ਬੱਚਿਆਂ ਦੀ ਮਾਨਸਿਕ ਸਥਿਤੀ ਅਤੇ ਮਾਪੇ
ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2025 ਦੀ ‘ਭਾਰਤ ਵਿੱਚ ਅਪਰਾਧ’ ਰਿਪੋਰਟ ਅਨੁਸਾਰ 85,000 ਅਜਿਹੇ ਅਪਰਾਧ ਆਧਾਰਿਤ ਕੇਸ ਦਰਜ ਕੀਤੇ ਗਏ ਜਿਨ੍ਹਾਂ ’ਚ ਮੁਲਜ਼ਮ ਬੱਚੇ ਸਨ। ਬੱਚਿਆਂ ਦੁਆਰਾ ਕੀਤੇ ਅਪਰਾਧਾਂ ’ਚ ਕਤਲ ਅਤੇ ਬਲਾਤਕਾਰ ਤੱਕ ਸ਼ਾਮਲ ਹਨ। ਇਸੇ...
ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2025 ਦੀ ‘ਭਾਰਤ ਵਿੱਚ ਅਪਰਾਧ’ ਰਿਪੋਰਟ ਅਨੁਸਾਰ 85,000 ਅਜਿਹੇ ਅਪਰਾਧ ਆਧਾਰਿਤ ਕੇਸ ਦਰਜ ਕੀਤੇ ਗਏ ਜਿਨ੍ਹਾਂ ’ਚ ਮੁਲਜ਼ਮ ਬੱਚੇ ਸਨ। ਬੱਚਿਆਂ ਦੁਆਰਾ ਕੀਤੇ ਅਪਰਾਧਾਂ ’ਚ ਕਤਲ ਅਤੇ ਬਲਾਤਕਾਰ ਤੱਕ ਸ਼ਾਮਲ ਹਨ। ਇਸੇ ਸਾਲ ਦੌਰਾਨ 50,000 ਬੱਚਿਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਜੋ ਭਾਰਤ ’ਚ ਹੋਈਆਂ ਕੁਲ ਗ੍ਰਿਫ਼ਤਾਰੀਆਂ ਦਾ 2% ਹਿੱਸਾ ਬਣਦਾ ਹੈ। ਹਾਲਾਤ ਦਾ ਇੱਕ ਹੋਰ ਪੱਖ ਇਹ ਹੈ ਕਿ ਭਾਰਤ ’ਚ 10 ਕਰੋੜ ਬਾਲ ਮਜ਼ਦੂਰ ਹਨ, ਭਾਵ ਜਿਨ੍ਹਾਂ ਬੱਚਿਆਂ ਨੂੰ ਸਕੂਲ ਵਿੱਚ ਹੋਣਾ ਚਾਹੀਦਾ ਸੀ, ਉਨ੍ਹਾਂ ਨੂੰ ਆਪਣਾ ਪੇਟ ਭਰਨ ਲਈ ਕੰਮ ਕਰਨਾ ਪੈ ਰਿਹਾ ਹੈ। ਅਕਸਰ ਉਨ੍ਹਾਂ ਨੂੰ ਹੱਦ ਦਰਜੇ ਦੀਆਂ ਭਿਆਨਕ ਹਾਲਤਾਂ ’ਚ ਕੰਮ ਕਰਨਾ ਪੈਂਦਾ ਹੈ।
ਇਸ ਪਿੱਛੇ ਮਾਪਿਆਂ ਦੀ ਲਾਪਰਵਾਹੀ ਤੇ ਬੱਚਿਆਂ ਨੂੰ ਉਨ੍ਹਾਂ ਵੱਲੋਂ ਸਮਾਂ ਨਾ ਦੇਣਾ ਮੁੱਖ ਕਾਰਨ ਹਨ। ਇਹ ਭਾਵੇਂ ਸਹੀ ਨਿਸ਼ਾਨਦੇਹੀ ਹੈ, ਪਰ ਮਾਪਿਆਂ ਕੋਲ ਸਮਾਂ ਹੈ ਕਿਉਂ ਨਹੀਂ? ਜਾਂ ਉਹ ਬੱਚਿਆਂ ਨੂੰ ਸਮਾਂ ਕਿਉਂ ਨਹੀਂ ਦਿੰਦੇ? ਕਿਉਂਕਿ ਬਹੁਤ ਸਾਰੇ ਮਾਪੇ ਨੌਕਰੀਪੇਸ਼ਾ ਹਨ। ਪ੍ਰਾਈਵੇਟ ਕੰਪਨੀਆਂ ਤਾਂ ਆਪਣੇ ਮੁਲਾਜ਼ਮਾਂ ਨੂੰ ਇੰਨਾ ਨਿਚੋੜਦੀਆਂ ਹਨ ਕਿ ਜਾਂ ਤਾਂ ਉਨ੍ਹਾਂ ਕੋਲ ਆਪਣੇ ਬੱਚਿਆਂ ਲਈ ਸਮਾਂ ਬਚਦਾ ਹੀ ਨਹੀਂ ਜਾਂ ਫਿਰ ਨੌਕਰੀ ਦੀਆਂ ਉਲਝਣਾਂ-ਪਰੇਸ਼ਾਨੀਆਂ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਇੰਨਾ ਰੁਝਾ-ਥਕਾ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਬੱਚਿਆਂ ਨੂੰ ਸਮਾਂ ਦੇਣ ਦਾ ਚੇਤਾ ਨਹੀਂ ਰਹਿੰਦਾ। ਦੂਜੀ ਗੱਲ, ਸਾਡੇ ਸਮਾਜ ’ਚ ਬੱਚੇ ਜੰਮਣਾ ਮਹੱਤਵਪੂਰਨ ਸਮਝਿਆ ਜਾਂਦਾ ਹੈ, ਪਰ ਉਨ੍ਹਾਂ ਦੇ ਪਾਲਣ-ਪੋਸ਼ਣ ਲਈ ਸਿੱਖਿਅਤ ਹੋਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ। ਬਹੁਤੇ ਪੜ੍ਹੇ-ਲਿਖੇ ਲੋਕ ਵੀ ਇਸ ਸਬੰਧੀ ਕੋਈ ਜ਼ਰੂਰਤ ਤੱਕ ਮਹਿਸੂਸ ਨਹੀਂ ਕਰਦੇ। ਬੱਚਿਆਂ ਦੇ ਮਾਨਸਿਕ ਜਗਤ ਨੂੰ ਸਮਝਣਾ ਤੇ ਉਨ੍ਹਾਂ ਦੀਆਂ ਲੋੜਾਂ ਨੂੰ ਜਾਣ ਸਕਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹਿੰਦੀ ਅਤੇ ਉਹ ਬੱਚੇ ਨੂੰ ‘ਸੁਧਾਰਨ’ ਲਈ ਕੁੱਟਣਾ, ਘੂਰਨਾ ਜਾਂ ਹੱਦੋਂ ਵੱਧ ਪਿਆਰ, ਬੱਚੇ ਦੀ ਹਰ ਫ਼ਰਮਾਇਸ਼ ਪੂਰੀ ਕਰਨ ਦੇ ਤਰੀਕੇ ਵਰਤਦੇ ਹਨ ਜੋ ਚੰਗਾ ਕਰਨ ਦੀ ਥਾਂ ਬੁਰੇ ਨਤੀਜੇ ਹੀ ਸਾਹਮਣੇ ਲਿਆਉਂਦੇ ਹਨ।
