DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਰ ਤੇ ਤਾਲ ਦਾ ਰੌਸ਼ਨ ਚਿਰਾਗ ਫਿਰੋਜ਼ ਖਾਨ

ਪੰਜਾਬੀ ਗੀਤ ਸੰਗੀਤ ਵਿੱਚ ਕੁਝ ਕੁ ਉਂਗਲਾਂ ’ਤੇ ਗਿਣੇ ਜਾਣ ਵਾਲੇ ਸੁਰ ਤਾਲ ਦੇ ਧਨੀ ਗਾਇਕਾਂ ਵਿੱਚ ਫਿਰੋਜ਼ ਖਾਨ ਦਾ ਨਾਂ ਰੌਸ਼ਨ ਚਿਰਾਗ ਵਾਂਗ ਚਮਕਦਾ ਹੈ। ਨਿੱਕੀ ਜਿਹੀ ਉਮਰੇ ਉਸ ਦੀ ਪਲੇਠੀ ਐਲਬਮ ‘ਤੇਰੀ ਮੈਂ ਹੋ ਨਾ ਸਕੀ’ ਮਾਰਕੀਟ ਵਿੱਚ...

  • fb
  • twitter
  • whatsapp
  • whatsapp
Advertisement

ਪੰਜਾਬੀ ਗੀਤ ਸੰਗੀਤ ਵਿੱਚ ਕੁਝ ਕੁ ਉਂਗਲਾਂ ’ਤੇ ਗਿਣੇ ਜਾਣ ਵਾਲੇ ਸੁਰ ਤਾਲ ਦੇ ਧਨੀ ਗਾਇਕਾਂ ਵਿੱਚ ਫਿਰੋਜ਼ ਖਾਨ ਦਾ ਨਾਂ ਰੌਸ਼ਨ ਚਿਰਾਗ ਵਾਂਗ ਚਮਕਦਾ ਹੈ। ਨਿੱਕੀ ਜਿਹੀ ਉਮਰੇ ਉਸ ਦੀ ਪਲੇਠੀ ਐਲਬਮ ‘ਤੇਰੀ ਮੈਂ ਹੋ ਨਾ ਸਕੀ’ ਮਾਰਕੀਟ ਵਿੱਚ ਆਈ। ਜੈ ਦੇਵ ਕੁਮਾਰ ਦੇ ਸੰਗੀਤ ’ਚ ਤੇ ਸਾਗਾ ਕੰਪਨੀ ਦੇ ਮਾਧਿਅਮ ਰਾਹੀਂ ਰਿਲੀਜ਼ ਹੋਈ ਇਸ ਕੈਸੇਟ ਨੇ ਉਸ ਨੂੰ ਅਜਿਹੀ ਪਛਾਣ ਦਿੱਤੀ ਕਿ ਉਸ ਦਾ ਨਾਂ ਪੰਜਾਬ ਦੇ ਚੋਟੀ ਦੇ ਕਲਾਕਾਰਾਂ ’ਚ ਸ਼ੁਮਾਰ ਹੋ ਗਿਆ।

ਉਸ ਨੇ ਫੋਕੀ ਸ਼ੁਹਰਤ ਤੇ ਰਾਤੋ ਰਾਤ ਸਟਾਰ ਬਣਨ ਦੇ ਭਰਮ ਭੁਲੇਖੇ ਪਾਲਣ ਨੂੰ ਕਦੇ ਤਰਜੀਹ ਨਹੀਂ ਦਿੱਤੀ ਤੇ ਨਾ ਹੀ ਕੋਈ ਹਲਕਾ ਗੀਤ ਗਾਉਣ ਲਈ ਕੋਈ ਵਪਾਰਕ ਸਮਝੌਤਾ ਕੀਤਾ ਹੈ। ਸਮਾਜਿਕ ਰਿਸ਼ਤਿਆਂ ਦਾ ਨਿੱਘ ਦਿੰਦੇ ਗੀਤਾਂ ਨੂੰ ਗਾ ਕੇ ਉਹ ਰੂਹਾਨੀ ਸਕੂਨ ਪ੍ਰਾਪਤ ਹੋ ਜਾਣ ਦੀ ਗੱਲ ਦੱਸਦਾ ਹੈ। ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜ੍ਹਕ ਦੇ ਨਾਲ’ ਪੰਜਾਬੀ ਕਹਾਵਤ ਫਿਰੋਜ਼ ਦੀ ਫਿਤਰਤ ਦੀ ਕਸਵੱਟੀ ’ਤੇ ਖਰੀ ਉਤਰਦੀ ਹੈ। ਉਸ ਨੇ ਭਾਵੇਂ ਘੱਟ ਗਾਇਆ ਹੈ, ਪਰ ਜੋ ਗਾਇਆ ਹੈ ਪਾਏਦਾਰ ਹੀ ਗਾਇਆ ਹੈ।

