ਨਕਲ
ਬਾਲ ਕਹਾਣੀ ਸਕੂਲ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਸਨ। ਸੱਤਵੀਂ ਕਲਾਸ ਦਾ ਅੱਜ ਹਿਸਾਬ ਦਾ ਪੇਪਰ ਸੀ। ਕਲਾਸ ਵਿੱਚ ਜਦੋਂ ਪੇਪਰ ਵੰਡੇ ਗਏ ਤਾਂ ਪੇਪਰ ਪੜ੍ਹ ਕੇ ਬਹੁਤੇ ਵਿਦਿਆਰਥੀਆਂ ਦਾ ਰੰਗ ਫੱਕ ਹੋ ਗਿਆ। ਪੇਪਰ ਬਹੁਤ ਔਖਾ ਸੀ। ਕਈਆਂ ਨੂੰ...
ਬਾਲ ਕਹਾਣੀ
ਸਕੂਲ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਸਨ। ਸੱਤਵੀਂ ਕਲਾਸ ਦਾ ਅੱਜ ਹਿਸਾਬ ਦਾ ਪੇਪਰ ਸੀ। ਕਲਾਸ ਵਿੱਚ ਜਦੋਂ ਪੇਪਰ ਵੰਡੇ ਗਏ ਤਾਂ ਪੇਪਰ ਪੜ੍ਹ ਕੇ ਬਹੁਤੇ ਵਿਦਿਆਰਥੀਆਂ ਦਾ ਰੰਗ ਫੱਕ ਹੋ ਗਿਆ। ਪੇਪਰ ਬਹੁਤ ਔਖਾ ਸੀ। ਕਈਆਂ ਨੂੰ ਤਾਂ ਕੋਈ ਸਵਾਲ ਵੀ ਨਹੀਂ ਸੀ ਆਉਂਦਾ।
ਭਗਵੰਤ ਬੜਾ ਲਾਇਕ, ਆਦਰਸ਼ਵਾਦੀ ਅਤੇ ਹੋਣਹਾਰ ਲੜਕਾ ਸੀ। ਉਸ ਨੂੰ ਵੀ ਕਈ ਸਵਾਲ ਨਹੀਂ ਸੀ ਆਉਂਦੇ। ਜਿਹੜੇ ਸਵਾਲ ਆਉਂਦੇ ਸਨ, ਉਸ ਨੇ ਉਸ ਦੇ ਜਵਾਬ ਲਿਖਣੇ ਸ਼ੁਰੂ ਕਰ ਦਿੱਤੇ। ਬਹੁਤੇ ਲੜਕੇ ਇੱਕ-ਦੂਜੇ ਦੇ ਮੂੰਹਾਂ ਵੱਲ ਬਿਤਰ ਬਿਤਰ ਤੱਕ ਰਹੇ ਸਨ।
ਪਤਾ ਨਹੀਂ ਕਿਸ ਤਰ੍ਹਾਂ ਕੁਝ ਲੜਕਿਆਂ ਨੇ ਇੱਕ ਸਵਾਲਾਂ ਵਾਲਾ ਪੇਪਰ ਬਾਹਰ ਖੜ੍ਹੇ ਆਪਣੇ ਦੋਸਤਾਂ ਨੂੰ ਭੇਜ ਦਿੱਤਾ। ਕੁਝ ਸਮੇਂ ਬਾਅਦ ਹੀ ਉਨ੍ਹਾਂ ਲੜਕਿਆਂ ਨੇ ਪੇਪਰ ਹੱਲ ਕਰਕੇ ਅੰਦਰ ਭੇਜ ਦਿੱਤਾ। ਹੁਣ ਵਾਰੋ ਵਾਰੀ ਬਿਨਾਂ ਸੋਚੇ ਸਮਝੇ ਬਾਹਰੋਂ ਆਏ ਸਵਾਲਾਂ ਦੇ ਜਵਾਬ ਲੜਕੇ ਵਾਹੋ-ਦਾਹੀ ਲਿਖ ਰਹੇ ਸਨ।
