DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਠਰਿਆ ਮੌਸਮ

ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪੋਹ ਮਾਹ ਦੀਆਂ ਠਰ੍ਹੀਆਂ ਸ਼ਾਮਾਂ ਨੂੰ ਮਾਣਨ ਤੇ ਵਾਚਣ ਦਾ ਵੀ ਆਪਣਾ ਸੁਆਦ ਹੁੰਦਾ ਸੀ। ਲੋਕਾਂ ਦੇ ਘਰ ਚਾਰ ਦੀਵਾਰੀਆਂ ਤੋਂ ਬਿਨਾਂ ਤੇ ਮਾਲ ਡੰਗਰ ਵਾਲੇ ਵਾੜਿਆਂ ਵਾਲੇ ਹੋਣ...

  • fb
  • twitter
  • whatsapp
  • whatsapp
Advertisement

ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪੋਹ ਮਾਹ ਦੀਆਂ ਠਰ੍ਹੀਆਂ ਸ਼ਾਮਾਂ ਨੂੰ ਮਾਣਨ ਤੇ ਵਾਚਣ ਦਾ ਵੀ ਆਪਣਾ ਸੁਆਦ ਹੁੰਦਾ ਸੀ। ਲੋਕਾਂ ਦੇ ਘਰ ਚਾਰ ਦੀਵਾਰੀਆਂ ਤੋਂ ਬਿਨਾਂ ਤੇ ਮਾਲ ਡੰਗਰ ਵਾਲੇ ਵਾੜਿਆਂ ਵਾਲੇ ਹੋਣ ਕਰਕੇ ਨਿਆਣਿਆਂ ਲਈ ਸਰਦ ਰੁੱਤ ’ਚ ਲੁਕਣਮੀਚੀ ਵਰਗੀਆਂ ਦੇਸੀ ਖੇਡਾਂ ਲਈ ਬੜੇ ਅਨੁਕੂਲ ਹੁੰਦੇ ਸਨ। ਪਿੰਡ ਦੀ ਕੋਈ ਖੁੱਲ੍ਹੀ ਜਗ੍ਹਾ ਬਾਂਦਰ ਕਿੱਲਾ, ਚੋਰ ਸਿਪਾਹੀ ਤੇ ਖਿੱਦੋ ਖੂੰਡਾ ਵਰਗੀਆਂ ਖੇਡਾਂ ਖੇਡਣ ਲਈ ਵਰਤ ਲਈ ਜਾਂਦੀ ਸੀ।

ਖੇਤੀ ਨਾਲ ਸਬੰਧਿਤ ਪਰਿਵਾਰਾਂ ਦੇ ਨਿਆਣੇ ਪੋਹ ਦੀ ਸਖ਼ਤ ਠੰਢ ’ਚ ਘਰਦਿਆਂ ਨਾਲ ਘਰੇਲੂ ਕੰਮਾਂ ’ਚ ਉਲਝੇ ਖੇਡਣ ਮੱਲ੍ਹਣ ਲਈ ਘੱਟ ਸਮਾਂ ਮਿਲਣ ਕਰਕੇ ਸਰਦ ਰੁੱਤ ਦੀ ਛੋਟੀ ਜਿਹੀ ਸ਼ਾਮ ਦੇ ਛੇਤੀ ਖ਼ਤਮ ਹੋਣ ਕਰਕੇ ਉਦਰਿਓ ਜਿਹੇ ਹੁੰਦੇ। ਕੋਈ ਨਿਆਣਾ ਘਰ ਖਾਣ ਵਾਲੇ ਗੁੜ ਦੀ ਪ੍ਰਾਪਤੀ ਲਈ ਘਰਦਿਆਂ ਨਾਲ ਕਮਾਦ ਵਢਾ ਰਿਹਾ ਹੁੰਦਾ ਤੇ ਕੋਈ ਗੰਨੇ ਛਿਲਾ ਰਿਹਾ ਹੁੰਦਾ ਤੇ ਕੋਈ ਘਰਦਿਆਂ ਨਾਲ ਛੁੱਟੀ ਵਾਲੇ ਦਿਨ ਵੇਲਣੇ ’ਤੇ ਗੰਨੇ ਪੀੜਨ ਤੇ ਗੁੜ ਬਣਵਾਉਣ ਦੇ ਕੰਮ ’ਚ ਹੱਥ ਵਟਾ ਰਿਹਾ ਹੁੰਦਾ। ਮਾਲ ਡੰਗਰ ਤੇ ਲਵੇਰੀਆਂ ਲਈ ਕੋਰੇ ਕੱਕਰਾਂ ’ਚ ਜਵੀ ਤੇ ਬਰਸੀਮ ਵਰਗਾ ਹਰਾ ਚਾਰਾ ਵੱਢਦਿਆਂ ਹੱਥ ਬਰਫ਼ ਵਾਂਗ ਠਰ ਜਾਂਦੇ ਤੇ ਕੰਮ ਕਰਨੋਂ ਜਵਾਬ ਦਈ ਜਾਂਦੇ। ਆਪਣਾ ਕੰਮ ਮਕਾਉਣ ਲਈ ਕਈ ਵਾਰ ਠਰ੍ਹੇ ਹੱਥਾਂ ਨੂੰ ਨਿੱਘਾ ਕਰਨ ਲਈ ਮੂੰਹ ’ਚੋਂ ਫੂਕਾ ਵੀ ਮਾਰਨੀਆਂ ਪੈਂਦੀਆਂ ਸਨ। ਪਸ਼ੁੂ ਪਾਲਕਾਂ ਦੇ ਪਰਿਵਾਰਾਂ ਨੂੰ ਸਰਦ ਰੁੱਤ ਦੇ ਬਰਫ਼ੀਲੇ ਮੌਸਮ ’ਚ ਵੀ ਕੰਮ ਤੋਂ ਕੋਈਂ ਰਾਹਤ ਨਹੀਂ ਸੀ ਹੁੰਦੀ ਕਿਉਂਕਿ ਲਵੇਰਿਆਂ ਤੋਂ ਦੁੱਧ ਲੈਣ ਲਈ ਪਸ਼ੂਆਂ ਨੂੰ ਸਾਰਾ ਦਿਨ ਚੰਗਾ ਚਾਰਾ ਤੇ ਵਧੀਆ ਖੁਰਾਕ ਦੀ ਆਮ ਨਾਲੋਂ ਵੱਧ ਜ਼ਰੂਰਤ ਹੁੰਦੀ ਸੀ। ਠੰਢ ਦੇ ਜ਼ੋਰ ਕਰਕੇ ਪਸ਼ੂਆਂ ਨੂੰ ਪੱਠੇ ਤੇ ਹੋਰ ਖੁਰਾਕ ਚਾਰ ਕੇ ਠੰਢ ਉਤਰਨ ਤੋਂ ਪਹਿਲਾਂ ਪਹਿਲਾਂ ਵਾੜਿਆਂ ’ਚ ਬੰਨ੍ਹਣ ਵੇਲੇ ਵੀ ਘਰ ਦੇ ਨਿਆਣਿਆਂ ਨੂੰ ਆਪਣੀ ਡਿਊਟੀ ਦੇਣੀ ਪੈਂਦੀ। ਇਸ ਤੋਂ ਇਲਾਵਾ ਰਾਤ ਨੂੰ ਲਵੇਰੇ ਆਪਣੇ ਵਾੜਿਆਂ ’ਚ ਆਰਾਮ ਨਾਲ ਬੈਠ ਸਕਣ, ਉਨ੍ਹਾਂ ਦੇ ਬੈਠਣ ਵਾਲੀਆਂ ਥਾਵਾਂ ਨੂੰ ਸੁੱਕਾ ਰੱਖਣ ਲਈ ਦਰੱਖਤਾਂ ਦੇ ਪੱਤਿਆਂ ਜਾਂ ਗੰਨੇ ਦੀਆਂ ਗੁੱਲੀਆਂ ਦੇ ਬੂਰ ਤੋਂ ਬਣੀ ਸੁੱਕ ਇਕੱਠੀ ਕਰਨ ਦੀ ਜ਼ਿੰਮੇਵਾਰੀ ਵੀ ਪਸ਼ੂ ਪਾਲਕ ਪਰਿਵਾਰਾਂ ਦੇ ਨਿਆਣਿਆਂ ਦੇ ਹੀ ਹਿੱਸੇ ਆਇਆ ਕਰਦੀ ਸੀ।

Advertisement

ਖੇਤੀਬਾੜੀ ਦੇ ਛੋਟੇ ਮੋਟੇ ਕੰਮ ਕਰਾਉਂਦਿਆਂ ਨਿਆਣਿਆਂ ਨੂੰ ਸਰਦ ਮੌਸਮ ’ਚ ਘਰ ਦੇ ਬਣੇ ਖੋਏ, ਅਲਸੀ, ਬੇਸਣ ਦੀਆਂ ਪਿੰਨੀਆਂ, ਦੁੱਧ, ਦਹੀਂ ਤੇ ਲੱਸੀ ਦੇ ਖੁੱਲ੍ਹੇ ਸੁਆਦ ਮਾਣਨ ਨੂੰ ਮਿਲਦੇ ਤੇ ਇਸ ਦੇਸੀ ਖੁਰਾਕ ਦੇ ਰੰਗ ਕਬੱਡੀਆਂ ਤੇ ਭਲਵਾਨੀ ਦੇ ਅਖਾੜਿਆਂ ’ਚ ਦੇਖਣ ਨੂੰ ਮਿਲਦੇ। ਇਸ ਤਰ੍ਹਾਂ ਮੌਸਮਾਂ ਦੀ ਸਖ਼ਤੀ ਦੇ ਬਾਵਜੂਦ ਕਿਸਾਨੀ ਪਿਛੋਕੜ ਵਾਲੇ ਪਰਿਵਾਰਾਂ ਦੇ ਨਿਆਣੇ ਚਾਈਂ ਚਾਈਂ ਘਰਦਿਆਂ ਦੇ ਕੰਮ ’ਚ ਹੱਥ ਵਟਾਉਂਦੇ ਤੇ ਪੇਂਡੂ ਜ਼ਿੰਦਗੀ ਦੀ ਕਿਰਤੀ ਤੇ ਸਾਦਮੁਰਾਦੀ ਜ਼ਿੰਦਗੀ ’ਚੋਂ ਹੀ ਦਿਲਪ੍ਰਚਾਵਾ ਕਰਨ ਦਾ ਆਹਰ ਕਰ ਲੈਂਦੇ ਸਨ। ਘਰਦਿਆਂ ਨਾਲ ਕੰਮ ਕਰਾਉਂਦਿਆਂ ਪਤਾ ਨਹੀਂ ਕਦੋਂ ਠਰੀ ਹੋਈ ਪੋਹ ਦੀ ਸ਼ਾਮ ਦੇ ਰੰਗ ਗੂੜ੍ਹੇ ਹਨੇਰੇ ਵਿੱਚ ਤਬਦੀਲ ਹੋ ਜਾਂਦੇ ਸਨ।