ਇਲੈੱਕਟ੍ਰਾਨਿਕ ਮੀਡੀਆ ਜਿਵੇਂ ਟੀਵੀ, ਇੰਟਰਨੈੱਟ, ਵੀਡੀਓ ਗੇਮਾਂ ਆਦਿ ਦੀ ਭੂਮਿਕਾ ਬਹੁਤ ਅਹਿਮ ਰੂਪ ਧਾਰ ਚੁੱਕੀ ਹੈ ਜਿਸ ਨੇ ਮੱਧਵਰਗੀ ਤੇ ਅਮੀਰ ਤਬਕੇ ਦੇ ਬੱਚਿਆਂ ਦੇ ਸਮੁੱਚੇ ਕਲਪਨਾ ਜਗਤ ’ਤੇ ਕਬਜ਼ਾ ਕਰ ਲਿਆ ਹੈ। ਬੱਚੇ ਆਪਣਾ ਸਮਾਂ ਬਿਤਾਉਣ ਲਈ, ਇਕੱਲੇਪਣ ਤੋਂ ਛੁਟਕਾਰਾ ਪਾਉਣ ਲਈ ਅਤੇ ਬਾਅਦ ’ਚ ਪੱਕੀ ਆਦਤ ਬਣ ਜਾਣ ਕਾਰਨ ਇਨ੍ਹਾਂ ’ਚ ਡੁੱਬੇ ਰਹਿੰਦੇ ਹਨ। ਕੁਝ ਮਾਪੇ ਵੀ ਬੱਚਿਆਂ ਤੋਂ ‘ਪਿੱਛਾ’ ਛੁਡਾਉਣ ਲਈ ਤੇ ਖੁਦ ਧਿਆਨ ਦੇਣ ਦੀ ਥਾਂ ਬੱਚਿਆਂ ਨੂੰ ਟੀਵੀ, ਵੀਡੀਓ ਗੇਮਾਂ ਦੇ ਹਵਾਲੇ ਕਰ ਦਿੰਦੇ ਹਨ। ਉੱਧਰ ਟੀਵੀ, ਇੰਟਰਨੈੱਟ, ਵੀਡੀਓ ਗੇਮਾਂ ਆਦਿ ’ਤੇ ਕਾਰਪੋਰੇਟ ਜਗਤ ਦਾ ਕਬਜ਼ਾ ਹੈ ਜਿਸ ਦਾ ਇੱਕੋ ਇੱਕ ਮਕਸਦ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈ ਤਾਂ ਕਿ ਉਹ ਚੁੱਪਚਾਪ ਮੌਜੂਦਾ ਲੁੱਟ ਦੇ ਢਾਂਚੇ ਦੀ ਗੁਲਾਮੀ ਕਰਨ ਤੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਤੇ ਬਿਹਤਰੀ ਬਾਰੇ ਸੋਚਣ ਤੱਕ ਨਾ। ਟੀਵੀ, ਵੀਡੀਓ ਗੇਮਾਂ, ਇੰਟਰਨੈੱਟ ’ਤੇ ਲਗਾਤਾਰ ਪਰੋਸੀ ਜਾ ਰਹੀ ਹਿੰਸਾ ਅਤੇ ਘਟੀਆ ਤੇ ਗੈਰ-ਵਿਗਿਆਨਕ ਮਨੋਰੰਜਨ ਬੱਚਿਆਂ ਦੀ ਮਾਸੂਮੀਅਤ ਤੇ ਕਲਪਨਾ ਉਡਾਰੀਆਂ ਨਾਲ ਖੇਡ ਰਿਹਾ ਹੈ। ਬੱਚਿਆਂ ਦੀਆਂ ਸਿਰਜਣਾਤਮਕ ਸ਼ਕਤੀਆਂ ਜਿਵੇਂ ਚਿੱਤਰਕਲਾ, ਸੰਗੀਤ ਆਦਿ ਸਿੱਖਣਾ, ਪਰੀ-ਕਹਾਣੀਆਂ ਘੜਨੀਆਂ, ਕੁਦਰਤ ਨਾਲ ਲਗਾਅ ਤੇ ਉਸ ਨੂੰ ਮਾਣਨਾ, ਸਮਾਜ ਦੇ ਦੂਸਰੇ ਮੈਂਬਰਾਂ ਨਾਲ ਵਿਚਰਨ ਤੇ ਦੋਸਤ ਬਣਾਉਣ ਦੀ ਰੁਚੀ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਹਿੰਸਾਤਮਕ ਪਾਤਰਾਂ ਤੇ ਹਿੰਸਾ ਦੇ ਘਿਨਾਉਣੇ ਢੰਗ-ਤਰੀਕਿਆਂ ਤੱਕ ਸੀਮਤ ਕੀਤਾ ਜਾ ਰਿਹਾ ਹੈ। ਬੱਚੇ ਇੱਕ ‘ਖਿਆਲੀ’ ਜਗਤ ’ਚ ਰਹਿੰਦੇ ਹਨ ਅਤੇ ਜਦੋਂ ਅਸਲੀ ਸੰਸਾਰ ’ਚ ਆਉਂਦੇ ਹਨ ਤੇ ਇਸ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਤਾਂ ਉਨ੍ਹਾਂ ਕੋਲ ਇਨ੍ਹਾਂ ਨੂੰ ਸਮਝਣ ਤੇ ਨਜਿੱਠਣ ਦਾ ਕੋਈ ਨਜ਼ਰੀਆ ਜਾਂ ਤਰੀਕਾ ਨਹੀਂ ਹੁੰਦਾ, ਨਤੀਜੇ ਵਜੋਂ ਖੁਦਕਸ਼ੀਆਂ, ਨਸ਼ੇ, ਹਿੰਸਾ, ਮਾਨਸਿਕ ਰੋਗ ਆਦਿ ਹੋ ਜਾਂਦੇ ਹਨ।
ਫਿਰ ਸਕੂਲਾਂ ਦੀ ਭੂਮਿਕਾ, ਅਜੋਕੇ ਸਕੂਲਾਂ ਤੇ ਵਿੱਦਿਆ ਪ੍ਰਣਾਲੀ ਦਾ ਰੂਪ ਤੇ ਤੱਤ ਸਵਾਲਾਂ ਦੇ ਦਾਇਰੇ ’ਚ ਆਉਂਦੇ ਹਨ। ਅੱਜ ਦਾ ਭਾਰਤੀ ਵਿੱਦਿਅਕ ਢਾਂਚਾ ਅੰਗਰੇਜ਼ਾਂ ਦੁਆਰਾ ਭਾਰਤ ’ਚ ਸ਼ੁਰੂ ਕੀਤੇ ਗਏ ਵਿੱਦਿਅਕ ਢਾਂਚੇ ’ਤੇ ਹੀ ਆਧਾਰਿਤ ਹੈ ਜਿਸ ਦਾ ਮਕਸਦ ਸੀ ਅੰਗਰੇਜ਼ਾਂ ਲਈ ਪੜ੍ਹੇ-ਲਿਖੇ ਕਲਰਕ ਤੇ ਅੰਗਰੇਜ਼ਾਂ ਦੀ ਨੌਕਰੀ ਕਰਦੇ ਹੋਏ ਆਪਣੇ ਹੀ ਲੋਕਾਂ ’ਤੇ ਜ਼ੁਲਮ ਢਾਹੁਣ ਵਾਲੇ ਗੁਲਾਮ ਤਿਆਰ ਕਰਨੇ। ਹੁਣ ਫਰਕ ਸਿਰਫ਼ ਇੰਨਾ ਪਿਆ ਹੈ ਕਿ ਕਲਰਕਾਂ ਅਤੇ ਗੁਲਾਮ ਮਾਨਸਿਕਤਾ ਵਾਲੇ ਪੜ੍ਹੇ-ਲਿਖੇ ਲੋਕਾਂ ਦੀ ਲੋੜ ਅੰਗਰੇਜ਼ਾਂ ਨੂੰ ਨਾ ਹੋ ਕੇ, ਦੇਸੀ ਸਰਮਾਏਦਾਰਾਂ ਨੂੰ ਤੇ ਉਨ੍ਹਾਂ ਦੀ ਸਰਕਾਰ ਨੂੰ ਹੈ। ਸਾਡੇ ਸਿੱਖਿਆ ਢਾਂਚੇ ਦਾ ਇਹ ਉਦੇਸ਼ ਹੀ ਨਹੀਂ ਹੈ ਕਿ ਬੱਚਿਆਂ ਨੂੰ ਚੰਗਾ ਇਨਸਾਨ ਬਣਨ ਦੀ ਸਿੱਖਿਆ ਦਿੱਤੀ ਜਾਵੇ, ਬੱਚਿਆਂ ’ਚ ਸਿਰਜਣਾਤਮਕਤਾ, ਇਨਸਾਨੀਅਤ ਪ੍ਰਤੀ ਪਿਆਰ ਜਗਾਇਆ ਜਾਵੇ। ਦੂਜਿਆਂ ਦੇ ਸਿਰ ’ਤੇ ਪੈਰ ਰੱਖ ਕੇ ਅੱਗੇ ਵਧਣ ਅਤੇ ਪੜ੍ਹ ਲਿਖ ਕੇ ਦੂਜਿਆਂ ’ਤੇ ਹੁਕਮ ਚਲਾਉਣ ਦੀ ਸਿੱਖਿਆ ਦੇਣਾ ਹੀ ਇਸ ਵਿੱਦਿਅਕ ਢਾਂਚੇ ਦਾ ਸਾਰਤੱਤ ਹੈ। ਹਰ ਕੋਈ ਕਿਸੇ ਵੀ ਤਰੀਕੇ ਦੂਜਿਆਂ ਨਾਲੋਂ ਅੱਗੇ ਲੰਘਣਾ ਚਾਹੁੰਦਾ ਹੈ ਜੋ ਉਸ ਲਈ ਲਾਜ਼ਮੀ ਵੀ ਹੈ ਜੇ ਉਸ ਨੇ ਆਪਣੀ ਹੈਸੀਅਤ ਨੂੰ ਬਣਾਈ ਰੱਖਣਾ ਹੈ ਜਾਂ ਇਸ ਨੂੰ ਉੱਚਾ ਚੁੱਕਣਾ ਹੈ। ਇਹੀ ਮੁਕਾਬਲੇਬਾਜ਼ੀ ਬੱਚਿਆਂ ਦੇ ਮਾਮਲੇ ’ਚ ਸਦਾ ਉਚੇਰੀ ਹੁੰਦੀ ਜਾ ਰਹੀ ਨੰਬਰਾਂ ਦੀ ਦੌੜ ਅਤੇ ਮਾਪਿਆਂ ਦੀਆਂ ਉਮੀਦਾਂ ਦੇ ਰੂਪ ’ਚ ਪ੍ਰਗਟ ਹੁੰਦੀ ਹੈ ਜੋ ਬੱਚਿਆਂ ਦੇ ਕੋਮਲ ਮਨਾਂ ’ਤੇ ਅਸਹਿ ਦਬਾਅ ਪੈਦਾ ਕਰਦੀਆਂ ਹਨ ਅਤੇ ਮਾਨਸਿਕ ਵਿਗਾੜਾਂ ਨੂੰ ਜਨਮ ਦਿੰਦੀਆਂ ਹਨ। ਮੁਕਾਬਲੇ ਤੇ ਉਮੀਦਾਂ ਦਾ ਦਬਾਅ, ਭਿਆਨਕ ਅਲਹਿਦਗੀ ਅਤੇ ਮਾਨਸਿਕ ਖਿੰਡਾਅ ਦੀਆਂ ਹਾਲਤਾਂ ਦਰਦਨਾਕ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਇਸ ਲਈ ਇਸ ਵਿੱਦਿਅਕ ਢਾਂਚੇ ਤੋਂ ਕੋਈ ਵੀ ਅਜਿਹੀ ਉਮੀਦ ਰੱਖਣੀ ਕਿ ਇਹ ਬੱਚਿਆਂ ਦਾ ਸਿਹਤਮੰਦ ਸਰੀਰਕ ਤੇ ਮਾਨਸਿਕ ਵਿਕਾਸ ਕਰੇਗਾ, ਪੂਰੀ ਤਰ੍ਹਾਂ ਗ਼ਲਤ ਹੈ।
