ਵਿਆਹਾਂ ਦੇ ਬਦਲਦੇ ਰੂਪ
ਵਿਆਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਹੈ। ਮਨੁੱਖ ਵਿਆਹ ਤੋਂ ਬਾਅਦ ਜ਼ਿੰਦਗੀ ਦੇ ਜ਼ਿੰਮੇਵਾਰ ਪੜਾਅ ਵਿੱਚ ਸ਼ਾਮਲ ਹੁੰਦਾ ਹੈ। ਜਿਵੇਂ-ਜਿਵੇਂ ਮਨੁੱਖ ਦਾ ਵਿਹਾਰ ਬਦਲਦਾ ਗਿਆ, ਤਿਵੇਂ-ਤਿਵੇਂ ਵਿਆਹ ਦੀਆਂ ਰਸਮਾਂ ਤੇ ਤੌਰ-ਤਰੀਕੇ ਵੀ ਬਦਲਦੇ ਗਏ। ਕਦੇ ਵਿਆਹ ਦੀ ਰਸਮ ਹਫ਼ਤਾ-ਹਫ਼ਤਾ...
ਵਿਆਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਹੈ। ਮਨੁੱਖ ਵਿਆਹ ਤੋਂ ਬਾਅਦ ਜ਼ਿੰਦਗੀ ਦੇ ਜ਼ਿੰਮੇਵਾਰ ਪੜਾਅ ਵਿੱਚ ਸ਼ਾਮਲ ਹੁੰਦਾ ਹੈ। ਜਿਵੇਂ-ਜਿਵੇਂ ਮਨੁੱਖ ਦਾ ਵਿਹਾਰ ਬਦਲਦਾ ਗਿਆ, ਤਿਵੇਂ-ਤਿਵੇਂ ਵਿਆਹ ਦੀਆਂ ਰਸਮਾਂ ਤੇ ਤੌਰ-ਤਰੀਕੇ ਵੀ ਬਦਲਦੇ ਗਏ।
ਕਦੇ ਵਿਆਹ ਦੀ ਰਸਮ ਹਫ਼ਤਾ-ਹਫ਼ਤਾ ਚੱਲਦੀ ਸੀ। ਪੁਰਾਣੇ ਲੋਕ ਵੀ ਧੀਰਜ ਵਾਲੇ ਹੁੰਦੇ ਸਨ। ਜਦੋਂ ਕਿਸੇ ਦੇ ਘਰ ਜੰਨ ਢੁੱਕਣੀ ਤਾਂ ਜੰਨ ਵੀ ਹਫ਼ਤਾ-ਹਫ਼ਤਾ ਰਹਿੰਦੀ ਸੀ। ਵਿਆਹ ਵਾਲੇ ਘਰ ਤੋਂ ਬਿਨਾਂ ਜੰਨ ਨੂੰ ਸ਼ਰੀਕਾ-ਕਬੀਲਾ ਵੀ ਰੋਟੀ ਕਰਿਆ ਕਰਦਾ ਸੀ। ਫਿਰ ਹਾਲਾਤ ਅਨੁਸਾਰ ਜੰਨ ਤਿੰਨ-ਤਿੰਨ ਦਿਨ ਰਹਿਣ ਲੱਗ ਪਈ। ਇੰਨੇ ਦਿਨ ਰਹਿ ਕੇੇ ਵੀ ਬਰਾਤੀ ਸਾਰੇ ਪਿੰਡ ਲਈ ਸਤਿਕਾਰ ਦੇ ਪਾਤਰ ਬਣੇ ਰਹਿੰਦੇ ਸਨ। ਬਰਾਤੀ ਇੰਨੇ ਸੰਜਮੀ ਬਣ ਕੇ ਵਿਚਰਦੇ ਸਨ ਕਿ ਉਹ ਬੇਗਾਨੇ ਪਿੰਡ ਦੀ ਇੱਜ਼ਤ ਨੂੰ ਵੀ ਆਪਣੀ ਇੱਜ਼ਤ ਸਮਝਦੇ ਸਨ। ਵਿਆਹ ਸਮੇਂ ਬਰਾਤ ਦੀ ਸੇਵਾ ਸਿਰਫ਼ ਲੱਡੂ, ਜਲੇਬੀ ਜਾਂ ਪ੍ਰਸ਼ਾਦ ਨਾਲ ਕਰਦੇ ਸਨ। ਬਰਾਤੀ ਵੀ ਭੁੰਜੇ ਪਟੀਆਂ ’ਤੇ ਬੈਠ ਕੇ ਪੱਤਲਾਂ ਵਿੱਚ ਹੀ ਭੋਜਨ ਛਕਿਆ ਕਰਦੇ ਸਨ। ਕਿਸੇ ਦੇ ਵਿਆਹ ਵਿੱਚ ਬਰਾਤੀ ਬਣਨਾ ਬੜੇ ਫਖ਼ਰ ਵਾਲੀ ਗੱਲ ਤਾਂ ਹੁੰਦੀ ਹੀ ਸੀ। ਪੈਸੇ ਦੀ ਕਮੀ ਹੋਣ ਕਰਕੇ ਲੋਕਾਂ ਕੋੋਲ ਹੁਣ ਵਾਂਗ ਕੱਪੜਿਆਂ ਦੀਆਂ ਅਲਮਾਰੀਆਂ ਨਹੀਂ ਸਨ ਭਰੀਆਂ ਹੁੰਦੀਆਂ। ਜੰਨ ਜਾਣ ਲਈ ਲੋਕ ਇੱਕ-ਦੂਜੇ ਤੋਂ ਚਾਦਰਾ, ਕੁੜਤਾ ਜਾਂ ਜੁੱਤੀ ਮੰਗ ਕੇ ਲੈ ਜਾਇਆ ਕਰਦੇ ਸਨ। ਇਸ ਤਰ੍ਹਾਂ ਮੰਗਵੇਂ ਕੱਪੜੇ ਪਾ ਕੇ ਹੀ ਲੋਕ ਆਪਣਾ ਡੰਗ ਸਾਰ ਲੈਂਦੇ ਸਨ। ਇਹ ਵੀ ਲੋਕਾਂ ਦੀ ਇੱਕ ਫਿਤਰਤ ਸੀ ਕਿ ਜੰਨ ਜਾਣ ਲਈ ਮੰਗੇ ਕੱਪੜਿਆਂ ਨੂੰ ਕਈ ਨਾਂਹ ਨਹੀਂ ਸੀ ਕਰਦਾ।
ਬਰਾਤਾਂ ਊਠਾਂ, ਘੋੜਿਆਂ ਜਾਂ ਬਲਦਾਂ ਮਗਰ ਗੱਡੇ ਜੋੜ ਕੇ ਜਾਂਦੀਆਂ ਸਨ। ਇਸ ਤਰ੍ਹਾਂ ਧੀ ਵਾਲੇ ਪਰਿਵਾਰ ਨੂੰ ਜਿੱਥੇ ਬਰਾਤੀਆਂ ਦੀ ਸੇਵਾ ਕਰਨੀ ਪੈਂਦੀ ਸੀ, ਉੱਥੇ ਉਨ੍ਹਾਂ ਦੇ ਊਠਾਂ, ਘੋੜਿਆਂ ਤੇ ਬਲਦਾਂ ਦੀ ਸੇਵਾ ਵੀ ਕਰਨੀ ਪੈਂਦੀ ਸੀ। ਉਨ੍ਹਾਂ ਲਈ ਪੱਠੇ ਚਾਰੇ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਣਾ ਪੈਂਦਾ ਸੀ। ਰੋਟੀ ਖਾਣ ਸਮੇਂ ਧੀ ਵਾਲੇ ਪਰਿਵਾਰ ਦੀ ਕੋਈ ਮੁਟਿਆਰ ਛੰਦਾ-ਬੰਦੀ ਦਾ ਲੰਬਾ ਦੋਹਾ ਜਾਂ ਕੋਈ ਗੀਤ ਗਾ ਕੇ ਬਰਾਤੀਆਂ ਦੀ ਰੋਟੀ ਬੰਨ੍ਹ ਦਿੰਦੀ ਸੀ। ਜਦੋਂ ਤੀਕ ‘ਬੱਧੀ ਹੋਈ ਰੋਟੀ’ ਨਹੀਂ ਛੁੱਟਦੀ ਸੀ, ਉਦੋਂ ਤੀਕ ਬਰਾਤੀ ਰੋਟੀ ਨਹੀਂ ਸਨ ਖਾਂਦੇ। ਫਿਰ ਕੋਈ ਜਾਨੀਆਂ ਵਿੱਚੋਂ ਖੜ੍ਹਾ ਹੋ ਕੇ ਉਸ ਮੁਟਿਆਰ ਦੇ ਕਾਵਿ-ਰੂਪ ਦਾ ਜੁਆਬ ਆਪਣੇ ਕਾਵਿ-ਮਈ ਅੰਦਾਜ਼ ਵਿੱਚ ਦਿੰਦਾ ਸੀ। ਇਸ ਤਰ੍ਹਾਂ ਬੱਧੀ ਰੋਟੀ ਛੁਡਾਉਣ ਤੋਂ ਬਾਅਦ ਹੀ ਬਰਾਤੀ ਰੋਟੀ ਖਾਂਦੇ ਸਨ। ਇਸੇ ਪਰੰਪਰਾ ਕਰਕੇ ਬਰਾਤ ਵਿੱਚ ਕਵੀਸ਼ਰਾਂ ਜਾਂ ਛੰਦਾ-ਬੰਦੀ ਦੇ ਮਾਹਿਰ ਲੋਕਾਂ ਨੂੰ ਲਿਜਾਣ ਦਾ ਰਿਵਾਜ ਸੀ। ਫਿਰ ਹੌਲੀ-ਹੌਲੀ ਇਸ ਰਸਮ ਵਿੱਚ ਅਸ਼ਲੀਲਤਾ ਘੁਸਪੈਠ ਕਰਦੀ ਗਈ। ਸਿੱਟੇ ਵਜੋਂ ਇਸ ਰਸਮ ਦਾ ਵੀ ਅੰਤ ਹੋ ਗਿਆ।
