ਸੌਕਣੇ ਲੜ ਲੈ ਨੀਂ...
ਸਮਾਜ ਦੀ ਸੋਚ ਨੇ ਮਨੁੱਖ ਦੇ ਰਿਸ਼ਤਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਨਾਂ ਦਿੱਤੇ ਹਨ। ਗੂੜ੍ਹੇ ਰਿਸ਼ਤੇ ਤਾਂ ਆਪਣੇ ਆਪ ਵਿੱਚ ਪਛਾਣ ਹਨ ਹੀ, ਪਰ ਕੁਝ ਰਿਸ਼ਤਿਆਂ ਦੀ ਵੱਖਰੀ ਪਛਾਣ ਬਣਾ ਦਿੱਤੀ ਜਾਂਦੀ ਹੈ। ਸੱਸ-ਸਹੁਰੇ ਅਤੇ ਨਣਦ-ਭਰਜਾਈ ਦੇ ਰਿਸ਼ਤੇ ਤੋਂ...
ਸਮਾਜ ਦੀ ਸੋਚ ਨੇ ਮਨੁੱਖ ਦੇ ਰਿਸ਼ਤਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਨਾਂ ਦਿੱਤੇ ਹਨ। ਗੂੜ੍ਹੇ ਰਿਸ਼ਤੇ ਤਾਂ ਆਪਣੇ ਆਪ ਵਿੱਚ ਪਛਾਣ ਹਨ ਹੀ, ਪਰ ਕੁਝ ਰਿਸ਼ਤਿਆਂ ਦੀ ਵੱਖਰੀ ਪਛਾਣ ਬਣਾ ਦਿੱਤੀ ਜਾਂਦੀ ਹੈ। ਸੱਸ-ਸਹੁਰੇ ਅਤੇ ਨਣਦ-ਭਰਜਾਈ ਦੇ ਰਿਸ਼ਤੇ ਤੋਂ ਬਿਨਾਂ ਵੀ ਅਨੇਕਾਂ ਰਿਸ਼ਤੇ ਇਹੋ ਜਿਹੇ ਹਨ, ਜਿਨ੍ਹਾਂ ਨੂੰ ਦੂਜੇ ਨੰਬਰ ’ਤੇ ਲੈ ਲਿਆ ਜਾਂਦਾ ਹੈ। ਇੱਕ ਰਿਸ਼ਤਾ ਇਹੋ ਜਿਹਾ ਵੀ ਹੈ ਜੋ ਇੱਕ ਔਰਤ ਵਾਸਤੇ ਵੱਖਰਾ ਹੈ। ਇਹ ਰਿਸ਼ਤਾ ਹੈ ਸੌਕਣ ਦਾ। ਪਤੀ ਦੀ ਪਹਿਲੀ ਪਤਨੀ ਹੋਵੇ ਜਾਂ ਦੂਜੀ ਪਤਨੀ ਹੋਵੇ ਇਸ ਨੂੰ ਔਰਤ ਆਪਣੀ ਸੌਕਣ ਕਹਿੰਦੀ ਹੈ। ਇੱਕੋ ਘਰ ਵਿੱਚ ਬਰਾਬਰ ਦੇ ਅਧਿਕਾਰ ਰੱਖਣ ਵਾਲੀਆਂ ਦੋਵੇਂ ਔਰਤਾਂ ਆਪਣੀ ਹਿੱਸੇਦਾਰ ਲਈ ਇਹ ਨਾਂ ਵਰਤਦੀਆਂ ਹਨ।
ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ। ਰਾਜੇ ਮਹਾਰਾਜਿਆਂ ਦੀਆਂ ਅਨੇਕ ਜਨਾਨੀਆਂ ਭਾਵ ਰਾਣੀਆਂ ਪਟਰਾਣੀਆਂ ਹੁੰਦੀਆਂ ਸਨ, ਪਰ ਉਨ੍ਹਾਂ ਲਈ ਇਹ ਸ਼ਬਦ ਸ਼ਾਇਦ ਨਾ ਵਰਤਿਆ ਜਾਂਦਾ ਹੋਵੇ, ਪਰ ਸਦੀਆਂ ਤੋਂ ਇਹ ਸ਼ਬਦ ਪ੍ਰਚੱਲਿਤ ਹੈ ਕਿਉਂਕਿ ਜਦੋਂ ਕਿਸੇ ਆਦਮੀ ਦੀ ਪਹਿਲੀ ਪਤਨੀ ਮਰਨ ਤੋਂ ਬਾਅਦ ਦੂਜਾ ਵਿਆਹ ਹੁੰਦਾ ਹੈ ਤਾਂ ਨਵੀਂ ਵਿਆਹੀ ਔਰਤ ਨੂੰ ਪਹਿਲਾ ਮਰੀ ਔਰਤ ਦੇ ਬੁਰੇ ਪ੍ਰਭਾਵ ਜਾਂ ਬੁਰੀ ਨਜ਼ਰ ਤੋਂ ਬਚਾਉਣ ਲਈ ਹੋਰ ਗਹਿਣਿਆਂ ਦੇ ਨਾਲ ਨਾਲ ਇੱਕ ਹੋਰ ਗਹਿਣਾ ਦਿੱਤਾ ਜਾਂਦਾ ਰਿਹਾ ਹੈ, ਜਿਸ ਦਾ ਨਾਂ ਸੌਕਣ ਫੁੱਲ ਹੈ। ਇਹ ਔਰਤ ਦੇ ਗਲ਼ ਵਿੱਚ ਪਾਇਆ ਜਾਂਦਾ ਸੀ। ਉਂਜ ਇਹ ਰਿਸ਼ਤਾ ਆਪਸੀ ਈਰਖਾ ਵਾਲਾ ਮੰਨਿਆ ਜਾਂਦਾ ਹੈ ਕਿਉਂਕਿ ਇੱਕੋ ਆਦਮੀ ’ਤੇ ਅਧਿਕਾਰ ਰੱਖਣ ਵਾਲੇ ਦੋ ਬਰਾਬਰ ਦੇ ਹੱਕਦਾਰ ਆਪਸੀ ਈਰਖਾ ਦਾ ਸ਼ਿਕਾਰ ਤਾਂ ਹੋਣਗੇ ਹੀ, ਪਰ ਜੇਕਰ ਇਸ ਰਿਸ਼ਤੇ ਨੂੰ ਸੁਖਾਲਾ ਬਣਾਉਣਾ ਹੋਵੇ ਤਾਂ ਈਰਖਾ ਦਾ ਤਿਆਗ ਕਰਨਾ ਜ਼ਰੂਰੀ ਹੈ। ਉਂਜ ਤਾਂ ਇੱਕ ਮਾਂ-ਬਾਪ ਦੇ ਕਈ ਬੱਚੇ ਹੁੰਦੇ ਹਨ, ਪਰ ਉਨ੍ਹਾਂ ਵਿੱਚ ਇਸ ਤਰ੍ਹਾਂ ਦੀ ਈਰਖਾ ਨਹੀਂ ਹੁੰਦੀ ਹਾਲਾਂਕਿ ਅਧਿਕਾਰ ਬਰਾਬਰ ਦਾ ਹੁੰਦਾ ਹੈ। ਸੋ ਇਹ ਰਿਸ਼ਤਾ ਨਿਭਦਾ ਤਾਂ ਆ ਰਿਹਾ ਹੁੰਦਾ ਹੈ ਕਿਤੇ ਈਰਖਾ ਨਾਲ ਤੇ ਕਿਤੇ ਸਹਿਮਤੀ ਨਾਲ। ਸਮਾਜ ਇਸ ਨੂੰ ਚੰਗੇ ਪੱਖ ਤੋਂ ਦੇਖਣ ਦੀ ਬਜਾਏ ਮਾੜੇ ਪੱਖ ਤੋਂ ਹੀ ਦੇਖਦਾ ਹੈ ਕਿਉਂਕਿ ਚੰਗਿਆਈ ਦਾ ਫੈਲਾਅ ਘੱਟ, ਪਰ ਬੁਰਾਈ ਦਾ ਵੱਧ ਹੁੰਦਾ ਹੈ।
ਸੱਭਿਆਚਾਰ ਦੀ ਤਸਵੀਰ ਲੋਕ ਗੀਤਾਂ ਵਿੱਚ ਪ੍ਰਤੱਖ ਦੇਖੀ ਜਾਂਦੀ ਹੈ। ਸਮਾਜ ਵਿੱਚ ਜੋ ਤਬਦੀਲੀਆਂ ਆਉਂਦੀਆਂ ਹਨ ਉਨ੍ਹਾਂ ਦਾ ਮਨੁੱਖੀ ਮਨ ’ਤੇ ਪ੍ਰਭਾਵ ਸੁਭਾਵਿਕ ਹੀ ਪੈਂਦਾ ਹੈ ਤੇ ਉਹੀ ਪ੍ਰਭਾਵ ਮਨੁੱਖੀ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਵੇਲੇ ਲੋਕ ਗੀਤਾਂ ਦਾ ਰੂਪ ਧਾਰਨ ਕਰ ਜਾਂਦਾ ਹੈ ਕਿਉਂਕਿ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਮਨੁੱਖ ਉਸ ਨੂੰ ਸ਼ਬਦਾਂ ਦਾ ਰੂਪ ਦੇਣ ਲਈ ਕੋਸ਼ਿਸ਼ ਕਰਦਾ ਹੈ। ਸੌਕਣ ਸ਼ਬਦ ਦੇ ਅਰਥਾਂ ਨੂੰ ਸਮਝਣਾ ਅਤੇ ਉਸ ਦੇ ਪ੍ਰਤੀ ਪੈਦਾ ਹੋਏ ਵਿਚਾਰਾਂ ਦਾ ਪ੍ਰਗਟਾਅ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਜਦੋਂ ਕਿਸੇ ਵਿਅਕਤੀ ਦੇ ਦੋ ਵਿਆਹ ਹੁੰਦੇ ਹਨ ਤੇ ਦੋਵੇਂ ਔਰਤਾਂ ਆਪਸੀ ਈਰਖਾ ਦਾ ਸ਼ਿਕਾਰ ਹੋ ਕੇ ਲੜਦੀਆਂ ਹਨ ਤਾਂ ਉਸ ਸਮੇਂ ਮਜਬੂਰ ਆਦਮੀ ਦੀ ਹਾਲਤ ਬਾਰੇ ਸਮਾਜ ਦੀ ਵਿਚਾਰਧਾਰਾ ਇਹ ਦਰਸਾਉਂਦੀ ਹੈ;
ਕੋਠੇ ਚੜ੍ਹ ਕੇ ਕੂਕਦਾ
ਦੋ ਦੋ ਨਾਰਾ ਵੀ ਬੁਰੀਆਂ।
ਇੱਕ ਨੇ ਫੜ ਲਿਆ ਦਾੜ੍ਹੀਓਂ
ਦੂਜੀ ਪੰਜ ਸੱਤ ਜੜੀਆਂ।
ਇਸ ਤਰ੍ਹਾਂ ਕਈ ਵਾਰ ਆਦਮੀ ਨੂੰ ਦੋਵਾਂ ਔਰਤਾਂ ਦੀ ਗੱਲ ਸੁਣਨੀ ਪੈਂਦੀ ਹੈ, ਪਰ ਉਹ ਉਨ੍ਹਾਂ ਨੂੰ ਆਪਸ ਵਿੱਚ ਸਹਿਮਤ ਨਹੀਂ ਕਰ ਸਕਦਾ। ਉਸ ਸਮੇਂ ਲੜਾਈ ਦਾ ਮਾਹੌਲ ਹੋਰ ਵੀ ਗਹਿਰਾ ਹੋ ਜਾਂਦਾ ਹੈ ਜਦੋਂ ਔਰਤਾਂ ਆਪਸ ਵਿੱਚ ਮਿਹਣੋ ਮੇਹਣੀ ਹੁੰਦੀਆਂ ਹਨ। ਇਹ ਮਿਹਣੇ ਉਨ੍ਹਾਂ ਦੇ ਮਾਪਿਆਂ ਦੀ ਆਰਥਿਕ ਸਥਿਤੀ ਤੱਕ ਵੀ ਪਹੁੰਚ ਜਾਂਦੇ ਹਨ। ਲੜਦੀਆਂ ਹੋਈਆਂ ਔਰਤਾਂ ਪਤਾ ਨਹੀਂ ਕਿਸ ਗੱਲ ਦਾ ਮਿਹਣਾ ਦੇ ਦੇਣ।
