DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੋਲੀ: ਗੱਡੇ ਤੋਂ ਹੈਲੀਕਾਪਟਰ ਤੱਕ

ਗੱਲ ਉਨ੍ਹਾਂ ਜ਼ਮਾਨਿਆਂ ਦੀ ਹੈ ਜਦੋਂ ਆਵਾਜਾਈ ਦੇ ਸਾਧਨ ਬੜੇ ਸੀਮਿਤ ਹੋਇਆ ਕਰਦੇ ਸਨ। ਉਨ੍ਹਾਂ ਦਿਨਾਂ ਵਿੱਚ ਬਰਾਤਾਂ ਵੀ ਊਠਾਂ, ਘੋੜਿਆਂ, ਗੱਡਿਆਂ ’ਤੇ ਹੀ ਜਾਂਦੀਆਂ ਹੁੰਦੀਆਂ ਸਨ ਅਤੇ ਬਰਾਤ ਤਿੰਨ ਤਿੰਨ ਦਿਨ ਠਹਿਰਦੀ ਹੁੰਦੀ ਸੀ। ਪੰਜਾਬੀ ਫਿਲਮ ‘ਵਿਚੋਲਾ’ ਅਜਿਹੇ ਵਿਆਹਾਂ...

  • fb
  • twitter
  • whatsapp
  • whatsapp
Advertisement

ਗੱਲ ਉਨ੍ਹਾਂ ਜ਼ਮਾਨਿਆਂ ਦੀ ਹੈ ਜਦੋਂ ਆਵਾਜਾਈ ਦੇ ਸਾਧਨ ਬੜੇ ਸੀਮਿਤ ਹੋਇਆ ਕਰਦੇ ਸਨ। ਉਨ੍ਹਾਂ ਦਿਨਾਂ ਵਿੱਚ ਬਰਾਤਾਂ ਵੀ ਊਠਾਂ, ਘੋੜਿਆਂ, ਗੱਡਿਆਂ ’ਤੇ ਹੀ ਜਾਂਦੀਆਂ ਹੁੰਦੀਆਂ ਸਨ ਅਤੇ ਬਰਾਤ ਤਿੰਨ ਤਿੰਨ ਦਿਨ ਠਹਿਰਦੀ ਹੁੰਦੀ ਸੀ। ਪੰਜਾਬੀ ਫਿਲਮ ‘ਵਿਚੋਲਾ’ ਅਜਿਹੇ ਵਿਆਹਾਂ ਦੀ ਪੁਖ਼ਤਾ ਉਦਾਹਰਨ ਪੇਸ਼ ਕਰਦੀ ਹੈ। ਭਾਵੇਂ ਵਿਹਾਰਕ ਰੂਪ ਵਿੱਚ ਲਾੜੀ ਨੂੰ ਵਿਆਹ ਕੇ ਲਿਜਾਣ ਵੇਲੇ ਡੋਲੀ/ ਪਾਲਕੀ ਦੀ ਵਰਤੋਂ ਦਾ ਗਵਾਹ ਤਾਂ ਮੈਂ ਨਹੀਂ ਰਿਹਾ, ਪ੍ਰੰਤੂ ਜਿਵੇਂ ਕਿ ਅਸੀਂ ਫਿਲਮਾਂ/ ਨਾਟਕਾਂ ਵਿੱਚ ਡੋਲੀ ਉੱਠਦੀ ਦੇਖਦੇ ਹਾਂ, ਇਹ ਸਾਧਨ ਹੁੰਦਾ ਜ਼ਰੂਰ ਸੀ। ਮੇਰੀ ਉਮਰ ਸੱਤਰੋਂ ਪਾਰ ਹੈ, ਇਸ ਲਈ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਡੋਲੀ ਉੱਠਣ ਦੀ ਰਸਮ 70 ਸਾਲ ਤੋਂ ਪੁਰਾਣੀ ਹੋ ਸਕਦੀ ਹੈ।

ਕਹਾਰੋ ਡੋਲੀ ਨਾ ਚਾਇਓ

Advertisement

ਹਾਲੇ ਮੇਰਾ ਬਾਬਲ ਆਇਆ ਨ੍ਹੀਂ।

Advertisement

***

ਚੱਕ ਲਓ ਕਹਾਰੋ ਡੋਲੀ

ਰੋਂਦੀਆਂ ਨੂੰ ਰੋਣ ਦਿਓ।

ਡੋਲੀ ਅਰਥਾਤ ਪਾਲਕੀ ਨੂੰ ਆਪਣੇ ਮੋਢਿਆਂ ਉੱਪਰ ਚੁੱਕ ਕੇ ਲਿਜਾਣ ਲਈ ਚਾਰ ਬੰਦੇ ਹੁੰਦੇ ਸਨ, ਜਿਹੜੇ ਇੱਕ ਖ਼ਾਸ ਭਾਈਚਾਰੇ ਵਿੱਚੋਂ ਹੁੰਦੇ ਸਨ ਅਤੇ ਉਨ੍ਹਾਂ ਨੂੰ ਕਹਾਰ ਕਿਹਾ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਬਰਾਤ ਊਠਾਂ, ਘੋੜਿਆਂ ਤੋਂ ਗੱਡਿਆਂ ’ਤੇ ਜਾਣ ਲੱਗੀ ਅਤੇ ਲਾੜੀ ਨੂੰ ਲਿਜਾਣ ਵਾਸਤੇ ਇਸ ਸ਼ੁਭ ਕਾਰਜ ਲਈ ਵਿਸ਼ੇਸ਼ ਤੌਰ ’ਤੇ ਸਜਾਏ ਰਥ ਵਰਤੋਂ ਵਿੱਚ ਲਿਆਂਦੇ ਜਾਣ ਲੱਗੇ। ਰਥ ਵੀ ਸੀਮਿਤ ਹੀ ਹੁੰਦੇ ਸਨ, ਇੱਕ ਪਿੰਡ ਵਿੱਚ ਇੱਕ-ਦੋ ਰਥ ਹੀ ਹੁੰਦੇ ਸਨ ਅਤੇ ਇਹ ਕਿਰਾਏ ’ਤੇ ਉਪਲੱਬਧ ਹੁੰਦੇ ਸਨ। ਰਥ ਦੇ ਨਾਲ ਨਾਲ ਰਥ ਨੂੰ ਖਿੱਚਣ ਵਾਲੇ ਬਲਦਾਂ ਦੀ ਵੀ ਸਜਾਵਟ ਕੀਤੀ ਜਾਂਦੀ ਸੀ। ਬਲਦਾਂ ਦੇ ਪੈਰਾਂ ਵਿੱਚ ਰੰਗ ਬਿਰੰਗੀ ਲੋਗੜੀ ਦੀਆਂ ਡੋਰਾਂ, ਰੰਗਦਾਰ ਨੱਥਾਂ ਅਤੇ ਕਈ ਵਾਰ ਸਿੰਗਾਂ ਉੱਪਰ ਚਾਂਦੀ ਦੀਆਂ ਟੋਪੀਆਂ ਚਾੜ੍ਹੀਆਂ ਹੁੰਦੀਆਂ ਸਨ। ਬਲਦਾਂ ਅਤੇ ਰਥ ਦੇ ਨਾਲ ਨਾਲ ਕਾਹਨੀ (ਬਲਦਾਂ ਨੂੰ ਹਿੱਕਣ ਵਾਲਾ) ਨੇ ਵੀ ਟੌਹਰ ਖਿੱਚੀ ਹੁੰਦੀ ਸੀ। ਦੂਰ ਦੀਆਂ ਰਿਸ਼ਤੇਦਾਰੀਆਂ ਜਿਹੜੀਆਂ ਰੇਲ ਨਾਲ ਜੁੜੀਆਂ ਹੁੰਦੀਆਂ ਸਨ ਤਾਂ ਬਰਾਤ ਲਿਜਾਣ ਲਈ ਰੇਲ ਗੱਡੀ ਦੀ ਵਰਤੋਂ ਵੀ ਕਰ ਲਈ ਜਾਂਦੀ ਸੀ। ਮੈਂ ਖ਼ੁਦ ਅਜਿਹੀਆਂ ਦੋ ਬਰਾਤਾਂ ਗਿਆ ਹਾਂ ਜਿਹੜੀਆਂ ਸੱਠਵਿਆਂ ਵਿੱਚ ਰੇਲ ਰਾਹੀਂ ਗਈਆਂ ਸਨ।

ਬੱਸਾਂ ਦੀ ਆਮਦ ਨਾਲ ਥੋੜ੍ਹਾ ਹੋਰ ਤਬਦੀਲੀ ਆਈ। ਹੁਣ ਬਰਾਤ ਨੂੰ ਢੋਹਣ ਲਈ ਬੱਸਾਂ ਦੀ ਵਰਤੋਂ ਕੀਤੀ ਜਾਣ ਲੱਗੀ ਸੀ। ਬੱਸ ਡਰਾਈਵਰ ਦੇ ਬਿਲਕੁਲ ਪਿਛਲੀ ਸੀਟ ਨੂੰ ਇੱਕ ਕੱਪੜਾ (ਖੇਸ ਆਦਿ) ਤਾਣ ਕੇ ਬੱਸ ਵਿੱਚ ਬੈਠੀਆਂ ਬਾਕੀ ਸਵਾਰੀਆਂ ਤੋਂ ਵੱਖਰਾ ਕਰ ਕੇ ਪਰਦਾ ਕਰ ਲਿਆ ਜਾਂਦਾ ਸੀ। ਇਸ ਤਰ੍ਹਾਂ ਇਹ ਤਿੰਨ ਸਵਾਰੀਆਂ ਵਾਲੀ ਸੀਟ ਇੱਕ ਕੈਬਿਨ ਦਾ ਰੂਪ ਧਾਰ ਲੈਂਦੀ ਸੀ। ਇਸ ਸੀਟ ਉੱਪਰ ਲਾੜੀ ਦੇ ਨਾਲ ਲਾੜਾ ਅਤੇ ਲਾੜੀ ਦੇ ਪਿੰਡੋਂ ਇੱਕ ਖ਼ਾਸ ਭਾਈਚਾਰੇ ਦੀ ਸੁਆਣੀ ਬੈਠੀ ਹੁੰਦੀ ਸੀ। ਇਸਤਰੀਆਂ ਦਾ ਬਰਾਤ ਨਾਲ ਜਾਣ ਦਾ ਰਿਵਾਜ ਨਹੀਂ ਹੁੰਦਾ ਸੀ, ਇਸ ਲਈ ਵਿਚੋਲਣ ਵੀ ਉੱਥੇ ਹੀ ਘੁਸੜ ਜਾਂਦੀ ਸੀ।

ਫਿਰ ਸ਼ੁਰੂਆਤ ਹੋਈ ਬੱਸ ਦੇ ਨਾਲ ਇੱਕ ਕਾਰ ਲਿਜਾਣ ਦੀ। ਬਰਾਤ ਜਾਣ ਵੇਲੇ ਲਾੜੇ ਨਾਲ ਸਰਵਾਲਾ, ਲਾੜੇ ਦੇ ਜੀਜੇ ਅਤੇ ਇੱਕ ਅੱਧੇ ਹੋਰ ਅਤਿ ਨੇੜਲੇ ਰਿਸ਼ਤੇਦਾਰ ਨੂੰ ਕਾਰ ਵਿੱਚ ਬੈਠਣ ਦਾ ਮੌਕਾ ਮਿਲਦਾ ਸੀ। ਵਾਪਸੀ ’ਤੇ ਲਾੜੇ ਅਤੇ ਲਾੜੀ ਦੇ ਨਾਲ ਵਿਚੋਲਣ, ਉਹੀ ਖ਼ਾਸ ਭਾਈਚਾਰੇ ਦੀ ਇੱਕ ਸੁਆਣੀ ਅਤੇ ਇੱਕ-ਦੋ ਲਾੜੀ ਦੇ ਭਰਾ ਕਾਰ ਵਿੱਚ ਘੁਸੜ ਕੇ ਬੈਠ ਜਾਂਦੇ। ਸ਼ਾਇਦ ਉਦੋਂ ਇਹ ਗੀਤ ਬਣਿਆ ਹੋਣਾ;

