DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛੜੇ ਜੇਠ ਨੂੰ ਲੱਸੀ ਨਹੀਂ ਪਿਆਉਣੀ...

ਛੋਟੇ ਹੁੰਦੇ ਕੋਠੇ ਉੱਤੇ ਮੰਜੇ ਦੀਆਂ ਪੈਂਦਾਂ ਵਾਲੇ ਪਾਸੇ ਜੋੜ ਕੇ ਖੜ੍ਹੇ ਕੀਤੇ ਦੋ ਮੰਜਿਆਂ ਉੱਪਰ ਬੰਨ੍ਹੇ ਸਪੀਕਰ ਵਿੱਚੋਂ ਲੋਕ ਗੀਤ ਸੁਣਦੇ ਸੀ; ਛੜੇ ਜੇਠ ਨੂੰ ਲੱਸੀ ਨਹੀਂ ਪਿਆਉਣੀ ਦਿਓਰ ਭਾਵੇਂ ਮੱਝ ਚੁੰਘ ਜੇ ਪੰਜ-ਸੱਤ ਦਹਾਕੇ ਪਹਿਲਾਂ ਜੇਠ ਦੇ ਤਪਦੇ...

  • fb
  • twitter
  • whatsapp
  • whatsapp
Advertisement

ਛੋਟੇ ਹੁੰਦੇ ਕੋਠੇ ਉੱਤੇ ਮੰਜੇ ਦੀਆਂ ਪੈਂਦਾਂ ਵਾਲੇ ਪਾਸੇ ਜੋੜ ਕੇ ਖੜ੍ਹੇ ਕੀਤੇ ਦੋ ਮੰਜਿਆਂ ਉੱਪਰ ਬੰਨ੍ਹੇ ਸਪੀਕਰ ਵਿੱਚੋਂ ਲੋਕ ਗੀਤ ਸੁਣਦੇ ਸੀ;

ਛੜੇ ਜੇਠ ਨੂੰ ਲੱਸੀ ਨਹੀਂ ਪਿਆਉਣੀ

Advertisement

ਦਿਓਰ ਭਾਵੇਂ ਮੱਝ ਚੁੰਘ ਜੇ

Advertisement

ਪੰਜ-ਸੱਤ ਦਹਾਕੇ ਪਹਿਲਾਂ ਜੇਠ ਦੇ ਤਪਦੇ ਮਹੀਨੇ ਪਿੰਡਾਂ ਵਿੱਚ ਲੱਸੀ ਹੀ ਵੱਡੀ ਸੁਗਾਤ ਹੁੰਦੀ ਸੀ ਅਤੇ ਪਿੰਡ ਦਾ ਹਰ ਬੰਦਾ ਲੱਸੀ ਪੀਂਦਾ ਸੀ। ਉਹ ਵੀ ਪੀਂਦੇ ਸਨ ਜਿਹਦੇ ਘਰ ਦੁੱਧ ਜਾਂ ਦੁਧਾਰੂ ਪਸ਼ੂ ਨਹੀਂ ਹੁੰਦੇ ਸਨ। ਆਮ ਤੌਰ ’ਤੇ ਆਂਢ-ਗੁਆਂਢ ਵਿੱਚੋਂ ਲੱਸੀ ਮਿਲ ਹੀ ਜਾਂਦੀ ਸੀ। ਇੱਥੋਂ ਤੱਕ ਕਿ ਲੋੜਵੰਦ ਕਾਮੇ ਤਾਂ ਲੱਸੀ ਨਾਲ ਹੀ ਰੋਟੀ ਖਾ ਲੈਂਦੇ ਸਨ। ਵੱਡੇ ਜ਼ਿਮੀਂਦਾਰਾਂ ਦੇ ਘਰ ਮੱਝਾਂ ਵਾਧੂ ਹੁੰਦੀਆਂ ਸਨ। ਚੜ੍ਹਦੇ ਜੇਠ ਵੀ ਤਾਜ਼ੀਆਂ ਲਵੇਰੀਆਂ ਸੂਅ ਪੈਂਦੀਆਂ ਸਨ ਕਿਉਂਕਿ ਜ਼ਿਆਦਾ ਮੱਝਾਂ ਵਿੱਚੋਂ ਦੋ-ਚਾਰ ਤੋਕੜ, ਦੋ-ਚਾਰ ਸੂਈਆਂ ਹੋਈਆਂ ਅਤੇ ਦੋ-ਚਾਰ ਸੂਣ ਵਾਲੀਆਂ ਮੱਝਾਂ ਤੇ ਗਾਵਾਂ ਹੁੰਦੀਆਂ ਹੀ ਸਨ। ਆਮ ਛੋਟੇ ਘਰਾਂ ਵਿੱਚ ਇੱਕ ਮੱਝ ਹੀ ਹੁੰਦੀ ਤੇ ਬਹੁਗਿਣਤੀ ਗ਼ਰੀਬ ਦੀ ਮੱਝ ਸੌਣ ਮਹੀਨੇ ਹੀ ਸੂੰਦੀ ਸੀl ਇਸ ਲਈ ਜੇਠ-ਹਾੜ੍ਹ ਵਿੱਚ ਮਿਲਵਰਤਣ ਵਾਲੇ ਘਰਾਂ ਤੋਂ ਦੁੱਧ ਉਧਾਰ ਜਾਂ ਪਿਆਰ ਨਾਲ ਮਿਲ ਜਾਂਦਾ ਸੀ ਤੇ ਲੱਸੀ ਵੀ ਵਾਧੂ।

ਅੱਜਕੱਲ੍ਹ ਪਿੰਡਾਂ ਵਿੱਚੋਂ ਵੀ ਇਹ ਲੱਸੀ ਦੀ ਸੁਗਾਤ ਅਤੇ ਸਾਂਝ ਖ਼ਤਮ ਹੀ ਸਮਝੋ। ਕੌਣ ਰੱਖੇ 15-20 ਡੰਗਰ, ਕੌਣ ਸੰਭਾਲੇ, ਸਾਂਝੇ ਟੱਬਰ ਵੀ ਨਹੀਂ ਰਹੇ ਅਤੇ ਚੌਣੇ ਲਈ ਛੱਪੜ ਤੇ ਟੋਭੇ ਵੀ ਕਿਤੇ ਹੀ ਬਚੇ ਹਨ। ਸਾਂਝੇ ਪਰਿਵਾਰਾਂ ਵਿੱਚ ਪੰਜ-ਸੱਤ ਭਰਾਵਾਂ ’ਚੋਂ ਇੱਕ ਅੱਧਾ ਅਣਵਿਆਹਾ ਹੁੰਦਾ ਹੀ ਸੀ ਜੋ ਜੇਠ/ ਤਾਏ ਦਾ ਰੁਤਬਾ ਹਾਸਲ ਕਰਦਾ ਸੀ। ਜੇਠੇ ਤਾਏ ਆਮ ਤੌਰ ’ਤੇ ਕਾਮੇ ਅਤੇ ਔਖੇ ਕੰਮਾਂ ਨੂੰ ਸਮਰਪਿਤ ਹੁੰਦੇ ਸਨ। ਰਾਤਾਂ ਨੂੰ ਖੇਤਾਂ ਵਿੱਚ ਰਹਿਣਾ ਅਤੇ ਬਾਹਰਲੇ ਘਰ ਡੰਗਰਾਂ ਕੋਲ ਪੈਂਦੇ ਸਨ।