ਲਗਭਗ 70 ਸਾਲ ਪਹਿਲਾਂ ਕੁਝ ਘਰਾਂ ਵਿੱਚ ਦੂਜੇ ਵਿਆਹ ਹਉਮੈ ਖਾਤਰ ਹੁੰਦੇ ਸਨ ਕਿਉਂਕਿ ਵੱਡੇ ਘਰਾਂ ਦੇ ਕਾਕੇ ਦੋ ਜਾਂ ਤਿੰਨ ਜਨਾਨੀਆਂ ਰੱਖਣਾ ਆਪਣਾ ਹੱਕ ਸਮਝਦੇ ਸਨ ਤੇ ਇਸ ਤਰ੍ਹਾਂ ਵਿਆਹ ਹੋ ਵੀ ਜਾਂਦੇ ਸਨ। ਉਸ ਤੋਂ ਬਾਅਦ ਸਮੇਂ ਵਿੱਚ ਤਬਦੀਲੀ ਆਈ ਤਾਂ ਇਨ੍ਹਾਂ ਵਿਆਹਾਂ ਦੇ ਕੁਝ ਕਾਰਨ ਬਣ ਗਏ। ਇਸ ਵਿੱਚ ਪਹਿਲਾ ਕਾਰਨ ਇਹ ਹੈ ਕਿ ਜੇਕਰ ਪਹਿਲੀ ਔਰਤ ਦੇ ਕੋਈ ਬੱਚਾ ਨਹੀਂ ਹੁੰਦਾ ਤਾਂ ਉਸ ਦੇ ਹੁੰਦੇ ਹੀ ਉਸ ਦੀ ਸਹਿਮਤੀ ਨਾਲ ਜਾਂ ਸਹਿਮਤੀ ਤੋਂ ਬਿਨਾਂ ਵੀ ਦੂਜਾ ਵਿਆਹ ਹੋ ਜਾਂਦਾ ਸੀ ਕਿਉਂਕਿ ਵਾਰਿਸ ਦਾ ਨੁਕਤਾ ਸਾਹਮਣੇ ਆ ਜਾਂਦਾ। ਦੂਜੀ ਗੱਲ ਇਹ ਕਿ ਜੇਕਰ ਪਹਿਲੀ ਪਤਨੀ ਬਿਮਾਰ ਹੈ ਜਾਂ ਅਪਾਹਜ ਹੋ ਗਈ ਹੈ ਤਾਂ ਵੀ ਦੂਜਾ ਵਿਆਹ ਹੋ ਜਾਂਦਾ ਸੀ। ਕਈ ਵਾਰ ਤਾਂ ਮਜਬੂਰੀਵਸ ਪੈਸੇ ਦੇ ਕੇ ਵੀ ਵਿਆਹ ਕਰਵਾ ਲਿਆ ਜਾਂਦਾ ਸੀ। ਮਾਪਿਆਂ ਦੇ ਪੈਸੇ ਲੈਣ ਕਾਰਨ ਔਰਤ ਮਿਹਣੇ ਥੱਲੇ ਆ ਜਾਂਦੀ ਹੈ। ਅਜਿਹੇ ਹਾਲਾਤ ਨੂੰ ਦੇਖਦਿਆਂ ਇਹੋ ਜਿਹੇ ਗੀਤ ਹੋਂਦ ਵਿੱਚ ਆਏ;
ਸੌਕਣੇ ਲੜ ਲੈ ਨੀਂ
ਆਜਾ ਸੌਕਣੇ ਲੜ ਲੈ ਨੀਂ
ਨੀਂ ਮੈਂ ਪੁੰਨ ਦੀ ਵਿਆਹੀ
ਤੇਰੇ ਮਾਪਿਆਂ ਨੇ ਉੱਖਲੀ ਭਰਾਈ।
