DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਠੰਢੀ ਠੰਢੀ ਆਈਸਕਰੀਮ

ਗਰਮੀ ਦੀਆਂ ਛੁੱਟੀਆਂ ਵਿੱਚ ਜਦੋਂ ਵੀ ਚਿੰਟੂ ਨੂੰ ਗਲੀ ਵਿੱਚ ਆਈਸਕਰੀਮ ਵਾਲੇ ਦੀ ਆਵਾਜ਼ ਸੁਣਾਈ ਦਿੰਦੀ, ਉਹ ਆਪਣੇ ਗੁੱਲਕ ਵਿੱਚ ਇਕੱਠੇ ਕੀਤੇ ਪੈਸਿਆਂ ਵਿੱਚੋਂ ਕੁਲਫ਼ੀ ਲਈ ਪੈਸੇ ਕੱਢਦਾ ਤੇ ਕੁਲਫ਼ੀ ਲੈ ਕੇ ਖਾਂਦਾ। ਕਦੇ ਕਦਾਈਂ ਉਹ ਆਈਸਕਰੀਮ ਵਾਲੀ ਕੋਨ ਵੀ...

  • fb
  • twitter
  • whatsapp
  • whatsapp
Advertisement

ਗਰਮੀ ਦੀਆਂ ਛੁੱਟੀਆਂ ਵਿੱਚ ਜਦੋਂ ਵੀ ਚਿੰਟੂ ਨੂੰ ਗਲੀ ਵਿੱਚ ਆਈਸਕਰੀਮ ਵਾਲੇ ਦੀ ਆਵਾਜ਼ ਸੁਣਾਈ ਦਿੰਦੀ, ਉਹ ਆਪਣੇ ਗੁੱਲਕ ਵਿੱਚ ਇਕੱਠੇ ਕੀਤੇ ਪੈਸਿਆਂ ਵਿੱਚੋਂ ਕੁਲਫ਼ੀ ਲਈ ਪੈਸੇ ਕੱਢਦਾ ਤੇ ਕੁਲਫ਼ੀ ਲੈ ਕੇ ਖਾਂਦਾ। ਕਦੇ ਕਦਾਈਂ ਉਹ ਆਈਸਕਰੀਮ ਵਾਲੀ ਕੋਨ ਵੀ ਭਰਵਾ ਕੇ ਖਾਂਦਾ ਸੀ। ਉਸ ਦੀ ਵੱਡੀ ਭੈਣ ਰੇਨੂੰ ਨੇ ਇੱਕ ਦਿਨ ਚਿੰਟੂ ਨੂੰ ਸਮਝਾਇਆ ਕਿ ਉਹ ਜਿਸ ਰੇਹੜੀ ਵਾਲੇ ਕੋਲੋਂ ਕੁਲਫ਼ੀ ਲੈ ਕੇ ਖਾਂਦਾ ਹੈ, ਉਹ ਆਪਣੀ ਰੇਹੜੀ ’ਤੇ ਸਾਫ਼ ਸਫ਼ਾਈ ਨਹੀਂ ਰੱਖਦਾ। ਉਸ ਨੇ ਇੱਕ-ਦੋ ਵਾਰ ਉਸ ਕੋਲੋਂ ਕੁਲਫ਼ੀ ਖਾਧੀ ਸੀ, ਇਸ ਲਈ ਉਸ ਨੇ ਇਹ ਆਪਣੇ ਅੱਖੀਂ ਦੇਖਿਆ ਹੈ। ਤਦੇ ਤਾਂ ਉਹ ਕਦੇ ਉਸ ਕੋਲੋਂ ਕੁਲਫ਼ੀ ਨਹੀਂ ਖਾਂਦੀ। ਉਸ ਨੂੰ ਵੀ ਉਸ ਕੁਲਫ਼ੀ ਵਾਲੇ ਤੋਂ ਕੁਲਫ਼ੀ ਨਹੀਂ ਖਾਣੀ ਚਾਹੀਦੀ। ਇਸ ਨਾਲ ਉਹ ਬਿਮਾਰ ਹੋ ਸਕਦਾ ਹੈ, ਪਰ ਚਿੰਟੂ ਕਿੱਥੇ ਮੰਨਣ ਵਾਲਾ ਸੀ ? ਉਹ ਆਪਣੀ ਭੈਣ ਦੀ ਗੱਲ ਨੂੰ ਅਣਸੁਣਿਆ ਕਰ ਦਿੰਦਾ।

ਇੱਕ ਦਿਨ ਚਿੰਟੂ ਬਿਮਾਰ ਹੋ ਗਿਆ। ਡਾਕਟਰ ਨੇ ਵੀ ਚਿੰਟੂ ਨੂੰ ਸਮਝਾਇਆ ਕਿ ਉਸ ਨੂੰ ਬਾਹਰਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਰੇਨੂੰ ਨੇ ਜਦੋਂ ਡਾਕਟਰ ਸਾਬ੍ਹ ਨੂੰ ਸੱਚਾਈ ਦੱਸੀ ਕਿ ਚਿੰਟੂ ਗੰਦੀਆਂ ਮੰਦੀਆਂ ਰੇਹੜੀਆਂ ਤੋਂ ਚੀਜ਼ਾਂ ਖਾਂਦਾ ਹੈ ਤਾਂ ਚਿੰਟੂ ਰੇਨੂੰ ਨਾਲ ਨਾਰਾਜ਼ ਹੋ ਗਿਆ ਕਿ ਉਸ ਨੇ ਡਾਕਟਰ ਕੋਲ ਉਸ ਦੀ ਸ਼ਿਕਾਇਤ ਕਿਉਂ ਕੀਤੀ।

Advertisement

ਚਿੰਟੂ ਦੇ ਪਾਪਾ ਵੀ ਇਹ ਸੁਣ ਚੁੱਕੇ ਸਨ, ਪਰ ਉਨ੍ਹਾਂ ਨੇ ਚਿੰਟੂ ਨੂੰ ਨਾ ਡਾਂਟਿਆ ਤੇ ਨਾ ਹੀ ਕੁਝ ਸਮਝਾਇਆ। ਉਹ ਜਾਣਦੇ ਸਨ ਕਿ ਚਿੰਟੂ ਜ਼ਿੱਦੀ ਹੈ। ਸਮਝਾਏ ’ਤੇ ਨਹੀਂ ਸਮਝੇਗਾ। ਰੇਨੂੰ ਵੀ ਉਸ ਪਲ ਕੁਝ ਹੈਰਾਨ ਸੀ ਕਿ ਪਾਪਾ ਨੇ ਚਿੰਟੂ ਨੂੰ ਸਮਝਾਇਆ ਕਿਉਂ ਨਹੀਂ ?

Advertisement

ਫਿਰ ਚਿੰਟੂ ਠੀਕ ਹੋਇਆ ਤਾਂ ਉਹ ਆਪਣੇ ਪਾਪਾ ਨੂੰ ਆਖਣ ਲੱਗਾ, ‘‘ਪਾਪਾ, ਤੁਸੀਂ ਕਹਿੰਦੇ ਸੀ ਜਦੋਂ ਮੈਂ ਠੀਕ ਹੋ ਗਿਆ ਤਾਂ ਮੈਨੂੰ ਬਾਜ਼ਾਰ ਘੁਮਾ ਕੇ ਲਿਆਓਗੇ। ਹੁਣ ਮੈਂ ਠੀਕ ਹਾਂ। ਚਲੋ ਬਾਜ਼ਾਰ ਚੱਲੀਏ...ਮੇਰਾ ਮਨ ਵੀ ਠੀਕ ਹੋ ਜਾਵੇਗਾ।’’

ਕੁਝ ਦੇਰ ਬਾਅਦ ਉਸ ਦੇ ਪਾਪਾ ਉਸ ਨੂੰ ਲੈ ਕੇ ਬਾਜ਼ਾਰ ਲਈ ਚੱਲ ਪਏ। ਰਸਤੇ ਵਿੱਚ ਉਸ ਦੇ ਪਾਪਾ ਉਸ ਨੂੰ ਇੱਕ ਵੱਡੀ ਫੈਕਟਰੀ ਵਿੱਚ ਲੈ ਗਏ। ਚਿੰਟੂ ਨੇ ਸਵਾਲ ਕੀਤਾ, ‘‘ਪਾਪਾ ਇਹ ਕਿੱਥੇ ਆ ਗਏ ਆਪਾਂ...?’’

