆਂ ਰਸਮਾਂ ਰੀਤਾਂ ਤੇ ਰੌਣਕਾਂ ਵਿੱਚ ਹਾਜ਼ਰੀ ਲਗਵਾਉਂਦੇ ਖੁਸ਼ੀਆਂ ਮਨਾਉਂਦੇ ਰਹੇ, ਪਰ ਅਜਿਹੇ ਦੁੱਖ ਮੌਕੇ ਅਸੀਂ ਕੀ ਕਰੀਏ ? ਮੇਰੇ ਕੋਲ ਕੀ ਕਿਸੇ ਕੋਲ ਵੀ ਇਸ ਸਵਾਲ ਦਾ ਜਵਾਬ ਨਹੀਂ ਹੈ।
ਉਸ ਦੀ ਬੇਵਸੀ ਬਾਰੇ ਸੋਚਦਿਆਂ ਮਨ ਬਹੁਤ ਦੁਖਿਆ। ਇਹ ਸਵਾਲ ਵਾਰ-ਵਾਰ ਮੇਰੇ ਜ਼ਿਹਨ ਵਿੱਚ ਘੁੰਮਦਾ ਰਿਹਾ ਕਿ ਕਿਸ ਅਣਕੀਤੇ ਕਸੂਰ ਦੀ ਸਜ਼ਾ ਉਸ ਨੇਕ ਦਿਲ ਬੰਦੇ ਨੂੰ ਕਾਨੂੰਨ ਤੇ ਸਰਕਾਰਾਂ ਨੇ ਦਿੱਤੀ? ਮੈਂ ਉਸ ਦੇ ਦੁੱਖ ’ਚ ਸ਼ਰੀਕ ਹੁੰਦਿਆਂ ਕਿਹਾ ਕਿ ਮੈਂ ਅਰਦਾਸ ਕਰਦੀ ਹਾਂ ਪਰਮਾਤਮਾ ਸਰਹੱਦੋਂ ਪਾਰ ਤੁਹਾਡੀ ਸਦਾ ਲਈ ਵਿੱਛੜੀ ਭੈਣ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ ਤੇ ਤੁਹਾਨੂੰ ਇਹ ਅਸਹਿ ਦੁੱਖ ਝੱਲਣ ਦੀ ਸਮਰੱਥਾ ਦੇਵੇ। ਮੈਨੂੰ ਉਹ ਲਫ਼ਜ਼ ਅੱਜ ਵੀ ਯਾਦ ਹਨ ਜੋ ਸ਼ੁਕਰੀਆ ਕਰਦਿਆਂ ਤੇ ਅਧੀਰ ਹੁੰਦਿਆਂ ਉਸ ਨੇ ਕਈ ਵਰ੍ਹੇ ਪਹਿਲਾਂ ਆਖੇ ਸਨ, ‘‘ਤੁਸੀਂ ਅਰਦਾਸ ਕਰੋ, ਮੈਂ ਦੁਆ ਕਰਾਂਗਾ ਕਿ ਇਹ ਸਰਹੱਦਾਂ ਮਿਟ ਜਾਣ... ਤੁਹਾਡੀ ਅਰਦਾਸ ਤੇ ਮੇਰੀ ਦੁਆ ਰਲ ਕੇ ਜ਼ਰੂਰ ਅਸਰ ਕਰਨਗੀਆਂ। ਫਿਰ ਜਿਉਂਦੇ ਜਾਂ ਮੋਇਆਂ ਦੀ ਦੀਦ ਨੂੰ ਸਾਡੇ ਦੀਦੇ ਨਹੀਂ ਤਰਸਣਗੇ ...।’’ ਉਸ ਦੇ ਦਰਦ ਪਰੁੱਤੇ ਬੋਲ ਦੇ ਜਵਾਬ ਵਿੱਚ ਮੈਂ ਐਨਾ ਹੀ ਕਹਿ ਸਕੀ, ‘‘ਜ਼ਰੂਰ’’ ਕਿਉਂਕਿ ਇਹ ਅਟੱਲ ਤੇ ਕੌੜੀ ਸਚਾਈ ਹੈ ਕਿ ਇਸ ਮਸਲੇਵਿੱਚ ਅਰਦਾਸ ਤੇ ਦੁਆ ਰਲ ਕੇ ਵੀ ਅਸਰਅੰਦਾਜ਼ ਨਹੀਂ ਹੋਣਗੀਆਂ। ਅੱਜ ਤੱਕ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਆਪਣੇ- ਆਪਣੇ ਇਸ਼ਟਾਂ ਅੱਗੇ ਮੱਥੇ ਰਗੜੇ ਹੋਣਗੇ ਜਿਨ੍ਹਾਂ ਦੇ ਸਕੇ- ਸਬੰਧੀ ਤੇ ਮਿੱਤਰ- ਪਿਆਰੇ ਇਨ੍ਹਾਂ ਸਰਹੱਦਾਂ ਨੇ ਵਿਛੋੜੇ ਹਨ। ਮੇਰੇ ਮਨ ਵਿੱਚੋਂ ਇੱਕ ਹੂਕ ਨਿਕਲੀ ਕਿ ਸਰਹੱਦੋਂ ਪਾਰ ਵਾਲਿਆਂ ਦੇ ਵਿਛੋੜੇ ਐਨੇ ਦੁਖਦਾਈ ਨਾ ਹੋਣ ਕਿ ਇੱਕ ਦੂਜੇ ਨੂੰ ਆਖਰੀ ਦੀਦ ਵੀ ਨਸੀਬ ਨਾ ਹੋਵੇ। ਐਨੀ ਕੁ ਅਰਦਾਸ ਤੇ ਦੁਆ ਤਾਂ ਮਾਲਕ ਦੇ ਦਰ ’ਤੇ ਕਬੂਲ ਹੋ ਜਾਵੇ। ਕੋਈ ਬਿਰਹੋਂ ਕੁੱਠੀ ਜਿੰਦ ਇਹ ਜੋਦੜੀਆਂ ਕਰਦੀ ਜੱਗ ਤੋਂ ਨਾ ਚਲੀ ਜਾਵੇ:
ਮੈਂ ਬੁਝਦੇ ਦੀਵੇ ਦੀ ਲੋਅ ਸੱਜਣਾ
ਥੋੜ੍ਹੇ ਚਿਰ ਦੀ ਪ੍ਰਾਹੁਣੀ ਕੋਲ ਹੋ ਸੱਜਣਾ ...
ਬੂਹੇ ਖੁੱਲ੍ਹਿਆਂ ਨੈਣਾਂ ਦੇ ਢੋਅ ਸੱਜਣਾ
ਥੋੜ੍ਹੇ ਚਿਰ ਦੀ ਪ੍ਰਾਹੁਣੀ ਕੋਲ ਹੋ ਸੱਜਣਾ...
ਸੰਪਰਕ: 98728-98599
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