ਪੱਲੇ ਰਿਜ਼ਕ ਨਾ ਬੰਨ੍ਹਦੇ...
ਕੁਦਰਤ ਅਸੀਮ ਹੈ...ਅਨੰਤ ਹੈ...ਅਤੋਲ ਹੈ...ਉਸ ਦੀਆਂ ਦਾਤਾਂ ਅਮੋਲ ਨੇ ਜਿਨ੍ਹਾਂ ਦਾ ਕਿਸੇ ਨੇ ਥਾਹ ਨਹੀਂ ਪਾਇਆ। ਕੋਈ ਅੰਦਾਜ਼ਾ ਨਹੀਂ ਲਾ ਸਕਿਆ। ਸਾਡੀ ਸੋਚ ਉੱਥੇ ਤੱਕ ਉਡਾਰੀ ਨਹੀਂ ਮਾਰ ਸਕਦੀ। ਉਸ ਦੇ ਜਲੌਅ ਦੀ ਝਲਕ ਸਾਡੀਆਂ ਅੱਖਾਂ ਝੱਲ ਨਹੀਂ ਸਕਦੀਆਂ। ਉਸ...
ਕੁਦਰਤ ਅਸੀਮ ਹੈ...ਅਨੰਤ ਹੈ...ਅਤੋਲ ਹੈ...ਉਸ ਦੀਆਂ ਦਾਤਾਂ ਅਮੋਲ ਨੇ ਜਿਨ੍ਹਾਂ ਦਾ ਕਿਸੇ ਨੇ ਥਾਹ ਨਹੀਂ ਪਾਇਆ। ਕੋਈ ਅੰਦਾਜ਼ਾ ਨਹੀਂ ਲਾ ਸਕਿਆ। ਸਾਡੀ ਸੋਚ ਉੱਥੇ ਤੱਕ ਉਡਾਰੀ ਨਹੀਂ ਮਾਰ ਸਕਦੀ। ਉਸ ਦੇ ਜਲੌਅ ਦੀ ਝਲਕ ਸਾਡੀਆਂ ਅੱਖਾਂ ਝੱਲ ਨਹੀਂ ਸਕਦੀਆਂ। ਉਸ ਦੇ ਸੁਹੱਪਣ ਨੂੰ ਸਾਡੀਆਂ ਕਲਮਾਂ ਬਿਆਨ ਨਹੀਂ ਕਰ ਸਕਦੀਆਂ। ਮਾਨਵ ਸਾਲਾਂ-ਬੱਧੀ ਗੋਂਦਾਂ ਗੁੰਦਦਾ ਹੈ, ਪਰ ਕੁਦਰਤ ਪਲਾਂ ਛਿਣਾਂ ਵਿੱਚ ਆਹਰੇ ਲਾ ਦਿੰਦੀ ਐ। ਅਸੀਂ ਆਪਣੇ ਨਿਗੂਣੇ ਜਿਹੇ ਵਣਜ-ਵਿਹਾਰ ਦਾ ਹਿਸਾਬ ਕਿਤਾਬ ਰੱਖਣ ਨੂੰ ਤਰੱਦਦ ਸਮਝਦੇ ਹਾਂ, ਪਰ ਸੋਚਿਐ ਕਦੇ ਕਿ ਪ੍ਰਕਿਰਤੀ ਨੇ ਧਰਤ, ਆਕਾਸ਼, ਪਾਤਾਲ ਵਸਦੇ ਪ੍ਰਾਣੀਆਂ, ਜੀਵ ਜੰਤੂਆਂ, ਬਨਸਪਤੀ ਨੂੰ ਕਿੰਜ ਤਵਾਜ਼ਨ ਵਿੱਚ ਰੱਖਿਐ? ਕਿਵੇਂ ਹਰ ਛੋਟੇ ਵੱਡੇ ਜੀਵ ਦੀ ਖਾਧ ਖ਼ੁਰਾਕ, ਰਹਿਣ ਸਹਿਣ ਅਤੇ ਟਿਕਾਣਾ ਵਿਉਂਤਵੱਧ ਕੀਤੈ?