ਔਰਤਾਂ ਵਿੱਚ ਈਰਖਾ ਹੋਣ ਕਾਰਨ ਨਿੱਕੀ ਜਿਹੀ ਗੱਲ ਹੀ ਲੜਾਈ ਦਾ ਕਾਰਨ ਬਣ ਜਾਂਦੀ ਹੈ। ਜਦੋਂ ਗੱਲ ਹਉਮੈ ਦੀ ਆ ਜਾਵੇ ਤਾਂ ਉੱਥੇ ਕੋਈ ਵੀ ਪਿੱਛੇ ਹਟਣਾ ਨਹੀਂ ਚਾਹੁੰਦੀ। ਇਸ ਵਿੱਚ ਮਰਦ ਵੀ ਕਸੂਤਾ ਫਸ ਜਾਂਦਾ ਹੈ। ਆਪਸ ਵਿੱਚ ਲੜਦੀਆਂ ਸੌਕਣਾਂ ਆਪਣੇ ਪਤੀ ਦੀਆਂ ਵੀ ਧੱਜੀਆਂ ਉਡਾ ਦਿੰਦੀਆਂ ਹਨ। ਆਪਸੀ ਮਿਹਣਿਆਂ ਦੇ ਨਾਲ ਉਸ ਨੂੰ ਵੀ ਨਾਲ ਸ਼ਿਕਾਰ ਬਣਾਉਂਦੀਆਂ ਹਨ। ਲੋਕ ਬੋਲੀਆਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ;
ਅਜੇ ਸੌਕਣ ਲੜਦੀ ਐ
ਲੜ ਲੜ ਗੱਲਾਂ ਕਰਦੀ ਐ
ਉਸ ਕੰਜਰ ਨਾਲ ਲੜਿਆ ਕਰ
ਉਹਦੀ ਦਾੜ੍ਹੀ ਫੜਿਆ ਕਰ
ਫੜ ਫੜ ਚੌੜੀ ਕਰਿਆ ਕਰ
ਛੱਡੀਆਂ ਨੀਂ
ਟੁੱਟ ਪੈਣੇ ਨੇ ਲੜਾ ਕੇ
ਛੱਡੀਆਂ ਨੀਂ।
ਸੌਕਣ ਦੇ ਰਿਸ਼ਤੇ ਬਾਰੇ ਅਖਾਣ ਵੀ ਪ੍ਰਸਿੱਧ ਹੈ ਕਿ ‘ਸੌਕਣ ਤਾਂ ਮਿੱਟੀ ਦੀ ਮਾਣ ਨਹੀਂ ਹੁੰਦੀ।’ ਇਸ ਦੀ ਵਿਆਖਿਆ ਕਰਦੀਆਂ ਔਰਤਾਂ ਕਹਿੰਦੀਆਂ ਹਨ ਕਿ ਜੇ ਕਿਤੇ ਭੁਲੇਖੇ ਨਾਲ ਕੋਈ ਔਰਤ ਮਿੱਟੀ ਦੀ ਸੌਕਣ ਬਣਾ ਕੇ ਆਲੇ ਵਿੱਚ ਰੱਖ ਦੇਵੇ ਤਾਂ ਉਹ ਵੀ ਕਦੇ ਨਾ ਕਦੇ ਆਲੇ ਵਿੱਚੋਂ ਡਿੱਗ ਕੇ ਮੱਥੇ ’ਚ ਵੱਜਦੀ ਹੈ ਅਤੇ ਬਦਲਾ ਲੈ ਲੈਂਦੀ ਹੈ ਭਾਵ ਸੌਕਣ ਦੇ ਰਿਸ਼ਤੇ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ।
ਕਈ ਵਾਰ ਇਹ ਰਿਸ਼ਤਾ ਸਕੀਆਂ ਭੈਣਾਂ ਵਿੱਚ ਵੀ ਬਣ ਜਾਂਦਾ ਹੈ। ਭੈਣ ਵਿੱਚ ਕਿਸੇ ਕਿਸਮ ਦੀ ਕਮੀ ਹੋਣ ਕਾਰਨ ਵੀ ਦੂਜੀ ਭੈਣ ਦਾ ਰਿਸ਼ਤਾ ਕੀਤਾ ਜਾਂਦਾ ਹੈ। ਇਹੋ ਜਿਹੇ ਰਿਸ਼ਤੇ ਮਨੁੱਖ ਦੀ ਮਜਬੂਰੀ ਹੋ ਸਕਦੇ ਹਨ, ਪਰ ਇਸ ਰਿਸ਼ਤੇ ਦਾ ਅਪਮਾਨ ਨਹੀਂ ਹੋਣਾ ਚਾਹੀਦਾ।
ਸੰਪਰਕ: 94178-40323