ਇੱਕ ਸਮਾਂ ਸੀ ਜਦੋਂ ਚਾਰ-ਪੰਜ ਭਰਾਵਾਂ ਵਿੱਚੋਂ ਮਸਾਂ ਹੀ ਇੱਕ ਜਾਂ ਦੋ ਹੀ ਵਿਆਹੇ ਜਾਂਦੇ ਸਨ। ਹਰ ਘਰ ਵਿੱਚ ਇੱਕ ਜਾਂ ਦੋ ਛੜੇ ਜ਼ਰੂਰ ਹੁੰਦੇ ਸਨ। ਲਿੰਗ-ਅਨੁਪਾਤ ਦੀ ਗੜਬੜੀ ਕਰਕੇ ਸਮੇਂ ਅਨੁਸਾਰ ਸਮਾਜਿਕ ਕਦਰਾਂ-ਕੀਮਤਾ ਵੀ ਬਦਲਦੀਆਂ ਗਈਆਂ। ਜਦੋਂ ਕੁੜੀਆਂ ਦੀ ਕਮੀ ਸੀ ਤਾਂ ਕਈ ਵਾਰ ਧੀ ਦਾ ਬਾਪ ਵੀ ਪੈਸੇ ਲੈ ਕੇ ਧੀ ਦਾ ਡੋਲ਼ਾ ਤੋਰਦਾ ਸੀ। ਜਦੋਂ ਕੁੜੀਆਂ ਦੀ ਬਹੁਤਾਤ ਹੋ ਗਈ ਤਾਂ ਮੁੰਡੇ ਵਾਲਿਆਂ ਨੇ ਦਾਜ ਦੇ ਰੂਪ ਵਿੱਚ ਝੋਲੀਆਂ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਮੈਨੂੰ ਇੱਕ ਬਜ਼ੁਰਗ ਨੇ ਬੜੀ ਬੇਬਾਕੀ ਨਾਲ ਦੱਸਿਆ ਕਿ ਜਦੋਂ ਮੇਰੇ ਚਾਚੇ ਨੂੰ ਵਿਆਹੁਣ ਗਏ ਤਾਂ ਧੀ ਦੇ ਬਾਪ ਵੱਲੋਂ ਪਹਿਲਾਂ ਹੀ ਚਾਰ ਸੌ ਰੁਪਏ ਦੀ ਮੰਗ ਕੀਤੀ ਗਈ ਸੀ। ਫੇਰੇ ਹੋਣ ਤੋਂ ਪਹਿਲਾਂ ਉਸ ਨੇ ਚਾਰ ਸੌ ਰੁਪਏ ਮੰਗੇ। ਪੈਸੇ ਦੀ ਕਾਫ਼ੀ ਕਮੀ ਸੀ। ਜਦੋਂ ਪੈਸਿਆਂ ਦੀ ਗਿਣਤੀ ਕੀਤੀ ਤਾਂ ਚਾਰ ਸੌ ਵਿੱਚੋਂ ਦੋ ਰੁਪਏ ਘਟ ਗਏ। ਧੀ ਦੇ ਬਾਪ ਨੇ ਪੈਸੇ ਘੱਟ ਹੋਣ ਕਰਕੇ ਫੇਰੇ ਦੇਣ ਤੋਂ ਜੁਆਬ ਦੇ ਦਿੱਤਾ। ਗੱਲ ਵਿਗੜਦੀ ਦੇਖ ਕੇ ਫਿਰ ਬਰਾਤੀਆਂ ਤੋਂ ਪੈਸੈ ਇਕੱਠੇ ਕਰਨੇ ਸ਼ੁਰੂ ਕੀਤੇ। ਕਿਸੇ ਕੋਲੋਂਂ ਦੋ ਆਨੇ ਫੜੇ, ਕਿਸੇ ਕੋਲੋਂ ਚਾਰ ਆਨੇ, ਇਸ ਤਰ੍ਹਾਂ ਮਸਾਂ ਦੋ ਰੁਪਏ ਇਕੱਠੇ ਕਰਕੇ ਪੈਸੇ ਪੂਰੇ ਕੀਤੇ। ਫਿਰ ਫੇਰਿਆਂ ਦੀ ਰਸਮ ਪੂਰ ਚੜ੍ਹੀ।