ਸਿਆਣਿਆਂ ਦਾ ਕਥਨ ਹੈ, ਜੀਵ ਲੱਖਾਂ ਜੂਨਾਂ ਵਿੱਚ ਭੌਂਦੈ...ਭਟਕਣਾ ਪੱਲੇ ਪੈਂਦੀ ਐ... ਜੰਮਣ ਮਰਨ ਦੇ ਗੇੜ ਵਿੱਚ ਪੈਂਦੈ...ਚੁਰਾਸੀ ਦਾ ਚੱਕਰ ਰਹਿੰਦੈ...ਮੇਰੀ ਮੇਰੀ ਕਰਦੈ। ਇਹ ਵੀ ਧਾਰਨਾ ਹੈ ਕਿ ਮਨੁੱਖਾ ਜੀਵਨ ‘ਸਰਬੋਤਮ’ ਹੈ...ਵਾਰ ਵਾਰ ਨਹੀਂ ਮਿਲਦਾ। ਕਿਉਂਕਿ ਮਾਨਵ ‘ਸੱਭਿਆ’ ਸ਼੍ਰੇਣੀ ਵਿੱਚ ਆਉਂਦੇ ਹਨ, ਉਹ ਬੋਲ ਸਕਦੇ ਹਨ ਅਤੇ ਜੀਵਨ ਸਫਲਾ ਬਣਾਉਣ ਦੀ ਸਮਰੱਥਾ ਰੱਖਦੇ ਹਨ। ਬਾਕੀ ਸਮਸਤ ਪ੍ਰਾਣੀ ਬੇਜ਼ੁਬਾਨ ਹਨ...ਉਜੱਡ ਹਨ, ਵਹਿਸ਼ੀ ਹਨ, ਜੰਗਲੀ ਹਨ! ਸੋਚ ਸਿਰਫ਼ ਪੇਟ ਭਰਨ ਤੱਕ ਸੀਮਿਤ ਹੈ। ਮਨੁੱਖ ਦੇ ‘ਪਰਮ ਉੱਤਮ’ ਹੋਣ ਦੀ ਇਹ ਵਿਆਖਿਆ ਕਿਸ ਨੇ ਕੀਤੀ ਹੈ?... ਖ਼ੁਦ ਮਨੁੱਖ ਨੇ! ਕੀ ਮਨੁੱਖ ਇਸ ‘ਸ੍ਰੇਸ਼ਟਤਾ’ ਦੇ ਪਾਏਦਾਨ ’ਤੇ ਪੂਰਾ ਉਤਰਦਾ ਹੈ? ਕੀ ਕੁਦਰਤ ਦੇ ਬਖ਼ਸ਼ੇ ‘ਸਦਗੁਣਾਂ’ ਨੂੰ ਉਸ ਨੇ ਸ੍ਰਿਸ਼ਟੀ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਵਰਤਿਆ ਹੈ? ਕੀ ਉਸ ਦਾ ਵਰਤਾਰਾ ‘ਆਪਣੇ ਭਾਈਚਾਰੇ’ ਲਈ ਸੁਖਾਵਾਂ ਹੈ? ਕੀ ਉਸ ਦਾ ਵਿਹਾਰ ਪ੍ਰਕਿਰਤੀ ਅਤੇ ‘ਬੇਜ਼ੁਬਾਨਾਂ’ ਵਾਸਤੇ ਰਾਹਤ ਭਰਿਆ ਹੈ? ਸ਼ਾਇਦ ਇਸ ਕਸਵੱਟੀ ’ਤੇ ਉਹ ਪੂਰਾ ਨਹੀਂ ਉਤਰਦਾ। ਆਪਣੇ ਤਖ਼ੱਲਸ ਨਾਲ ਇਨਸਾਫ਼ ਕਰਦਾ ਨਹੀਂ ਜਾਪਦਾ।
ਪਰਿੰਦੇ ਪਰਵਾਜ਼ ਭਰਦੇ ਨੇ...ਉਡਾਰੀਆਂ ਮਾਰਦੇ ਨੇ। ਕੋਈ ਵੈਰ ਵਿਰੋਧ ਨਹੀਂ, ਕੋਈ ਲੋਭ ਲਾਲਚ ਨਹੀਂ, ਕੋਈ ਜ਼ਾਤ ਮਜ਼੍ਹਬ ਨਹੀਂ। ਸਾਰੇ ‘ਆਪਣੇ’ ਨੇ। ਜੋ ਮਿਲਿਆ, ਜਿੱਥੇ ਮਿਲਿਆ, ਖਾ ਲਿਆ। ਪੱਲੇ ਰਿਜ਼ਕ ਨਾ ਬੰਨ੍ਹਦੇ...ਕੱਲ੍ਹ ਵਾਸਤੇ ਝੋਲੀਆਂ ਨਹੀਂ ਭਰਦੇ...ਪੰਡਾਂ ਬੰਨ੍ਹਣ ਤੋਂ ਇਨਕਾਰੀ ਨੇ। ਸਬਰ ਸੰਤੋਖ ਦਾ ਲੜ ਫੜਿਆ ਹੈ। ਕੁਦਰਤ ਦੇ ਸ਼ੈਦਾਈ ਨੇ:
