ਧਰਮਿੰਦਰ ਹਸਪਤਾਲ ’ਚੋਂ ਡਿਸਚਾਰਜ, ਪਰਿਵਾਰ ਨੇ ਘਰ ਲਿਜਾਣ ਦਾ ਫੈਸਲਾ ਕੀਤਾ: ਡਾਕਟਰ
Dharmendra discharged ਬਜ਼ੁਰਗ ਬੌਲੀਵੁੱਡ ਅਦਾਕਾਰ ਧਰਮਿੰਦਰ ਨੂੰ ਬੁੱਧਵਾਰ ਸਵੇਰੇ ਬ੍ਰੀਚ ਕੈਂਡੀ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਰਿਵਾਰ ਨੇ ਧਰਮ ਜੀ ਨੂੰ ਘਰ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਬਾਕੀ ਇਲਾਜ ਉਥੇ ਹੀ ਚੱਲੇਗਾ। 89 ਸਾਲਾ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੈ ਤੇ ਉਨ੍ਹਾਂ ਦਾ ਹਸਪਤਾਲ ਆਉਣ ਜਾਣ ਲੱਗਾ ਹੋਇਆ ਹੈ। ਡਾ.ਪ੍ਰਤੀਤ ਸਮਦਾਨੀ ਨੇ ਕਿਹਾ, ‘‘ਧਰਮੇਂਦਰ ਜੀ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਹਸਪਤਾਲ ’ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਕੀਤੇ ਫੈਸਲੇ ਮੁਤਾਬਕ ਉਨ੍ਹਾਂ ਦਾ ਘਰ ਵਿਚ ਹੀ ਇਲਾਜ ਕੀਤਾ ਜਾਵੇਗਾ।’’ ਇਸ ਦੌਰਾਨ ਅਦਾਕਾਰ ਦੇ ਪਰਿਵਾਰ ਦੀ ‘ਨਿੱਜਤਾ’ ਤੇ ‘ਸਤਿਕਾਰ’ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਅਦਾਕਾਰ ਦੇ ਪੁੱਤਰ ਸੰਨੀ ਦਿਓਲ ਦੀ ਪੀਆਰ ਟੀਮ ਨੇ ਇਕ ਬਿਆਨ ਵਿਚ ਕਿਹਾ, ‘‘ਸ੍ਰੀ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿੱਚ ਹੀ ਆਪਣੀ ਸਿਹਤਯਾਬੀ ਜਾਰੀ ਰੱਖਣਗੇ। ਅਸੀਂ ਮੀਡੀਆ ਅਤੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਸਮੇਂ ਦੌਰਾਨ ਕਿਸੇ ਵੀ ਹੋਰ ਅਟਕਲਾਂ ਤੋਂ ਬਚਣ ਅਤੇ ਉਨ੍ਹਾਂ ਦੀ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ। ਅਸੀਂ ਉਨ੍ਹਾਂ ਦੀ ਨਿਰੰਤਰ ਸਿਹਤਯਾਬੀ, ਚੰਗੀ ਸਿਹਤ ਅਤੇ ਲੰਬੀ ਉਮਰ ਲਈ ਸਾਰਿਆਂ ਦੇ ਪਿਆਰ, ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਦੀ ਕਦਰ ਕਰਦੇ ਹਾਂ। ਕਿਰਪਾ ਕਰਕੇ ਉਨ੍ਹਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ।’’
ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਕਈ ਮੀਡੀਆ ਅਦਾਰਿਆਂ ਨੇ ਆਪਣੀਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਸੀ ਬਜ਼ੁਰਗ ਅਦਾਕਾਰ ਧਰਮਿੰਦਰ ਹੁਣ ਸਾਡੇ ਵਿਚ ਨਹੀਂ ਰਹੇ। ਹਾਲਾਂਕਿ ਪਰਿਵਾਰ ਨੇ ਇਨ੍ਹਾਂ ਦਾ ਖੰਡਨ ਕੀਤਾ ਅਤੇ ਨਿੱਜਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ।
ਧਰਮਿੰਦਰ ਦੀ ਧੀ ਈਸ਼ਾ ਨੇ ਇੰਸਟਾਗ੍ਰਾਮ ’ਤੇ ਲਿਖਿਆ ਸੀ, ‘‘ਮੀਡੀਆ ਬਹੁਤ ਜ਼ਿਆਦਾ ਸਰਗਰਮ ਜਾਪਦਾ ਹੈ ਅਤੇ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਮੇਰੇ ਪਿਤਾ ਸਥਿਰ ਹਨ ਅਤੇ ਸਿਹਤਯਾਬ ਹੋ ਰਹੇ ਹਨ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਨਿੱਜਤਾ ਦਾ ਧਿਆਨ ਰੱਖਿਆ ਜਾਵੇ। ਪਿਤਾ ਜੀ ਦੇ ਜਲਦੀ ਸਿਹਤਯਾਬੀ ਹੋਣ ਲਈ ਕੀਤੀਆਂ ਪ੍ਰਾਰਥਨਾਵਾਂ ਲਈ ਧੰਨਵਾਦ।’’
ਉਧਰ ਧਰਮਿਦਰ ਦੀ ਪਤਨੀ, ਅਦਾਕਾਰ ਤੇ ਸਿਆਸੀ ਆਗੂ ਹੇਮਾ ਮਾਲਿਨੀ ਨੇ ਵੀ ਮੰਗਲਵਾਰ ਨੂੰ X ’ਤੇ ਇੱਕ ਪੋਸਟ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ "ਗੈਰ-ਜ਼ਿੰਮੇਵਾਰ" ਮੀਡੀਆ ਕਵਰੇਜ ਦੀ ਆਲੋਚਨਾ ਕੀਤੀ ਸੀ।
ਮਾਲਿਨੀ ਨੇ ਲਿਖਿਆ, ‘‘ਜੋ ਹੋ ਰਿਹਾ ਹੈ ਉਹ ਮੁਆਫ਼ ਕਰਨ ਯੋਗ ਨਹੀਂ ਹੈ! ਜ਼ਿੰਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਬਾਰੇ ਝੂਠੀਆਂ ਖ਼ਬਰਾਂ ਕਿਵੇਂ ਫੈਲਾ ਸਕਦੇ ਹਨ ਜਿਸ ਦੀ ਹਾਲਤ ਸਥਿਰ ਤੇ ਜੋ ਸਿਹਤਯਾਬ ਹੋ ਰਿਹਾ ਹੈ? ਇਹ ਬਹੁਤ ਹੀ ਅਪਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਕਿਰਪਾ ਕਰਕੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।’’ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਹਸਪਤਾਲ ਜਾ ਕੇ ਧਰਮਿੰਦਰ ਦੀ ਖ਼ਬਰਸਾਰ ਲਈ ਸੀ।
