ਕਿਰਤ ਅਤੇ ਕਲਾ ਦਾ ਪ੍ਰਤੀਕ ਚਰਖਾ
ਭਾਰਤ ਵਿੱਚ ਆਰੀਆ ਲੋਕ ਚਰਖੇ ਦੇ ਛੋਟੇ ਰੂਪ ਤੱਕਲੀ ਨਾਲ ਸੂਤ ਕੱਤਦੇ ਸਨ। ਇਸ ਦਾ ਸੁਧਰਿਆ ਅਤੇ ਵੱਡਾ ਰੂਪ ਚਰਖੇ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ। ਇਹ ਵੀ ਕਿਹਾ ਜਾਂਦਾ ਹੈ ਕਿ ਚਰਖਾ ਮੱਧ-ਏਸ਼ੀਆ ਤੋਂ ਦਸਵੀਂ ਸਦੀ ਵਿੱਚ ਹਿੰਦੋਸਤਾਨ ਵਿੱਚ...
ਭਾਰਤ ਵਿੱਚ ਆਰੀਆ ਲੋਕ ਚਰਖੇ ਦੇ ਛੋਟੇ ਰੂਪ ਤੱਕਲੀ ਨਾਲ ਸੂਤ ਕੱਤਦੇ ਸਨ। ਇਸ ਦਾ ਸੁਧਰਿਆ ਅਤੇ ਵੱਡਾ ਰੂਪ ਚਰਖੇ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ। ਇਹ ਵੀ ਕਿਹਾ ਜਾਂਦਾ ਹੈ ਕਿ ਚਰਖਾ ਮੱਧ-ਏਸ਼ੀਆ ਤੋਂ ਦਸਵੀਂ ਸਦੀ ਵਿੱਚ ਹਿੰਦੋਸਤਾਨ ਵਿੱਚ ਆਇਆ। ਜਿੱਥੋਂ ਤੱਕ ਇਸ ਦੇ ਨਾਮਕਰਨ ਦਾ ਸਬੰਧ ਹੈ, ਚਰਖਾ ਫ਼ਾਰਸੀ ਦੇ ਚਰਖਹ ਸ਼ਬਦ ਦਾ ਤਦਭਵ ਰੂਪ ਹੈ। ਇਹ ਵੀ ਹੋ ਸਕਦਾ ਹੈ ਕਿ ਚਰਖਾ ਸੰਸਕ੍ਰਿਤ ਸ਼ਬਦ ਵਿੱਚ ਚੱਕਰ ਤੋਂ ਪੰਜਾਬੀ ਵਿੱਚ ਚੱਕਰਾ, ਵਿਗੜ ਕੇ ਬਣਿਆ ਚਰਕਾ ਅਤੇ ਉਸ ਤੋਂ ਬਾਅਦ ਚਰਖਾ ਬਣਿਆ ਹੋਵੇ। ਇਹ ਵੀ ਹੋ ਸਕਦਾ ਹੈ ਚਰਖੇ ਦਾ ਚੱਕਰ ਬਣਾਉਣ ਵੇਲੇ ਤਰਖਾਣ ਨੇ ਲੱਕੜ ਦਾ ਸਹਾਰਾ ਕਾਟਾ ਬਣਾਇਆ ਜਿਸ ਵਿੱਚ ਚਾਰ ਖਾਨੇ ਸਪੱਸ਼ਟ ਦਿਖਣ ਲੱਗੇ, ਇਨ੍ਹਾਂ ਚਾਰ ਖਾਨਿਆਂ ਤੋਂ ਚਰਖਾ ਬਣਿਆ ਹੋਵੇ।
ਚਰਖੇ ਨੂੰ ਪੰਜਾਬੀ ਸੱਭਿਆਚਾਰ ਦਾ ਦਿਲ ਕਿਹਾ ਜਾ ਸਕਦਾ ਹੈ। ਇਸ ਕਰਕੇ ਪੰਜਾਬੀ ਸਾਹਿਤ ਵਿੱਚ ਜਿੰਨਾ ਜ਼ਿਕਰ ਚਰਖੇ ਦਾ ਆਉਂਦਾ ਹੈ, ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਆਉਂਦਾ ਹੋਵੇ। ਚਰਖੇ ਦੇ ਸਾਰੇ ਅੰਗ ਅਤੇ ਉਪ ਅੰਗ ਵੀ ਪੰਜਾਬੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਜਿਵੇਂ ਮਾਲ੍ਹ, ਬਾਇੜ (ਕੱਸਣ), ਲੱਠ, ਮੁੰਨੇ, ਫੱਟੇ, ਗੁੱਡੇ, ਗੁੱਝ (ਹੱਥੀ), ਮਝੇਰੂ, ਦਮਕੱੜਾ, ਚਰਮੱਖ, ਕੱਥ, ਬੀੜ, ਮਣਕਾ, ਤੱਕਲਾ ਆਦਿ ਦੀ ਆਪਣੀ ਆਪਣੀ ਹੋਂਦ ਅਤੇ ਪਛਾਣ ਹੈ। ਚਰਖੇ ਦੀ ਸਹਾਇਕ ਸਮੱਗਰੀ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ ਜਿਵੇਂ ਪੂਣੀਆਂ, ਤੰਦ, ਗਲੋਟਾ, ਸੂਤ, ਅਟੇਰਨ, ਪੀਹੜਾ, ਪਟਾਰੀ ਅਤੇ ਕੱਤਣੀ ਆਦਿ।
ਚਰਖਾ ਬਣਾਉਣ ਵਾਲੇ ਕਾਰੀਗਰ ਜਾਂ ਤਰਖਾਣ ਦੀ ਵਿਸ਼ੇਸ਼ ਭੂਮਿਕਾ ਹੁੰਦੀ ਸੀ। ਇਹ ਕਾਰੀਗਰ ਦੀ ਸੁਲਝੀ ਹੋਈ ਅਤੇ ਖ਼ੂਬਸੂਰਤ ਕਲਾ ਦਾ ਇੱਕ ਅਦਭੁੱਤ ਨਮੂਨਾ ਸੀ। ਇਸ ਨੂੰ ਬਣਾਉਣ ਲਈ ਵਧੀਆ ਕਿਸਮ ਦੀ ਲੱਕੜੀ ਦੀ ਚੋਣ ਕੀਤੀ ਜਾਂਦੀ ਸੀ। ਇਸ ਦੇ ਹਾਰ-ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਦੀ ਵਰਤੋਂ ਕੀਤੀ ਜਾਂਦੀ ਸੀ। ਚੱਕਰੇ ਵਿੱਚ ਸ਼ੀਸ਼ੇ ਜੜੇ ਜਾਂਦੇ ਸਨ। ਚੱਕਰੇ ਨੂੰ ਵੱਖ-ਵੱਖ ਰੰਗਾਂ ਦੀਆਂ ਧਾਰੀਆਂ ਨਾਲ ਸਜਾਇਆ ਜਾਂਦਾ ਸੀ। ਇਹ ਗੱਲ ਇਸ ਗੀਤ ਦੇ ਬੋਲਾਂ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੁੰਦੀ ਹੈ;
ਕਾਰੀਗਰ ਨੂੰ ਦੇ ਵਧਾਈ
ਜਿਹਨੇ ਰੰਗਲਾ ਚਰਖਾ ਬਣਾਇਆ।
ਵਿੱਚ ਸੁਨਹਿਰੀ ਲਾਈਆਂ ਮੇਖਾਂ
ਹੀਰਿਆਂ ਜੜਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਹਾਣਦੀਏ ਵਿਆਹ ਭਾਦੋਂ ਦਾ ਆਇਆ
ਚਰਖਾ ਇੱਕ ਤਰ੍ਹਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪਕਲਾ ਵਿੱਚ ਉਪਜਿਆ ਇੱਕ ਖ਼ੂਬਸੂਰਤ ਤੋਹਫ਼ਾ ਹੈ। ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਗੁਣ ਹੈ, ਇਸ ਨੇ ਆਪਣੀ ਹਰ ਇੱਕ ਲੋੜ ਦੀ ਨਿਸ਼ਾਨੀ ਨੂੰ ਕਿਰਤ ਅਤੇ ਕਲਾ ਨਾਲ ਜੋੜਿਆ ਹੈ। ਲਗਭਗ ਪੌਣੀ ਵੀਹਵੀਂ ਸਦੀ ਤੱਕ ਚਰਖਾ ਕੱਤਣਾ ਪੰਜਾਬ ਦੇ ਹਰੇਕ ਪਿੰਡ ਵਿੱਚ ਰਹਿਣ ਵਾਲੀ ਔਰਤ ਦੀ ਪ੍ਰਮੁੱਖ ਘਰੇਲੂ ਦਸਤਕਾਰੀ ਜਾਂ ਧੰਦਾ ਸੀ। ਉਦੋਂ ਤੱਕ ਚਰਖਾ ਪੰਜਾਬੀ ਸੱਭਿਆਚਾਰ ਦਾ ਹਰਮਨ ਪਿਆਰਾ ਪ੍ਰਤੀਕ ਬਣਿਆ ਰਿਹਾ। ਇਹ ਪੰਜਾਬੀ ਕੁੜੀ ਦੇ ਮਾਨ-ਸਨਮਾਨ ਦਾ ਚਿੰਨ੍ਹ ਹੁੰਦਾ ਸੀ। ਜਦੋਂ ਕੁੜੀ ਦਸ ਕੁ ਸਾਲਾਂ ਦੀ ਹੋ ਜਾਂਦੀ ਸੀ ਤਾਂ ਮਾਂ, ਚਾਚੀਆਂ, ਤਾਈਆਂ ਉਸ ਦੇ ਦਾਜ ਦੀ ਤਿਆਰੀ ਕਰਨ ਲੱਗ ਜਾਂਦੀਆਂ ਸਨ। ਫਿਰ ਸਾਰਾ ਦਿਨ ਘਰ ਵਿੱਚ ਚਰਖੇ ਦੀ ਗੂੰਜ ਪੈਣ ਲੱਗ ਜਾਂਦੀ ਸੀ।
ਤ੍ਰਿੰਝਣ ਦੀ ਗੱਲ ਤੋਂ ਵਗੈਰ ਚਰਖੇ ਦੇ ਕਾਰਜ ਦੀ ਸੱਭਿਆਚਾਰਕ ਮਿਠਾਸ ਹਲਕੀ ਪੈ ਜਾਵੇਗੀ। ਜਦੋਂ ਮੁਟਿਆਰਾਂ, ਇਸਤਰੀਆਂ ਅਤੇ ਬੁੱਢੀਆਂ ਖੁੱਲ੍ਹੀ ਗਲੀ ਵਿੱਚ ਜਾਂ ਕਿਸੇ ਦੇ ਵੱਡੇ ਵਿਹੜੇ ਵਿੱਚ ਇਕੱਠੀਆਂ ਹੋ ਕੇ ਆਪਣਾ ਆਪਣਾ ਚਰਖਾ ਡਾਹ ਲੈਂਦੀਆਂ ਸਨ ਤਾਂ ਉਨ੍ਹਾਂ ਵਿੱਚ ਮੁਕਾਬਲਾ ਹੋਣਾ ਸੁਭਾਵਿਕ ਸੀ। ਜਿੱਥੇ ਬੈਠ ਕੇ ਚਰਖਾ ਕੱਤਿਆ ਜਾਂਦਾ ਸੀ, ਉਸ ਥਾਂ ਨੂੰ ਤ੍ਰਿੰਝਣ ਕਿਹਾ ਜਾਂਦਾ ਸੀ। ਤ੍ਰਿੰਝਣ ਵਿੱਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ-ਬੁਣਾਈ ਦਾ ਕੰਮ ਅਤੇ ਗੀਤ-ਬੋਲੀਆਂ ਆਦਿ ਗਾਉਂਦੀਆਂ ਸਨ;
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ
ਸਬੱਬ ਨਾਲ ਹੋਣ ’ਕੱਠੀਆਂ।
**
ਨੀਂ ਮੈਂ ਕੱਤਾ ਪ੍ਰੀਤਾਂ ਨਾਲ
ਚਰਖਾ ਚੰਨਣ ਦਾ।
**
ਬਾਜ਼ਾਰ ਵਿਕੇਂਦੀ ਬਰਫ਼ੀ
ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਕੱਤਾਂ ਪੂਣੀਆਂ।
ਸਹੁਰੇ ਘਰ ਆਈਆਂ ਕੁੜੀਆਂ ਜਦ ਤ੍ਰਿੰਝਣ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਭਾਵੁਕ ਹੋ ਜਾਂਦੀਆਂ ਸਨ ਤਾਂ ਇਹ ਬੋਲ ਉਨ੍ਹਾਂ ਦੇ ਮੂਹੋਂ ਨਿਕਲਦੇ ਸਨ;
ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ
ਮਾਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਦੇਖਾਂ।
ਜਦ ਉਹੀ ਮੁਟਿਆਰ ਪੇਕੇ ਹੁੰਦੀ ਹੈ ਤਾਂ ਇੰਝ ਕਹਿੰਦੀ;
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ
ਮਾਹੀਆ ਮੈਨੂੰ ਯਾਦ ਆਂਵਦਾ।
ਚਰਖੇ ਦੇ ਕਾਰਜ ਦਾ ਸੁਨੇਹਾ ਚੜ੍ਹਦੇ ਸੂਰਜ ਵਾਂਗ ਦਿਖਦਾ ਹੈ, ਕਿਰਤ ਹੀ ਪੂਜਾ ਜਾਂ ਸਾਧਨਾ ਹੈ, ਇਹੋ ਸੱਚਾ ਨਾਮ ਹੈ। ਚਰਖੇ ਨਾਲ ਕੱਤੇ ਸੂਤ ਨਾਲ ਔਰਤਾਂ ਦਰੀਆਂ, ਖੇਸ ਅਤੇ ਫੁਲਕਾਰੀਆਂ ਬਣਾਉਂਦੀਆਂ ਸਨ। ਘਰ ਦੇ ਮਰਦਾਂ ਨੂੰ ਤਾਂ ਚਰਖੇ ਦੀ ਕੀਮਤ ਦਾ ਉਦੋਂ ਹੀ ਪਤਾ ਲੱਗਦਾ ਸੀ, ਜਦੋਂ ਘਰ ਵਿੱਚ ਕੋਈ ਪ੍ਰਾਹੁਣਾ ਆਉਂਦਾ ਸੀ, ਉਦੋਂ ਪੇਟੀ ਵਿੱਚੋਂ ਨਵੀਆਂ ਦਰੀਆਂ-ਖੇਸ ਕੱਢੇ ਜਾਂਦੇ ਸਨ ਜਾਂ ਜਦੋਂ ਕੁੜੀ ਦੇ ਦਾਜ ਵਾਲੀ ਪੇਟੀ ਭਰਨੀ ਹੁੰਦੀ ਸੀ।
ਸੂਫੀਆਂ ਨੇ ਤਾਂ ਚਰਖੇ ਅਤੇ ਇਸ ਦੇ ਹਰ ਇੱਕ ਅੰਗ ਨੂੰ ਆਪਣੀਆਂ ਕਾਫੀਆਂ ਵਿੱਚ ਪ੍ਰਮੁੱਖ ਥਾਂ ਦਿੱਤੀ ਹੈ, ਸ਼ਾਹ ਹੁਸੈਨ ਲਿਖਦਾ ਹੈ;
ਨੀ ਸਈਓ ਨੀ! ਮੈਂ ਕੱਤਦੀ ਕੱਤਦੀ ਹੁੱਟੀ
ਅਤਨ ਦੇ ਵਿੱਚ ਗੂਹੜੇ ਰਲਦੇ, ਹੱਥ ਵਿੱਚ ਰਹਿ ਗਈ ਜੁਟੀ
ਸਾਰੇ ਵਰ੍ਹੇ ਵਿੱਚ ਛੱਲੀ ਇੱਕ ਕੱਤੀ, ਕਾਗ ਮਰੇਂਦਾ ਝੁੱਟੀ
ਸੇਜੇ ਆਵਾਂ, ਕੁੰਤ ਨਾ ਭਾਵਾਂ, ਕਾਈ ਵਗ ਗਈ ਕਲਮ ਉੱਪਠੀ
ਭਲਾ ਭਇਆ, ਮੇਰਾ ਚਰਖ਼ਾ ਭੰਨਾ, ਮੇਰੀ ਜਿੰਦ ਅਜ਼ਾਬੋਂ ਛੁੱਟੀ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਸਭ ਦੁਨੀਆ ਜਾਂਦੀ ਡਿੱਠੀ
ਬੁੱਲ੍ਹੇ ਸ਼ਾਹ ਨੇ ਵੀ ਚਰਖੇ ਨੂੰ ਆਪਣੀ ਕਾਵਿ ਰਚਨਾ ਵਿੱਚ ਮਨਭਾਉਂਦੇ ਰੂਪਕ ਵਜੋਂ ਵਰਤਿਆ ਹੈ;
ਤੂੰ ਸੁੱਤਿਆਂ ਉਮਰ ਵੰਜਾਈ ਏ,
ਤੂੰ ਚਰਖੇ ਤੰਦ ਨਾ ਪਾਈ ਏ।
ਕੀ ਕਰਸੇਂ ਦਾਜ ਤਿਆਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
