ਧੀਆਂ ਘਰ ਦਾ ਚਾਨਣ
ਕਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਲਾਕਡਾਊਨ ਅਤੇ ਕਰਫਿਊ ਲੱਗਿਆ ਹੋਇਆ ਸੀ। ਨਵਕਿਰਨ ਦਾ 11ਵਾਂ ਜਨਮ ਦਿਨ 2 ਮਈ, 2020 ਨੂੰ ਆਉਣਾ ਸੀ, ਪ੍ਰੰਤੂ ਸ਼ਹਿਰ ਵਿੱਚ ਤਾਂ ਹੁਕਮਾਂ ਦੀ ਪਾਲਣਾ ਕਰ ਕੇ ਰੋਕ ਲੱਗੀ ਹੋਈ ਸੀ। ਨਵਕਿਰਨ ਨੇ ਅੱਠਵੀਂ ਸ਼੍ਰੇਣੀ ਪਾਸ...
ਕਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਲਾਕਡਾਊਨ ਅਤੇ ਕਰਫਿਊ ਲੱਗਿਆ ਹੋਇਆ ਸੀ। ਨਵਕਿਰਨ ਦਾ 11ਵਾਂ ਜਨਮ ਦਿਨ 2 ਮਈ, 2020 ਨੂੰ ਆਉਣਾ ਸੀ, ਪ੍ਰੰਤੂ ਸ਼ਹਿਰ ਵਿੱਚ ਤਾਂ ਹੁਕਮਾਂ ਦੀ ਪਾਲਣਾ ਕਰ ਕੇ ਰੋਕ ਲੱਗੀ ਹੋਈ ਸੀ। ਨਵਕਿਰਨ ਨੇ ਅੱਠਵੀਂ ਸ਼੍ਰੇਣੀ ਪਾਸ ਕਰ ਲਈ ਸੀ। ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਹੋਈਆਂ ਸਨ। ਨੌਵੀਂ ਸ਼੍ਰੇਣੀ ਦੀਆਂ ਪਾਠ-ਪੁਸਤਕਾਂ, ਕਾਪੀਆਂ ਤੇ ਹੋਰ ਲਿਖਣ ਸਮੱਗਰੀ ਨਵਕਿਰਨ ਦੇ ਪਿਤਾ ਨੇ ਇਸ ਰੋਕ ਸਮੇਂ ਤੋਂ ਪਹਿਲਾਂ ਹੀ ਲਿਆ ਦਿੱਤੀਆਂ ਸਨ।
ਜਨਮ-ਦਿਨ ਮਨਾਉਣ ਲਈ ਵੀ ਤਿਆਰੀ ਕਰ ਲਈ। ਨਵਕਿਰਨ ਦੀ ਮਾਤਾ ਨੇ ਚਨੇ-ਪੂਰੀਆਂ, ਖੀਰ-ਕੜਾਹ ਘਰ ਹੀ ਬਣਾ ਲਿਆ ਤੇ ਸ਼ਾਮੀਂ ਨਵਕਿਰਨ ਦੇ ਜਨਮ-ਦਿਨ ਦੀਆਂ ਮੁਬਾਰਕਾਂ ਦਾ ਸਮਾਗਮ ਰਚਾ ਲਿਆ। ਉਸ ਦੇ ਪਿਤਾ ਨੇ ਨਵਕਿਰਨ ਦੇ ਗੱਲੇ ਵਿੱਚ ਪੰਜ ਸੌ ਰੁਪਏ ਪਾ ਦਿੱਤੇ। ਜਨਮ-ਦਿਨ ਦੀਆਂ ਮੁਬਾਰਕਾਂ ਨਾਲ ਨਵਕਿਰਨ ਖਿੜ ਗਈ। ਉਸ ਨੇ ਆਪਣੀਆਂ ਸਹੇਲੀਆਂ ਨੂੰ ਘਰ ਨਹੀਂ ਸੱਦਿਆ। ਟੀ.