ਸੁਰਜੀਤ ਜੱਸਲ
ਵਕਤ ਦੇ ਨਾਲ-ਨਾਲ ਸਿਨਮਾ ਤਕਨੀਕ ਵਿੱਚ ਨਵੇਂ-ਨਵੇਂ ਤਜਰਬੇ ਹੁੰਦੇ ਗਏ ਤੇ ਅੱਜ ਮਨੋਰੰਜਨ ਦਾ ਇਹ ਸੰਸਾਰ ਸਿਨਮਾ ਹਾਲ ਤੋਂ ਟੈਲੀਵਿਜ਼ਨ, ਵੀਸੀਆਰ, ਸੀਡੀ, ਡੀਵੀਡੀ ਤੋਂ ਹੁੰਦਾ ਹੋਇਆ ਓਟੀਟੀ (ਓਵਰ ਦਿ ਟੌਪ) ’ਤੇ ਆ ਗਿਆ ਹੈ।
ਸਿਨਮਾ ਮਨੋਰੰਜਨ ਦਾ ਅਹਿਮ ਸਾਧਨ ਰਿਹਾ ਹੈ, ਜਿਸ ਨੂੰ ਪਹਿਲੇ ਜ਼ਮਾਨੇ ਦੇ ਲੋਕ ‘ਖੇਲ’ ਕਹਿੰਦੇ ਸੀ। ਪਹਿਲੀ ਬੋਲਦੀ ਫ਼ਿਲਮ ‘ਆਲਮ ਆਰਾ’ ਤੋਂ ਬਾਅਦ ਸਿਨਮਾ ਨੇ ਮਨੋਰੰਜਨ ਨੂੰ ਹੋਰ ਸੁਆਦਲਾ ਬਣਾ ਦਿੱਤਾ। ਸਿਨਮਾ ਤਕਨੀਕ ਨੇ ਤਰੱਕੀ ਕੀਤੀ ਤਾਂ ‘ਕਾਲੀਆਂ-ਚਿੱਟੀਆਂ’ ਫ਼ਿਲਮਾਂ ਵਿੱਚ ਰੰਗਾਂ ਦੇ ਜਾਦੂ ਨੇ ਤਾਂ ਕਮਾਲ ਹੀ ਕਰ ਦਿੱਤਾ।
ਹਿੰਦੀ ਦੇ ਨਾਲ ਨਾਲ ਪੰਜਾਬੀ ਜ਼ੁਬਾਨ ਦੀਆਂ ਫ਼ਿਲਮਾਂ ਨੇ ਵੀ ਪੈਰ ਪਸਾਰਨੇ ਸ਼ੁਰੂ ਕੀਤੇ। ਇਹ 1970-75 ਦਾ ਦੌਰ ਸੀ। ਪੰਜਾਬ ਦੀ ਗੱਲ ਕਰੀਏ ਦਾਂ ਸਿਰਫ਼ ਪ੍ਰਮੁੱਖ ਸ਼ਹਿਰਾਂ ਦੇ ਸਿਨਮਿਆਂ ਵਿੱਚ ਹੀ ਤਾਜ਼ਾ ਰਿਲੀਜ਼ ਫ਼ਿਲਮ ਪਹਿਲਾਂ ਲੱਗਦੀ ਹੈ। ਛੋਟੇ ਸ਼ਹਿਰਾਂ ਜਾਂ ਕਸਬਿਆਂ ’ਚ ਬਣੇ ਸਿਨਮਾ ਮਾਲਕ ਉਸ ਫ਼ਿਲਮ ਨੂੰ ਦੋ ਚਾਰ ਮਹੀਨੇ ਬਾਅਦ ਲਾਉਂਦੇ ਸਨ। ਉਦੋਂ ਫ਼ਿਲਮ ਵਿਖਾਉਣ ਦੀ ਤਕਨੀਕ ਪੁਰਾਣੀ ਸੀ। ਨੈਗੇਟਿਵ ਰੀਲ੍ਹਾਂ ’ਤੇ ਫ਼ਿਲਮ ਦੇ ਦ੍ਰਿਸ਼ ਅਤੇ ਆਵਾਜ਼ ਭਰੀ ਹੁੰਦੀ ਸੀ ਜੋ ਪ੍ਰਾਜੈਕਟਰ ਮਸ਼ੀਨਾਂ ਦੇ ਲੈਨਜ਼ ਰਾਹੀਂ ਵੱਡੀ ਕਰਕੇ ਪਰਦੇ ’ਤੇ ਵਿਖਾਈ ਜਾਂਦੀ ਸੀ। ਇਹ ਨੈਗੇਟਿਵ ਰੀਲ੍ਹਾਂ ਨੂੰ ਗੋਲ ਚਰਖੜੀਆਂ ’ਤੇ ਪੁੱਠਾ ਚਲਾਇਆ ਜਾਂਦਾ ਸੀ, ਤਸਵੀਰ ਲੈਨਜ਼ ਰਾਹੀਂ ਸਿੱਧੀ ਹੋ ਕੇ ਪਰਦੇ ’ਤੇ ਚੱਲਦੀ ਸੀ। ਇਨ੍ਹਾਂ ਰੀਲ੍ਹਾਂ ਦੀ ਗਿਣਤੀ 16 ਜਾਂ 18 ਹੁੰਦੀ ਸੀ। ਫ਼ਿਲਮ ਢਾਈ ਤੋਂ ਤਿੰਨ ਘੰਟਿਆਂ ਦੀ ਹੁੰਦੀ ਸੀ। ਇਹ ਨੈਗੇਟਿਵ ਈਸਟਮੈਨ ਜਾਂ ਫੂਜੀ ਕਲਰ ਕੰਪਨੀ ਦੇ ਹੁੰਦੇ ਸਨ। ਪੰਜਾਬ ਵਿੱਚ ਮੰਡੀ ਰੋਡ ਜਲੰਧਰ ਫ਼ਿਲਮ ਕੰਪਨੀਆਂ ਦੇ ਦਫ਼ਤਰ ਹੁੰਦੇ ਸਨ ਜੋ ਬੰਬੇ ਤੋਂ ਫ਼ਿਲਮ ਖ਼ਰੀਦ ਕੇ ਅੱਗੇ ਸਿਨਮਾ ਘਰਾਂ ਨੂੰ ਹਫ਼ਤੇ ਮੁਤਾਬਕ ਕਿਰਾਏ ’ਤੇ ਚਲਾਉਣ ਲਈ ਦਿੰਦੇ ਸਨ। ਵੱਡੇ
ਸਿਨਮਾ ਵਾਲੇ ਫ਼ਿਲਮ ਦੇ ਰਿਲੀਜ਼ ਹੋਣ ’ਤੇ ਹੀ ਮਹਿੰਗੇ ਭਾਅ ਫ਼ਿਲਮ ਲੈ ਲੈਂਦੇ ਸਨ ਜਦੋਂਕਿ ਛੋਟੇ ਸ਼ਹਿਰਾਂ ਦੇ ਸਿਨਮਿਆਂ ਵਿੱਚ ਇਹ ਫ਼ਿਲਮ ਬਾਅਦ ਵਿੱਚ ਕਿਰਾਇਆ ਘਟ ਜਾਣ ’ਤੇ ਹੀ ਵਿਖਾਈ ਜਾਂਦੀ। ਇੱਕ ਫ਼ਿਲਮ 6-7 ਭਾਗਾਂ ਵਿੱਚ ਇੱਕ ਲੋਹੇ ਦੇ ਸੰਦੂਕ ਵਿੱਚ ਫ਼ਿਲਮ ਦੇ ਪੋਸਟਰ ਸਮੇਤ ਬੱਸ ਜਾਂ ਟਰੇਨ ਰਾਹੀਂ ਬੁੱਕ ਕਰਕੇ ਸਬੰਧਤ ਸਿਨਮਾ ਵਾਲੇ ਸ਼ਹਿਰ ਵਿੱਚ ਬੁੱਧਵਾਰ ਨੂੰ ਪੁੱਜ ਜਾਂਦੀ ਸੀ ਤੇ ਅਗਲੇ ਦਿਨ ਸ਼ਹਿਰ ਵਿੱਚ ਪੋਸਟਰ ਲਾ ਕੇ ਸ਼ੁੱਕਰਵਾਰ ਵਿਖਾਈ ਜਾਂਦੀ ਸੀ। ਇਸ ਦੇ ਨਾਲ ਹੀ ਫ਼ਿਲਮ ਦੇ ਨਾਲ ਸਬੰਧਤ ਦ੍ਰਿਸ਼ਾਂ ਦੀਆਂ ਕਾਪੀਆਂ ਸਿਨਮਾ ਘਰਾਂ ਦੇ ਸੁਆਗਤੀ ਹਾਲ ’ਤੇ ਲਗਾਈਆਂ ਜਾਂਦੀਆਂ ਸਨ। ਦਰਸ਼ਕ ਇਹ ਕਾਪੀਆਂ ਵੇਖ ਕੇ ਫ਼ਿਲਮ ਵੇਖਣ ਪ੍ਰਤੀ ਉਤਸੁਕ ਹੁੰਦੇ ਸਨ। ਉਨ੍ਹਾਂ ਸਮਿਆਂ ਵਿੱਚ ਸਿਨਮਾ ਘਰਾਂ ਦੇ ਹਾਲ ਦੀਆਂ ਦਰਸ਼ਕਾਂ ਲਈ ਮੂਹਰਲੀਆਂ ਸੀਟਾਂ, ਵਿਚਲੀਆਂ ਤੇ ਬਾਲਕੌਨੀ ’ਤੇ ਬਾਕਸ ਹੁੰਦੇ ਸਨ ਜਿਨ੍ਹਾਂ ਦਾ ਟਿਕਟ ਰੇਟ ਵੱਖਰਾ ਵੱਖਰਾ ਹੁੰਦਾ ਸੀ।
ਸਿਨਮਾ ਪ੍ਰੋਜੈਕਟਰ ਦੀ ਆਰਕ ਲਾਈਟ (ਕਾਰਬਨ ਰਾਡਾਂ ਦੀ ਸਿਲਾਈ) ਬਹੁਤ ਤੇਜ਼ ਹੁੰਦੀ ਸੀ ਜੋ ਅੱਖਾਂ ’ਤੇ ਬਹੁਤ ਅਸਰ ਕਰਦੀ ਸੀ। ਇਸ ਕਰਕੇ ਬਹੁਤੇ ਦਰਸ਼ਕ ਮਹਿੰਗੀ ਟਿਕਟ ਲੈ ਕੇ ਬਾਲਕੋਨੀ ਵਿੱਚ ਬੈਠਣਾ ਪਸੰਦ ਕਰਦੇ ਸਨ। ਟਿਕਟ ਰੇਟ 2 ਤੋਂ 5 ਰੁਪਏ ਦੇ ਵਿਚਕਾਰ ਹੁੰਦਾ ਸੀ। ਸਰਕਾਰ ਵੱਲੋਂ ਟੈਕਸ ਮੁਆਫ਼ ਫ਼ਿਲਮਾਂ ਇੱਕ ਜਾਂ ਡੇਢ ਰੁਪਏ ਵਿੱਚ ਹੀ ਵਿਖਾਈਆਂ ਜਾਂਦੀਆਂ ਸਨ। ਇਹ ਫ਼ਿਲਮਾਂ ਜ਼ਿਆਦਾਤਰ ਸਕੂਲੀ ਬੱਚਿਆਂ ਲਈ ਹੀ ਹੁੰਦੀਆਂ ਸਨ। ਉਸ ਸਮੇਂ ਵੱਡੇ ਕਲਾਕਾਰਾਂ ਦੀਆਂ ਸਾਲ ਵਿੱਚ ਇੱਕ ਦੋ ਫ਼ਿਲਮਾਂ ਹੀ ਰਿਲੀਜ਼ ਹੁੰਦੀਆਂ ਸਨ ਤੇ ਕਈ ਕਈ ਹਫ਼ਤੇ ਸਿਨਮਾ ਘਰਾਂ ਵਿੱਚ ਚੱਲਦੀਆਂ। ਕਈ ਫ਼ਿਲਮਾਂ ਵੱਡੀਆਂ ਹੁੰਦੀਆਂ ਸਨ ਜਿਨ੍ਹਾਂ ਵਿੱਚ ਦੋ ਵਾਰ ਇੰਟਰਵਲ ਹੁੰਦਾ ਸੀ।
ਦੀਵਾਲੀ, ਦੁਸਹਿਰਾ ਜਾਂ ਹੋਰ ਮੇਲਿਆਂ ਵਾਲੇ ਦਿਨਾਂ ਵਿੱਚ ਚਾਰ ਤੋਂ ਪੰਜ ਸ਼ੋਅ ਚਲਾਏ ਜਾਂਦੇ ਸਨ। ਅਜਿਹੇ ਦਿਨਾਂ ਵਿੱਚ ਸਿਨਮਾ ਹਾਲ ਖਚਾਖੱਚ ਭਰੇ ਹੁੰਦੇ ਸਨ। ਟਿਕਟ ਲੈਣ ਲਈ ਧੱਕਾ ਮੁੱਕੀ, ਲੜਾਈਆਂ ਆਮ ਹੀ ਹੁੰਦੀਆਂ ਸਨ। ਬਹੁਤੇ ਦਰਸ਼ਕਾਂ ਨੂੰ ਸੀਟਾਂ ਨਾ ਮਿਲਣ ਦੀ ਸੂਰਤ ਵਿੱਚ ਪਾਸਿਆਂ ’ਤੇ ਖੜ੍ਹ ਕੇ ਫ਼ਿਲਮ ਵੇਖਣੀ ਪੈਂਦੀ ਸੀ।
ਜਦੋਂ ਦੀ ਸਿਨਮਾ ਤਕਨੀਕ ਵਿੱਚ ਨਵੀਨਤਾ ਆਈ ਹੈ, ਇਹ ਸਭ ਕੁਝ ਬਦਲ ਗਿਆ ਹੈ। ਅੱਜ ਮਲਟੀਪਲੈਕਸ ਸਿਨਮਿਆਂ ਦਾ ਜ਼ਮਾਨਾ ਹੈ। ਇੱਕੋ ਬਿਲਡਿੰਗ ਵਿੱਚ 5 ਤੋਂ ਵੱਧ ਸਕਰੀਨਾਂ ’ਤੇ ਇੱਕੋ ਸਮੇਂ ਕਈ ਕਈ ਫ਼ਿਲਮਾਂ ਚੱਲਦੀਆਂ ਹਨ। ਫ਼ਿਲਮਾਂ ਦੀ ਤਕਨੀਕ, ਸਾਊਂਡ ਸਿਸਟਮ ਸਭ ਬਦਲ ਗਿਆ ਹੈ। ਦਰਸ਼ਕਾਂ ਨੂੰ ਟਿਕਟ ਲੈਣ ਲਈ ਧੱਕਾ ਮੁੱਕੀ ਨਹੀਂ ਹੋਣਾ ਪੈਂਦਾ, ਅੱਜ ਦੇ ਔਨਲਾਈਨ ਜ਼ਮਾਨੇ ਵਿੱਚ ਘਰ ਬੈਠੇ ਹੀ ਟਿਕਟਾਂ ਬੁੱਕ ਹੋ ਜਾਂਦੀਆਂ ਹਨ। ਇੱਕੋ ਸਮੇਂ ਹਰੇਕ ਛੋਟੇ ਵੱਡੇ ਸਿਨਮਾ ਘਰ ਵਿੱਚ ਫ਼ਿਲਮ ਰਿਲੀਜ਼ ਹੋ ਜਾਂਦੀ ਹੈ। ਨੈਗੇਟਿਵ ਵਾਲੀ ਰੀਲ੍ਹ ਨੇ ਹੁਣ ਡਿਜੀਟਲ ਦਾ ਰੂਪ ਲੈ ਲਿਆ ਹੈ। ਦਰਸ਼ਕਾਂ ਦੇ ਬੈਠਣ ਲਈ ਏਸੀ ਹਾਲ ਅਤੇ ਚੰਗੀਆਂ ਆਰਾਮਦਾਇਕ ਸੀਟਾਂ ਹਨ। ਡੋਲਬੀ ਸਿਸਟਮ ਦੇ ਆਉਣ ਨਾਲ ਸਾਊਂਡ ਕੁਆਲਿਟੀ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ।
ਅਜਿਹੇ ਦੌਰ ਵਿੱਚ ਫ਼ਿਲਮਾਂ ਦੇ ਬਣਨ ਤੇ ਰਿਲੀਜ਼ ਹੋਣ ਦੀ ਗਿਣਤੀ ਵੀ ਵਧ ਗਈ ਹੈ, ਪਰ ਕੋਈ ਵੀ ਅਜਿਹੀ ਫ਼ਿਲਮ ਨਹੀਂ ਜੋ ਇੱਕ ਦੋ ਹਫ਼ਤਿਆਂ ਤੋਂ ਵੱਧ ਦਰਸ਼ਕਾਂ ਦੀ ਪਸੰਦ ਬਣੀ ਰਹੇ। ਜਦੋਂਕਿ ਪਹਿਲੇ ਦੌਰ ਦੀਆਂ ਫ਼ਿਲਮਾਂ ਅਜੇ ਵੀ ਦਰਸ਼ਕਾਂ ਦੇ ਚੇਤਿਆਂ ਵਿੱਚ ਵਸੀਆਂ ਪਈਆਂ ਹਨ।