ਵਿਆਹਾਂ ਵਿੱਚ ਲੋਕੀਂ ਗੁੱਸਾ ਨਹੀਂ ਸਨ ਕਰਦੇ। ਬਰਾਤੀਆਂ ਨੂੰ ਸਿੱਠਣੀਆਂ ਦੇ ਰੂਪ ਵਿੱਚ ਕਾਫ਼ੀ ਕੁਝ ਕਿਹਾ ਜਾਂਦਾ ਸੀ। ਵੱਡੀ ਉਮਰ ਦੀਆਂ ਔਰਤਾਂ ਕੁੜਮਾਂ ਨੂੰ ਟੁੱਟ-ਟੁੱਟ ਪੈਂਦੀਆਂ। ਕੁੜਮ ਦੀ ਨਿਵੇਕਲੀ ਪਛਾਣ ਕਰਾਉਣ ਲਈ ਧੀ ਦੀ ਮਾਂ ਜਾਂ ਸ਼ਰੀਕੇ ਵਿੱਚੋਂ ਚਾਚੀ ਜਾਂ ਤਾਈ ਤੇਲ ਤੇ ਬਸਾਰ ਦਾ ਹੱਥ ਲਿਬੇੜ ਕੇ ਚੋਰੀਂ ਚੋਰੀਂ ਕੁੜਮ ਦੇ ਮੌਰਾਂ ਵਿੱਚ ਥਾਪਾ (ਠੱਪਾ) ਲਾ ਦਿੰਦੀਆਂ ਸਨ ਤਾਂ ਕਿ ਦੋਹੇ ਲਾਉਣ ਲਈ ਜਾਂ ਕਿਸੇ ਰਸਮ ਲਈ ਕੁੜਮ ਦੀ ਪਛਾਣ ਕੀਤੀ ਜਾ ਸਕੇ। ਹਾਸੇ-ਠੱਠੇ ਦੀ ਇਹ ਵੰਨਗੀ ਵਿਆਹਾਂ ਵਿੱਚ ਬੜਾ ਆਨੰਦ ਦਿੰਦੀ ਸੀ।
ਵਿਆਹ ਤੋਂ ਤੀਜੇ ਜਾਂ ਚੌਥੇ ਦਿਨ ਮੁਕਲਾਵੇ ਦੀ ਰਸਮ ਹੁੰਦੀ ਸੀ। ਲਾੜਾ ਤੇ ਉਸ ਦੇ ਖਾਸ ਤਿੰਨ ਜਾਂ ਚਾਰ ਸਕੇ ਸਬੰਧੀ ਵਿਆਹ ਤੋਂ ਬਾਅਦ ਪਹਿਲੀ ਵਾਰ ਵਹੁਟੀ ਨੂੰ ਲੈਣ ਜਾਂਦੇ ਸਨ। ਇਸ ਸਮੇਂ ਵਹੁਟੀ ਦੀਆਂ ਸਹੇਲੀਆਂ ਇਕੱਠੀਆਂ ਹੋ ਕੇ ਪ੍ਰਾਹੁਣੇ ਨੂੰ ਮਜ਼ਾਕ ਕਰਦੀਆਂ ਸਨ। ਕਈ ਵਾਰ ਉਹ ਮੰਜੇ ਨੂੰ ਕੱਚੇ ਧਾਗਿਆਂ ਨਾਲ ਬੁਣ ਕੇ ਉਸ ਉੱਪਰ ਨਵੀਂ ਚਾਦਰ ਵਿਛਾ ਦਿੰਦੀਆਂ ਸਨ। ਜਦੋਂ ਪ੍ਰਾਹੁਣਾ ਜਾਂ ਉਸ ਦੇ ਸਾਥੀ ਉਸ ਉੱਪਰ ਬੈਠਦੇ ਤਾਂ ਧੜੱਮ ਕਰਕੇ ਮੰਜੇ ਦੇ ਵਿੱਚ ਡਿੱਗ ਪੈਂਦੇ। ਉਨ੍ਹਾਂ ਨੂੰ ਡਿੱਗਿਆਂ ਨੂੰ ਦੇਖ ਕੇ ਚਾਰ-ਚੁਫ਼ੇਰੇ ਹਾਸੜ ਪੈ ਜਾਂਦਾ। ਊਠ ਦੇ ਲੇਡਿਆਂ ਉੱਪਰ ਖੰਡ ਚੜ੍ਹਾ ਕੇ ਪਰੋਸਣੀ ਜਾਂ ਸੂਈ ਧਾਗੇ ਵਿਚਦੀ ਰੁਮਾਲ ਕੱਢਣ ਵਰਗੀਆਂ ਕਰੜੀਆਂ ਪ੍ਰਿਖਿਆਵਾਂ ਵਿੱਚੋਂ ਪ੍ਰਾਹੁਣੇ ਨੂੰ ਗੁਜ਼ਰਨਾ ਪੈਂਦਾ ਸੀ। ਇਨ੍ਹਾਂ ਗਤੀਵਿਧੀਆਂ ਰਾਹੀਂ ਲਾੜੇ ਦੀ ਲਿਆਕਤ ਜਾਂ ਚਲਾਕ ਬੁੱਧੀ ਪਰਖੀ ਜਾਂਦੀ ਸੀ।