***
ਚਰਖਾ ਮੁਫ਼ਤ ਤੇਰੇ ਹੱਥ ਆਇਆ,
ਪੱਲਿਓਂ ਨਾਹੀਂ ਕੁਝ ਖੋਲ੍ਹ ਗਵਾਇਆ।
ਚਰਖਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ।
ਇਸ ਚਰਖੇ ਦੀ ਕੀਮਤ ਭਾਰੀ,
ਤੂੰ ਕੀ ਜਾਣੇ ਕਦਰ ਗਵਾਰੀ।
ਐਸਾ ਚਰਖਾ ਘੜਨਾ ਨਾਹੀਂ ਫੇਰ ਕਿਸੇ ਤਰਖਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
***
ਗ਼ਮਾਂ ਵਾਲਾ ਚਰਖਾ ਤੇ ਦੁੱਖਾਂ ਦੀਆਂ ਪੂਣੀਆਂ
ਮੈਂ ਜਿਉਂ ਜਿਉਂ ਕੱਤੀ ਜਾਵਾਂ ਹੋਣ ਪਈਆਂ ਦੁਣੀਆਂ।
ਕਿੱਸਾਕਾਰਾਂ ਨੇ ਵੀ ਚਰਖੇ ਨੂੰ ਆਪਣੇ ਕਿੱਸਿਆਂ ਵਿੱਚ ਪ੍ਰਮੁੱਖ ਥਾਂ ਦਿੱਤੀ ਹੈ, ਸਾਧੂ ਦਯਾ ਸਿੰਘ ਲਿਖਦਾ ਹੈ;
ਚਰਖਾ ਏਸ ਕਲਬੂਤ ਦਾ ਭੱਜ ਜਾਣਾ,
ਟੁੱਟ ਜਾਵਣੇ ਦਮਾਂ ਦੇ ਤੰਦ ਬੰਦੇ।
ਪੰਜਾਬੀ ਲੋਕ ਗੀਤਾਂ ਵਿੱਚ ਚਰਖੇ ਦੀ ਵੰਨਗੀ ਦੇਖੋ;
ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਘੂਕ ਸੁਣ ਕੇ।
ਇੱਕ ਤੇਰਾ ਰੰਗ ਮੁਸ਼ਕੀ ਦੂਜਾ ਡਾਹ ਲਿਆ ਗਲੀ ਦੇ ਵਿੱਚ ਚਰਖਾ।
ਭਾਵੇਂ ਅੱਜ ਚਰਖਾ ਸਾਡੇ ਘਰਾਂ ਵਿੱਚੋਂ ਖ਼ਤਮ ਹੋ ਚੁੱਕਾ ਹੈ, ਪਰ ਚਰਖਾ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਵੱਡਮੁੱਲਾ ਪ੍ਰਤੀਕ ਬਣਿਆ ਰਹੇਗਾ। ਭਾਵੇਂ ਚਰਖਾ ਇੱਕ ਨਿਰਜੀਵ ਵਸਤੂ ਹੈ, ਪਰ ਪੰਜਾਬੀ ਸਾਹਿਤ, ਸੱਭਿਆਚਾਰ ਵਿੱਚ ਇਹ ਪੂਰੀ ਤਰ੍ਹਾਂ ਜਿਉਂਦਾ ਅਤੇ ਜਾਗਦਾ ਹੈ। ਚਰਖਾ ਪੰਜਾਬੀ ਔਰਤ ਦੇ ਮਾਨ ਸਨਮਾਨ ਦਾ ਪ੍ਰਤੀਕ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰ ਨਾਲ ਗੱਲਾਂ ਕਰਦਾ ਅਤੇ ਉਸ ਦੇ ਹਰ ਦੁੱਖ-ਸੁੱਖ ਦਾ ਭਾਈਵਾਲ ਬਣ ਕੇ ਉਨ੍ਹਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ।
ਸੰਪਰਕ: 98143-41746