ਮਲਟੀਪਲੈਕਸ ਸਿਨਮਿਆਂ ਦੇ ਇਸ ਵਪਾਰ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਸਨ, ਪਰ ਪਿਛਲੇ ਦੋ ਸਾਲਾਂ ਵਿੱਚ ਆਈ ਕਰੋਨਾ ਲਹਿਰ ਨੇ ਮਨੋਰੰਜਨ ਦੇ ਇਸ ਬਾਜ਼ਾਰ ਨੂੰ ਜਿੰਦਰੇ ਲਾ ਦਿੱਤੇ ਸਨ।
ਇਸੇ ਦੌਰਾਨ ਮਲਟੀਪਲੈਕਸ ਸਿਨਮਾ ਮਾਲਕਾਂ ’ਤੇ ਵੱਡੀ ਮਾਰ ਓਟੀਟੀ ਦੀ ਪਈ। ਜਦੋਂ ਦਰਸ਼ਕ ਸਿਨਮਾ ਘਰਾਂ ਤੱਕ ਆਉਣ ਤੋਂ ਡਰਨ ਲੱਗੇ ਤਾਂ ਓਟੀਟੀ ਪਲੈਟਫਾਰਮ ਨੇ ਮਨੋਰੰਜਨ ਦੇ ਖੇਤਰ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਕਰੋਨਾ ਮਹਾਮਾਰੀ ਦੇ ਬਚਾਅ ਸਦਕਾ ਹੋਈ ਤਾਲਾਬੰਦੀ ਨੇ ਜਿੱਥੇ ਵਪਾਰਕ, ਸਿੱਖਿਆ ਤੇ ਮੱਧ ਵਰਗੀ ਦਿਹਾੜੀਦਾਰ ਕਾਮਿਆਂ ਨੂੰ ਪ੍ਰਭਾਵਿਤ ਕੀਤਾ, ਉੱਥੇ ਸਿਨਮਾ ਘਰਾਂ ਨਾਲ ਜੁੜੀਆਂ ਸਰਗਰਮੀਆਂ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈਆਂ। ਬੌਲੀਵੁੱਡ ਤੋਂ ਬਾਅਦ ਹੁਣ ਓਟੀਟੀ ਨੂੰ ਪੌਲੀਵੁੱਡ ਨੇ ਵੀ ਪ੍ਰਵਾਨ ਕਰ ਲਿਆ ਹੈ। ਸਿਨਮਾ ਘਰਾਂ ਵਿੱਚ ਰਿਲੀਜ਼ ਫ਼ਿਲਮਾਂ ਦੇ ਮੁਕਾਬਲੇ ਓਟੀਟੀ ’ਤੇ ਰਿਲੀਜ਼ ਫ਼ਿਲਮਾਂ ਨੂੰ ਵਧੇਰੇ ਦਰਸ਼ਕਾਂ ਨੇ ਵੇਖਿਆ ਤੇ ਪਸੰਦ ਕੀਤਾ ਹੈ। ਐਮਾਜ਼ੌਨ ਪ੍ਰਾਈਮ ਤੇ ਨੈੱਟਫਲਿੱਕਸ ਤੋਂ ਬਾਅਦ ‘ਜੀ 5’ ਅਤੇ ‘ਚੌਪਾਲ’ ਪਲੈਟਫਾਰਮਾਂ ਨੇ ਪੰਜਾਬੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਸਿਨਮਾ ਘਰਾਂ ਦੇ ਕਾਫ਼ੀ ਵਿਰੋਧ ਦੇ ਬਾਵਜੂਦ ‘ਗੁਲਾਬੋ ਸਿਤਾਬੋ’ 200 ਤੋਂ ਵੱਧ ਦੇਸ਼ਾਂ ਵਿੱਚ 15 ਭਾਸ਼ਾਵਾਂ ਦੇ ਨਾਲ ਇੱਕੋ ਸਮੇਂ ਰਿਲੀਜ਼ ਹੋਈ। ਜਦੋਂਕਿ ਸਿਰਫ਼ ਭਾਰਤ ਵਿੱਚ ਹੀ ਐਮਾਜ਼ੌਨ ਪ੍ਰਈਮ ਵੀਡੀਓਜ਼ ਦੇ 17 ਮੀਲੀਅਨ ਸਬਸਕ੍ਰਾਈਬਰ ਹਨ। ਕੁਝ ਬੌਲੀਵੁੱਡ ਸਿਨਮਾ ਮਹਿਰਾਂ ਦਾ ਮੰਨਣਾ ਹੈ ਕਿ ਐਮਾਜ਼ੌਨ ਤੋਂ ਆਪਣੀ ਲਾਗਤ ਨਾਲੋਂ ਲਗਭਗ ਦੁੱਗਣੇ ਪੈਸੇ ਪ੍ਰਾਪਤ ਕਰਨ ਵਾਲੀ ਇਹ ਫ਼ਿਲਮ ਜੇ ਸਿਨਮਾ ਘਰਾਂ ਵਿੱਚ ਹਿੱਟ ਹੋ ਵੀ ਜਾਂਦੀ ਤਾਂ ਆਪਣੀ ਕਮਾਈ ਵਿੱਚੋਂ ਅੱਧੇ ਪੈਸੇ ਸਿਨਮਾ ਘਰਾਂ ਨੂੰ ਦੇ ਕੇ ਉਸ ਦੀ ਕਮਾਈ ਅੱਧੀ ਰਹਿ ਜਾਣੀ ਸੀ। ਮੰਨ ਲਵੋ ਜੇ ਇੱਕ ਨਿਰਮਾਤਾ 30/35 ਕਰੋੜ ਰੁਪਏ ਦੀ ਲਾਗਤ ਵਾਲੀ ਫ਼ਿਲਮ ਦੇ ਉੱਕਾ-ਪੁੱਕਾ 50/55 ਕਰੋੜ ਰੁਪਏ ਓਟੀਟੀ ਤੋਂ ਪ੍ਰਾਪਤ ਕਰਦਾ ਹੈ ਤਾਂ ਉਹ ਵਧੀਆ ਕਮਾਈ ਕਰ ਰਿਹਾ ਹੈ ਜਦੋਂਕਿ ਫ਼ਿਲਮ ਹਿੱਟ ਹੋਣ ’ਤੇ ਜੇ 60 ਕਰੋੜ ਦੀ ਕੁਲੈਕਸ਼ਨ ਵੀ ਹੋ ਜਾਂਦੀ ਤਾਂ ਲਾਗਤ+ਸਿਨਮਾ ਰਿਲੀਜ਼ ਖਰਚੇ+ਡਿਸਟਰੀਬਿਊਨ ਫੀਸ/ਕਮਿਸ਼ਨ ਕੱਢ ਕੇ ਉਸ ਨੂੰ ਮੁਨਾਫ਼ੇ ਵਿੱਚੋਂ ਜ਼ਿਆਦਾ ਪੈਸੇ ਨਹੀਂ ਸਨ ਬਚਣੇ। ਸੋ ‘ਗੁਲਾਬੋ ਸਿਤਾਬੋ’ ਦੇ ਨਿਰਮਾਤਾ ਲਈ ਇਹ ਡਿਜੀਟਲ ਰਿਲੀਜ਼ ਦਾ ਸੌਦਾ ਮਾੜਾ ਨਹੀਂ ਰਿਹਾ। ਉਸ ਨੇ ਸੈਟੇਲਾਈਟ ਅਧਿਕਾਰ ਵੱਖਰੇ ਵੇਚੇ ਹਨ।