ਜਦੋਂ ਅਜੇ ਪੈਲੇਸ-ਕਲਚਰ ਦਾ ਬੋਲ-ਬਾਲਾ ਨਹੀਂ ਸੀ ਤਾਂ ਬਰਾਤਾਂ ਆਮ ਕਰਕੇ ਧਰਮਸ਼ਾਲਾਵਾਂ ਵਿੱਚ ਹੀ ਉਤਾਰਾ ਕਰਦੀਆਂ ਸਨ। ਬਰਾਤਾਂ ਊਠਾਂ ਜਾਂ ਗੱਡਿਆਂ ’ਤੇ ਆਉਣ ਕਰਕੇ ਥੱਕ ਜਾਂਦੀਆਂ ਸਨ। ਇਸ ਕਰਕੇ ਬਰਾਤੀਆਂ ਦੇ ਨਹਾਉਣ ਲਈ ਇੱਕ ਵੱਡਾ ਕੜਾਹਾ ਪਾਣੀ ਦਾ ਗਰਮ ਕਰਕੇ ਉਤਾਰੇ ਵਿੱਚ ਰੱਖਿਆ ਜਾਂਦਾ ਸੀ। ਦੋ ਜਾਂ ਤਿੰਨ ਖੱਦਰ ਦੇ ਪਰਨੇ, ਸਾਬਣ, ਤੇਲ ਅਤੇ ਪਾਣੀ ਵਾਲੇ ਕੜਾਹੇ ਕੋਲ ਇੱਕ ਲੱਕੜ ਦਾ ਪਟੜਾ ਰੱਖਿਆ ਜਾਂਦਾ ਸੀ। ਬਹੁਤੇ ਬਰਾਤੀਆਂ ਨੂੰ ਤਾਂ ਸਾਬਣ ਜੰਨ ਸਮੇਂ ਹੀ ਲਾਉਣ ਨੂੰ ਮਿਲਦੀ ਸੀ। ਬਰਾਤ ਦਾ ਆਉਂਦਿਆ ਸਾਰ ਦੇਸੀ ਬੂਰਾ ਖੰਡ ਤੇ ਦੇਸੀ ਘਿਉ ਨਾਲ ਸਵਾਗਤ ਕੀਤਾ ਜਾਂਦਾ ਸੀ। ਉਦੋਂ ਅਜੇ ਸ਼ਰਾਬ ਵਾਲੀ ਪਰੰਪਰਾ ਨਹੀਂ ਸੀ ਸ਼ੁਰੂ ਹੋਈ। ਫਿਰ ਹੌਲੀ-ਹੌਲੀ ਬਰਾਤਾਂ ਵਿੱਚ ਸ਼ਰਾਬ ਦੀ ਸ਼ਮੂਲੀਅਤ ਹੋਣੀ ਸ਼ੁਰੂ ਹੋ ਗਈ। ਸਾਰੀ ਬਰਾਤ ਧਰਮਸ਼ਾਲਾ ਵਿੱਚ ਮੰਜਿਆ ’ਤੇ ਹੀ ਬੈਠਿਆ ਕਰਦੀ ਸੀ।
ਮੰਜਿਆਂ ਉੱਪਰ ਬੈਠਿਆਂ ਨੂੰ ਹੀ ਤਿੰਨ-ਤਿੰਨ ਜਣਿਆਂ ਨੂੰ ਇੱਕ ਸ਼ਰਾਬ ਦੀ ਬੋਤਲ ਦਿੱਤੀ ਜਾਂਦੀ ਸੀ। ਉਹ ਤਿੰਨ ਜਣੇ ਆਪਣੀ ਬੋਤਲ ਆਪਣੇ ਹੀ ਹਿਸਾਬ ਨਾਲ ਕਦੋਂ ਵੀ ਪੀ ਸਕਦੇ ਸਨ। ਇਸ ਤੋਂ ਬਾਅਦ ਹੋਰ ਸ਼ਰਾਬ ਨਹੀਂ ਸੀ ਮਿਲਦੀ। ਫਿਰ ਜਦੋਂ ਬਰਾਤਾਂ ਵਿੱਚ ਕੁਰਸੀਆਂ ਮੇਜ਼ਾਂ ਦੀ ਰਵਾਇਤ ਸ਼ੁਰੂ ਹੋਈ ਤਾਂ ਰੋਟੀ ਖਾਣ ਸਮੇਂ ਸ਼ਰਾਬ ਦੀ ਬੋਤਲ ਨੂੰ ਮੇਜ਼ ’ਤੇ ਰੱਖ ਕੇ ਪੀਣ ਨੂੰ ਵਡਿਆਈ ਸਮਝਿਆ ਜਾਣ ਲੱਗਾ। ਦੇਸੀ ਸ਼ਰਾਬ ਹੋਇਆ ਕਰਦੀ ਸੀ। ਜੇਕਰ ਰੋਟੀ ਖਾਣ ਤੋਂ ਬਾਅਦ ਸ਼ਰਾਬ ਬਚ ਜਾਣੀ ਤਾਂ ਉਸ ਨੂੰ ਛੱਡ ਕੇ ਜਾਣ ਦਾ ਰਿਵਾਜ ਨਹੀਂ ਸੀ। ਬਚੀ ਹੋਈ ਸ਼ਰਾਬ ਦੀ ਬੋਤਲ ਨੂੰ ਬਰਾਤੀ ਚੁੱਕ ਕੇ ਆਪਣੇ ਡੱਬ ਵਿੱਚ ਟੰਗ ਲਿਆ ਕਰਦੇ ਸਨ।
