DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਰਮਤਿ ਪ੍ਰਚਾਰ ਦਾ ਅਨਿੱਖੜਵਾਂ ਅੰਗ ‘ਢਾਡੀ ਕਲਾ’

ਪੰਜਾਬੀ ਸੰਗੀਤ ਵਿੱਚ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਢਾਡੀ ਕਲਾ ਦਾ ਅਹਿਮ ਯੋਗਦਾਨ ਰਿਹਾ ਹੈ। ਕੀਰਤਨ ਤੇ ਸ਼ਬਦ ਗਾਇਨ ਕਲਾ ਦੀਆਂ ਅਨੇਕਾਂ ਵਿਧਾਵਾਂ ਨਾਲ ਗੁਰਮਤਿ ਪ੍ਰਚਾਰ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਢਾਡੀ ਕਲਾ ਵੀ...

  • fb
  • twitter
  • whatsapp
  • whatsapp
Advertisement
ਪੰਜਾਬੀ ਸੰਗੀਤ ਵਿੱਚ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਢਾਡੀ ਕਲਾ ਦਾ ਅਹਿਮ ਯੋਗਦਾਨ ਰਿਹਾ ਹੈ। ਕੀਰਤਨ ਤੇ ਸ਼ਬਦ ਗਾਇਨ ਕਲਾ ਦੀਆਂ ਅਨੇਕਾਂ ਵਿਧਾਵਾਂ ਨਾਲ ਗੁਰਮਤਿ ਪ੍ਰਚਾਰ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਢਾਡੀ ਕਲਾ ਵੀ ਪੁਰਾਤਨ ਸਮਿਆਂ ਤੋਂ ਗੁਰਮਿਤ ਪ੍ਰਚਾਰ ਤੇ ਪਸਾਰ ਲਈ ਨਾਲੋ-ਨਾਲ ਚੱਲਦੀ ਆ ਰਹੀ ਹੈ। ਢਾਡੀ ਕਲਾ ਨੂੰ ਗੁਰਮਤਿ ਦਾ ਅਨਿੱਖੜਵਾਂ ਅੰਗ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਢਾਡੀ ਕਲਾ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਿਆਂ ਵਿੱਚ ਹੋਈ ਸੀ। ਇਸ ਦੀ ਉਦਾਹਰਨ ਪੇਸ਼ ਕਰਦਿਆਂ ਢਾਡੀ ਨੱਥਾ ਤੇ ਅਬਦੁੱਲਾ ਦਾ ਜ਼ਿਕਰ ਕੀਤਾ ਜਾਂਦਾ ਹੈ। ‘ਢਾਡੀ’ ਸ਼ਬਦ ਨੂੰ ਛੇਵੇਂ ਪਾਤਸ਼ਾਹ ਦੇ ਸਮਿਆਂ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਮਿਲਦਾ ਹੈ। ਢਾਡੀ ਸ਼ਬਦ ਬਾਰੇ ਗੁਰੂ ਅਮਰ ਦਾਸ ਜੀ ‘ਗੁਜਰੀ ਕੀ ਵਾਰ’ ਵਿੱਚ ਫਰਮਾਉਂਦੇ ਹਨ;
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ।।