ਫਰੀਦਾ ਹਉ ਬਲਿਹਾਰੀ ਤਿਨ੍ ਪੰਖੀਆ, ਜੰਗਲਿ ਜਿੰਨਾ੍ ਵਾਸੁ॥
ਕਕਰੁ ਚੁਗਨਿ ਥਲਿ ਵਸਨਿ, ਰਬ ਨ ਛੋਡਨਿ ਪਾਸੁ॥
ਮਨ ਵਿੱਚ ਸਿਮਰਨ ਹੈ, ਵਿਸ਼ਵਾਸ ਹੈ ਕਿ ਹਜ਼ਾਰਾਂ ਮੀਲ ਦੂਰ ਛੱਡ ਕੇ ਆਏ ਬੱਚਿਆਂ ਦੀ ਦੇਖਭਾਲ ਸਰਬ ਸ਼ਕਤੀਮਾਨ ਕਰੇਗਾ। ਇਹੀ ਅਰਾਧਨਾ ਹੈ, ਇਹੀ ਵੰਦਨਾ ਹੈ। ਕੱਲ੍ਹ ਕਿਸੇ ਨਹੀਂ ਵੇਖਿਆ ਤਾਂ ਚਿੰਤਾ ਕਿਉਂ ? ਕੀੜੀਆਂ ਕਿਣਕਾ ਕਿਣਕਾ ਲੈ ਕੇ ਕਤਾਰ ਵਿੱਚ ਚੱਲਦੀਆਂ ਹਨ। ਹਾਥੀਆਂ ਦੀ ਡਾਰ ਖੁਰਾਕ ਲਈ ਜੰਗਲ ਵਿੱਚ ਭੌਂਦੀ ਐ, ਪਰ ਕੁਦਰਤ ਦਾ ਉਜਾੜਾ ਨਹੀਂ ਕਰਦੀ। ਮੱਛੀਆਂ ਸਮੁੰਦਰ ਖਾਰਾ ਹੋਣ ’ਤੇ ਵੀ ਵਫ਼ਾ ਕਰਦੀਆਂ ਹਨ, ਕਮਲ ਦਾ ਫੁੱਲ ਚਿੱਕੜ ਵਿੱਚ ਖੁਸ਼ਬੋਈ ਵੰਡਦਾ ਹੈ, ਚਕੋਰ ਦੀ ਪ੍ਰੀਤ ਚੰਨ ਨਾਲ ਹੈ। ਪ੍ਰਕਿਰਤੀ ਦੇ ਬਖ਼ਸ਼ਿਸ਼ ਕੀਤੇ ਰੈਣ ਬਸੇਰੇ ਵਿੱਚ ਹੀ ਵਿਸਮਾਦ ਨਾਦ ਹੈ।
ਸੁਣਿਆ ਹੈ ਕਿ ਦਰਵੇਸ਼ਾਂ ਅਤੇ ਫ਼ੱਕਰਾਂ ਦੀਆਂ ਰਮਜ਼ਾਂ ਹਰ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੀਆਂ। ਇਸੇ ਲਈ ਉਨ੍ਹਾਂ ਦੀਆਂ ਬਸਤੀਆਂ ਨਹੀਂ ਹੁੰਦੀਆਂ। ਉਹ ਦੁਨੀਆਦਾਰੀ ਨੂੰ ਜੱਫ਼ਾ ਨਹੀਂ ਮਾਰਦੇ। ਇੱਕ ਵਾਰ ਇੱਕ ਯਾਤਰੀ ਸੂਫ਼ੀ ਸੰਤ ਕੋਲ ਗਿਆ। ਪਹੁੰਚੇ ਹੋਏ ਫ਼ਕੀਰ ਸਨ। ਬੜਾ ਹੈਰਾਨ ਹੋਇਆ ‘ਐਨੀ ਸਾਦੀ ਝੌਂਪੜੀ!’ ਸਿਰਫ਼ ਇੱਕ ਤੱਪੜ ਤੇ ਮਿੱਟੀ ਦੇ ਤੇਲ ਦਾ ਦੀਵਾ। ਅਚੰਭਾ ਜਤਾਇਆ, “ਸੂਫ਼ੀ, ਤੇਰਾ ਫਰਨੀਚਰ ਕਿੱਥੇ ਆ?”
