Dhurandhar-2: ਰਣਵੀਰ ਸਿੰਘ ਦੀ ਦਸਤਾਰ ਸਜਾ ਕੇ ਸਿਗਰਟ ਪੀਣ ਵਾਲੀ ਤਸਵੀਰ ਜਾਅਲੀ: ਅਦਿੱਤਿਆ ਧਰ
Dhurandhar: ਨਿਰਦੇਸ਼ਕ ਵੱਲੋਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ
Dhurandhar 2: ਬਲਾਕਬਸਟਰ ਫ਼ਿਲਮ ‘ਧੁਰੰਧਰ: ਦ ਰਿਵੈਂਜ’ (Dhurandhar: The Revenge) ਦੇ ਨਿਰਦੇਸ਼ਕ ਅਦਿੱਤਿਆ ਧਰ ਨੇ ਰਣਵੀਰ ਸਿੰਘ ਦੇ ਕਿਰਦਾਰ ਵੱਲੋਂ ਦਸਤਾਰ ਸਜਾ ਕੇ ਸਿਗਰਟ ਪੀਣ ਦੀਆਂ ਤਸਵੀਰਾਂ ਨੂੰ ਪੂਰੀ ਤਰ੍ਹਾਂ ‘ਝੂਠੀਆਂ ਅਤੇ ਜਾਅਲੀ’ ਕਰਾਰ ਦਿੱਤਾ ਹੈ। ਧਰ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਤਸਵੀਰਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਫ਼ਿਲਮ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਸਕੇ ਅਤੇ ਸ਼ਰਾਰਤ ਪੈਦਾ ਕੀਤੀ ਜਾ ਸਕੇ।
ਅਦਿੱਤਿਆ ਧਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਮਨ ਵਿੱਚ ਸਿੱਖ ਭਾਈਚਾਰੇ ਪ੍ਰਤੀ ਡੂੰਘਾ ਸਤਿਕਾਰ ਹੈ। ਉਨ੍ਹਾਂ ਕਿਹਾ, “ ਫ਼ਿਲਮ ਵਿੱਚ ਹਰ ਕਿਰਦਾਰ ਨੂੰ ਬਹੁਤ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਪੇਸ਼ ਕੀਤਾ ਗਿਆ ਹੈ। ਦਸਤਾਰ ਸਜਾ ਕੇ ਸਿਗਰਟ ਪੀਣ ਵਾਲਾ ਕੋਈ ਵੀ ਦ੍ਰਿਸ਼ ਫ਼ਿਲਮ ਦਾ ਹਿੱਸਾ ਨਹੀਂ ਹੈ। ਇਹ ਕੁਝ ਲੋਕਾਂ ਵੱਲੋਂ ਪ੍ਰਚਾਰ ਸਮੱਗਰੀ ਨਾਲ ਛੇੜਛਾੜ ਕਰਕੇ ਫ਼ੈਲਾਇਆ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ ਹੈ।” ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇੱਕ ਸਿੱਖ ਜਥੇਬੰਦੀ ਨੇ ਫ਼ਿਲਮ ਦੇ ਅਦਾਕਾਰ ਆਰ. ਮਾਧਵਨ ਦੇ ਇੱਕ ਦ੍ਰਿਸ਼ ’ਤੇ ਵੀ ਇਤਰਾਜ਼ ਜਤਾਇਆ ਸੀ। ਮਾਧਵਨ ਨੇ ਵੀ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਫ਼ਿਲਮ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਨ ਤੋਂ ਪਹਿਲਾਂ ਉਨ੍ਹਾਂ ਦਾ ਕਿਰਦਾਰ ਸਿਗਰਟ ਬੁਝਾ ਦਿੰਦਾ ਹੈ ਅਤੇ ਨਿਰਦੇਸ਼ਕ ਨੇ ਇਸ ਸੀਨ ਨੂੰ ਫਿਲਮਾਉਣ ਵੇਲੇ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਹੈ। 19 ਮਾਰਚ ਨੂੰ ਰਿਲੀਜ਼ ਹੋਈ ‘ਧੁਰੰਧਰ 2’ ਵਿਸ਼ਵ ਪੱਧਰ ’ਤੇ 900 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਇਹ ਫ਼ਿਲਮ 2025 ਵਿੱਚ ਆਈ ‘ਧੁਰੰਧਰ’ ਦਾ ਅਗਲਾ ਭਾਗ ਹੈ, ਜਿਸ ਵਿੱਚ ਰਣਵੀਰ ਸਿੰਘ ਦੇ ਕਿਰਦਾਰ ‘ਹਮਜ਼ਾ’ ਦੇ ‘ਜਸਕੀਰਤ ਸਿੰਘ ਰੰਗੀ’ ਬਣਨ ਤੱਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਨਿਰਦੇਸ਼ਕ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਧਿਕਾਰਤ ਸਮੱਗਰੀ ’ਤੇ ਹੀ ਭਰੋਸਾ ਕਰਨ।