ਜਿਸ ਪਿੰਡ ਵਿੱਚ ਬਰਾਤ ਢੁੱਕੀ ਹੁੰਦੀ ਸੀ, ਉਸ ਪਿੰਡ ਵਿੱਚ ਬਰਾਤੀਆਂ ਵੱਲੋਂ ਗੇੜੇ ਮਾਰਨ ਦਾ ਰਿਵਾਜ ਵੀ ਆਮ ਸੀ। ਧੂਵੇਂ ਚਾਦਰੇ, ਗਲਾਂ ਵਿੱਚ ਕੈਂਠੇ ਤੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਪਿੰਡ ਦੀਆਂ ਗਲੀਆਂ ਗਾਹੁੰਦੇ ਹੋਏ ਝੂਮ-ਝੂਮ ਕੇ ਤੁਰਦੇ ਸਨ। ਜਿਵੇਂ-ਜਿਵੇਂ ਰੁਝੇਵੇਂ ਵਧਦੇ ਗਏ, ਵਿਆਹਾਂ ਦਾ ਸਰੂਪ ਵੀ ਸੁੰਗੜਦਾ ਗਿਆ। ਹੁਣ ਬਰਾਤਾਂ ਵੀ ਤਿੰਨ ਦਿਨਾਂ ਤੋਂ ਇੱਕ ਦਿਨ ’ਤੇ ਆ ਗਈਆਂ। ਸ਼ਰਾਬ ਤੇ ਖਾਣੇ-ਦਾਣਿਆਂ ਦੇ ਚੋਜ ਵਧਦੇ ਗਏ। ਲੋਕਾਂ ਦੀ ਭੁੱਖ ਦਾ ਰੱਜ ਘਟਦਾ ਗਿਆ ਤੇ ਖਾਣਿਆਂ ਦਾ ਦਿਖਾਵਾ ਵਧ ਗਿਆ ਹੈ।
ਵਿਆਹਾਂ ਵਿੱਚ ਨਾਨਕੇ ਮੇਲ ਦੀ ਭੂਮਿਕਾ ਅਹਿਮ ਹੁੰਦੀ ਸੀ। ਨਾਨਕਾ ਮੇਲ ਪਿੰਡ ਦੀਆਂ ਗਲੀਆਂ ਵਿੱਚੋਂ ‘ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਲ ਲਿਆ ਬਾਜ਼ਾਰ ਵਿੱਚੋਂ ਗਹਿਣੇ, ਨੀਂ ਏਥੋਂ ਦੇ ਸ਼ੌਕੀਨ ਗੱਭਰੂ, ਚਿੱਟੇ ਚਾਦਰੇ ਜ਼ਮੀਨਾਂ ਗਹਿਣੇ’ ਵਰਗੇ ਗੀਤ ਗਾਉਂਦੀਆਂ ਲੰਘਦੀਆਂ ਤਾਂ ਸੱਥਾਂ ਵਿੱਚ ਬੈਠੇ ਲੋਕ ਵੀ ਭੱਜ ਕੇ ਆਸੇ-ਪਾਸੇ ਹੋ ਜਾਇਆ ਕਰਦੇ ਸਨ। ਇਸ ਤਰ੍ਹਾਂ ਦੇ ਮੇਲ ਦਾ ਸ਼ਿਕਾਰ ਜ਼ਿਆਦਾ ਕਰਕੇ ਦੁਕਾਨਦਾਰ ਬਣਦੇ ਸਨ। ਨਾਨਕੇ ਮੇਲ ਨੂੰ ਦੂਰੋਂ ਦੇਖਦਿਆਂ ਸਾਰ ਹੀ ਆਮ ਕਰਕੇ ਬਾਣੀਏ ਦੁਕਾਨਾਂ ਬੰਦ ਕਰਕੇ ਭੱਜ ਜਾਂਦੇ ਸਨ। ਜੇਕਰ ਕੋਈ ਦੁਕਾਨ ਖੁੱਲ੍ਹੀ ਮਿਲ ਜਾਂਦੀ ਤਾਂ ਉਸ ਦੁਕਾਨ ਤੋਂ ਮਨਮਰਜ਼ੀ ਦਾ ਸਾਮਾਨ ਚੁੱਕ ਕੇ, ਦੁਕਾਨਦਾਰ ਨੂੰ ਮਖੌਲ ਕਰਦੀਆਂ ਚਲੀਆਂ ਜਾਂਦੀਆਂ ਸਨ। ਧੀ ਵਾਲਾ ਪਰਿਵਾਰ ਫਿਰ ਉਹ ਸਾਮਾਨ ਦੁਕਾਨਦਾਰ ਨੂੰ ਬਾਅਦ ਵਿੱਚ ਜਾਂ ਤਾਂ ਵਾਪਸ ਕਰ ਆਉਂਦਾ ਸੀ ਜਾਂ ਫਿਰ ਉਸ ਦੀ ਕੀਮਤ ਅਦਾ ਕਰ ਦਿਆ ਕਰਦਾ ਸੀ। ਜਦੋਂ ਬਰਾਤ ਵਿਆਹੁਣ ਲਈ ਤੁਰ ਜਾਂਦੀ ਸੀ ਤਾਂ ਪਿੱਛੋਂ ਇਕੱਲੀਆਂ ਔਰਤਾਂ ਹੀ ਘਰ ਵਿੱਚ ਰਹਿ ਜਾਂਦੀਆਂ ਸਨ। ਕਿਉਂਕਿ ਉਸ ਸਮੇਂ ਔਰਤਾਂ ਬਰਾਤ ਨਹੀਂ ਜਾਂਦੀਆਂ ਸਨ। ਜੰਨ ਨੂੰ ਤੋਰਨ ਤੋਂਂ ਬਾਅਦ ਮੇਲਣਾਂ ਖੂਬ ਗਿੱਧਾ ਪਾਉਂਦੀਆਂ ਸਨ। ਘਰ ਵਿੱਚ ਪੁਰਸ਼ਾਂ ਦੀ ਅਣਹੋਂਦ ਕਰਕੇ ਔਰਤਾਂ ਆਪਣੇ ਦੱਬੇ-ਘੁੱਟੇ ਵਲਵਲੇ ਗਿੱਧੇ ਵਿੱਚ ਪ੍ਰਗਟ ਕਰਦੀਆਂ ਸਨ। ਇਕੱਲੀਆਂ ਔਰਤਾਂ ਹੋਣ ਕਰਕੇ ਅਸ਼ਲੀਲ ਬੋਲੀਆਂ ਦਾ ਪ੍ਰਗਟਾਵਾ ਵੀ ਬਹੁਤ ਹੁੰਦਾ ਸੀ।
ਨਾਨਕੇ ਮੇਲ ਦੀਆਂ ਔਰਤਾਂ ਸਾਧਣੀਆਂ ਜਾਂ ਜੋਗੀਆਂ ਦਾ ਭੇਸ ਧਾਰ ਕੇ ਪਿੰਡ ਵਿਚਦੀ ਗੇੜੇ ਦਿੰਦੀਆਂ। ਪਿੰਡ ਵਿੱਚ ਗੀਤ ਗਾਉਂਦਿਆਂ ਸਮੇਂ ਉਹ ਕਈ ਸ਼ਰਾਰਤਾਂ ਵੀ ਕਰਦੀਆਂ। ਜਿਵੇਂ ਕਿਸੇ ਦੀਆਂ ਮੱਝਾਂ ਦੇ ਸੰਗਲ ਖੋਲ੍ਹ ਦੇਣੇ, ਕਿਸੇ ਘਰ ਦੇ ਸੋਟੀ ਨਾਲ ਪਰਨਾਲੇ ਤੋੜ ਦੇਣੇ, ਮੰਜੇ ਮੂਧੇ ਮਾਰ ਦੇੇਣੇ ਆਦਿ ਸ਼ਰਾਰਤਾਂ ਕਰਦੀਆਂ ਜਾਂਦੀਆਂ ਸਨ। ਲੋਕ ਉਨ੍ਹਾਂ ਦੀਆਂ ਸ਼ਰਾਰਤਾਂ ਦਾ ਵੀ ਗੁੱਸਾ ਨਹੀਂ ਸਨ ਮਨਾਉਂਦੇ।
ਹੌਲੀ-ਹੌਲੀ ਕਈ ਖਾਂਦੇ-ਪੀਂਦੇ ਪਰਿਵਾਰਾਂ ਨੇ ਵਿਆਹ ਸਮੇਂ ਨਿੱਕੇ-ਨਿੱਕੇ ਤੋਹਫ਼ੇ ਦੇਣੇ ਸ਼ੁਰੂ ਕੀਤੇ ਜੋ ਬਾਅਦ ਵਿੱਚ ਦਾਜ ਦਾ ਖ਼ਤਰਨਾਕ ਰੂਪ ਅਖ਼ਤਿਆਰ ਕਰ ਗਏ। ਵਿਆਹ ਸਮੇਂ ਲਾੜੇ ਨੂੰ ਸੌਗਾਤ ਵਜੋਂ ਸਾਈਕਲ ਜਾਂ ਰੇਡੀਓ ਦੇਣ ਦੀ ਪਰੰਪਰਾ ਸ਼ੁਰੂ ਹੋਈ। ਵਿਆਹ ਵਿੱਚ ਦਿੱਤੇ ਸਾਈਕਲ ਨੂੰ ਲੋਕ ਵੀ ਅਚੰਭੇ ਨਾਲ ਦੇਖਦੇ ਅਤੇ ਉਸ ਸਾਈਕਲ ਨੂੰ ਲੋਗੜੀ ਦੇ ਫੁੱਲਾਂ ਨਾਲ ਸ਼ਿੰਗਾਰਦੇ। ਲੋਗੜੀ ਦੇ ਫੁੱਲਾਂ ਵਾਲਾ ਸਾਈਕਲ ਦਾਜ ਵਿੱਚ ਦਿੱਤੇ ਹੋਣ ਦਾ ਪ੍ਰਮਾਣ ਹੋਇਆ ਕਰਦਾ ਸੀ। ਲੋਕ ਉਦੋਂ ਸਹੁਰੀਂ ਵੀ ਸਾਈਕਲ ’ਤੇ ਹੀ ਜਾਇਆ ਕਰਦੇ ਸਨ। ਸਹੁਰੀਂ ਗਏ ਗੱਭਰੂ ਨੂੰ ਮੰਜੇ ਉੱਪਰ ਚਿੱਟੀ ਚਾਦਰ ਵਿਛਾ ਕੇ ਬਿਠਾਇਆ ਜਾਂਦਾ ਸੀ। ਵਿਹੜੇ ਵਿੱਚ ਚਿੱਟੀ ਚਾਦਰ ’ਤੇ ਬੈਠੇ ਪ੍ਰਾਹੁਣੇ ਦੇ ਬਰਾਬਰ ਕੋਈ ਨਹੀਂ ਸੀ ਬੈਠਦਾ। ਚਿੱਟੀ ਚਾਦਰ ’ਤੇ ਬਿਠਾਉਣਾ ਜਿੱਥੇ ਸਤਿਕਾਰ ਦਾ ਪ੍ਰਤੀਕ ਸੀ, ਉੱਥੇ ਘਰੇ ਆਉਣ ਵਾਲਿਆਂ ਲਈ ਪ੍ਰਾਹੁਣੇ ਦੇ ਹੋਣ ਦਾ ਸੂਚਕ ਵੀ ਸੀ।
