ਬਰਜਿੰਦਰ ਕੌਰ ਬਿਸਰਾਓ
ਘਰ ਬਾਰ ਚਲਾਉਂਦਿਆਂ ਜਾਂ ਸਮਾਜ ਵਿੱਚ ਵਿਚਰਦਿਆਂ ਰੋਜ਼ਾਨਾ ਕਈ ਇਹੋ ਜਿਹੇ ਕੰਮ ਧੰਦੇ ਕਰਨ ਵਾਲੇ ਹੁੰਦੇ ਹਨ ਜਿਨ੍ਹਾਂ ਲਈ ਸਾਨੂੰ ਕਿਸੇ ਨਾ ਕਿਸੇ ਦੀ ਸਲਾਹ ਲੈਣੀ ਪੈਂਦੀ ਹੈ ਜਾਂ ਫਿਰ ਕਿਸੇ ਨੂੰ ਸਲਾਹ ਦੇਣੀ ਵੀ ਪੈਂਦੀ ਹੈ। ਸਲਾਹ ਮਸ਼ਵਰਾ ਕਰਨਾ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਪੱਖ ਹੈ ਤੇ ਸਲਾਹਕਾਰ ਦੀ ਉਸ ਤੋਂ ਵੀ ਵੱਧ ਅਹਿਮੀਅਤ ਹੁੰਦੀ ਹੈ। ਵੱਡੇ ਅਹੁਦੇਦਾਰਾਂ ਦੇ ਵੀ ਸਲਾਹਕਾਰ ਨਿਯੁਕਤ ਕੀਤੇ ਜਾਂਦੇ ਹਨ। ਪਰ ਆਮ ਜ਼ਿੰਦਗੀ ਵਿੱਚ ਵੱਡਿਆਂ ਤੋਂ ਸਲਾਹ ਲੈਣੀ ਜਾਂ ਫਿਰ ਕਿਸੇ ਦਾਨੇ ਸਾਨੇ ਬਜ਼ੁਰਗ ਤੋਂ ਸਲਾਹ ਲੈ ਕੇ ਕੰਮ ਕਰਨਾ ਤਾਂ ਸਾਡੀ ਸਦੀਆਂ ਤੋਂ ਚੱਲੀ ਆ ਰਹੀ ਰੀਤ ਹੈ।
ਪਿੰਡ ਵਿੱਚ ਕੋਈ ਨਾ ਕੋਈ ਬਜ਼ੁਰਗ ਔਰਤ ਜਾਂ ਬਾਬਾ ਜ਼ਰੂਰ ਹੁੰਦੇ ਸਨ ਜਿਨ੍ਹਾਂ ਤੋਂ ਪਿੰਡ ਦੇ ਸਾਰੇ ਲੋਕ ਆਪਣੇ ਕਾਰਜਾਂ ਲਈ ਅਕਸਰ ਸਲਾਹ ਲੈਣ ਜਾਂਦੇ ਹੁੰਦੇ ਸਨ। ਜਦੋਂ ਕਿਸੇ ਨੇ ਕੋਈ ਵੱਡਾ ਕਾਰਜ ਕਰਨਾ ਹੁੰਦਾ ਸੀ ਤਾਂ ਆਪਾਂ ਅਕਸਰ ਇਹ ਗੱਲ ਜ਼ਰੂਰ ਕਿਤੇ ਨਾ ਕਿਤੇ ਸੁਣਦੇ ਰਹਿੰਦੇ ਸੀ ਕਿ ਫਲਾਣਿਆਂ ਕੇ ਬਾਬੇ ਤੋਂ ਪੁੱਛ ਲਓ…ਉਹ ਹਮੇਸ਼ਾਂ ਸਹੀ ਸਲਾਹ ਦਿੰਦੇ ਨੇ। ਕਦੇ ਪਿੰਡ ਦੀ ਕਿਸੇ ਸਿਆਣੀ ਬੇਬੇ ਬਾਰੇ ਪਿੰਡ ਦੀਆਂ ਔਰਤਾਂ ਆਖਦੀਆਂ ਸੁਣੀਆਂ ਜਾਂਦੀਆਂ ਸਨ, ‘‘ਮੈਂ ਤਾਈ ਬਿਸ਼ਨੀ ਦੀ ਸਲਾਹ ਲੈ ਕੇ ਆਉਂਦੀ ਆਂ… ਕੱਲ੍ਹ ਨੂੰ ਕੁੜੀ ਦੇ ਸਹੁਰਿਆਂ ਤੋਂ ਰਿਸ਼ਤੇਦਾਰਾਂ ਨੇ ਆਉਣੈ, ਉਨ੍ਹਾਂ ਨੂੰ ਕੀ ਦੇਣ ਦਾ ਸਾਡਾ ਹੱਕ ਬਣਦਾ… ਤਾਈ ਸਹੀ ਸਲਾਹ ਦਿੰਦੀ ਆ।’’
ਕਈ ਵਾਰ ਆਪਾਂ ਨੇ ਕੰਮ ਚਾਹੇ ਆਪਣੀ ਮਰਜ਼ੀ ਨਾਲ ਹੀ ਕਰਨਾ ਹੁੰਦਾ ਹੈ, ਪਰ ਘਰ ਦੇ ਸਿਆਣੇ ਨੂੰ ਮੁੱਖ ਰੱਖ ਕੇ ਉਸ ਦੇ ਸਤਿਕਾਰ ਵਜੋਂ ਉਸ ਦੀ ਸਲਾਹ ਪੁੱਛ ਲਈ ਜਾਂਦੀ ਹੈ ਜਿਸ ਵਿੱਚ ਉਨ੍ਹਾਂ ਦੀ ਸਲਾਹ ਨਾਲੋਂ ਵੱਧ ਆਪਣਾ ਫੈਸਲਾ ਸੁਣਾ ਕੇ ਉਨ੍ਹਾਂ ਤੋਂ ‘ਹਾਂ’ ਕਰਵਾਈ ਜਾਂਦੀ ਹੈ। ਜਿਵੇਂ ਕੋਈ ਪਿਤਾ ਆਪਣੇ ਪੁੱਤਰ ਲਈ ਆਪਣੇ ਪਿਓ ਤੋਂ ਸਲਾਹ ਮੰਗ ਕੇ ਪੁੱਤਰ ਸਾਹਮਣੇ ਵੱਡਿਆਂ ਦਾ ਆਦਰ ਕਰਨ ਦੀ ਮਿਸਾਲ ਪੇਸ਼ ਕਰਦਾ ਹੈ। ਘਰ ਬਣਾਉਣ ਤੋਂ ਲੈ ਕੇ ਘਰ ਲਈ ਵਸਤੂਆਂ ਦੀ ਖ਼ਰੀਦੋ ਫਰੋਖ਼ਤ ਕਰਨ ਲਈ ਜਾਂ ਬੱਚਿਆਂ ਨੂੰ ਕਿਹੜੇ ਸਕੂਲ ਪੜ੍ਹਨ ਲਾਇਆ ਜਾਏ ਜਾਂ ਬੱਚਿਆਂ ਦੇ ਰਿਸ਼ਤਿਆਂ ਲਈ ਜਾਂ ਫਿਰ ਕਿਸੇ ਨਾਲ ਦੇਣ ਲੈਣ ਕਰਨ ਸਮੇਂ ਅਕਸਰ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ। ਸਲਾਹ ਮਸ਼ਵਰਾ ਕਰਨਾ ਸਹੀ ਵੀ ਹੁੰਦਾ ਹੈ ਕਿਉਂਕਿ ਹਰ ਵਿਅਕਤੀ ਜੋ ਫੈਸਲਾ ਇਕੱਲਾ ਨਹੀਂ ਕਰ ਸਕਦਾ, ਉਹ ਦੂਜੇ ਦੀ ਸਲਾਹ ਲੈ ਕੇ ਉਸ ਦੀ ਸੋਚ ਨੂੰ ਆਪਣੇ ਨਾਲ ਰਲਾ ਕੇ ਵਧੀਆ ਨੇਪਰੇ ਚਾੜ੍ਹ ਸਕਦਾ ਹੈ। ਇਹ ਤਾਂ ਹੋਈ ਸਾਡੀ ਜ਼ਿੰਦਗੀ ਵਿੱਚ ਸਲਾਹ ਮਸ਼ਵਰੇ ਦੀ ਅਹਿਮੀਅਤ ਜਿਸ ਰਾਹੀਂ ਸਾਡਾ ਅਤੇ ਸਾਡੇ ਵੱਡਿਆਂ ਦਾ ਸਤਿਕਾਰ ਵਧਦਾ ਹੈ ਅਤੇ ਸਹੀ ਸਮੇਂ ’ਤੇ ਸਹੀ ਸਲਾਹ ਲੈਣ ਨਾਲ ਗ਼ਲਤੀਆਂ ਦੀ ਸੰਭਾਵਨਾ ਵੀ ਘਟ ਜਾਂਦੀ ਹੈ।
ਅਗਲੀ ਗੱਲ ਆਪਾਂ ਨੇ ਮੁਫ਼ਤ ਦੇ ਸਲਾਹਕਾਰਾਂ ਦੀ ਕਰਨੀ ਹੈ ਜੋ ਅਕਸਰ ਆਪਾਂ ਨੂੰ ਰਾਹ ਤੁਰੇ ਜਾਂਦੇ ਮਿਲ ਜਾਂਦੇ ਹਨ ਜਾਂ ਕਈ ਵਾਰ ਉਹ ਘਰ ਤਾਂ ਕਿਸੇ ਹੋਰ ਕੰਮ ਆਏ ਹੁੰਦੇ ਹਨ, ਪਰ ਆਪਣੀ ਵਿਦਵਤਾ ਦਾ ਸਬੂਤ ਪੇਸ਼ ਕਰਦੇ ਕਰਦੇ ਕਿੰਨੀਆਂ ਸਾਰੀਆਂ ਸਲਾਹਾਂ ਦੇ ਕੇ ਅਸਲੀ ਕੰਮ ਕੀਤੇ ਬਿਨਾਂ ਹੀ ਚਲੇ ਜਾਂਦੇ ਹਨ। ਇਨ੍ਹਾਂ ਅੰਦਰ ਐਨੀ ਸਿਆਣਪ ਭਰੀ ਹੁੰਦੀ ਹੈ ਕਿ ਸਾਹਮਣੇ ਵਾਲਾ ਵਿਅਕਤੀ ਚਾਹੇ ਕਿੰਨਾ ਵੀ ਪੜ੍ਹਿਆ ਲਿਖਿਆ ਕਿਉਂ ਨਾ ਹੋਵੇ ਉਸ ਨੂੰ ਬੁੱਧੂ ਤੇ ਅਨਪੜ੍ਹ ਬਣਾਉਣ ਦੀ ਕੋਈ ਕਸਰ ਨਹੀਂ ਛੱਡਦੇ। ‘ਕਾਸ਼ਨੀ’ ਬਿਲਕੁਲ ਅਨਪੜ੍ਹ ਔਰਤ ਸੀ। ਜਦੋਂ ਨਵੀਂ ਨਵੀਂ ਮੁਹੱਲੇ ਵਿੱਚ ਆਈ ਸੀ ਤਾਂ ਉਸ ਨੂੰ ਖਾਣ ਪਹਿਨਣ ਦਾ ਕੋਈ ਬਹੁਤਾ ਸਲੀਕਾ ਨਹੀਂ ਸੀ। ਦੋ ਜਵਾਕ ਸਨ ਜਿਨ੍ਹਾਂ ਨੂੰ ਉਹ ਕੁੱਟਦੀ ਰਹਿੰਦੀ ਸੀ ਕਿਉਂਕਿ ਉਹ ਬਹੁਤ ਨਾਲਾਇਕ ਸਨ। ਉਸ ਦੀ ਗੁਆਂਢਣ ਦਲਜੀਤ ਨੇ ਉਸ ਨੂੰ ਬੱਚਿਆਂ ਨੂੰ ਪਿਆਰ ਨਾਲ ਪਾਲਣ ਦੀ ਸਲਾਹ ਦਿੱਤੀ ਤੇ ਆਪ ਕਸਰਤ ਕਰਨ ਦੇ ਨਾਲ ਨਾਲ ਉਸ ਨੂੰ ਕਸਰਤ ਕਰਨ ਦੇ ਫਾਇਦੇ ਦੱਸ ਕੇ ਉਸ ਨੂੰ ਕਸਰਤ ਕਰਨੀ ਸਿਖਾਈ। ਡੇਢ ਕੁ ਦਹਾਕੇ ਬਾਅਦ ਉਸ ਦੇ ਜਵਾਕ ਪੜ੍ਹ ਕੇ ਪ੍ਰਾਈਵੇਟ ਨੌਕਰੀਆਂ ਕਰਨ ਲੱਗ ਪਏ ਤੇ ਉਸ ਦੇ ਪਤੀ ਦਾ ਕੰਮ ਕਾਰ ਚੰਗਾ ਚੱਲ ਪਿਆ। ਹੁਣ ਉਹ ਦਲਜੀਤ ਦੇ ਮੁਹੱਲੇ ਦੀ ਸਭ ਤੋਂ ਵੱਡੀ ਮੁਫ਼ਤ ਦੀ ਸਲਾਹਕਾਰ ਬਣ ਗਈ। ਮੁਫ਼ਤ ਦੇ ਸਲਾਹਕਾਰ ਕਿਸੇ ਦੇ ਬਿਮਾਰ ਹੋਣ, ਕਿਸੇ ਦੇ ਸੱਟ ਫੇਟ ਲੱਗਣ ਤੇ ਦੇਸੀ ਨੁਕਤਿਆਂ ਦੀ ਝੜੀ ਲਾ ਦਿੰਦੇ ਹਨ। ਪਿੱਛੇ ਜਿਹੇ ਮੇਰੀ ਬਾਂਹ ਦੀ ਹੱਡੀ ਟੁੱਟੀ ਤਾਂ ਕਿਸੇ ਨੇ ਮੈਨੂੰ ਪਨੀਰ ਖਾਣ ਦੀ ਸਲਾਹ ਦਿੱਤੀ, ਕਿਸੇ ਨੇ ਖਰੌੜਿਆਂ ਦਾ ਸੂਪ ਪੀਣ, ਕਿਸੇ ਨੇ ਹੋਰ ਚੰਗੀ ਡਾਈਟ ਖਾਣ ਦੀ ਸਲਾਹ ਦਿੱਤੀ ਤੇ ਕਿਸੇ ਨੇ ਕੁਝ ਤੇ ਕਿਸੇ ਨੇ ਕੁਝ ਖਾਣ ਦੀ ਸਲਾਹ ਦਿੱਤੀ, ਪਰ ਇਹ ਸਲਾਹਾਂ ਸੁਣ ਸੁਣ ਕੇ ਹੀ ਐਨਾ ਪੇਟ ਭਰ ਜਾਂਦਾ ਸੀ ਕਿ ਜਿਹੜੀ ਦੋ ਡੰਗ ਦੀ ਰੋਟੀ ਖਾਂਦੀ ਹੁੰਦੀ ਸੀ, ਉਹ ਖਾਣ ਨੂੰ ਵੀ ਦਿਲ ਨਾ ਕਰਨਾ। ਇਸ ਤਰ੍ਹਾਂ ਮੁਫ਼ਤ ਦੇ ਸਲਾਹਕਾਰਾਂ ਦੀਆਂ ਸਲਾਹਾਂ ਫਾਇਦਾ ਘੱਟ ਤੇ ਨੁਕਸਾਨ ਵੱਧ ਕਰਦੀਆਂ ਹਨ।
ਅੱਜਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਨਾ ਤਾਂ ਕਿਸੇ ਕੋਲ ਸਲਾਹ ਲੈਣ ਦਾ ਵਕਤ ਹੈ ਤੇ ਨਾ ਹੀ ਕੋਈ ਸਲਾਹ ਦੇਣੀ ਚਾਹੁੰਦਾ ਹੈ। ਅੱਜਕੱਲ੍ਹ ਚਲਾਕੀ ਦਾ ਜ਼ਮਾਨਾ ਹੈ, ਕੋਈ ਵੀ ਵਿਅਕਤੀ ਕਿਸੇ ਦੇ ਨਫ਼ੇ ਨੁਕਸਾਨ ਦਾ ਠੂਹਣਾ ਆਪਣੇ ਸਿਰ ਨਹੀਂ ਭੰਨਣਾ ਚਾਹੁੰਦਾ। ਘਰਾਂ ਵਿੱਚ ਵੀ ਅੱਜਕੱਲ੍ਹ ਬੱਚਿਆਂ ਵੱਲੋਂ ਸਲਾਹ ਮਸ਼ਵਰਾ ਕਰਨ ਦੀ ਰੀਤ ਤਾਂ ਅਲੋਪ ਹੋ ਹੀ ਰਹੀ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਆਪਣੇ ਵੱਡਿਆਂ ਉੱਤੇ ਆਪਣੀ ਮਰਜ਼ੀ ਥੋਪਦੇ ਨਜ਼ਰ ਆਉਂਦੇ ਹਨ। ਮੰਨਿਆ ਕਿ ਮੁਫ਼ਤ ਦੇ ਸਲਾਹਕਾਰ ਸਿਰ ਖਾਊ ਹੋ ਸਕਦੇ ਹਨ, ਪਰ ਵੱਡਿਆਂ ਦਾ ਮਾਣ ਵਧਾਉਣ ਲਈ ਉਨ੍ਹਾਂ ਨੂੰ ਮੁੱਖ ਰੱਖ ਕੇ ਸਲਾਹ ਮਸ਼ਵਰਾ ਕਰਦੇ ਰਹਿਣਾ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਸ ਲਈ ਇਸ ਰੀਤ ਨੂੰ ਬਚਾਉਣ ਲਈ ਘਰਾਂ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਘਰ ਦੇ ਛੋਟੇ ਮੋਟੇ ਕੰਮਾਂ ਲਈ ਸਮੇਂ ਸਮੇਂ ’ਤੇ ਸਾਰਾ ਪਰਿਵਾਰ ਇਕੱਠੇ ਬੈਠ ਕੇ ਆਪਸੀ ਸਲਾਹ ਮਸ਼ਵਰਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਵਿੱਚ ਵੀ ਘਰ ਵਿੱਚ ਹਰ ਕੰਮ ਕਰਨ ਲਈ ਸਲਾਹ ਮਸ਼ਵਰਾ ਕਰਨ ਦੀ ਆਦਤ ਪੱਕ ਜਾਵੇ। ਅੱਜਕੱਲ੍ਹ ਚਾਹੇ ਇਕਹਿਰੇ ਪਰਿਵਾਰਾਂ ਦਾ ਰੁਝਾਨ ਵੱਧ ਹੈ, ਪਰ ਜੇ ਇਹ ਅਭਿਆਸ ਵਾਰ ਵਾਰ ਘਰ ਵਿੱਚ ਹੁੰਦਾ ਰਹੇਗਾ ਤਾਂ ਵੱਡਿਆਂ ਤੋਂ ਸਲਾਹ ਮਸ਼ਵਰਾ ਕਰਨ ਦੀ ਰੀਤ ਨੂੰ ਅਸੀਂ ਹੋਰ ਕਾਫ਼ੀ ਸਮਾਂ ਚੱਲਦਾ ਰੱਖ ਸਕਾਂਗੇ।
ਸੰਪਰਕ: 99889-01324