ਸੋਹਣੇ ਗੀਤਾਂ ਦਾ ਸਿਰਜਕ ਛਿੰਦਰ ਨਥਾਣਾ
ਕੁਝ ਗੀਤ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਮਕਬੂਲੀਅਤ ਗਾਇਕ ਅਤੇ ਗੀਤਕਾਰ ਦੀ ਵੱਡੀ ਪਛਾਣ ਬਣ ਜਾਂਦੀ ਹੈ। ਇੱਕ ਗੀਤਕਾਰ ਲਈ ਤਾਂ ਇਹ ਹੋਰ ਵੀ ਵੱਡੀ ਗੱਲ ਹੁੰਦੀ ਹੈ ਕਿ ਉਸ ਦੇ ਲਿਖੇ ਸੈਂਕੜੇ ਗੀਤਾਂ ਵਿੱਚੋਂ ਜਦ ਕੋਈ ਅਜਿਹਾ ਇੱਕ ਗੀਤ...
ਕੁਝ ਗੀਤ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਮਕਬੂਲੀਅਤ ਗਾਇਕ ਅਤੇ ਗੀਤਕਾਰ ਦੀ ਵੱਡੀ ਪਛਾਣ ਬਣ ਜਾਂਦੀ ਹੈ। ਇੱਕ ਗੀਤਕਾਰ ਲਈ ਤਾਂ ਇਹ ਹੋਰ ਵੀ ਵੱਡੀ ਗੱਲ ਹੁੰਦੀ ਹੈ ਕਿ ਉਸ ਦੇ ਲਿਖੇ ਸੈਂਕੜੇ ਗੀਤਾਂ ਵਿੱਚੋਂ ਜਦ ਕੋਈ ਅਜਿਹਾ ਇੱਕ ਗੀਤ ਹੀ ਉਸ ਨੂੰ ਸ਼ੁਹਰਤ ਦੀ ਟੀਸੀ ’ਤੇ ਲੈ ਜਾਂਦਾ ਹੈ। ਜੀਜਾ-ਸਾਲੀ ਦੇ ਰਿਸ਼ਤੇ ਦੀ ਗੱਲ ਕਰਦਾ ਅਜਿਹਾ ਹੀ ਇੱਕ ਚਰਚਿਤ ਦੋਗਾਣਾ ਹੈ, ‘ਤੈਨੂੰ ਰਿਸ਼ਤਾ ਕਰਾਂਵਾ ਪਿੰਡੋਂ ਸਾਲੀਏ... ਨੀਂ ਮੁੰਡਾ ਲਾਇਨਮੈਨ ਲੱਗਿਆ।’
ਕੇ-ਦੀਪ ਤੇ ਜਗਮੋਹਨ ਕੌਰ ਦੇ ਚਰਚਿਤ ਦੋਗਾਣੇ ‘ਮੇਰਾ ਬੜਾ ਕਰਾਰਾ ਪੂਦਨਾ’ ਤੋਂ ਬਾਅਦ ਅੱਜ ਦੇ ਸਮੇਂ ਇਹੋ ਇੱਕ ਅਜਿਹਾ ਦੋਗਾਣਾ ਹੈ ਜੋ ਹਰੇਕ ਵਿਆਹ ਸਮਾਗਮ ਦੌਰਾਨ ਡੀਜੇ/ਆਰਕੈਸਟਰਾ ਗਰੁੱਪਾਂ ’ਚ ਰਿਪੀਟ ’ਤੇ ਵੱਜਦਾ ਹੈ। ਜੇਕਰ ਅਜਿਹੇ ਸਮਾਗਮ ਵਿੱਚ ਬਿਜਲੀ ਮੁਲਾਜ਼ਮ ਸ਼ਾਮਲ ਹੋਣ ਤਾਂ ਇਹ ਗੀਤ ਅਨੇਕਾਂ ਵਾਰ ਰਿਪੀਟ ਹੋਣਾ ਲਾਜ਼ਮੀ ਬਣ ਜਾਂਦਾ ਹੈ। ਇਹ ਚਰਚਿਤ ਦੋਗਾਣਾ ਬਲਕਾਰ ਸਿੱਧੂ ਤੇ ਜਸਪਾਲ ਜੱਸੀ ਦੀ ਆਵਾਜ਼ ਵਿੱਚ ਹੈ ਜੋ ਕਈ ਸਾਲ ਪਹਿਲਾਂ ‘ਅਖਾੜਾ’ ਟੇਪ ‘ਮਾਝੇ ਦੀਏ ਮੋਮਬੱਤੀਏ’ ’ਚ ਰਿਕਾਰਡ ਹੋਇਆ ਸੀ। ਟਾਈਟਲ ਗੀਤ ਵਾਂਗ ‘ਮੁੰਡਾ ਲਾਇਨਮੈਨ ਲੱਗਿਆ’ ਗੀਤ ਵੀ ਵਧੇਰੇ ਚਰਚਿਤ ਰਿਹਾ, ਪਰ ਇਸ ਗੀਤ ਦੇ ਰਚੇਤੇ ਬਾਰੇ ਬਹੁਤ ਘੱਟ ਸਰੋਤਿਆਂ ਨੂੰ ਪਤਾ ਹੋਵੇਗਾ।
ਬਿਜਲੀ ਮਹਿਕਮੇ ਵਾਲਿਆਂ ਨਾਲ ਸਬੰਧਿਤ ਇਸ ਇੱਕੋ ਇੱਕ ਦੋਗਾਣੇ ਨੂੰ ਗੀਤਕਾਰ ਛਿੰਦਰ ਨਥਾਣਾ ਨੇ ਲਿਖਿਆ ਹੈ। ਛਿੰਦਰ ਖੁਦ ਬਿਜਲੀ ਮਹਿਕਮੇ ਦਾ ਮੁਲਾਜ਼ਮ ਰਿਹਾ ਹੈ। ਉਸ ਨੇ ਗੀਤ ਤਾਂ ਬਹੁਤ ਲਿਖੇ ਤੇ ਰਿਕਾਰਡ ਕਰਵਾਏ, ਪਰ ਇਹੋ ਇੱਕ ਗੀਤ ਹੈ ਜਿਸ ਨੂੰ ਐਨੀ ਪ੍ਰਸਿੱਧੀ ਮਿਲੀ। ਇਹ ਗੀਤ ਉਸ ਨੇ ਉਦੋਂ ਲਿਖਿਆ ਜਦੋਂ ਉਹ ਨਵਾਂ-ਨਵਾਂ ਲਾਇਨਮੈਨ ਬਣਿਆ ਸੀ।
ਬਠਿੰਡਾ ਜ਼ਿਲ੍ਹੇ ਵਿੱਚ ਕਸਬਾ ਨਥਾਣਾ ਵਿੱਚ ਪਿਤਾ ਫੌਜੀ ਚੰਨਣ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ 12 ਅਗਸਤ 1958 ਵਿੱਚ ਜਨਮੇਂ ਛਿੰਦਰ ਨੂੰ ਲਿਖਣ ਦਾ ਸ਼ੌਕ ਛੋਟੀ ਉਮਰੇ ਹੀ ਪੈ ਗਿਆ। ਅੱਠਵੀਂ ਜਮਾਤ ’ਚ ਪੜ੍ਹਦਿਆਂ ਉਹ ਕਵਿਤਾਵਾਂ ਲਿਖਣ ਲੱਗ ਪਿਆ, ਫਿਰ ਉਸ ਦੇ ਇੱਕ ਗਾਇਕ ਮਿੱਤਰ ਨੇ ਉਸ ਨੂੰ ਗੀਤ ਲਿਖਣ ਲਈ ਪ੍ਰੇਰਿਤ ਕੀਤਾ। ਗੀਤਕਾਰੀ ਵਿੱਚ ਉਹ ਬਾਬੂ ਸਿੰਘ ‘ਮਰਾੜ੍ਹਾਂ ਵਾਲੇ’ ਦੀ ਲੇਖਣੀ ਤੋਂ ਬੜਾ ਪ੍ਰਭਾਵਿਤ ਹੋਇਆ। ਉਸ ਨੇ ਮਨ ਹੀ ਮਨ ਬਾਬੂ ਸਿੰਘ ਮਾਨ ਨੂੰ ਉਸਤਾਦ ਧਾਰ ਲਿਆ ਅਤੇ ਕੁਝ ਗੀਤ ਡਾਕ ਰਾਹੀਂ ਭੇਜ ਦਿੱਤੇ, ਜਿਸ ਦਾ ਉਸ ਨੂੰ ਹਾਂ-ਪੱਖੀ ਹੁੰਗਾਰਾਂ ਮਿਲਿਆ। ਉਸ ਦੇ ਮੁੱਢਲੇ ਗੀਤ ਉਸ ਦੇ ਨੇੜਲੇ ਮਿੱਤਰ ਗਾਇਕ ਨਿਰਭੈ ਗਿੱਲ ਨੇ ਹੀ ਰਿਕਾਰਡ ਕਰਵਾਏ, ਪ੍ਰੰਤੂ ਕੰਪਨੀ ਨਵੀਂ ਹੋਣ ਕਰਕੇ ਉਸ ਦੀ ਇਹ ਟੇਪ ਬਹੁਤੇ ਸਰੋਤਿਆਂ ਤੱਕ ਨਾ ਪਹੁੰਚ ਸਕੀ, ਪਰ ਉਹ ਲਿਖਦਾ ਗਿਆ ਅਤੇ ਰਿਕਾਰਡ ਹੁੰਦਾ ਗਿਆ।