ਜਿਉਂ-ਜਿਉਂ ਲੋਕ ਆਤਮ-ਨਿਰਭਰ ਬਣਦੇ ਗਏ, ਤਿਉਂ-ਤਿਉਂ ਲੋਕ ਸਵਾਰਥੀ ਬਣਦੇ ਗਏ। ਲੋਕਾਂ ਵਿੱਚ ਹੰਕਾਰੀ ਭਾਵਨਾ ਭਾਰੂ ਹੁੰਦੀ ਗਈ। ਕੁਝ ਘਰਾਂ ਵਿੱਚ ਥਾਵਾਂ ਦੀਆਂ ਤੰਗੀਆਂ ਤੁਰਸ਼ੀਆਂ ਵਧਦੀਆਂ ਗਈਆਂ। ਪੈਸੇ ਦੀ ਬਹੁਤਾਤ ਕਰਕੇ ਲੋਕਾਂ ਵਿੱਚ ਦਿਖਾਵੇ ਦਾ ਭੂਤ ਸਵਾਰ ਹੁੰਦਾ ਗਿਆ। ਉਂਝ ਵੀ ਭਾਈਚਾਰੇ ਵਿੱਚੋਂ ਭਰਾਤਰੀ ਭਾਵ ਘਟਣ ਕਰਕੇ ਲੋਕਾਂ ਦਾ ਰੁਖ਼ ਪੈਲੇਸ-ਕਲਚਰ ਵੱਲ ਵਧਦਾ ਗਿਆ। ਇੱਕ ਸਮਾਂ ਸੀ ਜਦੋਂ ਹਫ਼ਤਾ-ਹਫ਼ਤਾ ਵਿਆਹ ਚੱਲਦੇ ਸਨ। ਲੋਕ ਫਿਰ ਵੀ ਖੁਸ਼ ਰਹਿੰਦੇ ਸਨ। ਹੁਣ ਵਿਆਹ ਸੁੰਗੜ ਕੇ ਸਿਰਫ਼ ਇੱਕ ਦਿਨ ਦਾ ਰਹਿ ਗਿਆ ਹੈ। ਪੈਲੇਸ ਵਿੱਚ ਹੁਣ ਬਰਾਤੀ ਸਿਰਫ਼ ਪੰਜ-ਛੇ ਘੰਟੇ ਹੀ ਰਹਿੰਦੇ ਹਨ। ਇਨ੍ਹਾਂ ਪੰਜ-ਛੇ ਘੰਟਿਆਂ ਵਿੱਚ ਹੀ ਕੰਨਾਂ ਨੂੰ ਹੱਥ ਲੁਵਾ ਜਾਂਦੇ ਹਨ।
ਦੂਜਿਆਂ ਦੀ ਦੇਖਾ-ਦੇਖੀ ਕਈ ਗਰੀਬ ਪਰਿਵਾਰ ਵੀ ਅੱਡੀਆਂ ਚੁੱਕ ਕੇ ਫਾਹੇ ਲੈਂਦੇ ਦੇਖੇ ਜਾਂਦੇ ਹਨ। ਇਸ ਦੇਖਾ-ਦੇਖੀ ਵਿੱਚ ਅਸੀਂ ਕਰਜ਼ਈ ਹੁੰਦੇ ਜਾ ਰਹੇ ਹਾਂ। ਕਿੰਨਾ ਚੰਗਾ ਸਮਾਂ ਸੀ ਪੁਰਾਣਾ ਵਕਤ ਜੋ ਰਲ-ਮਿਲ ਕੇ ਵਸਰ ਕਰਦੇ ਸਾਂ। ਇਸ ਵਿਖਾਵੇ ਦੇ ਦੌਰ ਵਿੱਚ ਕਰਜ਼ਈ ਹੋ ਕੇ ਹੁਣ ਅਸੀਂ ਖੁਦਕੁਸ਼ੀਆਂ ਦੇ ਰਾਹ ਵੀ ਪੈ ਚੁੱਕੇ ਹਾਂ। ਸਾਨੂੰ ਆਪਣੇ ਪੁਰਾਣੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਪਰੰਪਰਾਵਾਂ ਮਨਾਉੁਣੀਆਂ ਚਾਹੀਦੀਆਂ ਹਨ।
ਸੰਪਰਕ: 95010-12199