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ।।
ਢਾਢੀ ਦਰੁ ਘਰੁ ਪਾਇਸੀ  ਸਚੁ ਰਖੈ ਉਰ ਧਾਰਿ।।
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ।।
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ।।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰ ਢਾਡੀ ਸ਼ਬਦ ਦੀ ਵਰਤੋਂ ਕੀਤੀ। ਗੁਰੂ ਜੀ ਨੇ ਵਾਰਾਂ ਗਾਉਣ ਵਾਲਿਆਂ ਨੂੰ ਪਰਮਾਤਮਾ ਦਾ ਸੱਚਾ-ਸੁੱਚਾ ਢਾਡੀ ਕਿਹਾ ਹੈ;
ਹਉ ਢਾਢੀ ਕਾ ਨੀਚ ਜਾਤਿ ਹੋਰਿ
ਉਤਮ ਜਾਤਿ ਸਦਾਇਦੇ।।
ਜਾਂ
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ।।
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ।।
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ।।
ਉਪਰੋਕਤ ਗੁਰਬਾਣੀ ਵਿੱਚ ਅੰਕਤ ਪੰਕਤੀਆਂ ਤੋਂ ਇਹ ਪ੍ਰਮਾਣ ਮਿਲਦਾ ਹੈ ਕਿ ਛੇਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਵੀ ਗੁਰਬਾਣੀ ਵਿੱਚ ‘ਢਾਡੀਆਂ’ ਦਾ ਜ਼ਿਕਰ ਆਇਆ ਹੈ। ਇਹ ਗੱਲ ਵੱਖਰੀ ਹੈ ਕਿ ਛੇਵੇਂ ਪਾਤਸ਼ਾਹ ਨੇ ਢਾਡੀਆਂ ਦੀ ਗਾਇਨ ਸ਼ੈਲੀ ਵਿੱਚ ਵੱਡੀ ਤਬਦੀਲੀ ਲਿਆਂਦੀ ਸੀ। ਹੁਣ ਤੱਕ ਢਾਡੀਆਂ ਦਾ ਕੰਮ ਸੰਗੀਤ ਨਹੀਂ, ਪਰਮਾਤਮਾ ਦੀ ਸਿਫਤ ਸਲਾਹ ਕਰਨ ਤੱਕ ਹੀ ਸੀਮਤ ਸੀ। ਛੇਵੇਂ ਪਾਤਸ਼ਾਹ ਨੇ ਇਸ ਕਲਾ ਨੂੰ ਬੀਰ ਰਸੀ ਗਾਇਨ ਸ਼ੈਲੀ ਵਿੱਚ ਤਬਦੀਲ ਕਰਕੇ ਇਸ ਖੇਤਰ ਵਿੱਚ ਇੱਕ ਵਿਲੱਖਣ ਇਨਕਲਾਬੀ ਤਬਦੀਲੀ ਲਿਆਂਦੀ। ਵਾਰ ਗਾਇਨ ਕਲਾ ਨਾਲ ਮਨੁੱਖੀ ਜਜ਼ਬੇ ਵਿੱਚ ਇੱਕ ਭਾਵਨਾ ਪੈਦਾ ਕਰਨ ਦੀ ਵਿਧੀ ਨੂੰ ਬੀਰ ਰਸੀ ਢਾਡੀ ਕਲਾ ਦਾ ਨਾਂ ਦਿੱਤਾ ਗਿਆ। ਛੇਵੇਂ ਪਾਤਸ਼ਾਹ ਦਾ ਸਮਾਂ ਵਿਚਾਰਾਂ ਨਾਲੋਂ ਵੱਧ ਹਥਿਆਰਾਂ ਨਾਲ ਲੜਨ ਦਾ ਸਮਾਂ ਸੀ। ਮੈਦਾਨੇ ਜੰਗ ਵਿੱਚ ਜਾਣ ਤੋਂ ਪਹਿਲਾਂ ਵਾਰਾਂ ਦਾ ਗਾਇਨ ਕਰਕੇ ਬੀਰ ਰਸੀ ਢਾਡੀ ਕਲਾ ਨਾਲ ਜੰਗੀ ਸਿਪਾਹੀਆਂ ਦੇ ਮਨਾਂ ਵਿੱਚ ਜੋਸ਼ ਪੈਦਾ ਕਰਨ ਲਈ ਢਾਡੀਆਂ ਨੂੰ ਪੇਸ਼ ਕੀਤਾ ਜਾਣ ਲੱਗਾ। ਇਹ ਉਹ ਸਮਾਂ ਸੀ, ਜਦੋਂ ਸਿੱਖਾਂ ਦੇ ਹੱਥਾਂ ਵਿੱਚ ਮਾਲਾ ਦੀ ਥਾਂ ਹਥਿਆਰਾਂ ਨੇ ਲੈ ਲਈ ਸੀ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਦੋਂ ਹਥਿਆਰਾਂ ਦੀ ਛਾਂ ਹੇਠ ਪਲਣ ਲੱਗੀ ਤਾਂ ਢਾਡੀ ਕਲਾ ਨੂੰ ਗੁਰੂ ਜੀ ਨੇ ਅਜਿਹੇ ਹਥਿਆਰ ਵਜੋਂ ਵਰਤਿਆਂ ਕਿ ਯੁੱਧ ਦੀ ਰੁਚੀ ਦੇ ਨਾਲ-ਨਾਲ ਸਿੱਖਾਂ ਅੰਦਰਲੇ ਰੋਹਲੇ ਜੋਸ਼ ਨੂੰ ਹੋਰ ਪ੍ਰਚੰਡ ਕਰਨ ਲਈ ਬੀਰ ਰਸੀ ਵਾਰਾਂ ਦਾ ਗਾਇਨ ਕੀਤਾ ਜਾਣ ਲੱਗਾ।
ਛੇਵੇਂ ਪਾਤਸ਼ਾਹ ਦੇ ਸਮੇਂ ਵਿੱਚ ਢਾਡੀ ਨੱਥੇ ਤੇ ਅਬਦੁੱਲੇ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ। ਇਤਿਹਾਸਕਾਰ ਲਿਖਦੇ ਹਨ ਇਨ੍ਹਾਂ ਢਾਡੀਆਂ ਦੀਆਂ ਬੀਰ ਰਸੀ ਕਵਿਤਾਵਾਂ ਸੁਣ ਕੇ ਡਰਪੋਕ ਵੀ ਰਣ ਤੱਤੇ ਵਿੱਚ ਜੂਝਣ ਲਈ ਤਿਆਰ ਹੋ ਜਾਂਦੇ ਸਨ। ਨੱਥੇ ਤੇ ਅਬਦੁੱਲੇ ਦੀ ਵਾਰ ਦਾ ਜ਼ਿਕਰ ਇੰਜ ਵੀ ਆਉਂਦਾ ਹੈ;
ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ
ਇੱਕ ਅਜ਼ਮਤ ਦੀ ਇੱਕ ਰਾਜ਼ ਦੀ,
ਇੱਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਮੜ੍ਹ ਦਰਵਾਜ਼ਾ ਬਲਖ ਬਖੀਰ ਦੀ
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ, ਕੀ ਜਹਾਂਗੀਰ ਦੀ।
ਕਾਬਲ-ਏ-ਤਾਰੀਫ਼ ਇਹ ਵਾਰ ਨੱਥੇ ਤੇ ਅਬਦੁੱਲੇ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤਾਰੀਫ਼ ਵਿੱਚ ਬੜੇ ਸੁਚੱਜੇ ਡੰਗ ਨਾਲ ਬਿਆਨ ਕੀਤੀ ਹੈ। ਉਲੇਖ ਕੀਤੀਆਂ ਪੰਕਤੀਆਂ ਦਾ ਸਾਰਅੰਸ਼ ਹੈ ਕਿ ਸਤਿਗੁਰੂ ਜੀ ਤੁਸੀਂ ਆਪਣੇ ਲੱਕ ਨਾਲ ਤਲਵਾਰਾਂ ਕੀ ਬੱਧੀਆਂ ਹਨ? ਇਉਂ ਲੱਗਦੈ ਜਿਵੇਂ ਤੁਸੀਂ ਦੋਵੇਂ ਜਹਾਨ ਹੀ ਆਪਣੇ ਅਧੀਨ ਕਰ ਲਏ ਹੋਣ, ਨੱਥਾ ਤੇ ਅਬਦੁੱਲਾ ਇਸ ਵਾਰ ਰਾਹੀਂ ਕਹਿੰਦੇ ਹਨ ਕਿ ਸਤਿਗੁਰੂ ਜੀ ਕਲਗੀ ਤਾਂ ਆਪ ਜੀ ਦੇ ਸੀਸ ’ਤੇ ਹੀ ਸ਼ੋਭਦੀ ਹੈ, ਭਾਵੇਂ ਜਹਾਂਗੀਰ ਦੇ ਸਿਰ ’ਤੇ ਵੀ ਤਾਜ ’ਤੇ ਕਲਗੀ ਹੈ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਹੋਏ ਸਨ। ਗੁਰੂ ਜੀ ਨੇ ਢਾਡੀਆਂ ਨੂੰ ਵਿਸ਼ੇਸ਼ ਤਵੱਜੋ ਦਿੱਤੀ। ਗੁਰੂ ਜੀ ਦੇ ਦਰਬਾਰੀ ਢਾਡੀਆਂ ਵਿੱਚ ਮੀਰ ਮੁਸ਼ਕੀ ਤੇ ਮੀਰ ਛਬੀਲਾ ਢਾਡੀ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਮਰਦਾਨਾ ਸਭ ਤੋਂ ਪਹਿਲੇ ਢਾਡੀ ਸਨ। ਛੇਵੇਂ ਪਾਤਸ਼ਾਹ ਨੇ ਢਾਡੀ ਕਲਾ ਨੂੰ ਵਧੇਰੇ ਸੁਚੱਜੇ ਡੰਗ ਨਾਲ ਵਿਕਸਤ ਕੀਤਾ। ਇਨ੍ਹਾਂ ਦੇ ਸਮਿਆਂ ਵਿੱਚ ਨੱਥਾ ਤੇ ਅਬਦੁੱਲਾ ਨਾਮਵਰ ਢਾਡੀ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮਿਆਂ ਦੌਰਾਨ ਮੀਰ ਮੁਕਸ਼ੀ ਤੇ ਮੀਰ ਛਬੀਲਾ ਸੁਪ੍ਰਸਿੱਧ ਹੋਏ ਹਨ ਜੋ ਭਾਈ ਬਿਧੀ ਚੰਦ, ਰਾਜਾ ਜੋਧ ਰਾਇ, ਮਨਕਜਾਤੀ, ਸਲੇਮਸ਼ਾਹ ਵਰਗੇ ਸੂਰਮਿਆਂ ਦੀਆਂ ਵਾਰਾਂ ਦਾ ਗਾਇਨ ਕਰਦੇ ਸਨ। ਗੁਰੂ ਜੀ ਦੇ ਦਰਬਾਰ ਵਿੱਚ ਢਾਡੀ ਬੀਰ ਰਸੀ ਵਾਰਾਂ ਦਾ ਗਾਇਨ ਕਰਕੇ ਸਿਪਾਹੀਆਂ ਅੰਦਰ ਜੋਸ਼ ਪੈਦਾ ਕਰਦੇ ਸਨ।
ਵੀਹਵੀਂ ਸਦੀ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਨੇ ਢਾਡੀ ਕਲਾ ਦੇ ਸੰਦਰਭ ਵਿੱਚ ਸਭ ਤੋਂ ਵਧੇਰੇ ਸਾਹਿਤ ਸਿਰਜਣਾ ਕੀਤੀ ਹੈ। ਅਨੇਕਾਂ ਪੁਸਤਕਾਂ ਉਨ੍ਹਾਂ ਢਾਡੀ ਕਲਾ ਨੂੰ ਸਮਰਪਿਤ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਗਿਆਨੀ ਸੋਹਣ ਸਿੰਘ ਘੁੱਕੇਵਾਲੀਆ, ਬਾਈ ਖ਼ਜ਼ਾਨ ਸਿੰਘ ਮਿੱਤਰ, ਗਿਆਨੀ ਪਾਲ ਸਿੰਘ ਪੰਛੀ, ਬਾਈ ਅਮਰ ਸਿੰਘ ਸ਼ੌਕੀ, ਸਾਧੂ ਦਇਆ ਸਿੰਘ ਆਰਿਫ, ਗਿਆਨੀ ਦਹਿਲ ਸਿੰਘ ਭੁੱਟੀਵਾਲਾ, ਗਿਆਨੀ ਗੁਰਦੇਵ ਸਿਘ ਜੋਗੀ, ਗਿਆਨੀ ਦਇਆ ਸਿੰਘ ਦਿਲਬਰ, ਜਸਵੰਤ ਸਿੰਘ ਤਾਨ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਵਾਰਾਂ ਦੇ ਰੂਪ ਵਿੱਚ ਪੇਸ਼ ਕਰਨ ਵਾਲਿਆਂ ਦਾ ਜ਼ਿਕਰ ਆਉਂਦਾ ਹੈ। ਅਜੋਕੇ ਸਮੇਂ ਵਿੱਚ ਗਿਆਨੀ ਗੁਰਦੇਵ ਸਿੰਘ ਸ਼ਾਂਤ, ਗਿਆਨੀ ਚਰਨ ਸਿੰਘ ਭੌਰਾ, ਗਿਆਨੀ ਨਰਾਇਣ ਸਿੰਘ ਚੰਦਨ, ਗਿਆਨੀ ਭਾਨ ਸਿੰਘ ਭੌਰਾ, ਗਿਆਨੀ ਨਰੰਜਨ ਸਿੰਘ ਨਰਗਿਸ, ਮਰਹੂਮ ਗੁਰਬਖ਼ਸ਼ ਸਿੰਘ ਅਲਬੇਲਾ, ਗਿਆਨੀ ਉਜਾਗਰ ਸਿੰਘ ਸਾਰੰਗ, ਗਿਆਨੀ ਬਲਿਹਾਰ ਸਿੰਘ ਢੀਂਡਸਾ, ਗਿਆਨੀ ਦਲਵਾਰਾ ਸਿੰਘ ਜੌਹਲ ਜਲਾਲਦੀਵਾਲ, ਗਿਆਨੀ ਭਗਤ ਸਿੰਘ ਆਜ਼ਾਦ, ਗਿਆਨੀ ਚਰਨ ਸਿੰਘ ਆਲਮਗੀਰ, ਗਿਆਨੀ ਮਹਿੰਦਰ ਸਿੰਘ ਸਿਬੀਆ, ਗਿਆਨੀ ਬਿੱਕਰ ਸਿੰਘ ਪ੍ਰਦੇਸੀ, ਭਾਈ ਪਿਆਰਾ ਸਿੰਘ ਪ੍ਰੇਮੀ ਲੌਂਗੋਵਾਲੀਆ, ਬਲਿਹਾਰ ਸਿੰਘ ਕੰਦੋਲਾ, ਬਾਬਾ ਅਮਰੀਕ ਸਿੰਘ ਰੰਧਾਵਾ ਆਦਿ ਹੋਰ ਵੀ ਡਾਡੀ ਜਥਿਆਂ ਦੇ ਰੂਪ ਵਿੱਚ ਸਿੱਖ ਇਤਿਹਾਸ ਦੇ ਬਿਰਤਾਂਤ ਸਟੇਜਾਂ ’ਤੇ ਗਾ ਕੇ ਜਾਂ ਸੰਗੀਤ ਸਾਧਨਾਂ ਰਾਹੀਂ ਰਿਕਾਰਡ ਕਰਵਾ ਕੇ ਸਿੱਖ ਸੰਗਤਾਂ ਨੂੰ ਭੇਟ ਕਰ ਰਹੇ ਹਨ।
ਬੀਬੀਆਂ ਦੇ ਜਥਿਆਂ ਨੇ ਵੀ ਢਾਡੀ ਕਲਾ ਦੇ ਖੇਤਰ ਵਿੱਚ ਪ੍ਰਵੇਸ਼ ਕਰਕੇ ਨਵੀਂ ਪਿਰਤ ਪਾਈ ਹੈ। ਸਭ ਤੋਂ ਪਹਿਲਾ ਜਥਾ ਗਿਆਨੀ ਮਹਿੰਦਰ ਸਿੰਘ ਸਿਬੀਆ ਨੇ ਪਟਿਆਲੇ ਵਾਲੀਆਂ ਬੀਬੀਆਂ ਨਾਲ ਰਲ ਕੇ ਤਿਆਰ ਕੀਤਾ। ਫਿਰ ਬੀਬੀ ਅਕਵਿੰਦਰਜੀਤ ਕੌਰ ਮਾਲੇਰਕੋਟਲੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ, ਬੀਬੀ ਭੁਪਿੰਦਰਜੀਤ ਕੌਰ ਚੀਮਾ, ਬੀਬੀ ਰਾਜਿੰਦਰਜੀਤ ਕੌਰ ਚੀਮਾ, ਗਲਵੱਟੀ ਵਾਲੀਆਂ ਬੀਬੀਆਂ, ਬੜੂ ਸਾਹਿਬ ਵਾਲੀਆਂ ਬੀਬੀਆਂ, ਰਾਣੀਪੁਰ ਵਾਲੀਆਂ ਬੀਬੀਆਂ ਦਾ ਢਾਡੀ ਜਥਾ, ਨਾਭੇ ਵਾਲੀਆਂ ਬੀਬੀਆਂ ਦਾ ਜਥਾ,           ਦਲੇਰ ਸਿੰਘ ਦੀਆਂ ਬੀਬੀਆਂ ਆਦਿ ਹੋਰ ਵੀ ਬੀਬੀਆਂ ਦੇ ਜਥੇ ਢਾਡੀ ਕਲਾ ਨੂੰ ਸਮਰਪਿਤ ਆਪਣੀ ਭੂਮਿਕਾ ਨਿਭਾਅ ਰਹੇ ਹਨ।
