DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਓ, ਜਿਊਣਾ ਸਿੱਖੀਏ

‘ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ। ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਊਂਦੇ ਹੋ ਜਾਂ ਨਹੀਂ।’ ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਹਨ। ਅਕਸਰ ਮਨੁੱਖ...

  • fb
  • twitter
  • whatsapp
  • whatsapp
Advertisement

‘ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ। ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਊਂਦੇ ਹੋ ਜਾਂ ਨਹੀਂ।’ ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਹਨ। ਅਕਸਰ ਮਨੁੱਖ ਆਪਣੀ ਪੂਰੀ ਜ਼ਿੰਦਗੀ ਭਵਿੱਖ ਦੀ ਚਿੰਤਾ, ਪਿਛਲੇ ਸਮੇਂ ਦੇ ਪਛਤਾਵਿਆਂ ਅਤੇ ਲੋਕਾਂ ਦੀਆਂ ਉਮੀਦਾਂ ਵਿੱਚ ਗੁਜ਼ਾਰ ਦਿੰਦਾ ਹੈ। ਉਹ ਇਹ ਭੁੱਲ ਜਾਂਦਾ ਹੈ ਕਿ ਅਸਲ ਜੀਵਨ ਤਾਂ ਇਸ ਮੌਜੂਦਾ ਪਲ ਵਿੱਚ ਹੈ। ਜਿਊਣਾ ਸਿਰਫ਼ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਪਲ ਨੂੰ ਮਹਿਸੂਸ ਕਰਨਾ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਅਤੇ ਖੁਸ਼ੀ ਨਾਲ ਜੀਵਨ ਬਤੀਤ ਕਰਨਾ ਹੀ ਅਸਲ ਜੀਵਨ ਹੈ।

ਅੱਜ ਦਾ ਮਨੁੱਖ ਬਹੁਤ ਰੁੱਝਿਆ ਹੋਇਆ ਹੈ। ਸਵੇਰ ਤੋਂ ਸ਼ਾਮ ਤੱਕ ਦੌੜ-ਭੱਜ, ਪੈਸੇ ਦੀ ਚਿੰਤਾ, ਸਮਾਜ ਵਿੱਚ ਆਪਣੀ ਪਛਾਣ ਬਣਾਉਣ ਦੀ ਹੋੜ, ਇਹ ਸਭ ਕੁਝ ਉਸ ਨੂੰ ਅੰਦਰੋਂ ਖਾਲੀ ਕਰ ਰਿਹਾ ਹੈ। ਬਹੁਤ ਲੋਕਾਂ ਕੋਲ ਵੱਡੇ ਘਰ, ਮਹਿੰਗੀਆਂ ਗੱਡੀਆਂ ਅਤੇ ਬੇਅੰਤ ਸਹੂਲਤਾਂ ਹਨ, ਪਰ ਮਨ ਦੀ ਸ਼ਾਂਤੀ ਨਹੀਂ। ਉਹ ਜੀਵਨ ਬਤੀਤ ਤਾਂ ਕਰ ਰਹੇ ਹਨ, ਪਰ ਜੀਅ ਨਹੀਂ ਰਹੇ। ਉਨ੍ਹਾਂ ਦੀ ਜ਼ਿੰਦਗੀ ਇੱਕ ਮਸ਼ੀਨ ਵਾਂਗ ਬਣ ਗਈ ਹੈ, ਜਿਸ ਵਿੱਚ ਭਾਵਨਾਵਾਂ, ਖੁਸ਼ੀਆਂ ਅਤੇ ਰਿਸ਼ਤਿਆਂ ਦੀ ਗਰਮੀ ਘਟਦੀ ਜਾ ਰਹੀ ਹੈ।