ਇਸੇ ਲਈ ਫ਼ਿਲਮੀ ਦੁਨੀਆ ਦੇ ਵੱਡੇ ਨਾਮ ਅਨੁਰਾਗ ਕਸ਼ਿਅਪ ਨੇ ਵੀ ਸਿਨਮਾ ਘਰਾਂ ਵੱਲੋਂ ਓਟੀਟੀ ਦੇ ਵਿਰੋਧ ਨੂੰ ਨਕਾਰਦਿਆਂ ਕਿਹਾ ਸੀ ਕਿ ਇਹ ਨਿਰਮਾਤਾ ਦਾ ਹੱਕ ਹੈ ਕਿ ਉਸ ਨੇ ਕਿਹੜਾ ਰਸਤਾ ਚੁਣਨਾ ਹੈ।
ਹੁਣ ਜੇ ਸਿਨਮਾ ਘਰਾਂ ਦਾ ਪੱਖ ਵੇਖਿਆ ਜਾਵੇ ਤਾਂ ਸਿਨਮਾ ਮਾਲਕਾਂ ਦੇ ਵੀ ਭਾਵੇਂ ਕਈ ਖ਼ਰਚੇ ਹਨ ਜਿਨ੍ਹਾਂ ਵਿੱਚ ਫ਼ਿਲਮ ਤੋਂ ਇਲਾਵਾ ਬਾਕੀ ਕਿਰਾਏ, ਬਿਜਲੀ ਬਿਲ, ਸਟਾਫ ਅਤੇ ਮੇਂਟੇਨੈਂਸ ਆਦਿ ਜੋ ਕਿ ਫ਼ਿਲਮ ਨਾ ਚੱਲਣ ’ਤੇ ਵੀ ਉਹੀ ਰਹਿੰਦੇ ਹਨ। ਕਈ ਵਾਰ ਸਿਰਫ਼ 4/5 ਬੰਦਿਆਂ ਨਾਲ ਵੀ ਸ਼ੋਅ ਚਲਾਉਣਾ ਪੈਂਦਾ ਹੈ।
ਹੁਣ ਜੇ ਪੰਜਾਬੀ ਫ਼ਿਲਮਾਂ ਨੂੰ ਓਟੀਟੀ ਰਾਹੀਂ ਘਰ ਘਰ ਪਹੁੰਚਾਉਣਾ ਹੈ ਤਾਂ ਸਾਨੂੰ ਆਪਣੀਆਂ ਫ਼ਿਲਮਾਂ ਪੂਰੀ ਤਰ੍ਹਾਂ ਕਮਰਸ਼ਲ ਦੇ ਨਾਲ ਨਾਲ ਠੋਸ ਕੰਟੈਟ ’ਤੇ ਆਧਾਰਿਤ ਬਣਾਉਣੀਆਂ ਪੈਣਗੀਆਂ, ਉਹ ਵੀ ਬਜਟ ਨੂੰ ਕੰਟਰੋਲ ਵਿੱਚ ਰੱਖ ਕੇ। ਜੇ ਪੰਜਾਬੀ ਫ਼ਿਲਮਾਂ ਤੋਂ ਨਿਰਮਾਤਾ ਉੱਕੀ ਪੁੱਕੀ ਕਮਾਈ ਵਾਲੇ ਓਟੀਟੀ ਵਿਕਲਪ ਨੂੰ ਆਪਣੀ ਕਮਾਈ ਦੇ ਹਿੱਸੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ ਤਾਂ ਫ਼ਿਲਮ ਮੇਕਿੰਗ ਨੂੰ ਆਪਣੇ ਖੇਤਰੀ ਸੱਭਿਆਚਾਰ ਨੂੰ ਧਿਆਨ ਵਿੱਚ ਰੱਖਦਿਆਂ, ਉਨ੍ਹਾਂ ਨੂੰ ਵਪਾਰੀਆਂ ਦੀ ਸੋਚ ਅਤੇ ਅੱਜ ਦੀ ਪੀੜ੍ਹੀ ਦੀ ਫ਼ਿਲਮ ਰੁਚੀ ਮੁਤਾਬਕ ਢਾਲਣਾ ਪਵੇਗਾ।