ਅਜੋਕੇ ਸਮੇਂ ਵਿੱਚ ਢਾਡੀ ਕਲਾ ਨੂੰ ਭਾਵੇਂ ਵਿਸਾਰਿਆ ਹੀ ਜਾ ਰਿਹਾ ਹੈ ਕਿਉਂਕਿ ਸਰਕਾਰਾਂ ਜਾਂ ਆਮ ਲੋਕਾਂ ਵੱਲੋਂ ਇਸ ਕਲਾ ਦੀ ਕੀਮਤ ਨਹੀਂ ਪਾਈ ਗਈ। ਇੱਕ ਢਾਡੀ ਜਥਾ ਜੋ ਪਹਿਲਾਂ ਖ਼ੁਦ ਪ੍ਰਸੰਗ ਲਿਖਦਾ ਹੈ, ਫਿਰ ਉਸੇ ਪ੍ਰਸੰਗ ਦੇ ਸੰਦਰਭ ’ਚ ਗਾਇਨ ਕੀਤਾ ਜਾਣ ਵਾਲਾ ਮੈਟਰ ਵੀ ਖ਼ੁਦ ਤਿਆਰ ਕਰਦਾ ਹੈ। ਉਨ੍ਹਾਂ ਦੀਆਂ ਕੰਪੋਜੀਸ਼ਨਾਂ ’ਤੇ ਰਾਗ ਦੀ ਚੋਣ ਵੀ ਉਹ ਖ਼ੁਦ ਕਰਦਾ ਹੈ, ਫਿਰ ਜਾ ਕੇ ਸਟੇਜ ’ਤੇ ਪੇਸ਼ਕਾਰੀ ਵੀ ਖ਼ੁਦ ਕਰਦਾ ਹੈ, ਪਰ ਅਸੀਂ ਇਸ ਕਲਾ ਦਾ ਮੁੱਲ ਸਿਰਫ਼ 10 ਰੁਪਏ ਜਾਂ 50 ਰੁਪਏ ਦੇ ਕੇ ਤਾਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਜੇ ਪਾਸੇ ਇੱਕ ਬੇਸੁਰਾ ਗਾਇਕ ਜਿਸ ਦਾ ਆਪਣਾ ਕੁਝ ਵੀ ਨਹੀਂ ਹੁੰਦਾ, ਲੱਖਾਂ ਰੁਪਏ ਲੈ ਕੇ ਪ੍ਰੋਗਰਾਮ ਬੁੱਕ ਕਰਦਾ ਹੈ। ਸਾਨੂੰ ਇਸ ਪਾੜੇ ਨੂੰ ਸਮਝਣ ਦੀ ਲੋੜ ਹੈ। ਢਾਡੀ ਜਥਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਰਤਾਨ ਗਾਇਨ ਕਲਾ ਨੂੰ ਨਾ ਵਿਸਾਰਨ। ਗੀਤਾਂ ਦੀਆਂ ਤਰਜ਼ਾਂ ’ਤੇ ਗਾਉਣ ਨਾਲ ਇਸ ਕਲਾ ਦੀ ਬੁਨਿਆਦੀ ਰੀਤ ਨੂੰ ਸੱਟ ਵੱਜਦੀ ਹੈ। ਸੋ ਆਓ! ਪੁਰਾਤਨ ਰਾਗਾਂ ਵਿੱਚ ਢਾਡੀ ਵਾਰਾਂ ਦਾ ਗਾਇਨ ਕਰਦੇ ਰਹੀਏ ਤੇ ਇਸ ਕਲਾ ਪ੍ਰਤੀ ਸੱਚੀ ਵਫ਼ਾਦਾਰੀ ਦਾ ਅਹਿਦ ਕਰਕੇ ਇਸ ਦੀਆਂ ਨਰੋਈਆਂ ਪੈੜਾਂ ’ਤੇ ਚੱਲਦੇ ਰਹਿਣ ਦਾ ਯਤਨ ਕਰੀਏ। ਢਾਡੀ ਕਲਾ ਦੀ ਮੌਲਿਕਤਾ ਨੂੰ ਬਣਾਈ ਰੱਖਣ ਲਈ ਅਜੋਕੇ ਵਿਕਸਤ ਹੋਏ ਆਧੁਨਿਕ ਸਾਧਨਾਂ ਦੀ ਸਹੀ ਪ੍ਰਸੰਗ ਵਿੱਚ ਵਰਤੋਂ ਕਰਦੇ ਹੋਏ ਅੱਗੇ ਵਧੀਏ ਤੇ ਨਵੇਂ ਕੀਰਤੀਮਾਨ ਸਥਾਪਿਤ ਕਰੀਏ।
ਸੰਪਰਕ: 98552-64144
Advertisement
×