ਸੂਫ਼ੀ ਨੇ ਮੋੜਵਾਂ ਸਵਾਲ ਕੀਤਾ, “ਤੇਰਾ ਕਿੱਥੇ ਆ?”
ਯਾਤਰੀ ਕਹਿੰਦਾ,” ਮੈਂ ਤਾਂ ਮਹਿਮਾਨ ਹਾਂ।”
ਸੰਤ ਕਹਿੰਦਾ, “ਮੈਂ ਵੀ ਤਾਂ ਮਹਿਮਾਨ ਹੀ ਹਾਂ।”
‘ਸ੍ਰੇਸ਼ਟ’ ਪ੍ਰਾਣੀ ਮਨੁੱਖ ਨੇ ਧਰਤੀ ’ਤੇ ਕਿੱਲੇ ਗੱਡੇ ਨੇ। ਪੱਕੇ ਵਸੇਬੇ ਦਾ ਤਹੱਮਲ ਕੀਤਾ ਹੈ। ਪੰਡਾਂ ਬੰਨ੍ਹ ਰਿਹਾ ਹੈ ਤਾਂ ਕਿ ਘੱਟੋ ਘੱਟ ਸੱਤ ਪੀੜ੍ਹੀਆਂ ਆਰਾਮ ਫਰਮਾ ਸਕਣ! ‘ਅਸਲੀ ਘਰ’ ਭੁਲਾਈ ਬੈਠੇ ਹਨ। ਸਿਕੰਦਰ ਦੁਨੀਆ ਜਿੱਤਣ ਨਿਕਲਿਆ ਸੀ। ਚਾਰ ਚੁਫ਼ੇਰੇ ਚੀਕ ਚਿਹਾੜਾ, ਲੁੱਟ ਖਸੁੱਟ, ਬਰਬਾਦੀ ਦਾ ਮੰਜ਼ਰ ਦੇਖਿਆ। ਤਾਕੀਦ ਕੀਤੀ, “ਮੇਰੀ ਅਰਥੀ ਉਠਾਉਣ ਵੇਲੇ ਮੇਰੇ ਹੱਥ ਕੱਫ਼ਣ ਤੋਂ ਬਾਹਰ ਰੱਖਿਉ। ਪਤਾ ਲੱਗੇ, ਹੀਰੇ ਜਵਾਹਰਾਤ ਨਾਲ ਲਿਜਾਣ ਦੀ ਆਗਿਆ ਨਹੀਂ।” ‘ਦਿਮਾਗੀ’ ਤੇ ‘ਕਾਢੀ’ ਮਨੁੱਖ ਰੱਬ ਦਾ ਸ਼ਰੀਕ ਬਣਿਆ ਹੈ। ਚੁਰਾਸੀ ਲੱਖ ਜੂਨਾਂ ਵਿੱਚੋਂ ਇਕੱਲਾ ਪ੍ਰਾਣੀ ਹੈ, ਜਿਹਨੂੰ ਆਉਣ ਵਾਲੇ ਕੱਲ੍ਹ ਦਾ ਫਿਕਰ ਐ...ਜ਼ਰ੍ਹਬਾਂ ਤਕਸੀਮਾਂ ਦਿੰਦਾ ਹੈ। ਭਾਵੇਂ ਅਗਲੇ ਪਲ ਦਾ ਪਤਾ ਨਹੀਂ...ਹੋਣੀ ਕਿੱਥੇ ਤਾਕ ਲਗਾ ਕੇ ਖੜ੍ਹੀ ਹੈ। ਕੁਦਰਤ ’ਤੇ ਭਰੋਸਾ ਨਹੀਂ। ਮਾਸੂਮਾਂ, ਬੇਜ਼ੁਬਾਨਾਂ ਦੀ ਛੱਡੋ, ਆਪਣੇ ਲਾਣੇ ਵਾਲਿਆਂ ਨੂੰ ਵੀ ਕੀੜੇ ਮਕੌੜੇ ਈ ਸਮਝਦੇ ਹਨ। ਬ੍ਰਹਿਮੰਡ ਵਿੱਚ ‘ਸਰਦਾਰੀ’ ਚਾਹੀਦੀ ਹੈ। ਧਰਤੀ, ਪਾਣੀ ਅਤੇ ਆਬੋ-ਹਵਾ ’ਤੇ ਕਬਜ਼ਾ ਕਰਨਾ ਹੈ। ਤੇਲ ਦੇ ਖੂਹਾਂ ’ਤੇ ਅੱਖ ਹੈ। ਸਰਹੱਦਾਂ ਵਧਾਉਣ ਦੀ ਫਿਕਰ ਹੈ। ਹਥਿਆਰ, ਹਜ਼ਾਰਾਂ ਮੀਲ ਦੂਰ ਮਾਰ ਕਰਦੇ ਹਨ। ਐਮਾਜ਼ੋਨ ਦੇ ਜੰਗਲ ਜਲ ਰਹੇ ਹਨ। ਨਿਆਮਤਾਂ ਮਧੋਲ ਸੁੱਟੀਆਂ ਹਨ!