ਰਹਿੰਦੀ ਖੂੰਹਦੀ ਕਸਰ ਅਧਿਆਪਕਾਂ ਦੇ ਸਕੂਲੀ ਪੜ੍ਹਾਈ ਪ੍ਰਤੀ ਵਤੀਰੇ ਨਾਲ ਨਿਕਲ ਜਾਂਦੀ ਹੈ। ਕੁਦਰਤ, ਖੇਡਾਂ, ਸੰਗੀਤ, ਖਿਆਲ-ਉਡਾਰੀਆਂ ਤੇ ਰਚਨਾਤਮਕਤਾ ਦੇ ਜਿਸ ਸੰਸਾਰ ਨੇ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਘੇਰ ਰੱਖਿਆ ਹੁੰਦਾ ਹੈ, ਉਸ ਨੂੰ ਸਕੂਲ ਦੇ ਪੜ੍ਹਾਈ ਕਮਰੇ ਤੋਂ ਬਾਹਰ ਨਾ ਰੋਕ ਦਿੱਤਾ ਜਾਵੇ। ਉਨ੍ਹਾਂ ਅਨੁਸਾਰ ਬੱਚੇ ਦੇ ਮਨ ਨੂੰ ਛੂਹਣਾ ਉਵੇਂ ਹੀ ਹੈ ਜਿਵੇਂ ਤਰੇਲ ਦੀਆਂ ਬੂੰਦਾਂ ਨਾਲ ਸਜੇ ਗੁਲਾਬ ਦੇ ਨਾਜ਼ੁਕ ਫੁੱਲ ਨੂੰ ਛੂਹਣਾ ਤੇ ਤਰੇਲ ਦੀਆਂ ਬੂੰਦਾਂ ਨੂੰ ਡਿੱਗਣ ਨਾ ਦੇਣਾ। ਹੁਣ ਜੇ ਅਸੀਂ ਆਪਣੇ ਸਕੂਲਾਂ ਵੱਲ ਇੱਕ ਨਜ਼ਰ ਮਾਰੀਏ ਤਾਂ ਸਾਫ਼ ਦਿਖ ਜਾਵੇਗਾ ਕਿ ਅਸੀਂ ਕਿੱਥੇ ਖੜ੍ਹੇ ਹਾਂ। ਬਹੁਤੇ ਅਧਿਆਪਕਾਂ ਲਈ ਅਧਿਆਪਨ ਦਾ ਪੇਸ਼ਾ ਰੋਜ਼ੀ-ਰੋਟੀ ਦਾ ਸਾਧਨ ਹੈ ਨਾ ਕਿ ਮਨੁੱਖਤਾ ਪ੍ਰਤੀ ਕੋਈ ਜ਼ਿੰਮੇਵਾਰੀ। ਜੇ ਗੱਲ ਕਰੋ ਤਾਂ ਜਵਾਬ ਮਿਲੇਗਾ ਕਿ ਸਮਾਂ ਹੀ ਨਹੀਂ ਮਿਲਦਾ ਜਾਂ ਦਿਲ ਨਹੀਂ ਕਰਦਾ। ਫਿਰ ਜੇ ਅਧਿਆਪਕ ਕੋਲ ਇਸ ਕੰਮ ਲਈ ਸਮਾਂ ਨਹੀਂ ਜਾਂ ਦਿਲ ਨਹੀਂ ਕਰਦਾ ਤਾਂ ਉਸ ਨੂੰ ਅਧਿਆਪਕ ਹੋਣ ਦਾ ਵੀ ਕੀ ਹੱਕ ਰਹਿ ਜਾਂਦਾ ਹੈ। ਪੈਸਾ ਤਾਂ ਹੋਰ ਪੇਸ਼ਿਆਂ ਵਾਲੇ ਵੀ ਕਮਾਉਂਦੇ ਹਨ, ਫਿਰ ਉਹੋ ਜਿਹਾ ਕੁਝ ਕਰ ਲਿਆ ਜਾਵੇ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਅਧਿਆਪਕਾਂ ’ਤੇ ਵੀ ‘ਨਤੀਜੇ’ ਦਿਖਾਉਣ ਦਾ ਦਬਾਅ ਰਹਿੰਦਾ ਹੈ ਜੋ ਪ੍ਰਾਈਵੇਟ ਸਕੂਲਾਂ (ਜਿਨ੍ਹਾਂ ਦਾ ਮਕਸਦ ਸਿੱਖਿਆ ਘੱਟ, ਮੁਨਾਫਾ ਜ਼ਿਆਦਾ ਹੁੰਦਾ ਹੈ) ’ਚ ਹੋਰ ਵੀ ਜ਼ਿਆਦਾ ਹੈ ਜਿੱਥੇ ਅਧਿਆਪਕ ਦੀ ਨੌਕਰੀ ਵੀ ਖੁੱਸ ਸਕਦੀ ਹੈ। ਇਹ ਦਬਾਅ ਬੱਚਿਆਂ ਦੇ ਮਨ, ਸਮਰੱਥਾ ਤੇ ਘਰੇਲੂ ਹਾਲਤਾਂ ਨੂੰ ਸਮਝੇ ਬਿਨਾਂ ਸਖ਼ਤੀ ਕਰਨ ਦੀ ਪ੍ਰਵਿਰਤੀ ਪੈਦਾ ਕਰਦਾ ਹੈ ਜਿਸ ਨਾਲ ਬੱਚਿਆਂ ਦੇ ਮਨਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਉਨ੍ਹਾਂ ’ਚ ਬਦਲਾਖੋਰੀ ਦੀ ਭਾਵਨਾ ਪੈਦਾ ਹੁੰਦੀ ਹੈ।
ਇਸ ਤੋਂ ਇਲਾਵਾ ਮਾਪਿਆਂ ਦਾ ਸਮਾਜ ਦੇ ਦੂਜੇ ਮੈਂਬਰਾਂ ਪ੍ਰਤੀ ਵਰਤਾਅ ਬੱਚਿਆਂ ’ਚ ਵੀ ਉਹੋ ਜਿਹੇ ਸੁਭਾਅ ਤੇ ਪ੍ਰਵਿਰਤੀਆਂ ਨੂੰ ਉਤਸ਼ਾਹਿਤ ਕਰਦਾ ਹੈ ਕਿਉਂਕਿ ਬੱਚੇ ਵੱਡਿਆਂ ਦੀ ਨਕਲ ਬਾਖੂਬੀ ਕਰਦੇ ਹਨ। ਹੁਣ ਜੇ ਮਾਂ-ਪਿਉ ਲਈ ਸਮਾਜ ’ਚ ਆਪਣੇ ਬੱਚੇ ਤੋਂ ਬਿਨਾਂ ਹੋਰ ਕੋਈ ਵਸਦਾ ਹੀ ਨਹੀਂ ਤੇ ਉਹ ਆਪਣਾ ਸਾਰਾ ਪਿਆਰ ਤੇ ਧਿਆਨ ਬੱਚੇ ਲਈ ਰਾਖਵਾਂ ਕਰ ਦਿੰਦੇ ਹਨ ਤਾਂ ਅਜਿਹੇ ਬੱਚੇ ਤੋਂ ਵੱਡੇ ਹੋ ਕੇ ਸੰਵੇਦਨਸ਼ੀਲ ਹੋਣ ਦੀ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਪਰਿਵਾਰਾਂ ਦੇ ਟੁੱਟਣ ਅਤੇ ਮਾਪਿਆਂ ਦੇ ਆਪਸੀ ਝਗੜਿਆਂ ਦਾ ਬੱਚਿਆਂ ’ਤੇ ਪੈਂਦਾ ਬੁਰਾ ਪ੍ਰਭਾਵ ਵੀ ਵਿਚਾਰ ਅਧੀਨ ਆਉਂਦਾ ਹੈ। ਸਾਂਝੇ ਪਰਿਵਾਰ ਹੁਣ ਰਹੇ ਨਹੀਂ ਅਤੇ ਪੂਰਾ ਸਮਾਜਿਕ ਢਾਂਚਾ ਅਜਿਹਾ ਹੈ ਕਿ ਹਰ ਆਦਮੀ ਇਕੱਲੇਪਣ ਦਾ ਸ਼ਿਕਾਰ ਹੈ।