ਉਨ੍ਹਾਂ ਸਮਿਆਂ ਵਿੱਚ ਜੇਠ ਦੇ ਸਮਾਜਿਕ ਰੁਤਬੇ ਅਨੁਸਾਰ ਛੋਟੇ ਭਰਾਵਾਂ ਦੀਆਂ ਘਰਵਾਲੀਆਂ ਛੋਟੀਆਂ ਭਰਜਾਈਆਂ ਤੇ ਹੋਰ ਵੀ ਸ਼ਰੀਕੇ ਕਬੀਲੇ ਵਿੱਚੋਂ ਘਰਾਂ ਵਾਲੀਆਂ ਔਰਤਾਂ ਵੱਡੇ ਬੰਦੇ ਤੋਂ ਘੁੰਡ ਕੱਢ ਕੇ ਮੂੰਹ ਢੱਕ ਕੇ ਰੱਖਦੀਆਂ ਸਨ ਜੋ ਕਿ ਇੱਜ਼ਤ ਅਤੇ ਸ਼ਰਮ ਦਾ ਪ੍ਰਤੀਕ ਹੁੰਦਾ ਸੀ। ਅਜੋਕੇ ਸਮੇਂ ਵਿੱਚ ਇਹ ਰਿਸ਼ਤਾ ਲਗਭਗ ਲੋਪ ਹੋਣ ਕਿਨਾਰੇ ਹੈ ਕਿਉਂਕਿ ਕਿਤੇ ਕਿਤੇ ਹੀ ਦੋ ਭਰਾ ਹਨ, ਬਹੁਤੇ ਪਰਿਵਾਰ ਇੱਕ ਬੱਚੇ ਵਾਲੇ ਹੀ ਹਨ। ਬਹੁਤੇ ਬੱਚਿਆਂ ਨੂੰ ਤਾਇਆ, ਚਾਚਾ, ਮਾਸੀ, ਭੂਆ ਨਸੀਬ ਨਹੀਂ ਹੋਣੀ। ਬਹੁਤਿਆਂ ਦੇ ਦਿਓਰ, ਜੇਠਾਣੀ, ਭਰਜਾਈ ਵੀ ਹੋਣੇ ਅਸੰਭਵ ਹਨ। ਸੋ ਛੜੇ ਜੇਠ ਨੇ ਲੱਸੀ ਵੀ ਕਿਸ ਤੋਂ ਮੰਗਣੀ ਹੈ? ਹੁਣ ਬੱਚਿਆਂ ਦੇ ਪਿਓ ਦੇ ਚੰਗੇ ਵਰਤਾਓ ਤੇ ਨੇੜਤਾ ਵਾਲੇ ਦੋਸਤ ਹੀ ਤਾਏ, ਚਾਚੇ, ਤਾਈ, ਚਾਚੀ ਬਣਦੇ ਹਨ। ਸੋ ਜੇਕਰ ਤੌਲੇ ਅਤੇ ਚਾਟੀ ਦੀ ਲੱਸੀ ਨਹੀਂ ਮਿਲਦੀ ਤਾਂ ਸਮਾਜ ਵਿੱਚੋਂ ਛੜਾ ਜੇਠ ਵੀ ਖਿਸਕ ਗਿਆ। ਹੁਣ ਤਾਂ ਲੱਸੀ ਵੇਰਕੇ ਦੇ ਪੈਕਟਾਂ ਵਿੱਚ ਅਤੇ ਛੜਾ ਜੇਠ ਵਿਆਹ ਦੀਆਂ ਬੋਲੀਆਂ, ਗੀਤਾਂ ਤੇ ਪੰਜਾਬੀ ਫਿਲਮਾਂ ਵਿੱਚ ਹੀ ਰਹਿ ਗਿਆ ਹੈ। ਇਸ ਬਾਰੇ ਅਜੋਕੀ ਪੀੜ੍ਹੀ ਨੂੰ ਦੱਸਣਾ ਪੈਂਦਾ ਹੈ ਕਿ ਪਿਓ ਤੋਂ ਵੱਡਾ ਭਰਾ ਤਾਇਆ ਅਤੇ ਮਾਂ ਦਾ ਜੇਠ ਲੱਗਦਾ ਸੀ।

ਪਹਿਲਾਂ ਪਹਿਲਾਂ ਪਲੇਠੇ ਭਰਾ ਨੂੰ ਜੇਠਾ ਕਹਿੰਦੇ ਸਨ ਤੇ ਉਹੀ ਜੇਠ। ਅੱਜਕੱਲ੍ਹ ਸਭ ਦੇ ਹੀ ਜੇਠੇ ਜਾਂਦੇ ਹਨ ਕਿਉਂਕਿ ਬੱਚਾ ਹੀ ਇੱਕ ਹੁੰਦਾ ਹੈ। ਇਹ ਵੀ ਧਾਰਨਾ ਸੀ ਕਿ ਜੇਠ ਮਹੀਨੇ ਵਿੱਚ ਜੇਠੇ ਪੁੱਤ ਦਾ ਵਿਆਹ ਨਹੀਂ ਕਰਨਾ, ਪਰ ਅੱਜਕੱਲ੍ਹ ਸਭ ਚੱਲਦਾ ਹੈ। ਹੋਟਲਾਂ ਵਿੱਚ ਏਸੀ ਲਾ ਕੇ ਦਸੰਬਰ-ਜਨਵਰੀ ਵਰਗੀ ਠੰਢ ਦਾ ਆਨੰਦ ਮਾਣਿਆ ਜਾਂਦਾ ਹੈ।

