ਮੋਬਾਈਲ ਸਕਰੀਨ ਦੀ ਕੈਦ ’ਚ ਬਚਪਨ
ਮੌਜੂਦਾ ਡਿਜੀਟਲ ਯੁੱਗ ਵਿੱਚ ਮੋਬਾਈਲ ਫੋਨ, ਇੰਟਰਨੈੱਟ ਅਤੇ ਆਨਲਾਈਨ ਪਲੈਟਫਾਰਮਾਂ ਨੇ ਮਨੁੱਖੀ ਜੀਵਨ ਨੂੰ ਬੇਹੱਦ ਸੁਖਾਲਾ ਬਣਾ ਦਿੱਤਾ ਹੈ। ਭਾਵੇਂ ਇੱਕ ਪਾਸੇ ਅਜਿਹੇ ਸਾਧਨ ਜਾਣਕਾਰੀ, ਸਿੱਖਿਆ, ਰੁਜ਼ਗਾਰ ਅਤੇ ਸੰਚਾਰ ਦੇ ਨਵੇਂ ਰਾਹ ਖੋਲ੍ਹਦੇ ਹਨ, ਪਰ ਦੂਜੇ ਪਾਸੇ ਇਨ੍ਹਾਂ ਦੀ ਬੇਲਗਾਮ...
ਮੌਜੂਦਾ ਡਿਜੀਟਲ ਯੁੱਗ ਵਿੱਚ ਮੋਬਾਈਲ ਫੋਨ, ਇੰਟਰਨੈੱਟ ਅਤੇ ਆਨਲਾਈਨ ਪਲੈਟਫਾਰਮਾਂ ਨੇ ਮਨੁੱਖੀ ਜੀਵਨ ਨੂੰ ਬੇਹੱਦ ਸੁਖਾਲਾ ਬਣਾ ਦਿੱਤਾ ਹੈ। ਭਾਵੇਂ ਇੱਕ ਪਾਸੇ ਅਜਿਹੇ ਸਾਧਨ ਜਾਣਕਾਰੀ, ਸਿੱਖਿਆ, ਰੁਜ਼ਗਾਰ ਅਤੇ ਸੰਚਾਰ ਦੇ ਨਵੇਂ ਰਾਹ ਖੋਲ੍ਹਦੇ ਹਨ, ਪਰ ਦੂਜੇ ਪਾਸੇ ਇਨ੍ਹਾਂ ਦੀ ਬੇਲਗਾਮ ਵਰਤੋਂ ਸਾਡੇ ਸੱਭਿਅਕ ਸਮਾਜ ਲਈ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਇਸ ਵਰਚੁਅਲ ਪਲੈਟਫਾਰਮ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ ਸਾਡੀ ਭਵਿੱਖੀ ਪੀੜ੍ਹੀ ਯਾਨੀ ਬੱਚੇ ਅਤੇ ਅੱਲ੍ਹੜ ਉਮਰ ਦੇ ਬੱਚੇ।
ਅੱਜ ਜਿਸ ਪਾਸੇ ਵੀ ਨਜ਼ਰ ਮਾਰਦੇ ਹਾਂ, ਬੱਚੇ ਦੇ ਹੱਥ ਵਿੱਚ ਮੋਬਾਈਲ ਆਮ ਦੇਖਿਆ ਜਾ ਸਕਦਾ ਹੈ। ਮਾਪਿਆਂ ਵਿਚਾਲੇ ਆਪਸੀ ਗੱਲਬਾਤ ਦਾ ਵਿਸ਼ਾ ਵੀ ਇਹੀ ਹੈ ਕਿ ਉਨ੍ਹਾਂ ਦਾ ਬੱਚਾ ਸਾਰਾ ਦਿਨ ਮੋਬਾਈਲ ਸਕਰੀਨ ਨਾਲ ਜੁੜਿਆ ਰਹਿੰਦਾ ਹੈ। ਬੱਚਾ ਪਰੰਪਰਾਗਤ ਖੇਡਾਂ ਜਾਂ ਖਿਡੌਣਿਆਂ ਦੀ ਥਾਂ ਮੋਬਾਈਲ ਉੱਤੇ ਖੇਡਣਾ ਜ਼ਿਆਦਾ ਪਸੰਦ ਕਰ ਰਿਹਾ ਹੈ। ਖੇਡ ਮੈਦਾਨਾਂ ਵਿੱਚ ਸੰਨਾਟਾ ਪਸਰਿਆ ਦਿਖਾਈ ਦਿੰਦਾ ਹੈ, ਬੱਚਿਆਂ ਲਈ ਆਨਲਾਈਨ ਗੇਮਾਂ ਹੀ ਖੇਡ ਦਾ ਮੈਦਾਨ ਹਨ। ਅੱਲ੍ਹੜ ਉਮਰ (13 ਤੋਂ 16 