ਸਮਾਜਿਕ ਹਾਲਤਾਂ ਨੂੰ ਬਦਲਣਾ ਆਰਥਿਕ ਬੁਨਿਆਦ ਨੂੰ ਬਦਲਣਾ ਹੈ, ਪਰ ਅਜਿਹਾ ਵੀ ਨਹੀਂ ਹੈ ਕਿ ਜਿੰਨਾ ਚਿਰ ਆਰਥਿਕ ਬੁਨਿਆਦ ਨਹੀਂ ਬਦਲਦੀ ਓਨਾ ਚਿਰ ਕੁਝ ਨਹੀਂ ਹੋ ਸਕਦਾ। ਸਾਨੂੰ ਸਚੇਤਨ ਯਤਨ ਕਰਨੇ ਪੈਣਗੇ। ਇਲੈੱਕਟ੍ਰਾਨਿਕ ਮੀਡੀਆ ਦੇ ਟਾਕਰੇ ਲਈ ਅਤੇ ਬੱਚਿਆਂ ਨੂੰ ਇਸ ਦੇ ਪ੍ਰਭਾਵ ’ਚੋਂ ਕੱਢਣ ਲਈ ਸਾਨੂੰ ਬਦਲਵੇਂ ਸਾਧਨ ਖੜ੍ਹੇ ਕਰਨੇ ਚਾਹੀਦੇ ਹਨ। ਘੱਟੋ-ਘੱਟ ਪੜ੍ਹਿਆ-ਲਿਖਿਆ ਆਦਮੀ ਤਾਂ ਆਪਣੇ ਘਰ ਲਾਇਬ੍ਰੇਰੀ ਬਣਾ ਹੀ ਸਕਦਾ ਹੈ। ਇਸ ਤੋਂ ਇਲਾਵਾ ਪਿੰਡਾਂ, ਸ਼ਹਿਰਾਂ, ਮੁਹੱਲਿਆਂ ’ਚ ਲਾਇਬ੍ਰੇਰੀਆਂ ਸਥਾਪਤ ਕਰਨੀਆਂ ਬਹੁਤ ਜ਼ਰੂਰੀ ਹਨ ਜਿਸ ਰਾਹੀਂ ਉਸਾਰੂ ਬਾਲ-ਸਾਹਿਤ ਬੱਚਿਆਂ ਤੱਕ ਪਹੁੰਚੇ। ਬਾਲ ਮੇਲਿਆਂ ਅਤੇ ਸਿਰਜਣਾਤਮਕ ਕੈਂਪ ਲਗਾਉਣੇ ਅਤੇ ਬੱਚਿਆਂ ਨੂੰ ਆਪਣੇ ਦੇਸ਼ ਤੇ ਪੂਰੀ ਦੁਨੀਆ ਦੇ ਉਨ੍ਹਾਂ ਨਾਇਕਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਮਨੁੱਖਤਾ ਨੂੰ ਸਮਰਪਿਤ ਕੀਤੀ, ਤੋਂ ਜਾਣੂ ਕਰਵਾਉਣਾ ਹੋਵੇਗਾ। ਇਸ ਲਈ ਨਾਟਕ, ਸੰਗੀਤ, ਸਿਨੇਮਾ ਆਦਿ ਮਾਧਿਅਮਾਂ ਦੀ ਲੋਕ-ਪੱਖੀ ਵਰਤੋਂ ਕਰਦੇ ਹੋਏ ਇੱਕ ਸਭਿਆਚਾਰਕ ਮੁਹਿੰਮ ਦੀ ਜ਼ਰੂਰਤ ਹੈ। ਬੱਚਿਆਂ ਨੂੰ ਜਿਉਂਦੀਆਂ ਚੀਜ਼ਾਂ ਤੇ ਕੁਦਰਤ ਨੂੰ ਪਿਆਰ ਕਰਨਾ ਸਿਖਾਉਣਾ ਹੋਵੇਗਾ।
ਸੰਪਰਕ: 88472-27740