Advertisement

ਪੋਹ ਮਹੀਨੇ ਦੇ ਦਿਨਾਂ ’ਚ ਹੀ ਦੂਰ ਕਿਸੇ ਪਿੰਡ ਦੇ ਗੁਰੂ ਘਰ ਤੋਂ ਨਰਿੰਦਰ ਬੀਬਾ ਵੱਲੋਂ ਗਾਏ ‘ਸਾਕਾ ਸਰਹੰਦ’ ਦੇ ਧਾਰਮਿਕ ਗੀਤ ਨਾਲ ਜਿੱਥੇ ਠਰ੍ਹੀਆਂ ਹਵਾਵਾਂ ਹਉਕੇ ਮਾਰਦੀਆਂ ਮਹਿਸੂਸ ਹੁੰਦੀਆਂ ਨਾਲ ਹੀ ਇਨ੍ਹਾਂ ਸਾਕਿਆਂ ਨੂੰ ਸੁਣ ਸੁਣ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਮੂਹਰੇ ਆਪ ਮੁਹਾਰੇ ਸਿਰ ਝੁਕਦਾ ਰਹਿੰਦਾ। ਘਰ ਦੇ ਵਿਹੜਿਆਂ ਤੋਂ ਬਾਹਰਲੇ ਕੰਮਾਂ ਤੋਂ ਵਿਹਲੇ ਹੋਏ ਨਿਆਣੇ ਫਿਰ ਘਰ ਦੇ ਚੌਂਕੇ ’ਚ ਬਲ ਰਹੇ ਚੁੱਲ੍ਹੇ ਦੁਆਲੇ ਅੱਗ ਸੇਕਣ ਲਈ ਇਕੱਠੇੇ ਹੋ ਜਾਂਦੇ ਤੇ ਚੌਂਕੇ ’ਚ ਬੈਠੇ ਸਿਆਣੇ ਬੰਦੇ ਦੀਆਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਿਆ ਜਾਂਦਾ। ਸਿਆਣਿਆਂ ਵੱਲੋਂ ਚੁੱਲ੍ਹੇ ਮੂਹਰੇ ਬੈਠ ਕੇ ਅੱਗ ਸੇਕਣ ਵੇਲੇ ਕਿਸੇ ਨਿਆਣੇ ਵੱਲੋਂ ਕੋਈ ਸ਼ਰਾਰਤ ਨਾ ਕਰਨ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਾਇਆ ਜਾਂਦਾ, ਉਲੰਘਣਾ ਕਰਨ ਵਾਲੇ ਦੇ ਮੌਰ ਵੀ ਤੱਤੇ ਹੋ ਜਾਇਆ ਕਰਦੇ ਸਨ। ਅੱਧਾ ਪੋਹ ਗੁਜ਼ਰ ਜਾਣ ਬਾਅਦ ਨਵਾਂ ਸਾਲ ਚੜ੍ਹ ਆਉਂਦਾ, ਸਕੂਲ ਤੇ ਕਾਲਜ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹ ਜਾਂਦੇ ਤੇ ਲੋਹੜੀ ਦੇ ਤਿਉਹਾਰ ਦੀ ਆਮਦ ਨੇੜੇ ਹੋਣ ਕਰਕੇ ਠੰਢ ਨਾਲ ਸੁੰਗੜੀ ਜ਼ਿੰਦਗੀ ਹੌਲੀ ਹੌਲੀ ਫਿਰ ਪੁੰਗਰਨ ਦਾ ਆਹਰ ਕਰਦੀ ਦਿਸਣ ਲੱਗ ਪੈਂਦੀ।

ਪੋਹ ਮਹੀਨੇ ਦੇ ਅਖੀਰ ’ਚ ਠਰ੍ਹੀਆਂ ਤ੍ਰਿਕਾਲਾਂ ਨੂੰ ਹੀ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਮਾਣਨ ਵਾਲੇ ਨਿਆਣੇ ਆਪੋ ਆਪਣੇ ਟੋਲੇ ਬਣਾ ਕੇ ਕਈ ਦਿਨ ਪਹਿਲਾਂ ਹੀ ਲੋਹੜੀ ਮੰਗਣੀ ਸ਼ੁਰੂ ਕਰ ਦਿੰਦੇ। ਲੋਕਾਂ ਕੋਲ ਅੱਜ ਦੇ ਮੁਕਾਬਲੇ ਭਾਵੇਂ ਪੈਸੇ ਧੇਲੇ ਦੀ ਕਿੱਲਤ ਹੁੰਦੀ, ਪਰ ਲੋਕਾਂ ਦੇ ਦਿਲ ਵੱਡੇ ਹੁੰਦੇ ਸਨ। ਪਿੰਡਾਂ ਦੇ ਲੋਕ ਆਪਣੀ ਵਿੱਤ ਮੁਤਾਬਿਕ ਪਿੰਡ ਦੀਆਂ ਹੱਟੀਆਂ, ਗੁਰਦੁਆਰੇ ਦੇ ਭਾਈ ਤੋਂ ਪੈਸਿਆਂ ਦੀ ਭਾਨ ਦਾ ਉਚੇਚਾ ਪ੍ਰਬੰਧ ਕਰ ਲੈਂਦੇ ਤਾਂ ਜੋ ਲੋਹੜੀ ਮੰਗਣ ਆਉਂਦੇ ਜੁਆਕਾਂ ਨੂੰ ਘਰੋਂ ਖਾਲੀ ਨਾ ਮੋੜਿਆ ਜਾਵੇ। ਪੈਸਾ ਧੇਲਾ ਨਾ ਹੋਣ ਦੀ ਸੂਰਤ ’ਚ ਸਾਲ ਭਰ ਲਈ ਕੱਚੀਆਂ ਕੋਠੜੀਆਂ ’ਚ ਜਮ੍ਹਾ ਕਰਕੇ ਰੱਖੇ ਦਾਣਿਆਂ ਨੂੰ ਇਸ ਮੌਕੇ ਵਰਤ ਕੇ ਝੱਟ ਲੰਘਾ ਲਿਆ ਜਾਂਦਾ। ਲੋਹੜੀ ਮੰਗਣ ਲਈ ਬਣਾਈਆਂ ਟੋਲੀਆਂ ਦੇ ਚਾਰ-ਪੰਜ ਮੈਂਬਰਾਂ ’ਚੋਂ ਇੱਕ ਨਿਆਣਾ ਆਪਣੀ ਟੋਲੀ ਦਾ ਆਗੂ ਹੁੰਦਾ, ਜਿਨ੍ਹੇ ਕੁੱਤੇ ਬਿੱਲੇ ਤੋਂ ਬਚਾਅ ਲਈ ਆਪਣੇ ਹੱਥ ’ਚ ਖੁੰਘਿਆ ਵਾਲਾ ਡੰਡਾ ਫੜਿਆ ਹੁੰਦਾ ਤੇ ਟੋਲੇ ’ਚ ਸਭ ਤੋਂ ਸ਼ਰੀਫ ਬੱਚੇ ਨੂੰ ਸੂਤੀ ਕੱਪੜੇ ਦਾ ਝੋਲਾ ਦਾਣੇ ਪਵਾਉਣ ਲਈ ਫੜਾਇਆ ਗਿਆ ਹੁੰਦਾ। ਟੋਲੇ ਦਾ ਆਗੂ ਲੋਹੜੀ ਨਾਲ ਸਬੰਧਿਤ ਗੀਤਾਂ ਦੇ ਬੋਲ ਸੁਰ ’ਚ ਉਚਾਰਦਾ ਤੇ ਬਾਕੀ ਸਾਥੀ ਉਸ ਦੇ ਗੀਤ ਦੇ ਪਿੱਛੇ ਪਿੱਛੇ ਆਪਣਾ ਹੁੰਗਾਰਾ ਭਰ ਕੇ ਆਪਣੇ ਆਗੂ ਦਾ ਸਾਥ ਦਿੰਦੇ।

ਅੱਜ ਸਮਾਂ ਬਦਲਣ ਤੇ ਜਿਉਣ ਦੇ ਤੇਜ਼ੀ ਨਾਲ ਬਦਲੇ ਢੰਗਾਂ ਨੇ ਪੰਜਾਬ ਦੀ ਪੇਂਡੂ ਜ਼ਿੰਦਗੀ ਦੀ ਨੁਹਾਰ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਅੱਜ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਵਾਲੇ ਨਿਆਣੇ ਚਾਹੇ ਉਹ ਸੌਖੇ ਘਰਾਂ ਦੇ ਹੋਣ ਤੇ ਚਾਹੇ ਗ਼ਰੀਬ ਘਰਾਂ ਨਾਲ ਸਬੰਧਿਤ ਹੋਣ, ਘਰਦਿਆਂ ਨਾਲ ਕਿਸੇ ਤਰ੍ਹਾਂ ਦਾ ਕੰਮ ਕਰਾਉਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਨੇ। ਅੱਜ ਦੇ ਨਿਆਣੇ ਘਰਦਿਆਂ ਨਾਲ ਛੋਟੇ ਛੋਟੇ ਕੰਮਾਂ ’ਚ ਹੱਥ ਵਟਾ ਕੇ ਘਰਾਂ ਦੀ ਆਮਦਨ ਸੁਖਾਵੀਂ ਕਰਨ ਦੀ ਥਾਂ ਫੋਨਾਂ ਦੀ ਸਨੈਪ ਚੈਟ, ਇੰਸਟਾਗ੍ਰਾਮ ’ਤੇ ਰੀਲਾਂ ਬਣਾਉਣ ਦੀ ਕਾਲਪਨਿਕ ਤੇ ਕਿਰਤ ਵਿਹੂਣੀ ਜ਼ਿੰਦਗੀ ਦੀ ਉਲਝਣ ਦਾ ਬੁਰੀ ਤਰ੍ਹਾਂ ਸ਼ਿਕਾਰ ਹਨ। ਸੂਬੇ ਦੀ ਖੇਤੀਬਾੜੀ ਤੇ ਮਜ਼ਦੂਰੀ ਦਾ ਸਾਰਾ ਕੰਮ ਪਰਵਾਸੀ ਮਜ਼ਦੂਰਾਂ ਦੇ ਰਹਿਮੋ ਕਰਮ ’ਤੇ ਨਿਰਭਰ ਹੈ। ਦੁੱਧ ਤੇ ਲੱਸੀ ਲਈ ਘਰਾਂ ’ਚ ਪਸ਼ੂ ਰੱਖਣਾ ਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਘਰਦਿਆਂ ਨਾਲ ਕੰਮ ਕਰਾਉਣਾ ਹੁਣ ਉਲ੍ਹਾਮਾ ਹੋ ਗਿਆ ਹੈ।

ਸੋਸ਼ਲ ਮੀਡੀਆ ਦੇ ਯੁੱਗ ’ਚ ਅੱਜ ਹਰ ਨਿਆਣਾ ਜ਼ਿੰਦਗੀ ਦੀਆਂ ਕੋਰੀਆਂ ਹਕੀਕਤਾਂ ਨੂੰ ਸਮਝਣ ਦੀ ਬਜਾਏ ਕਲਪਨਾ ਤੇ ਦਿਖਾਵੇ ਦੇ ਭਰਮਜਾਲ ’ਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਪਦਾਰਥਵਾਦੀ ਹੋੜ ਤੇ ਵਿਅਕਤੀਵਾਦੀ ਸੋਚ ਦੇ ਪਾਸਾਰੇ ਨੇ ਪੰਜਾਬ ਦੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਬੁਰੀ ਤਰ੍ਹਾਂ ਸੱਟ ਮਾਰੀ ਹੈ। ਵਿਆਹ ਸ਼ਾਦੀਆਂ ਤੇ ਲੋਹੜੀ ਵਰਗੇ ਸਾਦ-ਮੁਰਾਦੇ ਤਿਉਹਾਰਾਂ ਮੌਕੇ ਹੁਣ ਚਾਵਾਂ ਤੇ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਗੀਤਾਂ ਦੀ ਥਾਂ ਹਾਈ ਵੋਲਟੇਜ਼ ਡੀਜ਼ੇ ’ਤੇ ਨੰਗੇਜ਼ ਹਿੰਸਾ, ਅੜਬਪੁਣਾ ਫੈਲਾਉਣ ਵਾਲੇ ਬੇਅਰਥੇੇ ਗੀਤਾਂ ’ਤੇ ਲਲਕਾਰੇ ਮਾਰਨ ਦਾ ਰਿਵਾਜ ਚੱਲ ਰਿਹਾ ਹੈੈ। ਭਾਈਚਾਰਕ ਸਾਂਝ ਨੂੰ ਲੱਗ ਰਹੇ ਖੋਰੇ ਦੌਰਾਨ ਹੁਣ ਕੁੜੀਆਂ ਚਿੜੀਆਂ ਆਪਣੇ ਗਲੀ ਗੁਆਂਢ ’ਚ ਜਾ ਕੇ ਲੋਹੜੀ ਨਹੀਂ ਮੰਗਦੀਆਂ ਤੇ ਨਾ ਹੀ ਵੀਰਾਂ ਦੀ ਸਰਦਾਰੀ ਤੇ ਬਾਬਲ ਦੇ ਮਹਿਲਾ ਦੀ ਸਲਾਮਤੀ ਦੀ ਬਾਤ ਪਾਉਂਦੀਆਂ ਹਨ। ਮੌਸਮਾਂ ਤੇ ਰੁੱਤਾਂ ਦੀ ਰਵਾਨਗੀ ਨਾਲ ਹੋਂਦ ਵਿੱਚ ਆਏ ਤਿੱਥ ਤਿਉਹਾਰਾਂ ਤੇ ਮੌਸਮੀ ਬਰਕਤਾਂ ਦੀ ਮੌਜ ਤੇ ਨਿਆਰਾਪਨ ਬੀਤੇ ਸਮੇਂ ਦੀ ਬਾਤ ਬਣਦੀ ਜਾ ਰਹੀ ਹੈ।

ਸੰਪਰਕ: 70877-87700

Advertisement
×