ਬੀਤੇ ਸਾਲ ਦੀਆਂ ਓਟੀਟੀ ’ਤੇ ਰਿਲੀਜ਼ ਹੋਈਆਂ ਫ਼ਿਲਮਾਂ ਵੱਲ ਝਾਤ ਮਾਰੀਏ ਤਾਂ ਇਸ ਦੇ ਨਤੀਜੇ ਕਾਫ਼ੀ ਵਧੀਆ ਰਹੇ ਹਨ। ਇਸ ਦੌਰਾਨ ਨਵੇਂ ਵਿਸ਼ਿਆਂ ਆਧਾਰਿਤ ਸਮਾਜਿਕ ਸਿਨਮਾ ਦੀ ਸ਼ੁਰੂਆਤ ਹੋਈ ਹੈ।
ਇਸ ਦੌਰਾਨ ‘ਪਲੀਜ਼ ਕਿੱਲ ਮੀ’, ‘ਪੰਛੀ’, ‘ਸੀਪ’, ‘ਜਮਰੌਦ’, ‘ਡਸਟਬਿਨ’, ‘ਕਾਲਾ ਸ਼ਹਿਰ’, ‘ਤੇਰੀ ਮੇਰੀ ਨਹੀਂ ਨਿੱਭਣੀ’ ਵਰਗੀਆਂ ਰੋਮਾਂਚਕ ਅਤੇ ਪਰਿਵਾਰਕ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਵੈੱਬਸੀਰੀਜ਼ ਨੇ ਵੀ ਜਨਮ ਲਿਆ, ਜਿਨ੍ਹਾਂ ਵਿੱਚ ‘ਸ਼ਿਕਾਰੀ’, ‘ਵਾਰਨਿੰਗ’, ‘ਜ਼ਿਲ੍ਹਾ ਸੰਗਰੂਰ’, ‘ਵਾਰਦਾਤ’, ‘ਮੁਰੱਬਾ’ ਵਰਗੀਆਂ ਮਾਰਧਾੜ ਅਤੇ ਠੇਠ ਸ਼ਬਦਾਵਲੀ ਵਾਲੀਆਂ ਤੋਂ ਇਲਾਵਾ ਪਰਿਵਾਰਕ ਤੇ ਰੋਮਾਂਚਕ ‘ਚੰਡੀਗੜ੍ਹ ਵਾਲੇ’ ਵੀ ਰਿਲੀਜ਼ ਹੋਈਆਂ। ਇਸ ਦੌਰਾਨ ਜ਼ੀ 5 ਦੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਵੀ ਰਿਲੀਜ਼ ਹੋਈ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਫ਼ਿਲਮ ਰਾਹੀਂ ਬਜ਼ੁਰਗ ਮਾਪਿਆਂ ਦੇ ਘਟਦੇ ਜਾ ਰਹੇ ਮਾਣ-ਸਤਿਕਾਰ ਅਤੇ ਜਵਾਨ ਬੱਚਿਆਂ ਵੱਲੋਂ ਵਿਖਾਈ ਜਾ ਰਹੀ ਬੇਰੁਖ਼ੀ ਨੂੰ ਪਰਦੇ ’ਤੇ ਵਿਖਾਇਆ ਗਿਆ।
ਸੰਪਰਕ: 98146- 07737