ਵੀ. ਚੈਨਲਾਂ ’ਤੇ ਲੋਕਾਂ ਨੂੰ ਵਾਰ-ਵਾਰ ਘਰ ਰਹਿਣ, ਹੱਥਾਂ ਦੀ ਸਫ਼ਾਈ ਰੱਖਣ, ਇੱਕ-ਦੂਜੇ ਤੋਂ ਵਿੱਥ ਰੱਖਣ ਤੇ ਮਾਸਕ ਪਹਿਨਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ। ਮੋਬਾਈਲ ਫੋਨ ’ਤੇ ਹੀ ਉਸ ਦੀਆਂ ਸਹੇਲੀਆਂ ਨੇ ਹੈਪੀ-ਬਰਥ-ਡੇ ਕਹਿ ਕੇ ਉਸ ਨਾਲ ਬੋਲ ਸਾਂਝੇ ਕੀਤੇ। ਉਸ ਦੀ ਇੰਚਾਰਜ ਅਧਿਆਪਕਾ ਨੇ ਵੀ ਸ਼ੁਭ-ਇੱਛਾਵਾਂ ਦਿੱਤੀਆਂ।
ਹੁਣ ਨਵਕਿਰਨ ਨੂੰ ਸਾਰਾ ਦਿਨ ਘਰ ਬਿਤਾਉਣਾ ਪੈਂਦਾ ਸੀ। ਸਾਰਾ ਦਿਨ ਪੜ੍ਹਾਈ ਵੀ ਨਹੀਂ ਹੋ ਸਕਦੀ ਸੀ। ਟੀ.ਵੀ. ਵੇਖ-ਵੇਖ ਕੇ ਵੀ ਉਹ ਅੱਕ ਜਾਂਦੀ। ਉਸ ਨੇ ਆਪਣੇ ਸਕੂਲ ਦੀ ਸਮਾਂ-ਸਾਰਨੀ ਵਾਂਗ ਘਰ ਰਹਿਣ ਦੀ ਕੰਮ ਦੀ ਵੰਡ ਕਰ ਲਈ। ਉਸ ਦੇ ਮਾਪੇ ਵੀ ਕਾਨੂੰਨ ਦੀ ਪਾਲਣਾ ਕਰਨ ’ਤੇ ਜ਼ੋਰ ਦਿੰਦੇ ਸਨ। ਫੈਕਟਰੀ ਬੰਦ ਹੋਣ ਕਾਰਨ, ਨਵਕਿਰਨ ਦੇ ਪਿਤਾ ਵੀ ਘਰ ਰਹਿਣ ਲਈ ਮਜਬੂਰ ਸਨ। ਉਸ ਦੀ ਮਾਤਾ ਤਾਂ ਕੋਈ ਨੌਕਰੀ ਨਹੀਂ ਸੀ ਕਰਦੀ, ਘਰ ਸੰਭਾਲਦੀ ਸੀ।
ਨਵਕਿਰਨ ਨੇ ਇੱਕ ਦਿਨ ਆਪਣੀ ਮਾਤਾ ਤੋਂ ਆਟਾ ਗੁੰਨ੍ਹਣ ਦੀ ਕਲਾਸ ਲਾਈ। ਦੂਜੇ ਦਿਨ ਰੋਟੀ ਪਕਾਉਣ ਦੀ ਵਿਧੀ ਸਿੱਖੀ। ਚਾਹ ਬਣਾਉਣੀ ਤਾਂ ਉਹ ਪਹਿਲਾਂ ਹੀ ਜਾਣਦੀ ਸੀ। ਗੈਸ-ਚੁੱਲ੍ਹੇ ਦੀ ਵਰਤੋਂ ਕਰਨ ਬਾਰੇ ਉਹ ਬੜੀ ਸਿਆਣੀ ਸੀ। ਕਈ ਵਾਰ ਆਪਣੀ ਮਾਤਾ ਨੂੰ ਵੀ ਗੈਸ ਦੀ ਠੀਕ ਵਰਤੋਂ ਕਰਨ ਬਾਰੇ ਸੁਚੇਤ ਕਰਦੀ।
ਉਹ ਸਬਜ਼ੀ-ਦਾਲ ਬਣਾਉਂਦੀ ਆਪਣੀ ਮੰਮੀ ਨੂੰ ਵੇਖਦੀ ਰਹਿੰਦੀ। ਸਬਜ਼ੀ ਚੀਰਨ-ਕੱਟਣ ਤੋਂ ਪਹਿਲਾਂ, ਉਸ ਨੂੰ ਚੰਗੀ ਤਰ੍ਹਾਂ ਧੋਂਦੀ ਤੇ ਫਿਰ ਸਬਜ਼ੀ ਨੂੰ ਬਣਾਉਣ ਲਈ ਪਲੇਟ ’ਚ ਢੱਕ ਕੇ ਰੱਖ ਦਿੰਦੀ। ਇਸ ਕੰਮ ਕਰ ਕੇ ਇੱਕ ਦਿਨ ਉਸ ਦੇ ਪਾਪਾ ਨੇ ਉਸ ਨੂੰ ਦਸ ਰੁਪਏ ਇਨਾਮ ਵੀ ਦਿੱਤਾ। ਵਿਅਰਥ ਚੀਜ਼ਾਂ ਸੰਵਾਰ-ਸੰਭਾਲ ਕੇ ਡਰਾਇੰਗ ਰੂਮ ਦੇ ਖੂੰਜਿਆਂ ਨੂੰ ਸਜਾ ਦਿੰਦੀ। “ਧੀਏ, ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਏਂ।” ਉਸ ਦੀ ਮੰਮੀ ਦੇ ਮੂੰਹੋਂ ਨਿਕਲਦਾ।
ਇੱਕ ਦਿਨ ਨਵਕਿਰਨ ਦੀ ਮੰਮੀ ਦੁਪਹਿਰ ਵੇਲੇ ਸੁੱਤੀ ਪਈ ਸੀ। ਨਵਕਿਰਨ ਨੇ ਅਲਮਾਰੀਆਂ ’ਚ ਪਏ ਕੱਪੜਿਆਂ ਨੂੰ ਤਹਿਆਂ ਲਾ-ਲਾ ਕੇ ਸੈੱਟ ਕਰ ਦਿੱਤਾ ਤੇ ਕੁਝ ਨੂੰ ਹੈਂਗਰਾਂ ’ਚ ਟੰਗ ਦਿੱਤਾ। ਫਾਲਤੂ ਲਿਫ਼ਾਫੇ, ਕਾਗਜ਼, ਡੱਬੇ ਤੇ ਵਿਅਰਥ ਵਸਤਾਂ ਨੂੰ ਰੱਦੀ ਕਾਗਜ਼ਾਂ ਦੀ ਟੋਕਰੀ ’ਚ ਪਾ ਦਿੱਤਾ। ਅਲਮਾਰੀਆਂ ਨੂੰ ਜਿਵੇਂ ਸਾਹ ਆ ਗਿਆ। ਉਸ ਦੀ ਮੰਮੀ ਨੇ ਜਦੋਂ ਵੇਖਿਆ ਤਾਂ ਬੇਟੀ ਦੇ ਗੁਣ-ਗਾਣ ਕਰਨ ਲੱਗੀ। ਉਸ ਨੇ ਬੋਲੀ ਬਣਾਈ;
ਉਹ ਘਰ ਵੰਡੇ ਚਾਨਣਾ
ਧੀਆਂ ਜਿੱਥੇ ਹੋਣ ਪੜ੍ਹੀਆਂ।
ਗਮਲਿਆਂ ’ਚ ਲਾਏ ਫੁੱਲ ਉਸ ਨੂੰ ਬੜੇ ਪਿਆਰੇ ਲੱਗਦੇ। ਉਹ ਫੁੱਲਾਂ ’ਤੇ ਉੱਡਦੀਆਂ ਤਿੱਤਲੀਆਂ ਨੂੰ ਵੇਖ-ਵੇਖ ਖੁਸ਼ ਹੁੰਦੀ। ਹੁਣ ਉਸ ਨੂੰ ਬਹੁਤ ਨੇੜਿਓਂ ਫੁੱਲਾਂ ਤੇ ਤਿੱਤਲੀਆਂ ਵੇਖਣਾ ਚੰਗਾ ਲੱਗਦਾ। ਸ਼ਾਮੀਂ ਆਪਣੀ ਮੰਮੀ ਨਾਲ ਫੁੱਲਾਂ ਨੂੰ ਪਾਣੀ ਦਿੰਦੀ। ਬੂਟਿਆਂ ਨੂੰ ਵੀ ਸਾਡੇ ਵਾਂਗ ਤ੍ਰੇਹ ਲੱਗਦੀ ਹੈ, ਉਹ ਸੋਚਣ ਲੱਗਦੀ। ਪੰਛੀ ਉੱਡਦੇ, ਚੀਂ-ਚੀਂ ਕਰਦੇ। ਉਸ ਨੂੰ ਪਿਆਰੇ ਲੱਗਦੇ। ਪੰਛੀਆਂ ਨੂੰ ਵੀ ਤ੍ਰੇਹ ਲੱਗਦੀ ਹੋਣੀ ਏਂ, ਉਸ ਨੂੰ ਖ਼ਿਆਲ ਆਉਂਦਾ। ਬਾਹਰ ਗੇਟ ਦੇ ਥਮਲੇ ’ਤੇ ਨਵਕਿਰਨ ਨੇ ਇੱਕ ਠੂਲ੍ਹੇ ਵਿੱਚ ਪਾਣੀ ਭਰ ਕੇ ਰੱਖ ਦਿੱਤਾ ਤਾਂ ਜੋ ਪੰਛੀ ਪਾਣੀ ਪੀਂਦੇ ਰਹਿਣ। ਦੋ ਗੁਟਾਰਾਂ ਪਾਣੀ ਪੀਣ ਆਈਆਂ ਤੇ ਨਵਕਿਰਨ ਨੇ ਝੱਟ ਉਨ੍ਹਾਂ ਦੀ ਫੋਟੋ ਮੋਬਾਈਲ ’ਚ ਕਲਿੱਕ ਕਰ ਲਈ। ਇੰਜ ਨਵਕਿਰਨ ਸਾਰਾ ਦਿਨ ਕੰਮਾਂ ’ਚ ਰੁੱਝੀ ਰਹਿੰਦੀ।
ਇੱਕ ਦਿਨ ਨਵਕਿਰਨ ਨੂੰ ਉਸ ਦੀ ਇੰਚਾਰਜ-ਅਧਿਆਪਕਾ ਦਾ ਫੋਨ ਆਇਆ ਕਿ ਸੁੰਦਰ ਲਿਖਾਈ ਕਰਨ ਲਈ ਹਰ ਰੋਜ਼ ਪੰਜਾਬੀ ਦਾ ਇੱਕ ਸਫ਼ਾ ਲਿਖਿਆ ਕਰ। ਉਸ ਨੂੰ ਗੱਲ ਚੰਗੀ ਲੱਗੀ। ਉਹ ਹਰ ਰੋਜ਼ ਆਪਣੀ ਲਿਖਤ ਨੂੰ ਸੁੰਦਰ ਕਰਨ ਲਈ ਇੱਕ ਸਫ਼ਾ ਲਿਖਣ ਲੱਗ ਪਈ। ਪੰਦਰਾਂ ਦਿਨਾਂ ਵਿੱਚ ਉਸ ਦੀ ਲਿਖਾਈ ਵਿੱਚ ਬਹੁਤ ਸੁਧਾਰ ਹੋ ਗਿਆ। ਉਸ ਨੇ ਸੋਚਿਆ ਕਿ ਮੈਂ ਕਿਉਂ ਨਾ ਆਪਣੇ ਘਰ ਬਾਰੇ ਇੱਕ ਲੇਖ ਲਿਖਾਂ। ਘਰ ਰਹਿਣ ਕਰ ਕੇ ਉਸ ਦਾ ਅਨੁਭਵ ਨਿੱਜੀ ਹੋ ਗਿਆ। ‘ਸਾਡਾ ਘਰ’ ਉਸ ਦੀ ਇੰਚਾਰਜ ਅਧਿਆਪਕਾ ਨੇ ਸਕੂਲ ਮੈਗਜ਼ੀਨ ਵਿੱਚ ਛਾਪਣ ਲਈ ਚੁਣ ਲਿਆ। ਲੇਖ ਵਿੱਚ ਨਵਕਿਰਨ ਨੇ ਸਾਰਾ ਕੁਝ ਲਿਖ ਦਿੱਤਾ ਸੀ ਜੋ ਉਸ ਨੇ ਲਾਕਡਾਊਨ ਦੇ ਦਿਨਾਂ ਵਿੱਚ ਆਪਣੇ ਸਮੇਂ ਦਾ ਲਾਭ ਉਠਾਉਂਦਿਆਂ, ਪੜ੍ਹਾਈ ਦੇ ਨਾਲ-ਨਾਲ ਕੀਤਾ ਸੀ। ਸਾਰਿਆਂ ਨੇ ਲੇਖ ਦੀ ਪ੍ਰਸੰਸਾ ਕੀਤੀ। ਲੇਖ ਦਾ ਇਨਾਮ ਵੀ ਮਿਲਿਆ। ਨਵਕਿਰਨ ਦੀ ਮੰਮੀ ਨੂੰ ਜਦੋਂ ਇਨਾਮ ਬਾਰੇ ਪਤਾ ਲੱਗਿਆ ਤਾਂ ਕਹਿਣ ਲੱਗੀ: “ਨਵਕਿਰਨ, ਤੂੰ ਤਾਂ ਸੱਚ-ਮੁੱਚ ਘਰ ਦਾ ਚਾਨਣ ਏਂ।” ਇਹ ਕਹਿੰਦਿਆਂ ਉਸ ਨੇ ਧੀ ਨੂੰ ਗਲਵੱਕੜੀ ’ਚ ਲੈ ਲਿਆ।
ਸੰਪਰਕ: 98151-23900