ਜੇਠ ਮਹੀਨੇ ਦੀ ਤਪਸ਼ ਦਾ ਪ੍ਰਕੋਪ ਖੱਲਾਂ, ਖੂੰਜਿਆਂ ਤੱਕ ਮਾਰ ਕਰਦਾ ਹੈ ਤੇ ਪਸ਼ੂ-ਪੰਛੀ, ਰਾਹਗੀਰ, ਬਨਸਪਤੀ ਪਾਣੀ ਨੂੰ ਤਰਾਹ ਤਰਾਹ ਕਰਦੇ ਹਨ। ਹੱਥ ਧੋਕੇ ਪੂੰਝਣ ਦੀ ਜ਼ਰੂਰਤ ਨਹੀਂ। ਜੋ ਔਰਤਾਂ ਜੇਠ ਨੂੰ, ਜੇਠ ਸਮਝ ਕੇ ਸਿਰ ਕੱਜ ਕੇ ਘੁੰਢ ਕੱਢਦੀਆਂ ਸਨ, ਉਹ ਅੱਜ ਜੇਠ ਮਹੀਨੇ ਦੀ ਤਾਕਤ, ਤਪਸ਼ ਤੋਂ ਬਚਣ ਵਾਸਤੇ ਸਪੈਸ਼ਲ ਚੁੰਨੀਆਂ ਦੀਆਂ ਬੁੱਕਲਾਂ ਮਾਰ ਕੇ ਮੂੰਹ ਸਿਰ ਲੁਕੋ ਕੇ ਜਿਉਂਦੇ ਜਾਗਦੇ ਜੇਠ ਦੀ ਤਰ੍ਹਾਂ ਹੀ ਜੇਠ ਮਹੀਨੇ ਦਾ ਸਤਿਕਾਰ ਕਰਦੀਆਂ ਹਨ। ਮੌਸਮ ਵਿਗਿਆਨੀਆਂ ਅਨੁਸਾਰ ਜੇਠ ਮਹੀਨੇ ਦਾ ਪ੍ਰਕਿਰਤੀ ਵਿੱਚ ਅਹਿਮ ਪੱਖ ਹੈ। ਜੇਕਰ ਜੇਠ ਦੀ ਤਪਸ਼ ਨਾ ਹੋਵੇ ਤਾਂ ਸਾਉਣ ਮਹੀਨੇ ਬਾਰਸ਼ਾਂ ਵੀ ਨਹੀਂ ਹੋਣਗੀਆਂ। ਜੇਠ ਦੇ ਮਹੀਨੇ ਨੂੰ ‘ਨੌਂ ਤਪਾ’ ਵੀ ਕਿਹਾ ਜਾਂਦਾ ਹੈ। ਜਿਸ ਵਿੱਚ 25 ਮਈ ਤੋਂ ਦੋ ਜੂਨ ਤੱਕ ਸਭ ਤੋਂ ਸਖ਼ਤ ਤੇ ਭਿਆਨਕ ਗਰਮੀ ਹੁੰਦੀ ਹੈ ਜਦੋਂ ਤਾਪਮਾਨ 50 ਡਿਗਰੀ ਤੱਕ ਵੀ ਜਾ ਸਕਦਾ ਹੈ। ਵਿਗਿਆਨੀਆਂ ਅਤੇ ਮਾਹਿਰਾਂ ਨੇ ਇਸ ਕਰੜੇ ਧੁੱਪ ਦੇ ਅਤੇ ਲੂ ਦੇ ਦਿਨਾਂ ਨੂੰ ਬਹੁਤ ਲਾਭਕਾਰੀ ਦੱਸਿਆ ਹੈ ਕਿ ਜੇਕਰ ਇਹ ਅੱਤ ਦੀ ਧੁੱਪ ਨਾ ਪਵੇ ਤਾਂ ਅਸੀਂ ਅੰਨ ਅਨਾਜ ਤੋਂ ਥੁੜ੍ਹ ਜਾਵਾਂਗੇ ਅਤੇ ਭੁੱਖਮਰੀ ਵੀ ਪੈ ਸਕਦੀ ਹੈ। ਇਸ ਭਿਆਨਕ ਤਪਸ਼ ਨਾਲ ਚੂਹਿਆਂ ਦੀ ਜਨਸੰਖਿਆ ਨਹੀਂ ਵਧਦੀ, ਫ਼ਸਲਾਂ ਲਈ ਮਾਰੂ ਕੀੜੇ ਜਿਵੇਂ ਟਿੱਡੀ ਦਲ ਦਾ ਵਾਧਾ ਅਤੇ ਮਾਰੂ ਕੀਟਾਣੂਆਂ ਦਾ ਵਾਧਾ ਰੁਕਦਾ ਹੈ, ਇਸ ਦੇ ਨਾਲ ਹੀ ਮਨੁੱਖ ਨੂੰ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਹੋਰ ਹਾਨੀਕਾਰਕ ਕੀੜੇ, ਜ਼ਹਿਰੀਲੇ ਸੱਪ, ਬਿੱਛੂ ਆਦਿ ਵੀ ਘੱਟ ਪੈਦਾ ਹੁੰਦੇ ਹਨ। ਮੱਖੀ-ਮੱਛਰ ਕਿਤੇ ਨਜ਼ਰ ਨਹੀਂ ਆਉਂਦਾ। ਚਾਰ ਕਣੀਆਂ ਪੈਣ ਦਿਓ ਵੇਖਿਓ ਆਪਾਂ ਤੰਗ ਆ ਜਾਵਾਂਗੇ। ਸਿੱਲੇ ਮੌਸਮ ਵਿੱਚ ਕੀੜੇ ਮਕੌੜਿਆਂ ਦੀ ਭਰਮਾਰ ਵੇਖਣ ਨੂੰ ਆਮ ਮਿਲਦੀ ਹੈ। ਫ਼ਲਾਂ ਵਿੱਚ ਮਿਠਾਸ ਵੀ ਇਸ ਧੁੱਪ ਤੇ ਲੂ ਦੇ ਕਾਰਨ ਹੀ ਪੈਂਦੀ ਹੈ। ਇਸ ਤੱਤੀ ਲੂ ਕਰਕੇ ਹੀ ਭਰਵੀ ਮੌਨਸੂਨ ਦੀ ਸੰਭਾਵਨਾ ਬਣਦੀ ਹੈ। ਇਸ ਲਈ ਜੇਠ ਮਹੀਨੇ ਤੇ ਡਰੋ ਨਾ, ਬਲਕਿ ਇਸ ਦਾ ਸਤਿਕਾਰ ਕਰੋ ਭਾਵੇਂ ਘੁੰਢ ਕੱਢ ਕੇ ਹੀ ਰੱਖੋ।