Advertisement

ਫਿਰੋਜ਼ ਖਾਨ ਨੂੰ ਵਕਤ ਦੇ ਵਾਵਰੋਲਿਆਂ ਤੋਂ ਬਚਾਉਣ ਲਈ ਗੀਤਕਾਰ ਤੇ ਪੇਸ਼ਕਾਰ ਹਰਜਿੰਦਰ ਬੱਲ ਨੇ ਪਾਣੀ ਭਿੱਜੀ ਲੱਠੇ ਦੀ ਚਾਦਰ ਤਾਣ ਕੇ ਇਸ ਅਲੂਣੇ ਜਿਹੇ ਬੋਟ ਦੀ ਰਾਖੀ ਕੀਤੀ ਹੈ। ਸੰਗੀਤਕਾਰ ਤੇਜਵੰਤ ਕਿੱਟੂ ਤੇ ਜੈ ਦੇਵ ਕੁਮਾਰ ਦੀ ਸੰਗੀਤਕ ਸੂਝ ਵੀ ਕੁਦਰਤ ਦੀ ਅਮੁੱਲੀ ਦਾਤ ਵਾਂਗ ਇਸ ਕਲਾਕਾਰ ਨੂੰ ਨਸੀਬ ਹੋਈ ਹੈ। ਫਿਰੋਜ਼ ਖਾਨ ਦੀ ਐਲਬਮ ‘ਦਰਦ ਜੁਦਾਈਆਂ ਦੇ’ ਵੀ ਜੈ ਦੇਵ ਕੁਮਾਰ ਦੇ ਸੰਗੀਤ ’ਚ ਆਈ ਸੀ। ਟਾਈਟਲ ਗੀਤ ‘ਦਰਦ ਜੁਦਾਈਆਂ ਦੇ’ ਪਹਿਲੀ ਕੈਸੇਟ ਦੇ ਗੀਤ ‘ਤੇਰੀ ਮੈਂ ਹੋ ਨਾ ਸਕੀ’ ਦੇ ਸੰਗੀਤ ਰਸ ਤੇ ਸ਼ਬਦਾਂ ਦੇ ਤਾਣੇ ਬਾਣੇ ਦੇ ਕਿਸੇ ਅਗਲੇ ਪੜਾਅ ਦਾ ਅਹਿਸਾਸ ਕਰਵਾਉਂਦਾ ਹੈ ਤੇ ਫਿਰੋਜ਼ ਦੀ ਗਾਇਕੀ ਦਾ ਜਾਦੂ ਸਰੋਤੇ ਦੇ ਸਿਰ ਚੜ੍ਹ ਕੇ ਬੋਲਦਾ ਹੈ। ਬਚਨ ਬੇਦਿਲ ਦੀ ਕਲਮ ਤੋਂ ਰਚਿਆ ਗੀਤ ‘ਤੂੰ ਵੀ ਮਜਬੂਰ ਅੱਜ ਮੈਂ ਵੀ ਮਜਬੂਰ’ ਫਿਰੋਜ਼ ਖਾਨ ਨੂੰ ਪਾਇਆ ਇੱਕ ਸੰਗੀਤਕ ਪਰਚਾ ਸੀ ਜਿਸ ਵਿੱਚੋਂ ਉਹ 100 ਫੀਸਦੀ ਅੰਕ ਪ੍ਰਾਪਤ ਕਰਕੇ ਪਾਸ ਹੀ ਨਹੀਂ ਹੋਇਆ, ਸਗੋਂ ਗੋਲਡ ਮੈਡਲ ਜਿੱਤਣ ਦਾ ਹੱਕਦਾਰ ਬਣਿਆ। ਉਸ ਦੀ ਐਲਬਮ ‘ਬੰਦ ਬੋਤਲੇ’ ਨੇ ਵੀ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦੁਆਈ। ਇਸ ਐਲਬਮ ਦੇ ਗੀਤ ‘ਪਿਆਰ ਦੀ ਦੁਹਾਈ’ ਤੇ ‘ਦਿਲ ਵਾਲੀ ਪੀੜ’ ਨੇ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਕਿ ਪੰਜਾਬੀ ਸੰਗੀਤ ਜਗਤ ਵਿੱਚ ਫਿਰੋਜ਼ ਦੀ ਅਜਿਹੀ ਧੂਮ ਮੱਚੀ ਕਿ ਉਸ ਲਈ ਫਿਲਮ ਜਗਤ ਵਿੱਚ ਬਤੌਰ ਗਾਇਕ ਸਿੱਧਾ ਪ੍ਰਵੇਸ਼ ਮਿਲ ਗਿਆ। ਉਹ ਪੰਜਾਬੀ ਫਿਲਮਾਂ ਦੇ ਸਫਲ ਪਿੱਠਵਰਤੀ ਗਾਇਕ ਵੱਜੋਂ ਪ੍ਰਵਾਨ ਚੜਿ੍ਹਆ। ਉਸ ਨੇ ਪੰਜਾਬੀ ਫਿਲਮਾਂ ‘ਯਾਰਾਂ ਨਾਲ ਬਹਾਰਾਂ’, ‘ਮਹਿੰਦੀ ਵਾਲੇ ਹੱਥ’, ‘ਬਾਗੀ’, ‘ਮੰਨਤ’, ‘ਗੱਭਰੂ ਪੰਜਾਬ ਦੇ’, ‘ਯਾਰੀਆਂ’ ਤੇ ‘ਮਿੱਠੀਆਂ ਜੇਲ੍ਹਾਂ’ ਵਿੱਚ ਸਫਲ ਪਿੱਠਵਰਤੀ ਗਾਇਕ ਦਾ ਮਾਣ ਹਾਸਲ ਕੀਤਾ। ਫਿਲਮ ‘ਯਾਰੀਆਂ’ ਵਿੱਚ ਉਸ ਨੇ ਗੁਰਦਾਸ ਮਾਨ ਨਾਲ ‘ਵਤਨੋਂ ਦੂਰ ਲੱਗੇ ਨੇ ਮੇਲੇ’ ਗਾਇਆ ਹੈ। ਉਸ ਨੇ ਹਿੰਦੀ ਫਿਲਮ ‘ਲੰਡਨ ਡਰੀਮਜ਼’ ਵਿੱਚ ਹਿੰਦੀ ਗੀਤ ‘ਟਪਕੇ ਮਸਤੀ’ ਵੀ ਗਾਇਆ ਹੈ। ਉਸ ਨੇ ਮਾਰਕੀਟ ਵਿੱਚ ਚੱਲ ਰਹੇ ਬੇਹੁਦਾ ਤੇ ਤੜਕ ਭੜਕ ਵਾਲੇ ਗੀਤਾਂ ਨੂੰ ਕਦੇ ਆਪਣੇ ਨੇੜੇ ਫਟਕਣ ਨਹੀਂ ਦਿੱਤਾ। ਉਸ ਨੇ ਕਦੇ ਵਪਾਰਕ ਪੱਖ ਅੱਗੇ ਰੱਖ ਕੇ ਨੀਵੇਂ ਪੱਧਰ ਦਾ ਕੋਈ ਸਮਝੌਤਾ ਨਹੀਂ ਕੀਤਾ।