ਸਾਲ) ਜਿਹੜੀ ਬੱਚੇ ਦੀ ਸ਼ਖ਼ਸੀਅਤ ਅਤੇ ਮਾਨਸਿਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਤੇ ਸੰਵੇਦਨਸ਼ੀਲ ਦੌਰ ਹੁੰਦੀ ਹੈ, ਉਸ ਸਮੇਂ ਬੱਚਾ ਵਰਚੁਅਲ ਦੁਨੀਆ ਵਿੱਚ ਖੋ ਜਾਂਦਾ ਹੈ। ਨਤੀਜਾ ਬੱਚੇ ਅਸਲ ਹਾਲਤਾਂ ਤੋਂ ਦੂਰ ਵੱਖਰੀ ਕਲਪਨਾਤਮਕ ਦੁਨੀਆ ਵਿੱਚ ਜੀਵਨ ਬਤੀਤ ਕਰ ਰਹੇ ਹਨ।
ਕਰੋਨਾ ਮਹਾਂਮਾਰੀ ਕਾਲ ਦੌਰਾਨ ਸਕੂਲਾਂ ਦੇ ਬੰਦ ਹੋਣ ਕਰਕੇ ਬੱਚਿਆਂ ਦਾ ਮੋਬਾਈਲ ਸਕਰੀਨ ਉੱਤੇ ਟਾਈਮ ਵਿੱਚ ਵਾਧਾ ਹੋਇਆ। ਆਨਲਾਈਨ ਕਲਾਸਾਂ ਨੇ ਬੱਚਿਆਂ ਦੇ ਹੱਥ ਮੋਬਾਈਲ, ਟੈਬਲੈਟ ਅਤੇ ਲੈਪਟਾਪ ਫੜਾ ਦਿੱਤੇ। ਭਾਵੇਂ ਸ਼ੁਰੂ ਵਿੱਚ ਇਹ ਸਮੇਂ ਦੀ ਲੋੜ ਸੀ, ਪਰ ਦੇਖਦੇ ਹੀ ਦੇਖਦੇ ਇਹ ਆਦਤ ਅਤੇ ਫਿਰ ਲਤ ਬਣ ਗਈ। ਭਾਵੇਂ ਕਰੋਨਾ ਮਹਾਂਮਾਰੀ ਚਲੀ ਗਈ, ਪਰ ਇਹ ਮੋਬਾਈਲ ਨਾਮ ਦੀ ਬਿਮਾਰੀ ਪੈਦਾ ਕਰ ਗਈ, ਜਿਸ ਦੀ ਵਰਤੋਂ ਸਕੂਲਾਂ ਵਿੱਚ ਅਜੇ ਵੀ ਕੀਤੀ ਜਾ ਰਹੀ ਹੈ। ਬੱਚੇ ਹੁਣ ਕਿਤਾਬਾਂ ਦੇ ਨਾਲ ਮੋਬਾਈਲ ਵੀ ਕੋਲ ਰੱਖ ਕੇ ਪੜ੍ਹ ਰਹੇ ਹਨ। ਬੱਚਿਆਂ ਦਾ ਦੇਰ ਰਾਤ ਤੱਕ ਮੋਬਾਈਲ ਉੱਤੇ ਆਨਲਾਈਨ ਰਹਿਣਾ, ਜਿੱਥੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਕਰ ਰਿਹਾ ਹੈ, ਉੱਥੇ ਸੁਨਹਿਰੀ ਭਵਿੱਖ ਨੂੰ ਵੀ ਖ਼ਤਰੇ ਵਿੱਚ ਪਾ ਰਿਹਾ ਹੈ। ਅੱਜ ਦੇ ਬੱਚਿਆਂ ਵਿੱਚ ਬੇਸਬਰੀ, ਅਸਹਿਣਸ਼ੀਲਤਾ, ਗੁਸੈਲ ਸੁਭਾਅ ਮੋਬਾਈਲ ਦਾ ਹੀ ਨਤੀਜਾ ਹੈ। ਉਹ ਪੜ੍ਹਾਈ ਤੋਂ ਪੂਰੀ ਤਰ੍ਹਾਂ ਹਟਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਬੱਚੇ ਆਨਲਾਈਨ ਗੇਮਾਂ ਵੱਲ ਕਿਉਂ ਖਿੱਚੇ ਜਾਂਦੇ ਹਨ? ਗੇਮਾਂ ਵਿੱਚ ਰੰਗੀਨ ਗ੍ਰਾਫਿਕਸ, ਰੁਮਾਂਚਕਾਰੀ ਪੜਾਅ, ਇਨਾਮ ਅਤੇ ਤੁਰੰਤ ਪ੍ਰਤੀਕਿਰਿਆ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ। ਕਈ ਗੇਮਾਂ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਕਿ ਖੇਡਣ ਵਾਲੇ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਬਿਤਾਏ। ਇਹ ਮਨੋਵਿਗਿਆਨਕ ਪੱਖੋਂ ਬੱਚਿਆਂ ਦੇ ਕੋਮਲ ਮਨ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਉਹ ਹੌਲੀ-ਹੌਲੀ ਇਸ ਦੇ ਆਦੀ ਬਣ ਜਾਂਦੇ ਹਨ।
ਆਨਲਾਈਨ ਗੇਮਾਂ ਬੱਚਿਆਂ ਨੂੰ ਤੁਰੰਤ ਰੁਮਾਂਚ ਭਰਪੂਰ ਅਤੇ ਕਾਮਯਾਬੀ ਦਾ ਅਹਿਸਾਸ ਦਿੰਦੀਆਂ ਹਨ। ਜਦੋਂ ਬੱਚਾ ਗੇਮ ਦੇ ਪੜਾਅ ਨੂੰ ਪਾਰ ਕਰ ਲੈਂਦਾ ਹੈ ਤਾਂ ਉਸ ਸਮੇਂ ਮਿਲਣ ਵਾਲੀ ਖੁਸ਼ੀ ਉਸ ਦੇ ਮਨ ’ਤੇ ਡੂੰਘਾ ਪ੍ਰਭਾਵ ਛੱਡਦੀ ਹੈ, ਪ੍ਰੰਤੂ ਜਦੋਂ ਇਹ ਗੇਮਾਂ ਹਾਰ-ਜਿੱਤ, ਹਿੰਸਾ ਅਤੇ ਖ਼ਤਰਨਾਕ ਚੈਲੰਜ ਨਾਲ ਜੁੜ ਜਾਂਦੀਆਂ ਹਨ ਤਾਂ ਇਹ ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਅੱਜਕੱਲ੍ਹ ਦੇ ਬੱਚੇ ਵਰਚੁਅਲ ਜ਼ਿੰਦਗੀ ਦੇ ਨੇੜੇ ਅਤੇ ਅਸਲ ਜ਼ਿੰਦਗੀ ਤੋਂ ਦੂਰ ਹੁੰਦੇ ਜਾ ਰਹੇ ਹਨ। ਨਤੀਜਾ ਉਨ੍ਹਾਂ ਵਿੱਚ ਚਿੜਚਿੜਾਪਣ, ਬੇਸਬਰੀ, ਜ਼ਿੱਦੀਪਣ, ਹਿੰਸਾਤਮਕ ਰੁਝਾਨ ਪੈਦਾ ਹੋ ਰਿਹਾ ਹੈ, ਜੋ ਨਾ ਸਿਰਫ਼ ਉਨ੍ਹਾਂ ਨੂੰ ਹਨੇਰੇ ਵਿੱਚ ਲੈ ਕੇ ਜਾ ਰਿਹਾ ਹੈ, ਸਗੋਂ ਭਵਿੱਖੀ ਪੀੜ੍ਹੀ ਨੂੰ ਵੀ ਤਬਾਹ ਕਰ ਰਿਹਾ ਹੈ।
