ਤਣਾਅ ਹੇਠ ਬਚਪਨ
ਬਚਪਨ ਮਨੁੱਖੀ ਜੀਵਨ ਦਾ ਮੁੱਢਲਾ ਪੜਾਅ ਹੈ। ਮਨੁੱਖ ਦੇ ਨਰੋਏ ਜੀਵਨ ਦੀ ਨੀਂਹ ਬਚਪਨ ਤੋਂ ਹੀ ਰੱਖੀ ਜਾਂਦੀ ਹੈ। ਜੇਕਰ ਮਨੁੱਖ ਦੀ ਰੁੱਖ ਵਾਂਗ ਜੜ ਹੀ ਕਮਜ਼ੋਰ ਹੋ ਗਈ ਤਾਂ ਮਨੁੱਖ ਦਾ ਸਮੁੱਚਾ ਵਿਕਾਸ ਅਸੰਭਵ ਹੈ। ਵਰਤਮਾਨ ਸਮੇਂ ਸਾਡੇ ਬੱਚਿਆਂ...
ਬਚਪਨ ਮਨੁੱਖੀ ਜੀਵਨ ਦਾ ਮੁੱਢਲਾ ਪੜਾਅ ਹੈ। ਮਨੁੱਖ ਦੇ ਨਰੋਏ ਜੀਵਨ ਦੀ ਨੀਂਹ ਬਚਪਨ ਤੋਂ ਹੀ ਰੱਖੀ ਜਾਂਦੀ ਹੈ। ਜੇਕਰ ਮਨੁੱਖ ਦੀ ਰੁੱਖ ਵਾਂਗ ਜੜ ਹੀ ਕਮਜ਼ੋਰ ਹੋ ਗਈ ਤਾਂ ਮਨੁੱਖ ਦਾ ਸਮੁੱਚਾ ਵਿਕਾਸ ਅਸੰਭਵ ਹੈ। ਵਰਤਮਾਨ ਸਮੇਂ ਸਾਡੇ ਬੱਚਿਆਂ ਦਾ ਬਚਪਨ ਤਣਾਅ ਹੇਠ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ 13 ਹਜ਼ਾਰ ਦੇ ਕਰੀਬ ਵਿਦਿਆਰਥੀ ਤਣਾਅ ਅਧੀਨ ਆਤਮਹੱਤਿਆ ਦਾ ਰਾਹ ਚੁਣ ਲੈਂਦੇ ਹਨ।
ਆਤਮ ਹੱਤਿਆ ਦਾ ਮੁੱਖ ਕਾਰਨ ਪੜ੍ਹਾਈ ਦਾ ਤਣਾਅ, ਇਮਤਿਹਾਨਾਂ ਦਾ ਬੋਝ ਅਤੇ ਕਰੀਅਰ ਪ੍ਰਤੀ ਚਿੰਤਾ ਮੁੱਖ ਹਨ। ਵਿਦਿਆਰਥੀਆਂ ਦੀਆਂ ਆਤਮਹੱਤਿਆਵਾਂ ਦਾ ਅੰਕੜਾ ਹਰ ਸਾਲ ਵਧਦਾ ਜਾ ਰਿਹਾ ਹੈ। ਰਾਜਸਥਾਨ ਦਾ ਸ਼ਹਿਰ ਕੋਟਾ ਕੋਚਿੰਗ ਦਾ ਹੱਬ ਮੰਨਿਆ ਜਾਂਦਾ ਹੈ। ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਨੀਟ ਅਤੇ ਜੇਈ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੋਟਾ ਸ਼ਹਿਰ ਆਉਂਦੇ ਹਨ। ਹਰ ਸਾਲ ਇਸ ਸ਼ਹਿਰ ਵਿੱਚ ਪ੍ਰੀਖਿਆਵਾਂ ਵਿੱਚ ਅਸਫਲ ਰਹਿਣ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਤ ਨੂੰ ਗਲੇ ਲਗਾ ਲੈਂਦੇ ਹਨ। ਅੱਜ ਰਾਜਸਥਾਨ ਦਾ ਕੋਟਾ ਸ਼ਹਿਰ ਪੜ੍ਹਾਈ ਦੇ ਨਾਲ ਮੌਤ ਦਾ ਕੋਟਾ ਬਣ ਗਿਆ ਹੈ। ਸਿੱਖਿਆ ਦਾ ਅਰਥ ਚੰਗੇ ਮਨੁੱਖ ਪੈਦਾ ਕਰਨਾ ਹੈ ਨਾ ਕਿ ਬੱਚਿਆਂ ਦਾ ਬਚਪਨ ਖੋਹਣਾ। ਸ਼ਾਇਰ ਸੁਰਜੀਤ ਪਾਤਰ ਦਾ ਸ਼ਿਅਰ ਹੈ;
ਭਾਰੇ ਭਾਰੇ ਬਸਤੇ, ਲੰਬੇ ਲੰਬੇ ਰਸਤੇ
ਥੱਕ ਗਏ ਨੇ ਗੋਡੇ, ਦੁਖਣ ਲੱਗ ਪਏ ਨੇ ਮੋਢੇ
ਇੰਨਾ ਭਾਰ ਚੁਕਾਇਆ ਏ ਅਸੀਂ ਕੋਈ ਖੋਤੇ ਆਂ?