ਕੁਝ ਦੇਰ ਬਾਅਦ ਸਵਾਲਾਂ ਦੇ ਜਵਾਬ ਵਾਲਾ ਕਾਗਜ਼ ਭਗਵੰਤ ਕੋਲ ਵੀ ਪਹੁੰਚ ਗਿਆ। ਭਗਵੰਤ ਬੜੀ ਦੁਚਿੱਤੀ ਵਿੱਚ ਫਸ ਗਿਆ ਕਿ ਉਸ ਕਾਗਜ਼ ਤੋਂ ਨਕਲ ਕਰੇ ਜਾਂ ਨਾ ਕਰੇ। ਅਖ਼ੀਰ ਉਹ ਲਾਲਚ ਵਿੱਚ ਆ ਗਿਆ ਅਤੇ ਉਸ ਨੇ ਬਾਹਰੋਂ ਆਏ ਕਾਗਜ਼ ਤੋਂ ਨਕਲ ਮਾਰ ਕੇ ਕੁਝ ਸਵਾਲ ਜਿਹੜੇ ਉਸ ਨੂੰ ਨਹੀਂ ਸੀ ਆਉਂਦੇ ਕਰ ਲਏ।
ਪੇਪਰ ਦਾ ਵਕਤ ਖ਼ਤਮ ਹੋਇਆ। ਸਾਰੇ ਬੱਚੇ ਬੜੇ ਖ਼ੁਸ਼ ਖ਼ੁਸ਼ ਹਾਲ ਕਮਰੇ ਵਿੱਚੋਂ ਬਾਹਰ ਨਿਕਲ ਰਹੇ ਸਨ। ਸਾਰਿਆਂ ਤੋਂ ਪਿੱਛੋਂ ਭਗਵੰਤ ਨਿਕਲਿਆ ਜਿਹੜਾ ਬੜਾ ਉਦਾਸ ਲੱਗ ਰਿਹਾ ਸੀ। ਇਸੇ ਉਦਾਸੀ ਦੀ ਹਾਲਤ ਵਿੱਚ ਉਹ ਘਰ ਪਹੁੰਚਿਆ। ਰਾਤ ਪਈ ਤਾਂ ਸਾਰਾ ਪਰਿਵਾਰ ਸੌਂ ਗਿਆ, ਪਰ ਭਗਵੰਤ ਦੀਆਂ ਅੱਖਾਂ ਵਿੱਚ ਅੱਜ ਨੀਂਦ ਨਹੀਂ ਸੀ ਆ ਰਹੀ। ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬਿਆ ਆਪਣੇ ਆਪ ਨੂੰ ਲਾਹਣਤਾਂ ਪਾ ਰਿਹਾ ਸੀ ਕਿ ਉਸ ਨੇ ਅੱਜ ਨਕਲ ਕਿਉਂ ਮਾਰੀ ਹੈ ? ਸਾਰੀ ਰਾਤ ਉਸ ਨੂੰ ਇਹੋ ਦੁੱਖ ਸਤਾਉਂਦਾ ਰਿਹਾ ਕਿ ‘‘ਮੈਂ ਨਕਲ ਕਿਉਂ ਮਾਰੀ ਹੈ ? ਮੈਂ ਨਕਲ ਕਿਉਂ ਮਾਰੀ ਹੈ ?’’
ਅਜੇ ਮੂੰਹ-ਹਨੇਰਾ ਹੀ ਸੀ ਜਦੋਂ ਭਗਵੰਤ ਉੱਠ ਕੇ ਨਹਾਉਣ-ਧੋਣ ਚਲਾ ਗਿਆ। ਕੁਝ ਹੀ ਸਮੇਂ ਵਿੱਚ ਤਿਆਰ ਹੋ ਕੇ ਉਹ ਸਿੱਧਾ ਆਪਣੇ ਸਕੂਲ ਦੇ ਹੈੱਡਮਾਸਟਰ ਦੇ ਘਰ ਗਿਆ ਅਤੇ ਉਨ੍ਹਾਂ ਨੂੰ ਕੱਲ੍ਹ ਦੀ ਕਹਾਣੀ ਦੱਸ ਦਿੱਤੀ। ਉਸ ਨੇ ਹੈੱਡਮਾਸਟਰ ਸਰ ਨੂੰ ਬੇਨਤੀ ਕੀਤੀ, ‘‘ਮੈਂ ਵੀ ਉਸ ਮਾੜੀ ਘਟਨਾ ਦਾ ਹਿੱਸੇਦਾਰ ਬਣਿਆ ਹਾਂ ਯਾਨੀ ਮੈਂ ਕੁਝ ਸਵਾਲ ਨਕਲ ਮਾਰ ਕੇ ਕੀਤੇ ਹਨ। ਇਸ ਲਈ ਮੈਂ ਵੀ ਦੋਸ਼ੀ ਹਾਂ। ਤੁਸੀਂ ਮੈਨੂੰ ਜਿਹੜੀ ਮਰਜ਼ੀ ਸਜ਼ਾ ਦਿਓ, ਉਹ ਮੈਨੂੰ ਕਬੂਲ ਹੋਏਗੀ।’’
‘‘ਹੈੱਡਮਾਸਟਰ ਨੂੰ ਭਗਵੰਤ ਦੇ ਮਿਹਨਤੀ ਅਤੇ ਲਾਇਕ ਹੋਣ ਦਾ ਪਤਾ ਸੀ, ਇਸ ਕਰਕੇ ਉਹ ਬੜੇ ਪਿਆਰ ਨਾਲ ਬੋਲੇ, ‘‘ਬੇਟਾ ਭਗਵੰਤ ! ਕੱਲ੍ਹ ਜੋ ਘਟਨਾ ਵਾਪਰੀ ਹੈ ਉਹ ਬੜੀ ਹੀ ਮਾੜੀ ਹੋਈ ਅਤੇ ਦੁਖਦਾਈ ਘਟਨਾ ਹੈ। ਤੂੰ ਨਕਲ ਵਰਗੀ ਲਾਹਣਤ ਨੂੰ ਸਮਝ ਲਿਆ ਹੈ, ਇਸੇ ਕਰਕੇ ਤੂੰ ਸਾਰੀ ਰਾਤ ਸੌਂ ਨਹੀਂ ਸਕਿਆ ਅਤੇ ਸਵੇਰੇ ਸਵੇਰੇ ਮੇਰੇ ਕੋਲ ਆ ਗਿਆ ਏਂ। ਤੈਨੂੰ ਤੇਰੀ ਸਜ਼ਾ ਮਿਲ ਗਈ ਹੈ। ਤੂੰ ਕੱਲ੍ਹ ਆ ਕੇ ਹਿਸਾਬ ਦਾ ਦੁਬਾਰਾ ਪਰਚਾ ਦੇ ਦੇਵੀਂ।’’
ਅਗਲੇ ਦਿਨ ਹੈੱਡਮਾਸਟਰ ਨੇ ਹਿਸਾਬ ਦੇ ਅਧਿਆਪਕ ਨੂੰ ਬੁਲਾ ਕੇ ਭਗਵੰਤ ਦਾ ਦੁਬਾਰਾ ਇਮਤਿਹਾਨ ਲੈਣ ਲਈ ਕਿਹਾ। ਮਾਸਟਰ ਜੀ ਨੇ ਭਗਵੰਤ ਦਾ ਇਮਤਿਹਾਨ ਲਿਆ ਅਤੇ ਉਹ ਬੜੇ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ। ਕਲਾਸ ਦੇ ਦੂਸਰੇੇ ਸਾਰੇ ਨਕਲ ਮਾਰਨ ਵਾਲੇ ਬੱਚੇ ਹਿਸਾਬ ਵਿੱਚੋਂ ਫੇਲ੍ਹ ਹੋ ਗਏ ਕਿਉਂਕਿ ਜਿਹੜਾ ਪੇਪਰ ਬਾਹਰੋਂ ਹੱਲ ਹੋ ਕੇ ਆਇਆ ਸੀ ਉਸ ਦੇ ਸਾਰੇ ਸਵਾਲ ਗ਼ਲਤ ਹੱਲ ਹੋਏ ਸਨ।
ਸੰਪਰਕ: 98889-24664