ਵਿਸ਼ਵ ਦੀ ਵੰਡ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਹਜ਼ਾਰਾਂ ਟਨ ਅੰਨ ਦੀ ਬਰਬਾਦੀ, ਭੁੱਖਮਰੀ ’ਤੇ ਸਵਾਲ ਖੜ੍ਹੇ ਕਰਦੀ ਹੈ। ਵਿਰੋਧੀ ਨੂੰ ਠਿੱਬੀ ਲਾ ਕੇ ਤਬਾਹੀ ਦੀ ਤਸਵੀਰ ਹੁਣ ਰੂਹ ਨਹੀਂ ਕੰਬਾਉਂਦੀ। ਹਮਜਾਇਆਂ ਨੂੰ ਨੇਸਤੋ-ਨਾਬੂਦ ਕਰਨ ਵੇਲੇ ਜ਼ਮੀਰ ਲਾਹਨਤਾਂ ਨਹੀਂ ਪਾਉਂਦੀ। ਖ਼ਾਨਾ-ਬਦੋਸ਼ਾਂ ਦੀਆਂ ਆਹਾਂ, ਖੰਡਰ ਹੋਈਆਂ ਇਮਾਰਤਾਂ, ਵਿਲਕਦੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਵੀ ਮਨ ਨੂੰ ਡੋਬੂ ਨਹੀਂ ਪੈਂਦੇ। ਆਪਣੇ ਧਾਰਮਿਕ ਅਕੀਦੇ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਾਂ। ਭੁੱਲ ਜਾਂਦੇ ਹਾਂ ਕਿ ਲਹੂ ਦਾ ਰੰਗ ਲਾਲ ਹੀ ਹੁੰਦਾ ਹੈ। ਸੱਤ ਪੁਸ਼ਤਾਂ ਦਾ ਜੁਗਾੜ ਜੁ ਕਰਨਾ ਹੈ। ਜਿਨ੍ਹਾਂ ਨੂੰ ਘਟੀਆ ਸਮਝ ਕੇ ਦੁਰਕਾਰਦੇ ਹਾਂ, ਕਦੇ ਉਨ੍ਹਾਂ ਜਿੰਨੀ ਵਫ਼ਾ ਦਿਖਾਈ ਹੈ? ਸਿਰਫ਼ ਦੋ ਬੁਰਕੀਆਂ ਖਾ ਕੇ ਵੀ ਉਹ ਮਾਲਕ ਦੇ ਸ਼ੁਕਰ-ਗੁਜ਼ਾਰ ਹਨ। ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਸਾਖਸ਼ਾਤ ਗਵਾਹੀ ਭਰਦਾ ਹੈ;
ਰਾਤੀਂ ਜਾਗੇਂ ਕਰੇਂ ਇਬਾਦਤ, ਰਾਤ ਨੂੰ ਜਾਗਣ ਕੁੱਤੇ, ਤੈਥੋਂ ਉੱਤੇ
....
ਖਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਮਾਰੇ ਸੌ ਸੌ ਜੁੱਤੇ, ਤੈਥੋਂ ਉੱਤੇ
ਬੁੱਲ੍ਹੈ ਸ਼ਾਹ ਉੱਠ ਯਾਰ ਮਨਾ ਲੈ, ਨਈਂ ਤਾਂ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ।
ਫਿਰ ਮਨੁੱਖਾ ਜਨਮ ਸਰਵੋਤਮ ਕਿਵੇਂ ਹੋਇਆ?
ਟੈਲੀ ਫਿਲਮ ‘ਤ੍ਰਿਸ਼ਗਨੀ’ ਦੀ ਬਾਤ ਸੁਣਾਉਂਦਾ ਹਾਂ: ਦੋ ਬੋਧੀ ਭਿਖਸ਼ੂ ਰੇਗਿਸਤਾਨ ਵਿੱਚ ਭਗਤੀ ਵਿੱਚ ਲੀਨ ਸਨ। ਅਚਾਨਕ ਹਵਾ ਬੰਦ ਹੋ ਗਈ। ਇਕਾਗਰਤਾ ਭੰਗ ਹੋ ਗਈ। ਇੱਕ ਨੇ ਰੇਤੇ ਦੀ ਮੁੱਠੀ ਭਰੀ, ਹਵਾ ਵਿੱਚ ਉਛਾਲੀ ਅਤੇ ਕਿਆਸਿਆ, “ਤੂਫ਼ਾਨ ਆਉਣ ਵਾਲੈ...ਮੱਠ ਦੇ ਕਿਵਾੜ ਬੰਦ ਹੋ ਜਾਣਗੇ...ਇਸ ਲਈ ਹੋਰ ਭੋਜਨ ਜਮ੍ਹਾਂ ਕਰ ਲਈਏ।” ਬਸ ਇੱਥੋਂ ਹੀ ਬੇਚੈਨੀ ਉੱਠਦੀ ਹੈ। ਸਾਰੇ ਦੁੱਖਾਂ ਦੀ ਜੜ ਅਭਿਲਾਸ਼ਾ ਹੈ। ਪ੍ਰਕਿਰਤੀ ਤੋਂ ਵਿਸ਼ਵਾਸ ਉੱਠਦਾ ਹੈ। ਇਹੀ ਲਕੀਰ ਮਨੁੱਖਾਂ ਅਤੇ ਪਰਿੰਦਿਆਂ ਨੂੰ ਵੱਖ ਕਰਦੀ ਹੈ। ਉਹ ‘ਅੱਜ’ ਨੂੰ ਲੈ ਕੇ ਅਹਿਸਾਨਮੰਦ ਨੇ ਅਤੇ ਅਸੀਂ ‘ਕੱਲ੍ਹ’ ਨੂੰ ਲੈ ਕੇ ਅਹਿਸਾਨ ਫਰਾਮੋਸ਼ ਹਾਂ!
ਪੰਛੀ ਤੇ ਦਰਵੇਸ਼ ਕੁਦਰਤ ਦੇ ਨੇੜੇ ਹੁੰਦੇ ਹਨ। ਇਸੇ ਲਈ ਕੁਦਰਤ ਨਾਲ ਇੱਕ ਮਿੱਕ ਨੇ, ਕੁਦਰਤ ਵਿੱਚ ਅਭੇਦ ਨੇ...ਦੁਨਿਆਵੀ ਅਲਾਮਤਾਂ ਤੋਂ ਦੂਰ ਹਨ। ਹੱਦਾਂ ਵਿੱਚ ਬੱਝੇ ਹੋਏ ਨਹੀਂ ...ਮੁਲਕਾਂ ਮਹਾਂਦੀਪਾਂ ਦੀਆਂ ਚਾਰ ਦੀਵਾਰੀਆਂ ਦੇ ਮੁਹਤਾਜ ਨਹੀਂ। ਕਈ ਵਾਰ ਇਨਸਾਨ ਵੀ ਪਰਿੰਦਾ ਬਣਨਾ ਲੋਚਦਾ ਹੈ। ਵਲਗਣਾਂ ਉਸ ਨੂੰ ਪੋਂਹਦੀਆਂ ਨਹੀਂ। ਖੁੱਲ੍ਹੀ ਹਵਾ ਵਿੱਚ ਉਡਾਰੀਆਂ ਜੰਨਤ ਦੀ ਨਿਆਈਂ ਲੱਗਦੀਆਂ ਹਨ। ਨਾ ਕੋਈ ਪਾਸਪੋਰਟ, ਨਾ ਪਰਮਿਸ਼ਨ!
ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ
ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ!
ਸੰਪਰਕ: 89684-33500