ਸਾਲ 1988 ਵਿੱਚ ਉਹ ਬਿਜਲੀ ਮਹਿਕਮੇ ’ਚ ਭਰਤੀ ਹੋ ਗਿਆ ਤੇ ਲਿਖਣ ਦਾ ਸ਼ੌਕ ਬਰਕਰਾਰ ਰੱਖਿਆ। ਫਿਰ ਜਦੋਂ ਉਸ ਦੇ ਲਾਈਨਮੈਨ ਦੇ ਆਰਡਰ ਹੋਏ ਤਾਂ ਉਸ ਨੇ ਚਾਈਂ-ਚਾਈਂ ਇਹ ਗੀਤ ਵੀ ਲਿਖ ਲਿਆ। ਬਲਕਾਰ ਸਿੱਧੂ ਨੇੜਲੇ ਪਿੰਡ ਪੂਹਲੇ ਤੋਂ ਸੀ। ਇੱਕ ਦਿਨ ਜਦ ਉਹ ਛਿੰਦਰ ਦੇ ਘਰੇ ਗੀਤ ਲੈਣ ਆਇਆ ਤਾਂ ਉਸ ਨੇ ਇਹੋ ਗੀਤ ਦੇ ਦਿੱਤਾ। ਇਸ ਗੀਤ ਤੋਂ ਛਿੰਦਰ ਨੂੰ ਇੰਨੀ ਆਸ ਨਹੀਂ ਸੀ, ਪਰ ਜਦੋਂ ਬਲਕਾਰ ਨੇ ਇਹ ਗੀਤ ਯੂਨੀਵਰਸਿਟੀ ਸਮਾਗਮ ਦੀ ਸਟੇਜ ’ਤੇ ਗਾਇਆ ਤਾਂ ਬੱਲੇ-ਬੱਲੇ ਹੋ ਗਈ। ਉਸ ਤੋਂ ਬਾਅਦ ਇਸ ਗੀਤ ਦੀ ਚਰਚਾ ਹੋਣ ਲੱਗੀ ਤਾਂ ਉਸ ਨੇ ਇਸ ਨੂੰ ਰਿਕਾਰਡ ਕਰਵਾ ਦਿੱਤਾ, ਜਿਸ ਨਾਲ ਛਿੰਦਰ ਨਥਾਣੇ ਦਾ ਨਾਂ ਗੀਤਕਾਰੀ ਦੇ ਖੇਤਰ ’ਚ ਉੱਭਰ ਕੇ ਸਾਹਮਣੇ ਆਇਆ।
ਇਹ ਗੀਤ ਛਿੰਦਰ ਦੇ ਆਪਣੇ ਪਰਿਵਾਰ ਦੀ ਕਹਾਣੀ ਸੀ। ਉਹ ਖੁਦ ਲਾਇਨਮੈਨ ਸੀ। ਭਾਵੇਂ ਕਿ ਛਿੰਦਰ ਅੱਜ ਲਾਇਨਮੈਨ ਤੋਂ ਜੇਈ ਬਣ ਕੇ ਸੇਵਾ ਮੁਕਤ ਹੋ ਚੁੱਕਿਆ ਹੈ, ਪ੍ਰੰਤੂ ਸੰਗੀਤਕ ਹਲਕਿਆਂ ਵਿੱਚ ਉਹ ਅੱਜ ਵੀ ਲਾਇਨਮੈਨ ਨਾਲ ਚਰਚਾ ਵਿੱਚ ਹੈ। ਛਿੰਦਰ ਨੇ ਦੱਸਿਆ ਕਿ ਉਸ ਨੇ ਸੈਂਕੜੇ ਗੀਤ ਲਿਖੇ ਤੇ ਰਿਕਾਰਡ ਹੋਏ, ਪ੍ਰੰਤੂ ਇਸ ਗੀਤ ਨੂੰ ਜੋ ਪ੍ਰਸਿੱਧੀ ਮਿਲੀ, ਉਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਇਸ ਦੇ ਨਾਲ ਹੀ ਉਸ ਦੇ ਮਨ ਨੂੰ ਇੱਕ ਝੋਰਾ ਵੀ ਰਿਹਾ ਕਿ ਇਸ ਗੀਤ ਸਦਕਾ ਗਾਇਕ ਅਤੇ ਕੰਪਨੀਆਂ ਤਾਂ ਲੱਖਾਂ ਕਮਾ ਗਈਆਂ, ਪਰ ਉਸ ਦੇ ਪੱਲੇ ਫੋਕੀ ਵਾਹ-ਵਾਹ ਹੀ ਪਈ। ਇਸ ਗੀਤ ਤੋਂ ਬਾਅਦ ਉਸ ਦੀ ਬਲਕਾਰ ਨਾਲ ਕਦੇ ਮੁਲਾਕਾਤ ਨਹੀਂ ਹੋਈ। ਪਿੱਛੇ ਜਿਹੇ ਜਦ ਇਹੋ ਗੀਤ ਕਿਸੇ ਹੋਰ ਕੰਪਨੀ ’ਚ ਦੁਬਾਰਾ ਰਿਕਾਰਡ ਹੋਣ ਦੀ ਚਰਚਾ ਹੋਈ ਤਾਂ ਬਲਕਾਰ ਨੇ ਛਿੰਦਰ ਤੱਕ ਪਹੁੰਚ ਕੀਤੀ ਅਤੇ ਕੁਝ ਨਵੇਂ ਅੰਤਰੇ ਲਿਖਵਾ ਕੇ ਇਸੇ ਗੀਤ ਨੂੰ ਬਲਕਾਰ ਸਿੱਧੂ ਨੇ ਸਹਿ ਗਾਇਕਾ ‘ਜੀ-ਨੂਰ’ ਨਾਲ ਮੁੜ ਰਿਕਾਰਡ ਕਰਵਾਇਆ ਜੋ ‘ਲਾਇਨਮੈਨ 2’ ਦੇ ਟਾਈਟਲ ਨਾਲ ਯੂ-ਟਿਊਬ ’ਤੇ ਮੁੜ ਚਰਚਾ ਵਿੱਚ ਹੈ।
ਗੀਤਕਾਰ ਛਿੰਦਰ ਨਥਾਣਾ ਨੇ ਦੱਸਿਆ ਕਿ ਉਸ ਦੇ ਗੀਤਾਂ ਦੀ ਪਹਿਲੀ ਕੈਸੇਟ ‘ਸੁਣੀ ਵੇ ਸ਼ੌਕੀਨਾਂ’ ਟਾਈਟਲ ਨਾਲ ਗਾਇਕ ਜੋੜੀ ਨਿਰਭੈ ਗਿੱਲ ਅਤੇ ਗੁਰਵਿੰਦਰ ਸਿੱਧੂ ਦੀ ਆਵਾਜ਼ ਵਿੱਚ ਆਈ। ਇਸ ਤੋਂ ਬਅਦ ‘ਮਿੱਠੀ ਲੱਗੇ ਮਿਸ਼ਰੀ ਤੋਂ’ ਵਿੱਚ ਵੀ ਚਾਰ ਗੀਤ ਰਿਕਾਰਡ ਹੋਏ। ਫਿਰ ਉਸ ਨੇ ਮਰਹੂਮ ਗਾਇਕ ਨਛੱਤਰ ਛੱਤੇ ਦੀ ਯਾਦ ਵਿੱਚ ‘ਰਿਹਾ ਨਾ ਸਾਡਾ ਯਾਰ ਸੱਜਣਾ’ ਕੈਸੇਟ ਦੇ ਸਾਰੇ ਹੀ ਗੀਤ ਲਿਖੇ, ਜਿਸ ਨੂੰ ਕਿ ਅੰਗਰੇਜ਼ ਬਾਜਾਖਾਨਾ ਨੇ ਰਿਕਾਰਡ ਕਰਵਾਇਆ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਗਾਇਕ ਜੋੜੀ ਗੁਰਵੀਰ ਸਿੱਧੂ ਅਤੇ ਅਮਨ ਵਿਰਕ ਦੀ ਆਵਾਜ਼ ’ਚ ਉਸ ਦਾ ਲਿਖਿਆ ਇੱਕ ਹੋਰ ਪਰਿਵਾਰਕ ਵਿਸ਼ੇ ਦਾ ਗੀਤ ‘ਵੈਸ਼ਨੂੰ ਵਿਆਹ’ ਵੀ ਕਾਫ਼ੀ ਚਰਚਾ ਵਿੱਚ ਹੈ।