ਸਾਡੀ ਸਿੱਖਿਆ ਦੇ ਬੋਝਲ ਸਿਲੇਬਸ ਪ੍ਰਤੀ ਮੈਨੂੰ ਇੱਕ ਪੁਰਾਣੀ ਯਾਦ ਚੇਤੇ ਆ ਗਈ ਕਿ ਜਦੋਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ (ਫਤਿਹਗੜ੍ਹ ਸਾਹਿਬ) ਵਿਖੇ ਬਤੌਰ ਐੱਸ ਐੱਸ ਮਾਸਟਰ ਨੌਕਰੀ ਸ਼ੁਰੂ ਕੀਤੀ ਤਾਂ ਮੈਨੂੰ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਦਾ ਮੌਕਾ ਮਿਲਿਆ। ਮੈਂ ਬਹੁਤ ਰੋਚਕਤਾ ਅਤੇ ਨਵੀਂ ਮਿਲੀ ਨੌਕਰੀ ਦੇ ਚਾਅ ਕਾਰਨ ਬੜੀ ਮਿਹਨਤ ਨਾਲ ਬੱਚਿਆਂ ਨੂੰ ਕੁਝ ਦਿਨ ਪੜ੍ਹਾਇਆ, ਪ੍ਰੰਤੂ ਮੈਂ ਮਹਿਸੂਸ ਕੀਤਾ ਕਿ ਜੋ ਸਿਲੇਬਸ ਕਰਵਾਇਆ ਜਾ ਰਿਹਾ ਹੈ, ਉਹ ਬੱਚਿਆਂ ਦੇ ਪੱਧਰ ਤੋਂ ਕਾਫ਼ੀ ਉੱਚਾ ਹੈ। ਥੋੜ੍ਹੇ ਦਿਨਾਂ ਬਾਅਦ ਸਾਡੀ ਇੰਡਕਸ਼ਨ ਟ੍ਰੇਨਿੰਗ ਬਸੀ ਪਠਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੱਗੀ, ਜਿੱਥੇ ਸਾਨੂੰ ਬਹੁਤ ਮਿਹਨਤੀ ਰਿਸੋਰਸ ਪਰਸਨ ਸਬੰਧਿਤ ਵਿਸ਼ਿਆਂ ਦੀ ਜਾਣਕਾਰੀ ਦਿੰਦੇ ਸਨ। ਉਸ ਸਮੇਂ ਇੱਕ ਅੰਗਰੇਜ਼ੀ ਵਿਸ਼ੇ ਦੇ ਰਿਸੋਰਸ ਪਰਸਨ ਸਨ, ਉਨ੍ਹਾਂ ਦਾ ਨਾਂ ਡਾ. ਦਵਿੰਦਰ ਸਿੰਘ ਸੀ। ਉਹ ਆਪਣੇ ਵਿਸ਼ੇ ਵਿੱਚ ਬਹੁਤ ਪਰਿਪੱਕ ਸਨ। ਉਨ੍ਹਾਂ ਨੇ ਸਾਨੂੰ ਬਹੁਤ ਵਧੀਆ ਅੰਗਰੇਜ਼ੀ ਦਾ ਗਿਆਨ ਦਿੱਤਾ, ਪ੍ਰੰਤੂ ਉਨ੍ਹਾਂ ਨੇ ਕਿਹਾ ਕਿ ਸਾਡੀ ਇੱਕ ਸਿੱਖਿਆ ਸ਼ਾਸਤਰੀਆਂ ਦੀ ਆਗਰੇ ਵਿਖੇ ਕਾਨਫਰੰਸ ਹੋਈ ਸੀ, ਜਿਸ ਵਿੱਚ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਹੋਰ ਬਹੁਤ ਸਾਰੇ ਯੂਰਪੀ ਦੇਸ਼ਾਂ ਤੋਂ ਸਿੱਖਿਆ ਸ਼ਾਸਤਰੀ ਆਏ ਸਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਅਧਿਆਪਕਾਂ ਨਾਲ ਸਾਡਾ ਵਿਚਾਰ ਵਟਾਂਦਰਾ ਹੋਇਆ ਤਾਂ ਉਨ੍ਹਾਂ ਨੇ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਗਰੇਜ਼ੀ ਵਿਸ਼ੇ ਦੀ ਪੁਸਤਕ ਜੋ ਛੇਵੀਂ ਜਮਾਤ ਨੂੰ ਲਗਾਈ ਗਈ ਹੈ, ਦੇਖੀ ਤਾਂ ਉਨ੍ਹਾਂ ਦੇ ਇੱਕ ਸਿੱਖਿਆ ਸ਼ਾਸਤਰੀ ਨੇ ਮੱਥੇ ਉੱਤੇ ਹੱਥ ਮਾਰਦਿਆਂ ਕਿਹਾ। ਇਸ ਪੱਧਰ ਦੀ ਕਿਤਾਬ ਅਸੀਂ ਬਾਰ੍ਹਵੀਂ ਜਮਾਤ ਨੂੰ ਪੜ੍ਹਾਉਂਦੇ ਹਾਂ। ਜਦੋਂ ਕਿ ਅੰਗਰੇਜ਼ੀ ਸਾਡੀ ਉੱਥੇ ਮਾਤ ਭਾਸ਼ਾ ਹੈ। ਤੁਸੀਂ ਬੱਚਿਆਂ ਨੂੰ ਪੜ੍ਹਾ ਨਹੀਂ ਰਹੇ ਤੁਸੀਂ ਤਾਂ ਸ਼ੋਸ਼ਣ ਕਰ ਰਹੇ ਹੋ। ਉੱਥੇ ਸਾਰੇ ਹੀ ਸਬੰਧਿਤ ਅਧਿਆਪਕਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਬਿਲਕੁਲ ਜੋ ਪੜ੍ਹਾਇਆ ਜਾ ਰਿਹਾ ਹੈ, ਉਹ ਬੱਚਿਆਂ ਦੇ ਉੱਪਰ ਦੀ ਲੰਘ ਰਿਹਾ ਹੈ। ਬੱਚਿਆਂ ’ਤੇ ਵਾਧੂ ਭਾਰ ਪਾਇਆ ਜਾ ਰਿਹਾ ਹੈ। ਜਿਵੇਂ ਦੇਸੀ ਭਾਸ਼ਾ ਵਿੱਚ ਕਿਹਾ ਜਾਵੇ ਕਿ ਜੇਕਰ ਕੋਈ ਵਿਅਕਤੀ ਵੀਹ ਕਿਲੋ ਵਜ਼ਨ ਚੁੱਕਦਾ ਹੈ, ਉਸ ਉੱਤੇ ਸੌ ਕਿੱਲੋ ਲੱਦ ਦਿੱਤਾ ਜਾਵੇ ਤਾਂ ਉਸ ਦਾ ਕਚੂਮਰ ਨਿਕਲ ਜਾਵੇਗਾ ਅਤੇ ਉਹ ਵੀਹ ਕਿੱਲੋ ਚੁੱਕਣ ਦੇ ਵੀ ਕਾਬਲ ਨਹੀਂ ਰਹੇਗਾ। ਇਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ।
ਕਦੇ ਸਮਾਂ ਹੁੰਦਾ ਸੀ ਜਦੋਂ ਪੰਜਵੀਂ ਤੱਕ ਬਹੁਤ ਸੌਖਾ ਸਿਲੇਬਸ ਹੁੰਦਾ ਸੀ ਅਤੇ ਛੇਵੀਂ ਕਲਾਸ ਵਿੱਚ ਜਾ ਕੇ ਚਾਰ ਲਾਈਨਾਂ ਵਾਲੀ ਕਾਪੀ ਲੱਗਦੀ ਸੀ। ਇਸ ’ਤੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਛੋਟੀ ਏ.ਬੀ.ਸੀ. ਅਤੇ ਵੱਡੀ ਏ.ਬੀ.ਸੀ. ਲਿਖਣ ਦੀ ਤਰਤੀਬ ਦੱਸੀ ਜਾਂਦੀ ਅਤੇ ਬੱਚਿਆਂ ਨੂੰ ਸ਼ਬਦ ਜੋੜ ਕਰਾਏ ਜਾਂਦੇ। ਬੱਚੇ ਇਸ ਵਿੱਚ ਬਹੁਤ ਦਿਲਚਸਪੀ ਲੈਂਦੇ ਸਨ। ਉਸ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਦੁਨੀਆ ਦੇ ਬਹੁਤ ਵੱਡੇ ਵੱਡੇ ਵਿਦਵਾਨ ਪੈਦਾ ਹੋਏ। ਜੇਕਰ ਬੱਚਾ ਮਾਤ ਭਾਸ਼ਾ ਵਿੱਚ ਸੰਪੂਰਨ ਨਹੀਂ ਹੋਵੇਗਾ ਤਾਂ ਉਹ ਦੂਜੀ ਭਾਸ਼ਾ ਕਦੇ ਵੀ ਸਿੱਖ ਨਹੀਂ ਸਕਦਾ।
ਪੰਜਾਬੀ ਯੂਨੀਵਰਸਿਟੀ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਜੋਗਾ ਸਿੰਘ ਦੇ ਵਿਚਾਰ ਅਨੁਸਾਰ ਜੇਕਰ ਇਨਸਾਨ ਛੇ ਮਹੀਨਿਆਂ ਵਿੱਚ ਦਿਲਚਸਪੀ ਨਾਲ ਸਿੱਖਣਾ ਚਾਹੇ ਤਾਂ ਉਹ ਕਿਸੇ ਵੀ ਭਾਸ਼ਾ ਨੂੰ ਸਿੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਸੰਪੂਰਨ ਵਿਕਾਸ ਮਾਤ ਭਾਸ਼ਾ ਵਿੱਚ ਹੀ ਹੋ ਸਕਦਾ ਹੈ। ਕਦੇ ਸੁਣਿਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕਿਰਪਾਲ ਸਿੰਘ ਔਲਖ ਦੇ ਵਿਚਾਰ ਕਿ ਕਿਵੇਂ ਉਹ ਇੱਕ ਸਧਾਰਨ ਪੇਂਡੂ ਪਰਿਵਾਰ ਵਿੱਚੋਂ ਪੜ੍ਹੇ ਅਤੇ ਨਾਲ ਹੀ ਪਹਿਲਵਾਨੀ ਕੀਤੀ ਅਤੇ ਖੇਤੀਬਾੜੀ ਵਿਗਿਆਨੀ ਬਣੇ। ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਅੱਜ ਵੀ ਆਪਣੀ ਖੇਤੀ ਆਪਣੇ ਹੱਥੀਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਦਾ ਸਹੀ ਗਿਆਨ ਵੀ ਮਾਤ ਭਾਸ਼ਾ ਵਿੱਚ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਵਿਦਵਾਨਾਂ ਅਤੇ ਵਿਗਿਆਨੀਆਂ ਦਾ ਕਾਲ ਪੈ ਗਿਆ ਹੈ। ਸਿੱਖਿਆ ਵਪਾਰ ਬਣ ਗਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਕਿਹੜੇ ਔਖੇ ਹਾਲਤਾਂ ਵਿੱਚ ਪੜ੍ਹੇ, ਜੇ ਜਾਣਨਾ ਹੈ ਤਾਂ ਉਨ੍ਹਾਂ ਦੀ ਸਵੈ ਜੀਵਨੀ ‘ਰੰਗਾਂ ਦੀ ਗਾਗਰ’ ਪੜ੍ਹੋ। ਉਨ੍ਹਾਂ ਨੇ ਆਪਣੇ ਬੇਟੇ ਜਨਮੇਜਾ ਸਿੰਘ ਜੌਹਲ ਨੂੰ ਖੇਤੀਬਾੜੀ ਵਿਗਿਆਨ ਦੀ ਵੱਡੀ ਡਿਗਰੀ ਕਰਵਾਈ, ਪ੍ਰੰਤੂ ਉਨ੍ਹਾਂ ਨੇ ਆਪਣੇ ਬੇਟੇ ਦਾ ਸ਼ੌਕ ਨਹੀਂ ਮਾਰਿਆ, ਜੋ ਕਿ ਅੱਜਕੱਲ੍ਹ ਬਹੁਤ ਵਧੀਆ ਫੋਟੋਗ੍ਰਾਫੀ ਕਰਦਾ ਹੈ। ਅੱਜ ਮਾਤਾ-ਪਿਤਾ ਆਪਣੇ ਬੱਚਿਆਂ ’ਤੇ ਜ਼ਬਰੀ ਫ਼ੈਸਲੇ ਠੋਸ ਰਹੇ ਹਨ। ਉਨ੍ਹਾਂ ਦੇ ਸ਼ੌਕ ਨਹੀਂ ਦੇਖ ਰਹੇ, ਸਿੱਟੇ ਵਜੋਂ ਬੱਚੇ ਤਣਾਅ ਵਿੱਚ ਜਾ ਰਹੇ ਹਨ। ਜੇਕਰ ਬੱਚੇ ਦਾ ਬਚਪਨ ਹੀ ਤਣਾਅ ਵਿੱਚ ਚਲਾ ਗਿਆ ਤਾਂ ਫਿਰ ਉਸ ਦੀ ਅਗਲੀ ਜ਼ਿੰਦਗੀ ਕਿਵੇਂ ਬੀਤੇਗੀ। ਸਾਬਕਾ ਆਈ.ਏ.ਐੱਸ. ਅਧਿਕਾਰੀ ਨ੍ਰਿਪਿੰਦਰ ਰਤਨ ਆਪਣੀ ਪੁਸਤਕ ‘ਕਤਰਨ ਕਤਰਨ ਯਾਦਾਂ’ ਵਿੱਚ ਜ਼ਿਕਰ ਕਰਦਾ ਹੈ, ‘‘ਜਦੋਂ ਮੈਂ ਠੰਢ ਵਿੱਚ ਆਪਣੇ ਪੋਤੇ ਨੂੰ ਪੀਲੀ ਪ੍ਰਾਈਵੇਟ ਸਕੂਲ ਦੀ ਬੱਸ ਵਿੱਚ ਚੜ੍ਹਾਉਣ ਜਾਂਦਾ ਹਾਂ, ਤਾਂ ਮੈਂ ਸੋਚਦਾ ਹਾਂ ਕਿ ਬੱਚੇ ਫੁੱਲ ਨਹੀਂ ਹੁੰਦੇ, ਜੇਕਰ ਬੱਚੇ ਫੁੱਲ ਹੁੰਦੇ ਤਾਂ ਫੁੱਲਾਂ ਦੇ ਕਤਲਗਾਹ ਨਾ ਹੁੰਦੇ, ਇਹ ਸਕੂਲ ਸਿੱਖਿਆ ਦੀਆਂ ਸੰਸਥਾਵਾਂ, ਸੱਚਮੁੱਚ ਬੱਚਿਆਂ ਦੀਆਂ ਕਤਲਗਾਹ ਹਨ। ਜੋ ਬਚਪਨਾ ਖੋਹ ਰਹੀਆਂ ਹਨ।’’