‘‘ਮੈਨੂੰ ਆਪਣੇ ਇੱਕ ਦੋਸਤ ਕੋਲ ਕੋਈ ਕੰਮ ਐ। ਫਿਰ ਚੱਲਦੇ ਆਂ। ਉਹ ਇੱਥੇ ਹੀ ਕੰਮ ਕਰਦਾ ਹੈ।’’ ਉਸ ਦੇ ਪਾਪਾ ਨੇ ਕਿਹਾ ਤੇ ਫਿਰ ਦੋਵੇਂ ਇੱਕ ਵੱਡੇ ਹਾਲ ਕਮਰੇ ਵਿੱਚ ਗਏ। ਜਿੱਥੇ ਵੱਡੇ-ਵੱਡੇ ਦੁੱਧ ਦੇ ਭਰੇ ਟੱਬਾਂ ਵਿੱਚ ਕੁਝ ਆਦਮੀ ਤਰ੍ਹਾਂ-ਤਰ੍ਹਾਂ ਦੇ ਰੰਗ ਮਿਲਾ ਰਹੇ ਸਨ। ਚਿੰਟੂ ਉਨ੍ਹਾਂ ਨੂੰ ਧਿਆਨ ਨਾਲ ਦੇਖਣ ਲੱਗਾ। ਚਿੰਟੂ ਨੇ ਦੇਖਿਆ ਕਿ ਕੁਝ ਦੁੱਧ ਵਾਲੇ ਟੱਬਾਂ ਵਿੱਚ ਮੱਖੀਆਂ ਡਿੱਗੀਆਂ ਪਈਆਂ ਸਨ ਤੇ ਕੁਝ ਆਲੇ ਦੁਆਲੇ ਮੰਡਰਾ ਰਹੀਆਂ ਸਨ। ਇੱਕ ਆਦਮੀ ਵੱਡੀ ਜਾਲੀ ਨਾਲ ਮੱਖੀਆਂ ਨੂੰ ਦੁੱਧ ਵਿੱਚੋਂ ਬਾਹਰ ਕੱਢ ਰਿਹਾ ਸੀ। ਚਿੰਟੂ ਦੇ ਪਾਪਾ ਨੇ ਚਿੰਟੂ ਵੱਲ ਦੇਖਿਆ ਕਿ ਉਹ ਘ੍ਰਿਣਾ ਨਾਲ ਇਹ ਸਭ ਕੁਝ ਦੇਖ ਰਿਹਾ ਸੀ। ਚਿੰਟੂ ਨੇ ਇਹ ਵੀ ਦੇਖਿਆ ਕਿ ਇੱਕ ਆਦਮੀ ਨੇ ਆਪਣੇ ਹੱਥ ਸਾਫ਼ ਨਹੀਂ ਸੀ ਕੀਤੇ ਤੇ ਉਹ ਦੁੱਧ ਵਿੱਚ ਕੁਝ ਮਿਲਾ ਰਿਹਾ ਸੀ। ਫਿਰ ਉਸ ਨੇ ਆਪਣੇ ਹੱਥ ਗੰਦੇ ਕੱਪੜੇ ਨਾਲ ਸਾਫ਼ ਕੀਤੇ ਤੇ ਇੱਕ ਹੋਰ ਚੀਜ਼ ਉਨ੍ਹਾਂ ਹੀ ਹੱਥਾਂ ਨਾਲ ਦੂਜੇ ਟੱਬ ਵਿੱਚ ਘੋਲਣ ਲੱਗਾ। ਹੁਣ ਤੱਕ ਚਿੰਟੂ ਵੀ ਸਮਝ ਗਿਆ ਸੀ ਕਿ ਇਹ ਆਈਸਕਰੀਮ ਦੀ ਫੈਕਟਰੀ ਹੈ।

‘‘ਵੇਖਿਆ ਚਿੰਟੂ, ਮੈਂ ਤੈਨੂੰ ਇਸੇ ਲਈ ਇੱਥੇ ਲੈ ਕੇ ਆਇਆ ਹਾਂ। ਰੇਹੜੀਆਂ ’ਤੇ ਵਿਕਣ ਵਾਲੀ ਕੁਲਫ਼ੀ ਤੇ ਆਈਸਕਰੀਮ ਕਿਵੇਂ ਤਿਆਰ ਹੁੰਦੀ ਹੈ, ਇਹੋ ਤੈਨੂੰ ਵਿਖਾਉਣਾ ਸੀ।’’ ਚਿੰਟੂ ਦੇ ਪਾਪਾ ਨੇ ਚਿੰਟੂ ਦੇ ਮਨ ਵਿੱਚ ਉੱਠ ਰਹੇ ਸਵਾਲ ਨੂੰ ਭਾਂਪਦਿਆਂ ਪਹਿਲਾਂ ਹੀ ਉਸ ਦਾ ਜਵਾਬ ਦੇ ਦਿੱਤਾ।

‘‘ਸਹੀ ਗੱਲ ਐ ਪਾਪਾ, ਰੇਨੂੰ ਦੀਦੀ ਠੀਕ ਕਹਿੰਦੀ ਸੀ। ਸਾਡੇ ਕੋਲ ਜਿਹੜੇ ਕੁਲਫ਼ੀ ਵਾਲੇ ਕੁਲਫ਼ੀ ਵੇਚਣ ਆਉਂਦੇ ਹਨ, ਉਹ ਸਾਨੂੰ ਮੱਖੀਆਂ ਵਾਲੀ ਤੇ ਬਿਨਾਂ ਹੱਥ ਧੋਤੇ ਬਣਾਈਆਂ ਕੁਲਫ਼ੀਆਂ ਖੁਆਉਂਦੇ ਨੇ, ਜਿਸ ਕਾਰਨ ਹੀ ਮੈਂ ਵੀ ਬਿਮਾਰ ਹੋ ਗਿਆ ਸੀ। ਮੈਨੂੰ ਤਾਂ ਅੱਜ ਸੱਚਾਈ ਪਤਾ ਲੱਗ ਗਈ। ਮੈਂ ਹੁਣ ਕਦੇ ਵੀ ਰੇਹੜੀ ਵਾਲੀ ਕੁਲਫ਼ੀ ਨਹੀਂ ਖਾਵਾਂਗਾ।’’