ਛਿੰਦਰ ਨੇ ਦੱਸਿਆ ਕਿ ਉਸ ਦੇ 100 ਤੋਂ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ, ਜਿਸ ਨੂੰ ਨਿਰਭੈ ਗਿੱਲ, ਗੁਰਵਿੰਦਰ ਸਿੱਧੂ, ਬਲਵੀਰ ਚੋਟੀਆ, ਅਜ਼ੀਜ਼ ਖਾਨ, ਗੁਰਵੀਰ ਸਿੱਧੂ ਅਤੇ ਅਮਨ ਵਿਰਕ ਨੇ ਰਿਕਾਰਡ ਕਰਵਾਇਆ ਹੈ। ਆਉਣ ਵਾਲੇ ਸਮੇਂ ਵਿੱਚ ਉਸ ਦੇ ਕੁਝ ਹੋਰ ਗੀਤ ਬਲਕਾਰ ਸਿੱਧੂ, ਹਰਦੇਵ ਮਾਹੀਨੰਗਲ, ਰਾਜਾ ਸਿੱਧੂ ਅਤੇ ਗੋਰਾ ਚੱਕ ਵਾਲਾ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਣਗੇ। ਇੱਕ ਵਧੀਆ ਗੀਤਕਾਰ ਹੋਣ ਦੇ ਬਾਵਜੂਦ ਛਿੰਦਰ ਬਹੁਤੇ ਗਾਇਕਾਂ ਦੀ ਆਵਾਜ਼ ’ਚ ਰਿਕਾਰਡ ਨਾ ਹੋ ਸਕਿਆ। ਸ਼ੁਰੂ ਸ਼ੁਰੂ ਵਿੱਚ ਉਹ ਆਪਣੇ ਗੀਤ ਲੈ ਕੇ ਲੁਧਿਆਣੇ ਕਲਾਕਾਰਾਂ ਦੇ ਦਫ਼ਤਰਾਂ ’ਚ ਗਿਆ ਸੀ, ਜਿੱਥੇ ਉਸ ਦੇ ਤਿੰਨ ਗੀਤ ਰਿਕਾਰਡ ਤਾਂ ਹੋਏ, ਪਰ ਕਿਸੇ ਹੋਰ ਨਾਮੀਂ ਗੀਤਕਾਰ ਦੇ ਨਾਂ ਹੇਠ। ਇਸ ਸ਼ੋਸ਼ਣ ਦਾ ਸ਼ਿਕਾਰ ਹੋਣ ਮਗਰੋਂ ਉਸ ਨੇ ਗਾਇਕਾਂ ਕੋਲ ਜਾਣਾ ਹੀ ਛੱਡ ਦਿੱਤਾ।
ਛਿੰਦਰ ਦੇ ਪਰਿਵਾਰ ਵਿੱਚ ਅੱਗੇ ਉਸ ਦਾ ਇੱਕ ਬੇਟਾ ਕਮਲ ਨਥਾਣਾ ਗੀਤਕਾਰ ਤੇ ਸੰਗੀਤਕਾਰ ਹੈ, ਜਿਸ ਦਾ ਆਪਣਾ ਸੰਗੀਤ ਸਟੂਡੀਓ ਵੀ ਹੈ। ਬਿਜਲੀ ਮਹਿਕਮੇ ’ਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਆਪਣਾ ਜ਼ਿਆਦਾ ਸਮਾਂ ਚੰਗਾ ਸੁਣਨ ਅਤੇ ਲਿਖਣ ਵਿੱਚ ਗੁਜ਼ਾਰਦਾ ਹੈ। ਛਿੰਦਰ ਨਥਾਣਾ ਆਪਣੇ ਹੁਣ ਤੱਕ ਦੇ ਗੀਤਕਾਰੀ ਸਫ਼ਰ ਤੋਂ ਸੰਤੁਸ਼ਟ ਹੈ।
ਸੰਪਰਕ: 98146-07737