Advertisement

ਉਸ ਦੀ ਐਲਬਮ ‘ਚਿੱਟੀਆਂ ਵੰਗਾਂ’ ਨੇ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਬੀਤੇ ਸਮੇਂ ਦੌਰਾਨ ਉਸ ਦੀ ਐਲਬਮ ‘ਦਿਲ ਦੀ ਦੀਵਾਨਗੀ’ ਵਿੱਚ ਉਹ ਦੋ ਗੀਤਾਂ ‘ਗੱਡੀ ਤੇ ਨੱਢੀ’ ਅਤੇ ‘ਖੜਕਾ ਦੜਕਾ’ ਦੀ ਬਦੌਲਤ ਰਾਹੋਂ ਭਟਕ ਗਿਆ ਜਾਪਿਆ, ਜਿਸ ਕਰਕੇ ਉਸ ਨੂੰ ਸੁਹਿਰਦ ਸਰੋਤਿਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਸ ਦਾ ਗਾਇਆ ‘ਮਾਵਾਂ ਚੇਤੇ ਆਉਂਦੀਆਂ ਨੇ’ ਗੀਤ ਉਸ ਦੇ ਹੁਣ ਤੀਕ ਦੇ ਗਾਏ ਗੀਤਾਂ ’ਚੋਂ ਸਭ ਤੋਂ ਵਧੇਰੇ ਪਸੰਦ ਕੀਤਾ ਜਾਣ ਵਾਲਾ ਗੀਤ ਹੈ। ਇਸ ਗੀਤ ਵਿੱਚ ਸ਼ਾਇਰ ਨੇ ਸਮਾਜਿਕ ਰਿਸ਼ਤਿਆਂ ਦੀਆਂ ਮੋਹ ਤੀਆਂ ਤੰਦਾਂ ਦਾ ਬਾਖੂਬੀ ਜ਼ਿਕਰ ਕੀਤਾ ਹੈ ਜਿਸ ਨੂੰ ਫਿਰੋਜ਼ ਨੇ ਸੋਜ਼ ਭਰੀ ਆਵਾਜ਼ ਵਿੱਚ ਗਾ ਕੇ ਮੀਲ ਪੱਥਰ ਕਾਇਮ ਕੀਤਾ ਹੈ। ਨੱਚਣ ਟੱਪਣ ਵਾਲੇ ਗੀਤਾਂ ਨਾਲ ਫਿਰੋਜ਼ ਨੇ ਉਨ੍ਹਾਂ ਆਲੋਚਕਾਂ ਦਾ ਮੂੰਹ ਬੰਦ ਕੀਤਾ ਹੈ, ਜਿਹੜੇ ਉਸ ਨੂੰ ਉਦਾਸ ਗੀਤਾਂ ਦਾ ਗਾਇਕ ਆਖਦੇ ਆ ਰਹੇ ਸਨ। ਜਦੋਂ ਕੈਸੇਟ ਕਲਚਰ ਦਮ ਤੋੜ ਗਿਆ ਤਾਂ ਉਸ ਨੇ ਵੀ ਸਿੰਗਲ ਟਰੈਕ ਨਾਲ ਆਪਣੀ ਗਾਇਕੀ ਦਾ ਸਫ਼ਰ ਜਾਰੀ ਰੱਖਿਆ ਹੋਇਆ ਹੈ। ਉਸ ਵੱਲੋਂ ਗਾਇਕ ਭਜਨ ‘ਕ੍ਰਿਸ਼ਨਾ ਤੇਰੀ ਮੁਰਲੀ ’ਤੇ ਕੌਣ ਨਹੀਂ ਨੱਚਦਾ’ ਖਰਾ ਉਤਰਦਾ ਹੈ। ਗਾਇਕਾ ਗੁਰਲੇਜ਼ ਅਖ਼ਤਰ ਨਾਲ ਗਾਇਆ ਦੋਗਾਣਾ ‘ਲਾਹੌਰ’ ਨੂੰ ਵੀ ਬੇਹੱਦ ਪਸੰਦ ਕੀਤਾ ਗਿਆ। ਡੀ.ਜੇ. ਤੇ ਵਿਆਹ ਸ਼ਾਦੀਆਂ ਵਿੱਚ ਫਿਰੋਜ਼ ਦਾ ਗਾਇਆ ਗੀਤ ‘ਜੋੜੀ ਬੜੀ ਜੱਚਦੀ’ ਵੀ ਹਰ ਖ਼ੁਸ਼ੀਆਂ ਵਾਲੇ ਸਮਾਗਮ ਦਾ ਸ਼ਿੰਗਾਰ ਹੁੰਦਾ ਹੈ। ਉਸ ਨੇ ਆਪਣੀ ਗਾਇਕੀ ਦੇ ਸਫ਼ਰ ਵਿੱਚ ਨਵੇਂ ਮੀਲ ਪੱਥਰ ਗੱਡੇ ਹਨ। ਸਾਨੂੰ ਭਵਿੱਖ ਵਿੱਚ ਇਸ ਹੋਣਹਾਰ ਸਪੂਤ ਤੋਂ ਬਹੁਤ ਸਾਰੀਆਂ ਆਸਾਂ ਹਨ।

ਸੰਪਰਕ: 98552-64144

Advertisement
×