ਡਿਜੀਟਲ ਨਸਲਾਂ ਅਤੇ ਮਾਨਵਤਾ
ਪਿਛਲੇ ਸਮਿਆਂ ਵਿੱਚ ਅਸੀਂ ਵਿੱਦਿਅਕ ਮਾਹਿਰਾਂ ਜਾਂ ਹੋਰ ਵਿਸ਼ਿਆਂ ਦੇ ਮਾਹਿਰਾਂ ਦੀਆਂ ਬਾਤਾਂ ਪਾਉਂਦੇ ਆ ਰਹੇ ਹਾਂ, ਪ੍ਰੰਤੂ ਅੱਜਕੱਲ੍ਹ ਦਾ ਜ਼ਮਾਨਾ ਡਿਜੀਟਲ ਯੁੱਗ ਬਣਨ ਕਰਕੇ ਹੁਣ ਤਕਨੀਕੀ ਮਾਹਿਰਾਂ ਹੱਥ ਵਾਗਡੋਰ ਜਾ ਰਹੀ ਹੈ। ਤਕਨੀਕ ਦੇ ਇਹ ਮਾਹਿਰ ਸਮਾਜ ਨੂੰ ਕਿਸ...
ਪਿਛਲੇ ਸਮਿਆਂ ਵਿੱਚ ਅਸੀਂ ਵਿੱਦਿਅਕ ਮਾਹਿਰਾਂ ਜਾਂ ਹੋਰ ਵਿਸ਼ਿਆਂ ਦੇ ਮਾਹਿਰਾਂ ਦੀਆਂ ਬਾਤਾਂ ਪਾਉਂਦੇ ਆ ਰਹੇ ਹਾਂ, ਪ੍ਰੰਤੂ ਅੱਜਕੱਲ੍ਹ ਦਾ ਜ਼ਮਾਨਾ ਡਿਜੀਟਲ ਯੁੱਗ ਬਣਨ ਕਰਕੇ ਹੁਣ ਤਕਨੀਕੀ ਮਾਹਿਰਾਂ ਹੱਥ ਵਾਗਡੋਰ ਜਾ ਰਹੀ ਹੈ। ਤਕਨੀਕ ਦੇ ਇਹ ਮਾਹਿਰ ਸਮਾਜ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ ਜਾਂ ਭਵਿੱਖ ਵਿੱਚ ਲੈ ਕੇ ਜਾਣਗੇ, ਇਸ ਦੀਆਂ ਸੰਭਾਵਨਾਵਾਂ ਬਾਰੇ ਚਰਚਾਵਾਂ ਦੇਸ਼ ਦੁਨੀਆ ਵਿੱਚ ਚੱਲ ਰਹੀਆਂ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਮਾਨਵੀ ਕਦਰਾਂ ਕੀਮਤਾਂ ਦੇ ਧਾਰਨੀ ਲੋਕ ਇਹ ਵਿਚਾਰ ਕਰ ਰਹੇ ਹਨ ਕਿ ਡਿਜੀਟਲ ਨਸਲਾਂ ਵਿੱਚ ਮਾਨਵਤਾ ਕਾਇਮ ਰਹਿ ਸਕੇਗੀ ? ਜਾਂ ਮਨੁੱਖ ਵੀ ਮਸ਼ੀਨ ਬਣ ਕੇ ਰਹਿ ਜਾਵੇਗਾ? ਮਸ਼ੀਨਾਂ ਹੀ ਸਮਾਜ ਨੂੰ ਚਲਾਉਣਗੀਆਂ ਤੇ ਮਨੁੱਖ ਕਿਤੇ ਨਹੀਂ ਲੱਭੇਗਾ। ਜਦੋਂ ਇਸ ਵਿਸ਼ੇ ’ਤੇ ਸਧਾਰਨ ਲੋਕ ਵਿਚਾਰ ਕਰਦੇ ਹਨ ਤੇ ਉਨ੍ਹਾਂ ਦੀ ਰੂਹ ਇੱਕ ਵਾਰ ਤਾਂ ਕੰਬਣੀ ਸੁਭਾਵਿਕ ਹੀ ਹੈ ਕਿਉਂਕਿ ਜੋ ਕੁਝ ਵਰਤਾਰੇ ਹੋ ਰਹੇ ਹਨ, ਉਹ ਹੈਰਾਨੀਜਨਕ ਅਤੇ ਅਦਭੁੱਤ ਹਨ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਪ੍ਰੰਤੂ ਇਹ ਸਵਾਰਥੀ ਵੀ ਹੈ। ਮਨੁੱਖ ਦੇ ਸਵਾਰਥੀ ਗੁਣ ਕਰਕੇ ਹੀ ਦੁਨੀਆ ਵਿੱਚ ਔਗੁਣਾਂ ਦਾ ਪਸਾਰ ਤੇ ਪ੍ਰਚਾਰ ਹੋ ਰਿਹਾ ਹੈ। ਹਰ ਕਿਸੇ ਦੀ ਇਹੀ ਇੱਛਾ ਹੈ ਕਿ ਉਸ ਕੋਲ ਜਿੰਨੀ ਵੀ ਸ਼ਕਤੀ ਹੈ, ਉਹ ਇਸ ਸ਼ਕਤੀ ਦਾ ਪ੍ਰਯੋਗ ਕਰਕੇ ਕੁਦਰਤੀ ਸਾਧਨਾਂ ਅਤੇ ਦੇਸ਼ ਦੁਨੀਆ ਵਿੱਚ ਬੈਠੇ ਸੂਝਵਾਨ ਅਤੇ ਸ਼ਕਤੀਸ਼ਾਲੀ ਲੋਕਾਂ ’ਤੇ ਕਾਬਜ਼ ਹੋ ਸਕੇ। ਇਸ ਕਬਜ਼ੇ ਦੀਆਂ ਉਦਾਹਰਨਾਂ ਅਮਰੀਕਾ ਦੁਆਰਾ ਕੀਤੇ ਹਮਲਿਆਂ ਤੋਂ ਵੀ ਸਿੱਧ ਹੋ ਜਾਂਦੀਆਂ ਹਨ। ਪਰਮਾਣੂ ਦੀ ਸ਼ਕਤੀ ਨਾਲ ਕਿੰਨਾ ਵਿਨਾਸ਼ ਹੋ ਸਕਦਾ ਹੈ। ਇਸ ਦਾ ਅੰਦਾਜ਼ਾ ਅਸੀਂ ਦੂਜੀ ਵਿਸ਼ਵ ਜੰਗ ਵਿੱਚ ਦੇਖ ਚੁੱਕੇ ਹਾਂ। ਹੁਣ ਜਿਹੜੀ ਜੰਗ ਡਿਜੀਟਲ ਦੁਨੀਆ ਨੇ ਸ਼ੁਰੂ ਕੀਤੀ ਹੈ, ਉਹ ਜੰਗ ਪਹਿਲੀਆਂ ਦੋ ਜੰਗਾਂ ਨਾਲੋਂ ਕਿਤੇ ਖ਼ਤਰਨਾਕ ਅਤੇ ਭਿਆਨਕ ਹੈ। ਇਸ ਭਿਆਨਕਤਾ ਦੇ ਆਲਮ ਵਿੱਚ ਮਨੁੱਖ ਨੇ ਕਿਵੇਂ ਬਚਣਾ ਹੈ, ਉਸ ਲਈ ਇਹ ਵਿਚਾਰਨ ਦੀ ਘੜੀ ਹੈ।