Advertisement

ਅਸਲ ਵਿੱਚ ਜਿਊਣਾ ਉਹ ਹੈ ਜਦੋਂ ਮਨੁੱਖ ਆਪਣੇ ਮਨ ਦੀ ਸੁਣਦਾ ਹੈ। ਜਦੋਂ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ਵਿੱਚ ਵੀ ਖੁਸ਼ ਰਹਿਣਾ ਸਿੱਖ ਲੈਂਦਾ ਹੈ। ਇੱਕ ਬੱਚੇ ਦੀ ਮੁਸਕਰਾਹਟ, ਮਾਪਿਆਂ ਦਾ ਪਿਆਰ, ਦੋਸਤਾਂ ਨਾਲ ਬਿਤਾਇਆ ਸਮਾਂ, ਕੁਦਰਤ ਦੀ ਖੂਬਸੂਰਤੀ, ਇਹ ਸਭ ਜੀਵਨ ਦੇ ਉਹ ਰੰਗ ਹਨ ਜੋ ਸਾਨੂੰ ਅਸਲ ਜਿਊਣ ਦਾ ਅਹਿਸਾਸ ਕਰਵਾਉਂਦੇ ਹਨ, ਪਰ ਅਫ਼ਸੋਸ, ਅੱਜ ਮਨੁੱਖ ਕੋਲ ਇਹ ਸਭ ਮਹਿਸੂਸ ਕਰਨ ਲਈ ਸਮਾਂ ਹੀ ਨਹੀਂ।

Advertisement

ਕਈ ਲੋਕ ਆਪਣੀ ਜ਼ਿੰਦਗੀ ‘ਕਦੇ’ ਦੇ ਇੰਤਜ਼ਾਰ ਵਿੱਚ ਗੁਜ਼ਾਰ ਦਿੰਦੇ ਹਨ। ਉਹ ਸੋਚਦੇ ਹਨ ਕਿ ਜਦੋਂ ਵਧੀਆ ਨੌਕਰੀ ਮਿਲੇਗੀ, ਫਿਰ ਖੁਸ਼ ਰਹਾਂਗੇ; ਜਦੋਂ ਪੈਸਾ ਹੋਵੇਗਾ, ਫਿਰ ਜੀਵਨ ਦਾ ਆਨੰਦ ਲਵਾਂਗੇ; ਜਦੋਂ ਸਮਾਂ ਮਿਲੇਗਾ, ਫਿਰ ਆਪਣੇ ਮਨ ਦੀਆਂ ਗੱਲਾਂ ਕਰਾਂਗੇ, ਪਰ ਇਹ ‘ਕਦੇ’ ਕਦੇ ਨਹੀਂ ਆਉਂਦਾ। ਸਮਾਂ ਚੁੱਪਚਾਪ ਲੰਘ ਜਾਂਦਾ ਹੈ ਅਤੇ ਮਨੁੱਖ ਦੇ ਹੱਥਾਂ ਵਿੱਚ ਸਿਰਫ਼ ਪਛਤਾਵੇ ਰਹਿ ਜਾਂਦੇ ਹਨ। ਇਸ ਲਈ ਜੀਵਨ ਨੂੰ ਕੱਲ੍ਹ ਲਈ ਨਹੀਂ ਛੱਡਣਾ ਚਾਹੀਦਾ। ਜੋ ਖੁਸ਼ੀ ਅੱਜ ਮਿਲ ਸਕਦੀ ਹੈ, ਉਸ ਨੂੰ ਅੱਜ ਹੀ ਮਹਿਸੂਸ ਕਰਨਾ ਚਾਹੀਦਾ ਹੈ।

ਮੌਤ ਜੀਵਨ ਦਾ ਅਟੱਲ ਸੱਚ ਹੈ। ਜੋ ਇਸ ਦੁਨੀਆ ਵਿੱਚ ਆਇਆ ਹੈ, ਉਸ ਨੇ ਇੱਕ ਦਿਨ ਜਾਣਾ ਵੀ ਹੈ, ਪਰ ਮਹੱਤਵਪੂਰਨ ਗੱਲ ਇਹ ਨਹੀਂ ਕਿ ਅਸੀਂ ਕਿੰਨਾ ਲੰਮਾ ਜੀਏ, ਸਗੋਂ ਇਹ ਹੈ ਕਿ ਅਸੀਂ ਕਿਵੇਂ ਜੀਏ। ਕੁਝ ਲੋਕ ਛੋਟੀ ਉਮਰ ਵਿੱਚ ਵੀ ਅਜਿਹਾ ਜੀਵਨ ਜੀ ਜਾਂਦੇ ਹਨ ਕਿ ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਜਿਊਂਦੇ ਰਹਿੰਦੇ ਹਨ। ਦੂਜੇ ਪਾਸੇ ਕਈ ਲੋਕ ਲੰਮੀ ਉਮਰ ਬਤੀਤ ਕਰਕੇ ਵੀ ਕੋਈ ਅਸਰ ਨਹੀਂ ਛੱਡਦੇ। ਇਸ ਲਈ ਜੀਵਨ ਦੀ ਕਦਰ ਉਸ ਦੀ ਲੰਬਾਈ ਨਾਲ ਨਹੀਂ, ਉਸ ਦੀ ਗਹਿਰਾਈ ਨਾਲ ਹੁੰਦੀ ਹੈ।

ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਬਹੁਤ ਖੋ ਗਈ ਹੈ। ਲੋਕ ਆਪਣੀ ਅਸਲੀ ਖੁਸ਼ੀ ਤੋਂ ਵੱਧ ਦਿਖਾਵੇ ਨੂੰ ਮਹੱਤਵ ਦੇ ਰਹੇ ਹਨ। ਹਰ ਕੋਈ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਲੱਗਾ ਹੋਇਆ ਹੈ। ਇਸ ਦੌੜ ਵਿੱਚ ਉਹ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਣਾ ਛੱਡ ਦਿੰਦਾ ਹੈ, ਤਦ ਉਹ ਜਿਊਣਾ ਵੀ ਛੱਡ ਦਿੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਸਮਾਂ ਆਪਣੇ ਲਈ ਵੀ ਕੱਢੀਏ, ਆਪਣੇ ਮਨ ਨਾਲ ਗੱਲਾਂ ਕਰੀਏ ਅਤੇ ਉਹ ਕੰਮ ਕਰੀਏ ਜੋ ਸਾਨੂੰ ਅਸਲ ਖੁਸ਼ੀ ਦਿੰਦੇ ਹਨ।

ਜੀਵਨ ਦਾ ਮਤਲਬ ਸਿਰਫ਼ ਆਪਣੀਆਂ ਖ਼ੁਸ਼ੀਆਂ ਤੱਕ ਸੀਮਤ ਨਹੀਂ। ਦੂਜਿਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣਾ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦੁਖੀ ਮਨੁੱਖ ਨੂੰ ਹੌਸਲਾ ਦਿੰਦੇ ਹਾਂ ਜਾਂ ਕਿਸੇ ਦੇ ਜੀਵਨ ਵਿੱਚ ਚਾਨਣ ਬਣਦੇ ਹਾਂ, ਤਦ ਅਸੀਂ ਅਸਲ ਮਾਅਨੇ ਵਿੱਚ ਜੀ ਰਹੇ ਹੁੰਦੇ ਹਾਂ। ਮਨੁੱਖਤਾ, ਪਿਆਰ ਅਤੇ ਸਹਿਯੋਗ ਹੀ ਜੀਵਨ ਨੂੰ ਸੁੰਦਰ ਬਣਾਉਂਦੇ ਹਨ।

ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜੀਵਨ ਬਹੁਤ ਕੀਮਤੀ ਹੈ। ਇਹ ਸਿਰਫ਼ ਕੱਟਣ ਲਈ ਨਹੀਂ, ਸਗੋਂ ਖੁੱਲ੍ਹ ਕੇ ਜਿਊਣ ਲਈ ਮਿਲਿਆ ਹੈ। ਮੌਤ ਤੋਂ ਬਾਅਦ ਕੀ ਹੋਵੇਗਾ, ਇਹ ਕਿਸੇ ਨੂੰ ਪਤਾ ਨਹੀਂ, ਪਰ ਮੌਤ ਤੋਂ ਪਹਿਲਾਂ ਦਾ ਹਰ ਪਲ ਸਾਡੇ ਹੱਥ ਵਿੱਚ ਹੈ। ਇਸ ਲਈ ਡਰ, ਚਿੰਤਾ ਅਤੇ ਨਫ਼ਰਤ ਵਿੱਚ ਜੀਵਨ ਗੁਜ਼ਾਰਨ ਦੀ ਬਜਾਏ ਪਿਆਰ, ਖੁਸ਼ੀ ਅਤੇ ਉਮੀਦ ਨਾਲ ਜਿਉਣਾ ਚਾਹੀਦਾ ਹੈ ਕਿਉਂਕਿ ਅਸਲ ਸਫਲਤਾ ਇਹ ਨਹੀਂ ਕਿ ਅਸੀਂ ਕਿੰਨਾ ਕਮਾਇਆ, ਸਗੋਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਮਹਿਸੂਸ ਕੀਤਾ।

ਸੰਪਰਕ: 79860-27454

Advertisement
×