ਮਨੋਵਿਗਿਆਨੀ ਇਸ ਗੱਲ ਨੂੰ ਤਸਦੀਕ ਕਰਦੇ ਹਨ ਕਿ ਬੱਚਿਆਂ ਦਾ ਲਗਾਤਾਰ ਮੋਬਾਈਲ ਦੇ ਨਾਲ ਜੁੜੇ ਰਹਿਣਾ, ਉਨ੍ਹਾਂ ਵਿੱਚ ਧਿਆਨ ਦੀ ਘਾਟ, ਇਕਾਂਤਵਾਦ, ਤਣਾਅ ਅਤੇ ਚਿੰਤਾ ਵੱਲ ਧੱਕ ਰਿਹਾ ਹੈ। ਬੱਚੇ ਮਾਪਿਆਂ ਤੋਂ ਦੂਰੀ ਬਣਾ ਰਹੇ ਹਨ ਅਤੇ ਮੋਬਾਈਲ ਅਤੇ ਆਪਣੇ-ਆਪ ਵਿੱਚ ਸੀਮਤ ਹੋ ਰਹੇ ਹਨ। ਮੋਬਾਈਲ ਹੀ ਉਨ੍ਹਾਂ ਦੀ ਦੁਨੀਆ ਬਣ ਰਹੀ ਹੈ। ਨਤੀਜਾ, ਡਿਪ੍ਰੈਸ਼ਨ ਅਤੇ ਸਮਾਜਿਕ ਤਾਣੇ-ਬਾਣੇ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਕੀ ਇਸ ਸਮੱਸਿਆ ਲਈ ਸਿਰਫ਼ ਬੱਚੇ ਹੀ ਦੋਸ਼ੀ ਹਨ? ਇਹ ਬਿਲਕੁਲ ਗ਼ਲਤ ਹੈ, ਮਾਪੇ ਵੀ ਇਸ ਵਿੱਚ ਬਰਾਬਰ ਦੇ ਦੋਸ਼ੀ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਮੋਬਾਈਲ ਫੜਾ ਦਿੰਦੇ ਹਨ। ਭਾਵੇਂ ਕਿ ਸ਼ੁਰੂ ਵਿੱਚ ਇਹ ਸਮੱਸਿਆ ਨਹੀਂ ਜਾਪਦੀ ਸੀ, ਪ੍ਰੰਤੂ ਦੇਖਦੇ ਹੀ ਦੇਖਦੇ ਇਹ ਆਦਤ ਬੱਚੇ ਦੀ ਜ਼ਿੰਦਗੀ ’ਤੇ ਪੂਰੀ ਤਰ੍ਹਾਂ ਭਾਰੀ ਹੋ ਗਈ ਹੈ। ਮਾਪਿਆਂ ਦੀ ਨਿਗਰਾਨੀ ਅਤੇ ਭਾਵਨਾਤਮਕ ਸਾਂਝ ਦੀ ਘਾਟ ਉਨ੍ਹਾਂ ਨੂੰ ਇਸ ਅੰਧਕਾਰ ਵੱਲ ਲੈ ਕੇ ਜਾ ਰਹੀ ਹੈ।
ਵਿੱਦਿਅਕ ਸੰਸਥਾਵਾਂ ਬੱਚਿਆਂ ਅੰਦਰ ਮੋਬਾਈਲ ਦੀ ਲਤ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਨ੍ਹਾਂ ਸੰਸਥਾਵਾਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਜੀਵਨ ਦੀਆਂ ਕਦਰਾਂ ਕੀਮਤਾਂ, ਅਨੁਸ਼ਾਸਨ ਅਤੇ ਸੰਤੁਲਿਤ ਡਿਜੀਟਲ ਵਰਤੋਂ ਬਾਰੇ ਜਾਗਰੂਕ ਕਰਨ। ਜੇਕਰ ਅਧਿਆਪਕ ਬੱਚਿਆਂ ਦੇ ਸੁਭਾਅ ਵਿੱਚ ਆ ਰਹੇ ਬਦਲਾਵਾਂ ਨੂੰ ਸਮੇਂ ’ਤੇ ਸਮਝ ਕੇ ਯੋਗ ਮਾਰਗਦਰਸ਼ਨ ਕਰਨ ਤਾਂ ਇਸ ਗੰਭੀਰ ਸਮੱਸਿਆ ਨੂੰ ਸਮੇਂ ਸਿਰ ਨਜਿੱਠਿਆ ਜਾ ਸਕਦਾ ਹੈ।
ਮਾਪਿਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਮੋਬਾਈਲ ਦੇ ਮੁੱਦੇ ’ਤੇ ਗੰਭੀਰ ਹੋਣ ਦੀ ਲੋੜ ਹੈ। ਸਰਕਾਰ ਇਸ ਬਾਬਤ ਡਿਜੀਟਲ ਜਾਗਰੂਕਤਾ ਮੁਹਿੰਮ, ਮਾਪਿਆਂ ਦੀ ਯੋਗ ਅਗਵਾਈ ਅਤੇ ਸਕੂਲ ਪੱਧਰ ’ਤੇ ਵਰਕਸ਼ਾਪਾਂ ਕਰਵਾਉਣ ਨਾਲ ਵੀ ਇਸ ਵਿਰੁੱਧ ਅਭਿਆਨ ਨੂੰ ਹੁਲਾਰਾ ਮਿਲੇਗਾ। ਬੱਚਿਆਂ ਵਿੱਚ ਮੋਬਾਈਲ ਦੇ ਰੁਝਾਨ ਨੂੰ ਘਟਾਉਣ ਦੇ ਨਾਲ-ਨਾਲ ਉਨ੍ਹਾਂ ਲਈ ਖੇਡ ਮੈਦਾਨ, ਚਿੱਤਰਕਾਰੀ, ਮਨੋਰੰਜਨ ਦੇ ਰਵਾਇਤੀ ਸਾਧਨ, ਸੰਗੀਤ ਅਤੇ ਕਿਤਾਬਾਂ ਨਾਲ ਜੁੜਨ ਦੇ ਮੌਕੇ ਵਧਾਏ ਜਾਣ ਤਾਂ ਹੀ ਇਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਇਸ ਸਮੱਸਿਆ ਦਾ ਹੱਲ ਪਾਬੰਦੀ ਨਹੀਂ, ਸਗੋਂ ਸੰਤੁਲਨ ਹੈ। ਮੋਬਾਈਲ ਆਪਣੇ-ਆਪ ਵਿੱਚ ਮਾੜਾ ਨਹੀਂ। ਅੱਜ ਇਹ ਗਿਆਨ ਅਤੇ ਸੰਚਾਰ ਦਾ ਸਭ ਤੋਂ ਵੱਡਾ ਸੋਮਾ ਬਣ ਕੇ ਉਭੱਰਿਆ ਹੈ, ਪ੍ਰੰਤੂ ਜਦੋਂ ਇਸ ਦੀ ਹੱਦ ਤੋਂ ਵੱਧ ਵਰਤੋ ਕੀਤੀ ਜਾਵੇ, ਬੱਚਿਆਂ ਦਾ ਬਚਪਨ ਇਸ ਵਿੱਚ ਕੈਦ ਹੋ ਜਾਵੇ ਅਤੇ ਅੱਲ੍ਹੜਾਂ ਤੋਂ ਜੀਵਨ ਦਾ ਉਦੇਸ਼ ਖੋਹ ਲਵੇ ਤਾਂ ਇਹ ਆਧੁਨਿਕ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਅੱਜ ਦੇ ਸਮੇਂ ਦੀ ਲੋੜ ਹੈ ਕਿ ਮੋਬਾਈਲ ਅਤੇ ਬੱਚੇ ਵਿਚਕਾਰ ਸੰਤੁਲਨ ਬਣਾਇਆ ਜਾਵੇ।
ਅੰਤ, ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅੱਜ ਦੀ ਲੜਾਈ ਮੋਬਾਈਲ ਸਕਰੀਨ ਨਾਲ ਨਹੀਂ, ਸਗੋਂ ਉਸ ਦੀ ਗ਼ਲਤ ਵਰਤੋਂ ਨਾਲ ਹੈ। ਜੇਕਰ ਮਾਪੇ, ਅਧਿਆਪਕ, ਸਰਕਾਰ ਅਤੇ ਸਮਾਜ ਮਿਲ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਬਚਪਨ ਨੂੰ ਮੁੜ ਹੱਸਣ-ਖੇਡਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਜੇਕਰ ਬਚਪਨ ਸੁਰੱਖਿਅਤ ਨਹੀਂ ਤਾਂ ਭਵਿੱਖ ਵੀ ਸੁਰੱਖਿਅਤ ਨਹੀਂ।
ਸੰਪਰਕ: 99884-01976