ਤਕਨੀਕਾਂ ਦੇ ਖੋਜੀ ਭਵਿੱਖ ਨੂੰ ਸੋਹਣਾ ਅਤੇ ਮਾਣਨਯੋਗ ਬਣਾਉਣ ਦੀਆਂ ਕਲਾਵਾਂ ਵੀ ਦੱਸ ਰਹੇ ਹਨ। ਇਸ ਦੇ ਨਾਲ ਨਾਲ ਸੁਚੇਤ ਵੀ ਕਰ ਰਹੇ ਹਨ ਕਿ ਮਾਨਵਤਾ ’ਤੇ ਤਕਨੀਕ ਦਾ ਕਬਜ਼ਾ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਦੇ ਨਤੀਜੇ ਤਾਂ ਅਸੀਂ ਹੁਣੇ ਹੀ ਦੇਖ ਰਹੇ ਹਾਂ ਕਿ ਸਾਡੇ ਪਰਿਵਾਰਾਂ ਵਿੱਚੋਂ ਅਤੇ ਖਾਸ ਕਰ ਨਵੀਂ ਪੀੜ੍ਹੀ ਵਿੱਚੋਂ ਰਿਸ਼ਤਿਆਂ ਦਾ ਨਿੱਘ ਅਤੇ ਰਿਸ਼ਤਿਆਂ ਦੀ ਖਿੱਚ ਖ਼ਤਮ ਹੁੰਦੀ ਜਾ ਰਹੀ ਹੈ। ਆਪਸੀ ਪਿਆਰ, ਸਤਿਕਾਰ ਅਤੇ ਸਹਿਣਸ਼ੀਲਤਾ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ। ਮਨੁੱਖ ਦਾ ਮਨੁੱਖ ਨਾਲੋਂ ਸੰਵਾਦ ਖ਼ਤਮ ਹੋ ਰਿਹਾ ਹੈ ਤੇ ਉਸ ਦਾ ਸਿੱਧਾ ਰਿਸ਼ਤਾ ਸਕਰੀਨ ਨਾਲ ਜੁੜ ਰਿਹਾ ਹੈ। ਉਹ ਕਿਸੇ ਨਾਲ ਵਿਹਲੀਆਂ ਜਾਂ ਖੁਸ਼ੀ ਗ਼ਮੀ ਦੀਆਂ ਗੱਲਾਂ ਸਾਂਝੀਆਂ ਕਰਨ ਦੀ ਬਜਾਏ ਆਪਣੇ ਦੁੱਖਾਂ ਤੇ ਦਰਦਾਂ ਦਾ ਹੱਲ ਸਕਰੀਨ ਵਿੱਚੋਂ ਹੀ ਲੱਭ ਰਿਹਾ ਹੈ। ਨੇਪਾਲ ਨੇ ਜਦੋਂ ਇੰਟਰਨੈੱਟ ’ਤੇ ਪਾਬੰਦੀ ਲਾਈ ਤਾਂ ਉੱਥੇ ਰਾਜ ਪਲਟਾ ਆ ਗਿਆ। ਇੱਥੋਂ ਸਿੱਧ ਹੋ ਗਿਆ ਹੈ ਕਿ ਸਾਡੀ ਨਵੀਂ ਪਨੀਰੀ ਡਿਜੀਟਲ ਦੁਨੀਆ ਦੀ ਕਿੰਨੀ ਆਦੀ ਅਤੇ ਕਿੰਨਾ ਸ਼ਿਕਾਰ ਹੋ ਚੁੱਕੀ ਹੈ।
ਬਾਲ ਮਨਾਂ ਵਿੱਚ ਇਹ ਤਕਨੀਕਾਂ ਮਾਨਵੀ ਰਿਸ਼ਤਿਆਂ ਦੇ ਗੁਣਾਂ ਨੂੰ ਉਪਜਣ ਤੋਂ ਰੋਕ ਰਹੀਆਂ ਹਨ। ਏਆਈ ਅਤੇ ਚੈਟ ਜੀਪੀਟੀ ਵਰਗੀਆਂ ਐਪਸ ਜਿੱਥੇ ਉਨ੍ਹਾਂ ਦੀ ਮੌਲਿਕਤਾ ਨੂੰ ਖ਼ਤਮ ਕਰ ਰਹੀਆਂ ਹਨ, ਉੱਥੇ ਉਨ੍ਹਾਂ ਨੂੰ ਆਰਾਮਪ੍ਰਸਤ ਬਣਾ ਕੇ ਉਨ੍ਹਾਂ ਦੇ ਮਹੱਤਵਪੂਰਨ ਸਰੀਰਕ ਅੰਗਾਂ ਨੂੰ ਸੁੰਨ ਵੀ ਕਰ ਰਹੀਆਂ ਹਨ। ਜਿਵੇਂ ਕਿ ਜੈੱਨ ਜ਼ੀ ਨਵੇਂ ਸੁਪਨਿਆਂ ਤੇ ਤਬਦੀਲੀ ਦੀ ਸੋਚ ਦਾ ਹੀ ਨਤੀਜਾ ਹੈ। ਇਸ ਸਮੇਂ ਇੱਕ ਤਰ੍ਹਾਂ ਨਾਲ ਅਖ਼ਬਾਰਾਂ, ਕਿਤਾਬਾਂ, ਰਸਾਲਿਆਂ ਯਾਨੀ ਪ੍ਰਿੰਟ ਮੀਡੀਆ ਨਾਲ ਰਿਸ਼ਤਾ ਹੀ ਖ਼ਤਮ ਹੋ ਜਾਣ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ। ਜੇਕਰ ਇਹ ਤਕਨੀਕ ਸਮਾਜ ਵਿੱਚ ਪ੍ਰਚੱਲਿਤ ਹੋ ਜਾਂਦੀ ਹੈ ਤਾਂ ਮਨੁੱਖ ਦੀ ਸਿਰਜਣਸ਼ੀਲਤਾ ਕਿੱਥੇ ਰਹੇਗੀ ? ਬੱਚਿਆਂ ’ਤੇ ਹਾਵੀ ਹੋ ਰਹੀ ਨੈੱਟ ਦੀ ਵਰਤੋਂ ਉਨ੍ਹਾਂ ਨੂੰ ਆਪਣੀ ਚੁੰਗਲ ਵਿੱਚ ਫਸਾ ਕੇ ਜਿਸ ਰਸਤੇ ’ਤੇ ਤੋਰ ਰਹੀ ਹੈ, ਸ਼ਾਇਦ ਉਹ ਰਸਤਾ ਉਨ੍ਹਾਂ ਦੇ ਭਲੇ ਵਿੱਚ ਨਹੀਂ ਹੈ।
ਜਦੋਂ ਮਨੁੱਖ ਨੇ ਮਸ਼ੀਨ ਦਾ ਭਾਵ ਪਹੀਏ ਦਾ ਨਿਰਮਾਣ ਕੀਤਾ ਤਾਂ ਉਸ ਦਾ ਉਦੇਸ਼ ਆਪਣੇ ਕੰਮਾਂ ਨੂੰ ਸੁਖਾਲੇ ਢੰਗ ਨਾਲ ਨਿਬੇੜਨਾ ਸੀ ਨਾ ਕਿ ਉਸ ਦੇ ਗੁਲਾਮ ਬਣ ਕੇ ਆਪਣਾ ਸਰੀਰਕ ਤੇ ਮਾਨਸਿਕ ਨੁਕਸਾਨ ਕਰਨਾ। ਜਦੋਂ ਸਮੇਂ ਨੇ ਐਸੀ ਕਰਵਟ ਬਦਲੀ ਕਿ ਅਸੀਂ ਮਸ਼ੀਨਾਂ ਨੂੰ ਚਲਾਉਣ ਦੀ ਬਜਾਏ ਅੱਜ ਮਸ਼ੀਨਾਂ ਦੀ ਕਮਾਂਡ ਥੱਲੇ ਕੰਮ ਕਰ ਰਹੇ ਹਾਂ। ਅਸਲ ਵਿੱਚ ਇਹ ਮਸ਼ੀਨਾਂ ਮਨੁੱਖ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਬਣਾਈਆਂ ਗਈਆਂ ਹਨ ਜਦਕਿ ਅਸੀਂ ਕੁਦਰਤ ਵੱਲੋਂ ਬਖ਼ਸ਼ੇ ਅਨਮੋਲ ਸਰੀਰਕ ਅੰਗਾਂ ਨੂੰ ਵਿਕਸਤ ਹੋਣ ਦੀ ਬਜਾਏ ਮਾਰ ਰਹੇ ਹਾਂ। ਮਨੁੱਖ ਕੁਦਰਤ ਦੀ ਕ੍ਰਿਸ਼ਮਈ ਸਿਰਜਣਾ ਹੈ, ਜਿਸ ਨੇ ਸਾਰੇ ਬ੍ਰਹਿਮੰਡ ਦੀ ਤਾਕਤ ਮਨੁੱਖ ਨੂੰ ਦੇ ਦਿੱਤੀ ਹੈ। ਉਹ ਜੋ ਚਾਹੇ, ਜਿਵੇਂ ਚਾਹੇ ਇਸ ਨੂੰ ਚਲਾ ਸਕਦਾ ਹੈ ਤੇ ਆਪਣੀ ਇੱਛਾ ਅਨੁਸਾਰ ਇਸ ਦੀ ਵਿਉਂਤਬੰਦੀ ਵੀ ਕਰ ਸਕਦਾ ਹੈ। ਪਰ ਮਨੁੱਖ ਨੇ ਸਰਬੱਤ ਦੇ ਭਲੇ ਦੀ ਸੋਚ ਨੂੰ ਛੱਡ ਕੇ ਸਿਰਫ਼ ਨਿੱਜਤਾ ਨੂੰ ਪਹਿਲ ਦਿੱਤੀ ਜਿਸ ਨਾਲ ਸਮਾਜਿਕ ਵਰਤਾਰਾ ਉਲਟ ਪੁਲਟ ਹੋ ਰਿਹਾ ਹੈ। ਅਸਲ ਵਿੱਚ ਜਿੰਨੇ ਵੀ ਯੁੱਗ ਮਨੁੱਖ ਨੇ ਇਸ ਧਰਤੀ ’ਤੇ ਗੁਜ਼ਾਰੇ ਹਨ, ਉਸ ਨੇ ਆਪਣੇ ਸਮਾਜ ਨੂੰ ਹਮੇਸ਼ਾਂ ਸੰਭਾਲ ਕੇ ਰੱਖਿਆ ਹੈ। ਸਮਾਜਿਕ ਕਦਰਾਂ ਕੀਮਤਾਂ ਨੂੰ ਦਿਲ ਵਿੱਚ ਵਸਾ ਕੇ ਆਪਣੇ ਕਬੀਲੇ ਦੀ ਸਮਾਜ ਵਿੱਚ ਰਹਿ ਕੇ ਤਰੱਕੀ ਅਤੇ ਵਿਕਾਸ ਕੀਤਾ ਹੈ।
ਅੱਜ ਭਾਵੇਂ ਸਾਰੀ ਦੁਨੀਆ ਸਾਡੀ ਮੁੱਠੀ ਵਿੱਚ ਹੈ, ਪਰ ਅਸੀਂ ਆਪਣੇ ਆਪੇ ਤੋਂ ਦੂਰ ਹਾਂ। ਅਸੀਂ ਕਦੇ ਆਪਣੇ ਮਨ ਅੰਦਰ ਝਾਤੀ ਹੀ ਨਹੀਂ ਮਾਰੀ ਸਗੋਂ ਜੋ ਸਾਨੂੰ ਸੋਸ਼ਲ ਮੀਡੀਆ ਦਿਖਾ ਰਿਹਾ ਹੈ, ਉਸ ਦੇ ਜਾਲ ਵਿੱਚ ਫਸ ਕੇ ਅਸੀਂ ਆਪਾ ਹੀ ਗਵਾਈ ਜਾ ਰਹੇ ਹਾਂ। ਕਿਤੇ ਆਤਮ ਹੱਤਿਆਵਾਂ ਹੋ ਰਹੀਆਂ ਹਨ ਤੇ ਕਿਤੇ ਲੁੱਟਮਾਰ ਹੋ ਰਹੀ ਹੈ। ਜੇਕਰ ਇਹ ਸਾਰਾ ਕੁਝ ਹੋ ਰਿਹਾ ਹੈ ਤਾਂ ਉਹ ਤਕਨੀਕ ਦੀ ਬਦੌਲਤ ਹੀ ਵਰਤਾਇਆ ਜਾ ਰਿਹਾ ਹੈ।
ਇੰਟਰਨੈੱਟ ਤਕਨੀਕਾਂ ਦੇ ਖੋਜੀਆਂ ਦਾ ਕਹਿਣਾ ਹੈ ਕਿ ਡਿਜੀਟਲ ਨਸਲਾਂ ਆਪਣੇ ਆਪ ਨੂੰ ਬਦਲ ਰਹੀਆਂ ਹਨ ਤੇ ਉਹ ਇਨ੍ਹਾਂ ਯੰਤਰਾਂ ਦੀਆਂ ਗੁਲਾਮ ਬਣ ਰਹੀਆਂ ਹਨ। ਜਿਵੇਂ ਫੋਨ ਵਿੱਚ ਚਿੱਪ ਚੱਲਦੀ ਹੈ, ਇਸੇ ਤਰ੍ਹਾਂ ਹੀ ਮਨੁੱਖੀ ਦਿਮਾਗ਼ ਵੀ ਚਿੱਪ ਨਾਲ ਚੱਲੇਗਾ ਤੇ ਉਸ ਦਾ ਕੰਟਰੋਲ ਵੀ ਤਕਨੀਕ ਦੇ ਹੱਥ ਹੋਵੇਗਾ। ਡਿਜੀਟਲ ਨਸਲ ਜਨਰੇਸ਼ਨ ਬੀਟਾ ਜਿਸ ਨੂੰ 2025 ਤੋਂ 2039 ਦਾ ਸਮਾਂ ਦਿੱਤਾ ਗਿਆ ਹੈ। ਇਸ ਬਾਰੇ ਕਿਹਾ ਗਿਆ ਹੈ ਕਿ ਇਹ ਉਹ ਪੀੜ੍ਹੀ ਹੋਵੇਗੀ ਜੋ 21ਵੀਂ ਸਦੀ ਦੇ ਅਗਲੇ ਦਹਾਕਿਆਂ ਦੀ ਵਿਉਂਤਬੰਦੀ ਕਰੇਗੀ। ਮਨੁੱਖ ਦੀ ਤਕਨੀਕ ਨਾਲ ਦੋਸਤੀ ਕਿੰਨੀ ਕੁ ਲਾਹੇਵੰਦ ਸਾਬਤ ਹੋਵੇਗੀ ਇਹੀ ਕੌਮ ਸਿੱਧ ਕਰੇਗੀ। ਮਸਨੂਈ ਬੁੱਧੀ ਨਾਲ ਕਾਇਮ ਹੋਏ ਰਿਸ਼ਤੇ ਮਨੁੱਖ ਦੀ ਦਸ਼ਾ ਤੇ ਦਿਸ਼ਾ ਨਿਰਧਾਰਤ ਕਰਨਗੇ। ਇਹ ਰਿਸ਼ਤੇ ਕਿੰਨੇ ਕੁ ਖਤਰਨਾਕ ਹੋ ਸਕਦੇ ਹਨ, ਇਸ ਬਾਰੇ ਵੀ ਜਨਰੇਸ਼ਨ ਬੀਟਾ ਖੋਜ ਕਰੇਗੀ। 2039 ਤੱਕ ਇਹ ਨਸਲ ਦੁਨੀਆ ਦੀ 16 ਫੀਸਦੀ ਆਬਾਦੀ ਦਾ ਹਿੱਸਾ ਬਣ ਸਕਦੀ ਹੈ। 2040 ਤੋਂ 2059 ਵਾਲੀ ਜਨਰੇਸ਼ਨ ਗਾਮਾ ਮਨੁੱਖੀ ਸਰੀਰ ਨਾਲ ਤਕਨਾਲੋਜੀ ਦੇ ਮਿਲਾਪ ਦੀਆਂ ਗੱਲਾਂ ਕਰੇਗੀ ਤੇ ਇੱਥੋਂ ਸਿੱਧ ਹੋਵੇਗਾ ਕਿ ਬਾਕੀ ਨਸਲਾਂ ਇਸ ਨਸਲ ਵਿੱਚ ਕਿਵੇਂ ਪ੍ਰਵੇਸ਼ ਕੀਤੀਆਂ। ਮਨੁੱਖੀ ਦਿਮਾਗ਼ ਨਾਲ ਜੁੜੇ ਡਿਜੀਟਲ ਡਿਵਾਈਸ ਗਿਆਨ ਦਾ ਖ਼ਜ਼ਾਨਾ ਕਿਵੇਂ ਹਾਸਲ ਕਰ ਸਕਦੇ ਹਨ ?