ਗੱਡੀ ਵਿੱਚੋਂ ਲੱਤ ਲਮਕੇ, ਕੋਈ ਭੌਰ ਚੱਲਿਆ ਮੁਕਲਾਵੇ।

ਇੱਕ ਸਮੇਂ ਇੱਕੋ ਮਾਡਲ ਅਤੇ ਇੱਕੋ ਰੰਗ ਦੀਆਂ ਕਾਰਾਂ ਬਰਾਤ ਵਿੱਚ ਲਿਜਾਣ ਦਾ ਰਿਵਾਜ ਵੀ ਚੱਲਿਆ ਸੀ। ਹੁਣ ਜ਼ਮਾਨਾ ਹੈ ਕਿ ਬਰਾਤੀ ਸਿੱਧੇ ਪੈਲੇਸ ਪਹੁੰਚਦੇ ਹਨ, ਉਹ ਵੀ ਆਪੋ ਆਪਣੀਆਂ ਕਾਰਾਂ ਵਿੱਚ। ਵਿਆਂਦੜ ਦੇ ਪਰਿਵਾਰ ਦੀ ਇਸ ਪੱਖੋਂ ਖੇਚਲ ਥੋੜ੍ਹੀ ਘਟ ਗਈ ਹੈ। ਸਮੇਂ ਨੇ ਕਰਵਟ ਬਦਲੀ ਹੈ। ਜਿਹੜੀ ਬਰਾਤ ਕਿਸੇ ਵੇਲੇ ਊਠਾਂ ਘੋੜਿਆਂ ਜਾਂ ਗੱਡਿਆਂ ’ਤੇ ਜਾਇਆ ਕਰਦੀ ਸੀ, ਅੱਜ ਸਰਦੇ ਪੁੱਜਦੇ ਘਰਾਂ ਦੇ ਟਾਵੇਂ ਟਾਵੇਂ ਨਵਾਬਜ਼ਾਦੇ ਲਾੜੀ ਨੂੰ ਵਿਆਹੁਣ ਗੱਡੀਆਂ ਕਾਰਾਂ ਤੋਂ ਵੀ ਅੱਗੇ ਲੰਘ ਕੇ ਹੈਲੀਕਾਪਟਰਾਂ ’ਤੇ ਜਾਣ ਲੱਗ ਪਏ ਹਨ।