ਬੱਚੇ ਦਾ ਮਾਨਸਿਕ ਵਿਕਾਸ ਕਦੋਂ ਹੋਵੇਗਾ? ਜਿਹੜਾ ਖੇਡ ਗਰਾਊਂਡਾਂ ਵਿੱਚ ਖੇਡਣ ਦਾ ਸਮਾਂ ਸੀ, ਉਸ ਸਮੇਂ ਬੱਚੇ ਫੋਨ ਉੱਤੇ ਗੇਮਾਂ ਖੇਡਦੇ ਹਨ ਜਾਂ ਆਨਲਾਈਨ ਕਲਾਸਾਂ ਲਾਉਂਦੇ ਹਨ। ਅੱਜ ਸਾਰੀਆਂ ਯੂਨੀਵਰਸਿਟੀਆਂ ਦੇ ਮਨੋਵਿਗਿਆਨ ਵਿਭਾਗ ਅਤੇ ਬਹੁਤ ਸਾਰੇ ਡਾਕਟਰ ਇਸ ਗੱਲ ਦੀ ਚਿੰਤਾ ਵਿੱਚ ਹਨ ਕਿ ਬਚਪਨ ਨੂੰ ਕਿਵੇਂ ਤਣਾਅ ਤੋਂ ਬਚਾਇਆ ਜਾਵੇ, ਤਾਂ ਕਿ ਬੱਚਿਆਂ ਦੀਆਂ ਆਤਮਹੱਤਿਆਵਾਂ ਰੁਕ ਸਕਣ। ਅੱਜ ਬੱਚਿਆਂ ਨੂੰ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣ ਦੀ ਲੋੜ ਹੈ। ਅੱਜ ਮਾਤਾ-ਪਿਤਾ ਬੱਚਿਆਂ ਨੂੰ ਦੱਸਣ ਕਿ ਬੇਟਾ ਇਮਤਿਹਾਨਾਂ ਤੋਂ ਡਰਨ ਦੀ ਲੋੜ ਨਹੀਂ, ਸਗੋਂ ਜ਼ਿੰਦਗੀ ਇੱਕ ਪ੍ਰੀਖਿਆ ਹੈ। ਜੇਕਰ ਤੁਹਾਡਾ ਪੜ੍ਹਾਈ ਵਿੱਚ ਹੱਥ ਤੰਗ ਹੈ ਤਾਂ ਜ਼ਿੰਦਗੀ ਵਿੱਚ ਕਾਮਯਾਬੀ ਦੇ ਹੋਰ ਬਹੁਤ ਰਸਤੇ ਹਨ। ਜ਼ਿੰਦਗੀ ਪਰਮਾਤਮਾ ਦੀ ਦਾਤ ਹੈ, ਖੁੱਲ੍ਹ ਕੇ ਜ਼ਿੰਦਗੀ ਜੀਓ। ਅੱਜ ਮਾਪਿਆਂ ਨੂੰ ਅਜਿਹੀਆਂ ਵਿੱਦਿਅਕ ਸੰਸਥਾਵਾਂ ਤੋਂ ਬਚਣ ਦੀ ਲੋੜ ਹੈ, ਜਿਨ੍ਹਾਂ ਸੰਸਥਾਵਾਂ ਦੀ ਗੱਲ ਪਾਤਰ ਸਾਹਿਬ ਨੇ ਆਪਣੇ ਸ਼ਿਅਰ ਵਿੱਚ ਕੀਤੀ, ਅਜਿਹੀਆਂ ਸੰਸਥਾਵਾਂ ਵਿੱਚ ਬੱਚੇ ਕੀ ਵਿਕਾਸ ਕਰਨਗੇ ਜਿੱਥੇ ਮਾਂ ਬੋਲੀ ਬੋਲਣ ’ਤੇ ਜੁਰਮਾਨਾ ਹੁੰਦਾ ਹੋਵੇ। ਅੰਤ ਵਿੱਚ ਸੁਰਜੀਤ ਪਾਤਰ ਦਾ ਸ਼ਿਅਰ ਹੈ;
ਬੱਦਲਾਂ ਦੀ ਛਾਂ ਛਾਂ ਦਾ, ਚਿੜੀਆਂ ਦੀ ਚੀਂ ਚੀ ਦਾ
ਇੱਕ ਆਪਣਾ ਹੀ ਤਰਾਨਾ ਹੁੰਦਾ ਏ
ਮੈਂ ਸੁਣਿਆ ਇਸ ਧਰਤੀ ’ਤੇ ਐਸਾ ਖਿੱਤਾ ਵੀ ਏ
ਜਿੱਥੇ ਮਾਂ ਬੋਲੀ ਬੋਲਣ ’ਤੇ ਜੁਰਮਾਨਾ ਹੁੰਦਾ ਏ।
ਆਓ, ਪੰਜਾਬੀਓ ਅੱਜ ਕੁਦਰਤ ਦੇ ਅਨੁਸਾਰ ਜੀਵਨ ਜਿਊਣਾ ਸ਼ੁਰੂ ਕਰੀਏ। ਆਪਣੇ ਬੱਚਿਆਂ ਨੂੰ ਤਣਾਅ ਮੁਕਤ ਜ਼ਿੰਦਗੀ ਜਿਊਣ ਲਈ ਮਾਹੌਲ ਸਿਰਜੀਏ ਤਾਂ ਕਿ ਸਾਡਾ ਭਵਿੱਖ ਖੁਸ਼ਹਾਲ ਹੋਵੇ।
ਸੰਪਰਕ: 98781-97000