ਚਿੰਟੂ ਦੇ ਪਾਪਾ ਇਸੇ ਉਡੀਕ ਵਿੱਚ ਸਨ ਕਿ ਚਿੰਟੂ ਨੂੰ ਅਹਿਸਾਸ ਹੋਵੇ ਤੇ ਉਹ ਆਪ ਹੀ ਇਸ ਬਾਰੇ ਗੱਲ ਕਰੇ। ਹੁਣ ਚਿੰਟੂ ਨੇ ਰੇਹੜੀਆਂ ਤੋਂ ਚੀਜ਼ਾਂ ਲੈ ਕੇ ਖਾਣਾ ਬੰਦ ਕਰ ਦਿੱਤਾ ਸੀ। ਇਹ ਵੇਖ ਰੇਨੂੰ ਤੇ ਉਸ ਦੇ ਮੰਮੀ ਵੀ ਖੁਸ਼ ਸਨ।

ਸਕੂਲ ਖੁੱਲ੍ਹ ਗਏ ਸਨ। ਚਿੰਟੂ ਸਕੂਲ ਚਲਾ ਗਿਆ ਸੀ। ਦੁਪਹਿਰ ਸਮੇਂ ਜਦੋਂ ਉਹ ਘਰ ਆਇਆ ਤਾਂ ਆਪਣਾ ਬਸਤਾ ਇੱਕ ਪਾਸੇ ਰੱਖ ਕੇ ਫਰਿੱਜ ਵੱਲ ਪਾਣੀ ਪੀਣ ਲਈ ਵਧਿਆ।

‘‘ਚਿੰਟੂ, ਫਰੀਜ਼ਰ ਖੋਲ੍ਹ ਕੇ ਦੇਖ, ਤੇਰੇ ਲਈ ਕੁਝ ਰੱਖਿਆ ਹੈ।’’ ਤਦੇ ਚਿੰਟੂ ਦੇ ਪਿੱਛੇ ਆ ਖੜ੍ਹੀ ਉਸ ਦੀ ਭੈਣ ਨੇ ਕਿਹਾ।

ਜਿਵੇਂ ਹੀ ਚਿੰਟੂ ਨੇ ਫਰੀਜ਼ਰ ਖੋਲ੍ਹਿਆ ਤਾਂ ਉਸ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਫਰੀਜ਼ਰ ਵਿੱਚ ਇੱਕ ਬਰਤਨ ਵਿੱਚ ਖੂਬ ਸਾਰੀ ਆਈਸਕਰੀਮ ਪਈ ਸੀ।

ਉਸ ਨੇ ਇੱਕ ਨਜ਼ਰ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੇ ਮੰਮੀ ਤੇ ਉਸ ਦੀ ਭੈਣ ਉਸ ਵੱਲ ਵੇਖ ਕੇ ਮੁਸਕਰਾ ਰਹੇ ਸਨ। ਜਿਨ੍ਹਾਂ ਨੇ ਚਿੰਟੂ ਲਈ ਖਾਸ ਤੌਰ ’ਤੇ ਆਈਸਕਰੀਮ ਤਿਆਰ ਕੀਤੀ ਸੀ। ਚਿੰਟੂ ਨੇ ਜੀਅ ਭਰ ਕੇ ਆਈਸਕਰੀਮ ਖਾਧੀ ਤੇ ਆਪਣੀ ਦੀਦੀ ਤੇ ਮੰਮੀ ਨੂੰ ਧੰਨਵਾਦ ਆਖਦਿਆਂ ਬੋਲਿਆ, ‘‘ਮਜ਼ਾ ਆ ਗਿਆ... ਅੱਜ ਮੇਰਾ ਮਨ ਆਈਸਕਰੀਮ ਖਾਣ ਦਾ ਸੀ। ਤੁਸੀਂ ਤਾਂ ਮੇਰੀ ਆਈਸਕਰੀਮ ਖਾਣ ਦੀ ਤਮੰਨਾ ਪੂਰੀ ਕਰ ਦਿੱਤੀ...ਠੰਢੀ ਠੰਢੀ ਆਈਸਕਰੀਮ।’’

ਸੰਪਰਕ: 98723-25960

Advertisement
×