ਇੱਕ ਪੇਂਡੂ ਲੜਕੀ ਨੇ ਪਹਿਲੀ ਵਾਰ ਘਰ ਤੋਂ ਬਾਹਰ ਕਿਸੇ ਓਪਰੇ ਘਰ ਜਾਣਾ ਹੁੰਦਾ ਸੀ, ਇਸ ਲਈ ਲੜਕੀ ਓਦਰੇ ਨਾ ਦਾ ਖ਼ਿਆਲ ਰੱਖਦਿਆਂ ਲਾੜੀ ਦੇ ਸਕੇ ਭਰਾਵਾਂ ਤੋਂ ਇਲਾਵਾ, ਭਾਈਆਂ ਦੇ ਥਾਂ ਲੱਗਦੇ ਮਾਮੇ, ਚਾਚਿਆਂ, ਤਾਈਆਂ, ਮਾਸੀਆਂ, ਭੂਆਂ ਦੇ ਬੇਟੇ ਵੀ ਲੜਕੀ ਦੇ ਨਾਲ ਜਾਂਦੇ। ਲੜਕੀ ਦੇ ਨਾਲ ਗਏ ਇਨ੍ਹਾਂ ਭਰਾਵਾਂ ਨੂੰ ਗੱਡੀ ਵਾਲੇ ਕਹਿ ਕੇ ਬੁਲਾਇਆ ਜਾਂਦਾ ਸੀ। ਗੱਡੀ ਵਾਲਿਆਂ ਨੂੰ ਚਾਹ ਵਰਤਾਓ, ਗੱਡੀ ਵਾਲਿਆਂ ਨੂੰ ਪਰਸ਼ਾਦਾ ਪਾਣੀ ਛਕਾਓ, ਗੱਡੀ ਵਾਲਿਆਂ ਦੇ ਸੌਣ ਲਈ ਫਲਾਣਿਆਂ ਦੀ ਬੈਠਕ ਵਿੱਚ ਮੰਜੇ ਡਾਹ ਦਿਓ ਆਦਿ। ਮੈਂ ਦੱਸ ਦੇਣਾ ਚਾਹਾਂਗਾ ਕਿ ਇਨ੍ਹਾਂ ਗੱਡੀ ਵਾਲਿਆਂ ਦੀ ਸੇਵਾ ਵੀ ਬਰਾਤੀਆਂ ਵਾਂਗ ਹੀ ਕੀਤੀ ਜਾਂਦੀ ਸੀ। ਬਰਾਤੀਆਂ ਵਾਂਗ ਗੱਡੀ ਵਾਲਿਆਂ ਨੂੰ ਤੱਤੀਆਂ-ਤੱਤੀਆਂ ਸਿੱਠਣੀਆਂ ਤੇ ਕਰਾਰੇ-ਕਰਾਰੇ ਗੀਤ ਵੀ ਕੁੜੀਆਂ-ਬੁੜ੍ਹੀਆਂ ਕੋਲੋਂ ਸੁਣਨ ਨੂੰ ਮਿਲਦੇ ਸਨ ਕਿਉਂਕਿ ਉਹ ਲਾੜੇ ਦੇ ਸਾਲੇ ਜੋ ਠਹਿਰੇ।

‘ਗੱਡੀ ਆਲੇ’ ਲਫਜ਼ ਉਦੋਂ ਵੀ ਹੁੰਦਾ ਸੀ ਜਦੋਂ ਗੱਡੀ ਯਾਨੀ ਕਿ ਬਰਾਤ ਵਿੱਚ ਕਾਰ ਲਿਜਾਣ ਦਾ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ ਸੀ। ਅਜਿਹਾ ਪਤਾ ਨਹੀਂ ਕਿਉਂ?

ਮੇਰੀ ਸਮਝ ਮੁਤਾਬਿਕ ਜਿਵੇਂ ਅਸੀਂ ਪੰਜਾਬੀ ਹੌਲਦਾਰ ਨੂੰ ਵੀ ਥਾਣੇਦਾਰ ਕਹਿ ਕੇ ਉਸ ਨੂੰ ਸਨਮਾਨ ਦਿੰਦੇ ਹਾਂ, ਉਸੇ ਤਰ੍ਹਾਂ ਲੋਕ ਆਪਣੇ ਗੱਡੇ/ਰਥ ਨੂੰ ਵੀ ਗੱਡੀ ਕਹਿ ਕੇ ਕਾਰ ਦੀ ਸਵਾਰੀ ਦਾ ਅਹਿਸਾਸ ਕਰ ਲੈਂਦੇ ਹੋਣਗੇ ਅਤੇ ਲਾੜੀ ਨਾਲ ਆਉਣ ਵਾਲੇ ਉਸ ਦੇ ਭਾਈ ‘ਗੱਡੀ ਵਾਲੇ।’

ਸੋ ਸਮੇਂ ਦੇ ਨਾਲ ਡੋਲੀ ਦਾ ਰੂਪ ਬਦਲਦਾ ਰਿਹਾ ਹੈ। ਹੈਲੀਕਾਪਟਰ ਤੋਂ ਬਾਅਦ ਹੁਣ ਅੱਗੇ ਪਤਾ ਨਹੀਂ ਡੋਲੀ ਲਈ ਕਿਸ ਸਾਧਨ ਦੀ ਵਰਤੋਂ ਕੀਤੀ ਜਾਵੇਗੀ।

ਸੰਪਰਕ: 98727-87243

Advertisement
×