ਭਿਆਨਕ ਆਲਮੀ ਤਪਸ਼ ਦਾ ਕਾਰਨ ਮਨੁੱਖ ਹੀ ਹੈ ਜੋ ਕੁਦਰਤੀ ਵਰਤਾਰੇ ਦੇ ਉਲਟ ਚੱਲਦਾ ਹੈ। ਕੁਦਰਤ ਨੇ ਆਪਣੇ ਨਿਯਮਾਂ ਅਨੁਸਾਰ ਹੀ ਸਭ ਕਾਸੇ ਦਾ ਸੰਤੁਲਨ ਬਣਾਇਆ ਹੋਇਆ ਹੈ, ਭਾਵੇਂ ਮਨੁੱਖ ਆਪਣੀਆਂ ਸਹੂਲਤਾਂ ਵਾਸਤੇ ਕੁਦਰਤ ਦੀ ਨਿਯਮਾਵਲੀ ਵਿੱਚ ਵਿਘਨ ਪਾ ਰਿਹਾ ਹੈ ਅਤੇ ਭੁਗਤ ਵੀ ਰਿਹਾ ਹੈ।

ਅੱਜ ਵੀ ਜੇਠ ਦਾ ਰੁਤਬਾ ਘੱਟ ਨਹੀਂ। ਜੇਠ ਦਾ ਮਹੀਨਾ ਲੰਘ ਗਿਆ ਤੇ ਹਾੜ ਚੜ੍ਹ ਗਿਆ ਹੈ, ਪਰ ਇੱਕ ਚੰਗੀ ਖ਼ਬਰ ਇਹ ਹੈ ਕਿ ਅੱਜ ਸਾਰੀਆਂ ਬੀਬੀਆਂ ਭੈਣਾਂ ਬੇਪਛਾਣ ਜਿਹਾ ਹੋ ਕੇ, ਮੂੰਹ ਸਿਰ ਬੰਨ੍ਹ ਕੇ ਘੁੰਮਦੀਆਂ ਹਨ। ਭਾਵੇਂ ਚੁੰਨੀ ਬੈਗ ਜਾਂ ਐਕਟਿਵਾ ਵਿੱਚ ਹੀ ਹੋਵੇ, ਇਸ ਲਈ ਜੇਠ ਤੋਂ ਬਿਨਾਂ ਹੀ ਜੇਠ ਦਾ ਰੁਤਬਾ ਜ਼ਿੰਦਾਬਾਦ।

ਸੰਪਰਕ: 95921-82111

Advertisement
×