ਜੇਕਰ ਅਜੋਕੇ ਸਮੇਂ ’ਤੇ ਝਾਤ ਮਾਰੀਏ ਤਾਂ ਜਿਹੜੀ ਨਸਲ ਅਜੇ ਚੱਲ ਰਹੀ ਹੈ, ਉਹ ਜਨਰੇਸ਼ਨ ਬੀਟਾ ਹੀ ਹੈ, ਪ੍ਰੰਤੂ ਤਕਨੀਕ ਦੇ ਗੁਲਾਮ 70 ਫੀਸਦੀ ਲੋਕ ਹੋ ਚੁੱਕੇ ਹਨ। ਉਹ ਮਾਨਸਿਕ ਤਣਾਅ, ਉਨੀਂਦਰਾਪਣ, ਮਾਈਗਰੇਨ, ਚਿੰਤਾ ਅਤੇ ਡਿਪਰੈਸ਼ਨ ਆਦਿ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇੱਥੋਂ ਤੱਕ ਕਿ ਕਈਆਂ ਵਿੱਚ ਅੰਨ੍ਹਾਪਣ ਅਤੇ ਧੌਣ, ਪਿੱਠ ਅਤੇ ਲੱਕ ਦੀਆਂ ਬਿਮਾਰੀਆਂ ਦੇਖਣ ਵਿੱਚ ਵੀ ਆ ਰਹੀਆਂ ਹਨ। ਇੰਝ ਵੀ ਮਹਿਸੂਸ ਹੁੰਦਾ ਹੈ ਕਿ ਇਹ ਡਿਜੀਟਲ ਤਕਨੀਕ ਅਤੇ ਡਿਜੀਟਲ ਨਸਲਾਂ ਮਨੁੱਖੀ ਸਰੀਰ ਨੂੰ ਖ਼ਤਮ ਕਰਨ ਜਾ ਰਹੀਆਂ ਹਨ ਅਤੇ ਮਨੁੱਖ ’ਚੋਂ ਮਨੁੱਖਤਾ ਨੂੰ ਖ਼ਤਮ ਕਰਕੇ ਉਸ ਨੂੰ ਮਸ਼ੀਨੀ ਰੂਪ ਪ੍ਰਦਾਨ ਕਰ ਰਹੀਆਂ ਹਨ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਲੱਖਾਂ ਸਾਲਾਂ ਤੋਂ ਮਨੁੱਖ ਇਸ ਧਰਤੀ ’ਤੇ ਵਿਚਰਦਾ ਆ ਰਿਹਾ ਹੈ ਤੇ ਉਸ ਅੰਦਰ ਮਾਨਵੀ ਗੁਣਾਂ ਦਾ ਪਸਾਰ ਆਦਿ ਕਾਲ ਤੋਂ ਹੀ ਹੁੰਦਾ ਰਿਹਾ ਹੈ।
ਜੇਕਰ ਹੁਣ ਇਹ ਯੁੱਗ ਤਬਦੀਲੀ ਦੇ ਆਲਮ ਵਿੱਚੋਂ ਲੰਘ ਰਿਹਾ ਹੈ ਤਾਂ ਇਸ ’ਤੇ ਚਿੰਤਨ ਕਰਨ ਦੀ ਜ਼ਰੂਰਤ ਹੈ। ਇਸ ਚਿੰਤਾ ਅਤੇ ਚਿੰਤਨ ਵਿੱਚੋਂ ਜਿਹੜੇ ਸਿੱਟੇ ਨਿਕਲਦੇ ਹਨ, ਉਹ ਇਹ ਹਨ ਕਿ ਕੁਦਰਤ ਨੇ ਇਸ ਧਰਤੀ ਨੂੰ ਹਮੇਸ਼ਾਂ ਆਪਣੇ ਤਰੀਕੇ ਨਾਲ ਚਲਾਉਣਾ ਹੈ ਜਿਸ ਦਾ ਸ਼ਾਇਦ ਮਨੁੱਖ ਨੂੰ ਗਿਆਨ ਹੀ ਨਹੀਂ ਹੈ। ਬਾਲ ਜੀਵਨ ਨੂੰ ਸ਼ਿੰਗਾਰਨ ਤੇ ਸੰਵਾਰਨ ਵਿੱਚ ਤਕਨੀਕ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ, ਇਸ ਵਾਸਤੇ ਅਧਿਆਪਕਾਂ ਤੇ ਮਾਪਿਆਂ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ। ਨਸਲਾਂ ਬਦਲਦੀਆਂ ਰਹਿਣਗੀਆਂ, ਨਵੀਆਂ ਤਕਨੀਕਾਂ ਵੀ ਆਉਂਦੀਆਂ ਰਹਿਣਗੀਆਂ, ਪ੍ਰੰਤੂ ਮਨੁੱਖ ਵਿੱਚੋਂ ਮਾਨਵਤਾ ਖ਼ਤਮ ਨਾ ਹੋਵੇ, ਇਸ ਨੂੰ ਬਚਾਈ ਰੱਖਣ ਦਾ ਜ਼ਿੰਮਾ ਸਾਡੇ ਸਿਰ ਹੈ।
ਸੰਪਰਕ: 98150-18947

